ਪਾਕਿਸਤਾਨ ’ਚ ਵੱਸਦੇ ਘੱਟ ਗਿਣਤੀ ਸਿੱਖਾਂ ਦੇ ਧਾਰਮਿਕ ਹੱਕਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਲਈ ਪ੍ਰਧਾਨ ਮੰਤਰੀ ਦਖ਼ਲ ਦੇਣ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਲਾਹੌਰ (ਪਾਕਿਸਤਾਨ) ਸ਼ਹਿਰ ਦੇ ਲੰਡਾ ਬਜ਼ਾਰ ’ਚ ਸਿੱਖ ਕੌਮ ਦੇ ਵਿਲੱਖਣ ਸ਼ਹੀਦ ਭਾਈ ਤਾਰੂ ਸਿੰਘ ਦੀ ਯਾਦ ’ਚ ਸ਼ੁਸੋਭਤ ਗੁਰਦੁਆਰਾ ਭਾਈ ਤਾਰੂ ਸਿੰਘ ਵਿਖੇ ਸਾਲਾਨਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਅਰੰਭ ਕਰਨ ਲਈ ਗਈਆਂ ਸੰਗਤਾਂ ਨੂੰ ਅਖੰਡ ਪਾਠ ਆਰੰਭ ਕਰਨ ਤੋਂ ਰੋਕੇ ਜਾਣ ਅਤੇ ਉਨ੍ਹਾਂ ਨਾਲ ਦੁਰ-ਵਿਹਾਰ ਕੀਤੇ ਜਾਣ ਦੀ ਘਟਨਾਂ ’ਤੇ ਤਿੱਖਾਂ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਇਸ ਘਟਨਾਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਸ ਨੂੰ ਪਾਕਿਸਤਾਨ ’ਚ ਵਸਦੇ ਘੱਟ ਗਿਣਤੀ ਸਿੱਖਾਂ ਦੇ ਧਾਰਮਿਕ ਕਾਰਜਾਂ ’ਚ ਦਖ਼ਲ-ਅੰਦਾਜ਼ੀ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਾਰ ਦਿੱਤਾ ਹੈ।

ਇਸ ਸਬੰਧੀ ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਚ ਕਿਹਾ ਕਿ “ਨਹਿਰੂ-ਲਿਆਕਤ ਅਲੀ ਪੈਕਟ 1950” ਅਨੁਸਾਰ ਦੋਹਾਂ ਦੇਸ਼ਾਂ ’ਚ ਵੱਖ-ਵੱਖ ਧਰਮਾਂ ਦੇ ਇਤਿਹਾਸਕ ਧਰਮ ਅਸਥਾਨਾਂ ਦੀ ਸੁਰੱਖਿਆ, ਉਥੇ ਮਨਾਏ ਜਾਣ ਵਾਲੇ ਇਤਿਹਾਸਕ ਦਿਹਾੜੇ ਅਤੇ ਗੁਰਪੁਰਬਾਂ ਨੂੰ ਯਕੀਨੀ ਬਨਾਉਣ ਲਈ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਪਰ ਪਾਕਿਸਤਾਨ ਸਰਕਾਰ ਆਪਣੀ ਜਿੰਮੇਵਾਰੀ ਨੂੰ ਅੱਖੋਂ ਪ੍ਰੋਖੇ ਕਰਕੇ ਘੱਟ ਗਿਣਤੀ ਸਿੱਖਾਂ ਨਾਲ ਬੇਇਨਸਾਫੀ ਕਰ ਰਹੀ ਹੈ, ਜਿਸ ਸਬੰਧੀ ਉਨ੍ਹਾਂ ਨੂੰ ਦਖ਼ਲ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਭਾਈ ਤਾਰੂ ਸਿੰਘ ਦੀ ਵਿਲੱਖਣ ਸ਼ਹਾਦਤ ਨੂੰ ਸਮਰਪਿਤ ਸਿੱਖ ਸੰਗਤਾਂ ਹਰ ਸਾਲ ਬੜੀ ਸ਼ਰਧਾ-ਭਾਵਨਾਂ ਨਾਲ ਸ਼ਹੀਦੀ ਦਿਹਾੜਾ ਮਨਾਉਂਦੀਆਂ ਹਨ ਪਰ ਬੀਤੇ ਦਿਨੀਂ 14 ਜੁਲਾਈ ਨੂੰ ਜਦ ਸਿੱਖ ਸੰਗਤਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਲਾਹੌਰ ਦੇ ਲੰਡਾ ਬਜ਼ਾਰ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਵਿਖੇ ਪੁੱਜੀਆਂ ਤਾਂ ਮੁਸਲਮਾਨ ਫਿਰਕੇ ਨਾਲ ਸਬੰਧਤ ‘ਦਾਵਤ-ਏ-ਇਸਲਾਮੀ’ ਨਾਮ ਦੀ ਜਥੇਬੰਦੀ ਦੇ ਕਾਰਕੁਨਾਂ ਨੇ ਉਨ੍ਹਾਂ ਨਾਲ ਦੁਰ-ਵਿਹਾਰ ਕੀਤਾ ਅਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਚਲੇ ਜਾਣ ਲਈ ਮਜ਼ਬੂਰ ਕੀਤਾ, ਜੋ ਬਹੁਤ ਹੀ ਮੰਦਭਾਗਾ ’ਤੇ ਦੁਖਦਾਈ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੀ ਸਾਂਭ-ਸੰਭਾਲ ਵਕਫ ਬੋਰਡ (ਇਵੈਕੂਈ ਟ੍ਰੱਸਟ ਪ੍ਰਾਪਰਟੀ ਬੋਰਡ) ਦੇ ਅਧਿਕਾਰੀਆਂ ਨੇ ਵੀ ਸਿੱਖ ਭਾਈਚਾਰੇ ਦੇ ਹੱਕ ’ਚ ਕੋਈ ਗਲ ਨਹੀਂ ਕੀਤੀ ਬਲਕਿ ਸਿੱਖਾਂ ਨੂੰ ਇਹ ਦਿਹਾੜਾ ਕਿਸੇ ਹੋਰ ਦਿਨ ਮਨਾਉਣ ਲਈ ਮਜ਼ਬੂਰ ਕੀਤਾ ਗਿਆ ਜਿਸ ਤੋਂ ਸਪਸ਼ਟ ਜ਼ਾਹਰ ਹੈ ਕਿ ਕਿਸੇ ਸਾਜ਼ਿਸ ਵੱਸ ਸਿੱਖਾਂ ਦੇ ਧਾਰਮਿਕ ਅਸਥਾਨ ਨਾਲ ਸਬੰਧਤ ਜਾਇਦਾਦਾਂ ਨੂੰ ਖੁਰਦ-ਬੁਰਦ ਕਰਕੇ ਉਨ੍ਹਾਂ ਦੇ ਧਾਰਮਿਕ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੀ ਇਸ ਘਟਨਾਂ ਦਾ ਤੁਰੰਤ ਨੋਟਿਸ ਲੈਂਦਿਆਂ ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਧਰਮ ਤੇ ਇਤਿਹਾਸ ਨਾਲ ਸਬੰਧਤ ਦਿਹਾੜੇ ਮਨਾਉਣ ਲਈ ਹਰ ਪ੍ਰਕਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਤਾਂ ਜੋ ਉਨ੍ਹਾਂ ਵਿਚ ਬੇਗਾਨਗੀ ਨਾ ਪਨਪੇ।

ਉਨ੍ਹਾਂ ਕਿਹਾ ਕਿ ਸਿੱਖਾਂ ਦੇ ਇਤਿਹਾਸਕ ਗੁਰਧਾਮਾਂ ਨਾਲ ਸਬੰਧਤ ਜਾਇਦਾਦਾਂ ਦੀ ਦੁਰਵਰਤੋਂ ’ਤੇ ਖੁਰਦ-ਬੁਰਦ ਕੀਤੇ ਜਾਣ ਦੀਆਂ ਘਟਨਾਵਾਂ ਨੂੰ ਪਾਕਿਸਤਾਨ ਸਰਕਾਰ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਮਿਸਾਲ ਵਜੋਂ ਲਾਹੌਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਚੂਨਾ ਮੰਡੀ ਦੇ ਨਜ਼ਦੀਕ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ‘ਗੁਰਦੁਆਰਾ ਦੀਵਾਨ ਅਸਥਾਨ’ ਜਿਥੇ ਗੁਰੂ ਸਾਹਿਬ ਨੇ ਗੁਰਬਾਣੀ (ਸ਼ਬਦ ਹਜ਼ਾਰੇ) ਦੀ ਰਚਨਾ ਕੀਤੀ ਸੀ ਅਜਿਹੇ ਪਾਵਨ ਪਵਿੱਤਰ ਅਸਥਾਨ ਪੁਰ ਪਲਾਜ਼ੇ ਦੀ ਉਸਾਰੀ ਕਰ ਦਿੱਤੀ ਜਦ ਕਿ ਗੁਰਦੁਆਰਾ ਸਾਹਿਬ ਦੀ ਜਗ੍ਹਾ ਪੁਰ ਅਜਿਹਾ ਕਾਰੋਬਾਰ ਜੋ ਗੁਰਮਤਿ ਦੇ ਵਿਰੁਧ ਹੋਵੇ, ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸਿੱਖ ਭਾਈਚਾਰੇ ਵਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਵੀ ਬੈਸਮੈਂਟ ਸਮੇਤ ਚਾਰ ਮੰਜਲਾਂ ਵਪਾਰਕ ਇਮਾਰਤ ਉਸਾਰ ਕੇ ਜਿਥੇ ਗੁਰਦੁਆਰਾ ਸਾਹਿਬ ਦੀ ਅਰਬਾਂ ਦੀ ਜਾਇਦਾਦ ਖੁਰਦ-ਬੁਰਦ ਕੀਤੀ ਹੈ ਉਥੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਵੀ ਕੀਤਾ ਹੈ।

ਉਨ੍ਹਾਂ ਦੱਸਿਆ ਕਿ ‘ਦੀਵਾਨ ਅਸਥਾਨ’ ਪੁਰ ਉਸਾਰੇ ਪਲਾਜ਼ੇ ਸਬੰਧੀ ਬੀਤੇ ਸਾਲ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਥੇ ਦੇ ਲੀਡਰ ਸ. ਸਵਿੰਦਰ ਸਿੰਘ ਦੋਬਲੀਆ (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਯੂਸਫ ਰਜ਼ਾ ਗਿਲਾਨੀ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੇ ਨੋਟਿਸ ’ਚ ਲਿਆਂਦੇ ਜਾਣ ’ਤੇ ਉਨ੍ਹਾਂ ਨੇ ਤੁਰੰਤ ਇਸ ਪਲਾਜੇ ਨੂੰ ਢਾਹ ਦਿੱਤੇ ਜਾਣ ਦਾ ਆਦੇਸ਼ ਵੀ ਕੀਤਾ ਸੀ ਪਰ ਪ੍ਰਧਾਨ ਮੰਤਰੀ ਜੀ ਦਾ ਇਹ ਆਦੇਸ਼ ਅੱਜ ਤੱਕ ਪੂਰਾ ਨਹੀਂ ਹੋਇਆ। ਪਾਕਿਸਤਾਨ ਸਥਿਤ ਗੁਰਧਾਮਾਂ ਦੀਆਂ ਜਾਇਦਾਦਾਂ ਖੁਰਦ-ਬੁਰਦ ਕੀਤੇ ਜਾਣ ਦਾ ਵੇਰਵਾ ਦਿੰਦਿਆਂ ਲਾਹੌਰ ਵਿਖੇ ਕਸੂਰ ਰੋਡ ’ਤੇ ਸਥਿਤ ‘ਗੁਰਦੁਆਰਾ ਬੇਬੇ ਨਾਨਕੀ’ ਦੀ ਬੇਸ਼ਕੀਮਤੀ ਜ਼ਮੀਨ ਰਿਹਾਇਸ਼ੀ ਕਲੋਨੀ (ਡਿਫੈਂਸ ਕਲੋਨੀ) ਲਈ ਕੋਡੀਆਂ ਦੇ ਭਾਅ ਵੇਚ ਕੇ ਖੁਰਦ-ਬੁਰਦ ਕਰ ਦਿੱਤੀ ਗਈ ਹੈ ਜਿਸ ਸਬੰਧੀ ਭਾਰਤ ਦੀ ਪਾਰਲੀਮੈਂਟ ਵਿਚ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਵਾਜ਼ ਵੀ ਉਠਾਈ ਸੀ। ਉਨ੍ਹਾਂ ਹੋਰ ਦੱਸਿਆ ਕਿ ਸਿਆਲਕੋਟ ਵਿਖੇ ‘ਗੁਰਦੁਆਰਾ ਬਾਬੇ ਨਾਨਕ ਦੀ ਬੇਰ’ ਦੇ ਕੰਪਲੈਕਸ ਵਿਚ ਕਿਸੇ ਪੀਰ ਦੀ ਕਬਰ ਬਣਾ ਕੇ ਇਸ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਵਲਪਿੰਡੀ ਵਿਖੇ ਸਿੱਖ ਭਾਈਚਾਰੇ ਨਾਲ ਸਬੰਧਤ ਰਾਜਾ ਬਜ਼ਾਰ ਵਿਚ ਗੁਰਦੁਆਰਾ ਸਿੰਘ ਸਭਾ ਦੀ ਜ਼ਮੀਨ ’ਤੇ ਵੀ ਕਬਜ਼ਾ ਕੀਤੇ ਜਾਣ ਦੀਆਂ ਖ਼ਬਰਾਂ ਹਨ।

ਜਥੇ. ਅਵਤਾਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਡਿਪਲੋਮੈਟਿਕ ਪੱਧਰ ’ਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਸਿੱਖਾਂ ਦੇ ਇਤਿਹਾਸਕ ਗੁਰਧਾਮਾਂ ਦੀਆਂ ਜਾਇਦਾਦਾਂ ਦੀ ਦੁਰਵਰਤੋਂ ਤੇ ਨਜ਼ਾਇਜ ਕਬਜ਼ਿਆਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਸਿੱਖਾਂ ਨੂੰ ਇਤਿਹਾਸਕ ਦਿਹਾੜੇ ਤੇ ਗੁਰਪੁਰਬ ਮਨਾਉਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਅਤੇ ਮਾਨਵੀ ਹੱਕਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਕਿਸਤਾਨ ’ਚ ਵੱਸਦੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਧਾਰਮਿਕ ਹੱਕਾਂ ਤੋਂ ਵਾਂਝੇ ਰੱਖੇ ਜਾਣ ਵਿਰੁਧ ਅੰਤਰਰਾਸ਼ਟਰੀ ਪੱਧਰ ’ਤੇ ਦਬਾਅ ਬਣਾਉਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>