ਆਜ਼ਾਦੀ ਪਸੰਦ ਕੌਮਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ- ਦੱਖਣੀ ਸੁਡਾਨ ਦੀ ਆਜ਼ਾਦੀ

9 ਜੁਲਾਈ ਨੂੰ ਇੱਕ ਨਵਾਂ ਦੇਸ਼ ਦੁਨੀਆਂ ਦੇ ਨਕਸ਼ੇ ਤੇ ਹੋਂਦ ਵਿੱਚ ਆਇਆ ਹੈ, ਆਜ਼ਾਦ ਹੋਇਆ ਹੈ । 80/85 ਲੱਖ ਦੀ ਆਬਾਦੀ ਦਾ ਇਹ ਦੇਸ਼, ਇੱਕ ਲੰਮੀ ਤੇ ਖੂਨੀ ਜੱਦੋ-ਜਹਿਦ ਦੇ ਬਾਦ ਆਜ਼ਾਦ ਹੋਇਆ ਹੈ ।

1849 ਵਿੱਚ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਮੁਕੰਮਲ ਹੋਇਆ ਸੀ, ਤੇ ਸਾਡੇ ਤੋਂ ਪੰਜਾਹ ਸਾਲ ਬਾਦ, 1899 ਵਿੱਚ ਸੁਡਾਨ ਨੂੰ ਅੰਗਰੇਜ਼ਾਂ ਨੇ ਮਿਸਰ ਨਾਲ ਮਿਲ ਕੇ ਆਪਣੇ ਕਬਜ਼ੇ ਵਿੱਚ ਲਿੱਤਾ ਸੀ ।ਇਹ ਉਹ ਵੇਲਾ ਸੀ, ਜਦੋਂ ਅੰਗਰੇਜ਼ੀ ਸਾਮਰਾਜ ਇੱਕ ਤੋਂ ਬਾਦ ਦੂਜੇ ਦੇਸ਼ ਨੂੰ ਆਪਣੇ ਕਬਜ਼ੇ ਵਿੱਚ ਲੈਂਦਾ, ਅੱਗੇ ਹੀ ਅੱਗੇ ਵੱਧਦਾ ਜਾ ਰਿਹਾ ਸੀ ।

ਦੂਜੀ ਆਲਮੀ ਜੰਗ ਦੇ ਬਾਦ ਸਾਮਰਾਜੀ ਦੌਰ ਦਾ ਖਾਤਮਾ ਸ਼ੁਰੂ ਹੋਇਆ, ਤਾਂ ਇੱਕ ਇੱਕ ਕਰ ਕੇ ਅੰਗਰੇਜ਼ਾਂ ਦੇ ਕਬਜ਼ੇ ਹੇਠੋਂ ਨਿਕਲਣ ਵਾਲੇ ਇਲਾਕਿਆਂ ਤੇ ਆਧਾਰਿਤ ਨਵੇਂ ਦੇਸ਼ ਹੋਂਦ ਵਿੱਚ ਆਣ ਲੱਗੇ । ਭਾਰਤ ਤੇ ਪਾਕਿਸਤਾਨ 1947 ਵਿੱਚ ਆਜ਼ਾਦ ਹੋਏ ( ਪਰ ਪੰਜਾਬ ਦੇ ਸਿੱਖ, ਜੋ 1849 ਤੱਕ ਇੱਕ ਵੱਡੇ ਆਜ਼ਾਦ ਦੇਸ਼ ਦੇ ਮਾਲਕ ਸਨ, ਇੱਕ ਗੁਲਾਮੀ ਚੋਂ ਨਿਕਲ ਕੇ ਦੂਜੀ ਗੁਲਾਮੀ ਵਿੱਚ ਜਾ ਫੱਸੇ ) । ਇਸੇ ਸਿਲਸਿਲੇ ਦੀ ਇੱਕ ਕੜੀ ਵਜੋਂ 1956 ਵਿੱਚ ਆਖਿਰ ਸੁਡਾਨ ਵੀ ਬ੍ਰਤਾਨਵੀ ਤੇ ਮਿਸਰੀ ਕਬਜ਼ੇ ਤੋਂ ਆਜ਼ਾਦ ਹੋ ਕੇ, ਇੱਕ ਆਜ਼ਾਦ ਦੇਸ਼ ਦੇ ਰੂਪ ਵਿੱਚ ਹੋਂਦ ਵਿੱਚ ਆ ਗਿਆ ।

ਆਜ਼ਾਦ ਹੋਣ ਦੇ ਬਾਵਜੂਦ ਵੀ ਸੁਡਾਨ ਦੇ ਲੋਕਾਂ ਦੀਆਂ ਸਮਸਿਆਵਾਂ ਖਤਮ ਨਹੀਂ ਹੋਈਆਂ । ਨਵੇਂ ਦੇਸ਼, ਜਿਸ ਦੀ ਬਹੁਗਿਣਤੀ ਮੁਸਲਿਮ ਸੀ, ਉੱਤੇ ਉਤਰੀ ਸੁਡਾਨ ਦੀ ਇੱਕ ਤਾਕਤਵਰ ਜੁੰਡਲੀ ਹੀ ਕਿਸੇ ਨਾ ਕਿਸੇ ਰੂਪ ਵਿੱਚ ਕਾਬਜ਼ ਰਹੀ, ਤੇ ਦੱਖਣੀ ਸੁਡਾਨ ਦੇ ਲੋਕ, ਜਿਨ੍ਹਾਂ ਵਿੱਚ ਇੱਕ ਵੱਡੀ ਆਬਾਦੀ ਈਸਾਈਆਂ ਦੀ ਹੈ, ਉੱਤਰੀ ਸੁਡਾਨ ਵਾਲਿਆਂ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੁੰਦੇ ਰਹੇ ।ਉੱਤਰੀ ਤੇ ਦੱਖਣੀ ਸੁਡਾਨ ਦੇ ਕਬੀਲਿਆਂ ਵਿੱਚ ਖਾਨਾਜੰਗੀ ਭਾਵੇਂ 1956 ਦੀ ਆਜ਼ਾਦੀ ਤੋਂ ਵੀ ਪਹਿਲਾਂ ਤੋਂ ਹੀ ਚੱਲ ਰਹੀ ਸੀ, ਪਰ 1971 ਵਿੱਚ ਜੋਸੇਫ ਲਾਗੂ ਨਾਮ ਦੇ ਇੱਕ ਆਗੂ ਨੇ “ਸਾਉਦਰਨ ਸੁਡਾਨ ਲਿਬਰੇਸ਼ਨ ਮੂਵਮੈਂਟ” ਦਾ ਐਲਾਨ ਕਰ ਦਿੱਤਾ, ਤੇ ਉੱਤਰੀ ਸੁਡਾਨ ਦੇ ਖਿਲਾਫ ਇੱਕ ਬਾਕਾਇਦਾ ਜੰਗ ਸ਼ੁਰੂ ਕਰ ਦਿੱਤੀ । ਇਸੇ ਸਿਵਲ ਵਾਰ ਦੇ ਚੱਲਦੇ ਹੀ, 1983 ਵਿੱਚ ਕਰਨਲ ਜੋਹਨ ਗਰਾਂਗ ਨੇ “ਸੁਡਾਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ/ਮੂਵਮੈਂਟ” ਦਾ ਗਠੱਨ ਕਰ ਲਿਆ, ਜਿਸ ਨੇ ਖਾਰਤੂਮ ਦੀ ਕੇਂਦਰੀ ਹਕੂਮੱਤ ਦੇ ਖਿਲਾਫ ਗੁਰੀਲਾ ਜੰਗ ਨੂੰ ਹੋਰ ਜੋਰ ਸ਼ੋਰ ਨਾਲ ਅੱਗੇ ਵਧਾਇਆ ।

2005 ਵਿੱਚ ਸੁਡਾਨ ਦੀ ਕੇਂਦਰੀ ਹਕੂਮੱਤ ਅਤੇ “ਸੁਡਾਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ/ਮੂਵਮੈਂਟ” ਵਿਚਕਾਰ ਹੋਏ ਸਮਝੋਤੇ ਮੁਤਾਬਿਕ, 9 ਤੋਂ 15 ਜਨਵਰੀ 2011 ਵਿਚਕਾਰ ਹੋਏ ਰੈਡਰੈਂਡਮ ਦੇ ਨਤੀਜੇ ਮਤਾਬਕ, 98 ਪਰਸੈਂਟ ਵੋਟਾਂ ਦੀ ਹਮਾਇਤ ਨਾਲ ਇਹ ਨਵਾਂ ਮੁਲਕ ਹੋਂਦ ਵਿੱਚ ਆਇਆ ਹੈ ।

ਇਸ ਰੈਡਰੈਂਡਮ ਤੱਕ ਪਹੁੰਚਣ ਲਈ ਇਸ ਕੌਮ ਨੂੰ ਵੀਹ ਤੋਂ ਪੱਚੀ ਲੱਖ ਲੋਕਾਂ ਦੀ ਕੁਰਬਾਨੀ ਦੇਣੀ ਪਈ ਹੈ, ਤਾਂ ਜਾ ਕੇ ਦੱਖਣੀ ਸੁਡਾਨ ਦੇ ਲੋਕਾਂ ਨੂੰ ਆਜ਼ਾਦੀ ਨਸੀਬ ਹੋਈ ਹੈ । ਤੇ ਇਹ ਇੱਕ ਬਹੁਤ ਵੱਡੀ ਕੁਰਬਾਨੀ ਹੈ ।

ਜੱਦ ਵੀ ਕਦੇ ਕੋਈ ਨਵਾਂ ਦੇਸ਼ ਆਜ਼ਾਦ ਹੁੰਦਾ ਹੈ, ਤਾਂ ਸਾਡੇ ਸੁਪਨੇ ਫਿਰ ਮਚਲਣ ਲੱਗਦੇ ਹਨ, ਤੇ ਸਾਡੀਆਂ ਉਮੀਦਾਂ ਮੁੜ੍ਹ ਰੋਸ਼ਨ ਹੋਣ ਲੱਗਦੀਆਂ ਹਨ । ਅਸੂਲੀ ਤੌਰ ਤੇ ਤਾਂ ਸਾਡੀ ਆਜ਼ਾਦੀ ਦੀ ਲੜਾਈ 1849 ਵਿੱਚ ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ੇ ਦੇ ਫੋਰਨ ਬਾਦ ਹੀ ਸ਼ੁਰੂ ਹੋ ਗਈ ਸੀ, ਭਾਵੇਂ ਇਸ ਦੇ ਰੂਪ ਵੱਖ ਵੱਖ ਸਮਿਆਂ ਤੇ ਵੱਖ ਵੱਖ ਰਹੇ ਹੋਣ । ਮਹਾਰਾਜਾ ਦਲੀਪ ਸਿੰਘ ਤੇ ਠਾਕਰ ਸਿੰਘ ਸੰਧਾਵਾਲੀਆ ਦੀ ਕੋਸ਼ਿਸ਼ ਹੋਏ, ਜਾਂ ਕੂਕਾ ਲਹਿਰ ਹੋਏ, ਅਕਾਲੀ ਜਾਂ ਬੱਬਰ ਅਕਾਲੀ ਲਹਿਰ, ਅੰਗਰੇਜ਼ਾਂ ਦੇ ਖਿਲਾਫ ਪੰਜਾਬ ਦੀ ਧਰਤੀ ਤੋਂ ਉੱਠੀ ਹਰ ਲਹਿਰ ਦੇ ਪਿਛੋਕੜ ਵਿੱਚ ਸਿੱਖ ਕੌਮ ਦਾ ਆਪਣੀ ਗਵਾਈ ਹੋਈ ਆਜ਼ਾਦੀ ਨੂੰ ਮੁੜ੍ਹ ਹਾਸਿਲ ਕਰਨ ਦਾ ਸੁਪਨਾ ਹੀ ਸੀ ।

ਮੈਂ ਜੱਦ ਵੀ ਕੱਲਾ ਬਹਿ ਕੇ ਸੋਚਦਾਂ, ਤਾਂ ਮੇਰੀ ਸੋਚ ਵਿੱਚ ਲੀਡਰਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਦੇ ਬਾਵਜੂਦ, ਸਿੱਖ ਕੌਮ ਦੀ ਬਦਕਿਸਮਤੀ ਦਾ ਪਹਿਲੂ ਬਹੁਤ ਹਾਵੀ ਰਹਿੰਦਾ ਹੈ ।1947 ਦੀ ਅੰਗਰੇਜ਼ਾਂ ਤੋਂ ਆਜ਼ਾਦੀ ਤੇ ਵੰਡ ਵੇਲੇ ਸਿੱਖਾਂ ਕੋਲ ਕੀ ਨਹੀਂ ਸੀ, ਸੱਤ ਸਿੱਖ ਰਿਆਸਤਾਂ, ਜਿਨ੍ਹਾਂ ਕੋਲ ਅੰਗਰੇਜ਼ਾਂ ਦੇ ਜਾਣ ਬਾਦ ਆਪਣੀ ਆਜ਼ਾਦੀ ਦਾ ਐਲਾਨ ਕਰਨ ਦਾ ਹੱਕ ਸੀ, ਤੇ ਕਈ ਹੋਰ ਵੱਡੀਆਂ ਵੱਡੀਆਂ ਜਗੀਰਾਂ, ਅਕਾਲੀ ਦੱਲ ਦੇ ਰੂਪ ਵਿੱਚ ਇੱਕ ਤਾਕਤਵਰ ਸਿੱਖ ਸਿਆਸੀ ਜਮਾਤ, ਤੇ ਇੱਕ ਵੱਡੀ ਫੌਜ । ਜੇ ਨਹੀਂ ਸੀ, ਤਾਂ ਸ਼ਾਇਦ ਇੱਕ ਦੂਰ ਅੰਦੇਸ਼ ਲੀਡਰਸ਼ਿੱਪ, ਤੇ ਚੰਗੀ ਕਿਸਮੱਤ ਨਹੀਂ ਸੀ ।1947 ਤੋਂ ਬਾਦ ਇੱਕ ਇੱਕ ਕਰ ਕੇ ਕਿੰਨੇ ਹੀ ਨਵੇਂ ਦੇਸ਼ ਆਜ਼ਾਦ ਹੋਏ, ਤੇ ਯੂ ਐਨ ਓ ਦੇ ਮੈਂਬਰ ਬਣੇ, ਜਿਨ੍ਹਾਂ ਦੀ ਆਬਾਦੀ ਸਿੱਖ ਕੌਮ ਤੋਂ ਵੀ ਘੱਟ ਸੀ, ਤੇ ਰਕਬੇ ਪੂਰਬੀ ਪੰਜਾਬ ਤੋਂ ਤਾਂ ਕੀ, ਪਟਿਆਲਾ ਰਿਆਸਤ ਤੋਂ ਵੀ ਘੱਟ ਸਨ ।

ਅਸੀਂ ਜਦੋਂ 68/69 ਵਿੱਚ ਹੋਸ਼ ਸੰਭਾਲੀ ਤੇ ਆਜ਼ਾਦੀ ਦੀ ਗੱਲ ਕਰਨੀ ਸ਼ੁਰੂ ਕੀਤੀ, ਤਾਂ ਸਾਨੂੰ ਪਰਾਇਆਂ ਨੇ ਤਾਂ ਕੀ, ਆਪਣਿਆਂ ਨੇ ਵੀ ਤਾਹਨੇ ਮਾਰੇ, ਤੇ ਇਹ ਕਹਿ ਕੇ ਸਮਝਾਣ ਦੀ ਕੋਸ਼ਿਸ਼ ਕੀਤੀ ਕਿ ਅੱਜ ਕੋਈ ਵੇਲਾ ਰਹਿ ਗਿਆ ਹੈ ਛੋਟੇ ਛੋਟੇ ਦੇਸ਼ਾਂ ਦਾ । ਕਿਸੇ ਨੇ ਕਿਹਾ ਧਰਮ ਕੌਮੀਅਤ ਦਾ ਆਧਾਰ ਨਹੀਂ ਬਣ ਸਕਦਾ । ਇੱਕ ਵੱਡੀ ਗਿਣਤੀ ਨੂੰ ਤਾਂ ਭਾਰਤ ਮਾਤਾ ਦੀ ਭਗਤੀ ਦਾ ਜਨੂੰਨ ਹੀ ਇੰਨਾਂ ਸੀ, ਕਿ ਉਹਨਾਂ ਨੂੰ ਆਪਣੀ ਕੌਮੀ ਵਿਲੱਖਣਤਾ ਤੇ ਸਵੈਮਾਣ ਦੀ ਗੱਲ ਕਰਨਾ ਹੀਣਾ ਲੱਗਦਾ ਸੀ ।

ਸਾਡੀਆਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨੇ, ਤੇ ਭਾਰਤੀ ਹਾਕਮਾਂ ਦੇ ਰਵਈਏ ਵਿਚਲੀ ਸਿੱਖਾਂ ਪ੍ਰਤੀ ਨਫਰਤ ਨੇ ਹੌਲੀ ਹੌਲੀ ਸਿੱਖਾਂ ਵਿੱਚ ਆਪਣੇ ਕੌਮੀ ਘਰ ਤੇ ਆਜ਼ਾਦੀ ਦਾ ਅਹਿਸਾਸ ਮੁੜ ਪੈਦਾ ਕਰਨਾ ਸ਼ੁਰੂ ਕੀਤਾ । 1978 ਤੋਂ 1984 ਤੱਕ ਪਹੁੰਚਦੇ ਪਹੁੰਚਦੇ, ਖਾਲਿਸਤਾਨ ਦੀ ਆਜ਼ਾਦੀ ਲਈ ਇੱਕ ਤਾਕਤਵਰ ਲਹਿਰ ਉੱਸਰ ਗਈ, ਜਿਸ ਨੂੰ ਮੁਕੰਮਲ ਕੌਮੀ ਹਮਾਇਤ ਹਾਸਿਲ ਹੋਈ ।ਦੁਨੀਆਂ ਭਰ ਵਿੱਚ ਖਾਲਿਸਤਾਨ ਦਾ ਨਾਮ ਗੂੰਜਿਆ, ਸਿੱਖਾਂ ਦੀ ਵਿਲੱਖਣ ਕੌਮੀ ਪਹਿਚਾਣ ਉਜਾਗਰ ਹੋਈ, ਇੰਝ ਲੱਗਣ ਲੱਗਾ ਕਿ ਜਿਵੇਂ ਅਸੀਂ ਆਖਰੀ ਜਿੱਤ ਤੋਂ ਚੰਦ ਕਦਮ ਹੀ ਦੂਰ ਹਾਂ ।ਪਰ ਇੱਕ ਵਾਰ ਫਿਰ ਸਾਡੇ ਲੀਡਰਾਂ ਦੀਆਂ ਗਲਤੀਆਂ ਤੇ ਸਾਡੀ ਕਿਸਮੱਤ ਨੇ ਰੱਲ ਕੇ ਸਾਨੂੰ ਪਛਾੜ ਦਿੱਤਾ ।ਜਿਹੜੀ ਲਹਿਰ ਜਿੱਤ ਦੇ ਸੁਪਨੇ ਦੇਖ ਰਹੀ ਸੀ, 92/93 ਤੱਕ ਪਹੁੰਚਦੇ ਪਹੁੰਚਦੇ ਅਰਸ਼ੋਂ ਫਰਸ਼ ਤੇ ਆ ਡਿੱਗੀ । ਵੱਡੇ ਵੱਡੇ ਯੋਧੇ ਭਾਰਤੀ ਸੁਰਖਿਆ ਅਧਾਰਿਆਂ ਨੇ ਮਾਰ ਮੁਕਾਏ, ਕਈ ਮਯੂਸੀ ਦਾ ਸ਼ਿਕਾਰ ਹੋਏ ਮੁੜ੍ਹ ਰਵਾਇਤੀ ਸਿਆਸਤ ਵੱਲ ਪਰਤ ਗਏ, ਤੇ ਕੁੱਝ ਆਪੋ ਆਪਣੇ ਪਰਿਵਾਰਾਂ ਤੇ ਕਾਰੋਬਾਰਾਂ ਵੱਲ । ਹੁਣ ਫਿਰ ਸਾਡੇ ਹਿੱਸੇ ਨਸੀਹੱਤਾਂ ਆ ਰਹੀਆਂ ਹਨ, ਕਿ ਹਾਲਾਤ ਨਹੀਂ ਰਹੇ, ਵਕਤ ਬਦੱਲ ਗਿਆ ਹੈ, ਆਦਿ ਆਦਿ ।

ਸਿੱਖਾਂ ਦੀ ਕੌਮੀ ਸਿਆਸਤ ਦਾ ਇੱਕ ਹਿੱਸਾ, ਖੁੱਲ੍ਹੀ ਹਿੰਦੂਤੱਵ ਦੀ ਗੱਲ ਕਰਨ ਵਾਲਿਆਂ ਨਾਲ ਖੜ੍ਹਾ ਹੈ, ਤੇ ਇੱਕ ਸੈਕੂਲਰ ਮਾਸਕ ਪਾਈ ਧਿਰ ਨਾਲ । ਅਸੀਂ ਆਜ਼ਾਦੀ ਪਸੰਦ, ਜਿੱਥੇ ਖੜੇ ਸਾਂ, ਓਥੇ ਹੀ ਖੜ੍ਹੇ ਹਾਂ, ਭਾਵੇਂ ਇਸ ਦੁੱਖ ਤੇ ਰੰਝ ਨਾਲ ਕਿ ਬਹੁਤ ਉਚਾਈ ਤੇ ਪਹੁੰਚ ਕੇ ਥੱਲੇ ਗਿਰੇ ਹਾਂ ।

1947 ਵਿੱਚ ਜਦੋਂ ਸਾਡੇ ਕੋਲ ਬਹੁਤ ਕੁੱਝ ਸੀ, ਪਰ ਅਸੀਂ ਨਵੀਂ ਸਿਰਜੀ ਜਾ ਰਹੀ ਦੁਨੀਆਂ ਵਿੱਚ ਆਪਣੀ ਕੌਮ ਲਈ ਕੋਈ ਸਥਾਨ ਨਹੀਂ ਸਾਂ ਹਾਸਿਲ ਕਰ ਸਕੇ, ਯੂ ਐਨ ਓ ਦੇ ਆਜ਼ਾਦ ਮੈਂਬਰ ਦੇਸ਼ਾਂ ਦੀ ਗਿਣਤੀ ਸ਼ਾਇਦ ਪੰਜਾਹ ਦੇ ਕਰੀਬ ਸੀ । 1984 ਤੱਕ ਪਹੁੰਚਦੇ ਪਹੁੰਚਦੇ, ਜਦੋਂ ਅਸੀਂ ਆਪਣੀ ਆਜ਼ਾਦੀ ਲਹਿਰ ਮੁੜ੍ਹ ਖੜੀ ਕਰਨ ਜੋਗੇ ਹੋਏ, ਆਜ਼ਾਦ ਦੇਸ਼ਾਂ ਦੀ ਗਿਣਤੀ ਵਿੱਚ ਬਹੁਤ ਸਾਰਾ ਵਾਧਾ ਹੋ ਚੁੱਕਾ ਸੀ, ਤੇ ਸਿੱਖ ਕੌਮ ਦੀ ਹੈਸੀਅਤ ਸਾਹਮਣੇ ਮਾਮੂਲੀ ਹੈਸੀਅਤ ਦੀਆਂ ਕੌਮਾਂ ਵੀ ਆਪਣੇ ਘਰ, ਆਪਣੇ ਦੇਸ਼ ਹਾਸਿਲ ਕਰ ਚੁੱਕੀਆਂ ਸਨ । 9 ਜੁਲਾਈ ਨੂੰ ਦੱਖਣੀ ਸੁਡਾਨ ਦੀ ਆਜ਼ਾਦੀ ਤੱਕ ਪਹੁੰਚਦੇ ਪਹੁੰਚਦੇ ਤਾਂ ਆਜ਼ਾਦ ਦੇਸ਼ਾਂ ਦੀ ਗਿਣਤੀ ਦੋ ਸੋ ਦੇ ਕਰੀਬ ਪਹੁੰਚ ਚੁੱਕੀ ਹੈ । ਕਈ ਦੇਸ਼ ਤਾਂ ਉਹ ਵੀ ਆਜ਼ਾਦ ਹੋਏ ਨੇ ਜਿਨ੍ਹਾਂ ਦੀ ਆਬਾਦੀ ਦੱਸ ਲੱਖ ਤੋਂ ਵੀ ਘੱਟ, ਤੇ ਰਕਬਾ ਸਿੱਖਾਂ ਦੀ ਛੋਟੀ ਤੋਂ ਛੋਟੀ ਰਿਆਸਤ ਤੋਂ ਵੀ ਘੱਟ ਹੈ ।ਯੂਰਪ ਵਿੱਚ ਪੈਂਦੀ ਰਿਆਸਤ ਮੋਨਾਕੋ ਹੋਵੇ, ਜਾਂ ਇੰਡੋਨੇਸ਼ੀਆ ਕੋਲ ਪੈਂਦੀ ਬਰੂਨਈ, ਆਸਟ੍ਰੇਲੀਆ ਦੇ ਗਵਾਂਢ ਵਿੱਚ ਪੈਂਦੀ ਨੌਰੂ ਹੋਵੇ, ਜਾਂ ਟਵਾਲੂ ਹੋਵੇ, ਇਹਨਾਂ ਛੋਟੀਆਂ ਛੋਟੀਆਂ ਇਕਾਈਆਂ ਨੇ ਵੀ ਆਪਣੇ ਤਾਕਤਵਰ ਗਵਾਂਢੀ ਦੇਸ਼ ਵਿੱਚ ਜਜ਼ਬ ਹੋਣ ਦਾ ਰਸਤਾ ਨਹੀਂ ਚੁਣਿਆਂ, ਤੇ ਅੱਜ ਦੀ ਦੁਨੀਆਂ ਵਿੱਚ ਆਪੋ ਆਪਣੇ ਝੰਡੇ ਨਾਲ ਇੱਕ ਆਜ਼ਾਦ ਕੌਮ ਵਾਂਗ, ਕੌਮਾਂ ਦੀ ਬਿਰਾਦਰੀ ਵਿੱਚ ਵਿੱਚਰ ਰਹੇ ਨੇ ।ਇਹ ਜਾਣ ਕੇ ਆਪਣੀ ਕਿਸਮੱਤ ਤੇ ਰੋਣਾ ਨਹੀਂ ਆਵੇਗਾ, ਕਿ 10472 ਦੀ ਕੁੱਲ ਆਬਾਦੀ ਵਾਲਾ ਮੁਲਕ ਟਵਾਲੂ ਵੀ 1978 ਵਿੱਚ ਅੰਗਰੇਜ਼ਾਂ ਦੇ ਕਬਜ਼ੇ ਹੇਠੋਂ ਆਜ਼ਾਦ ਹੋਣ ਬਾਦ, 2000 ਵਿੱਚ ਯੂ ਐਨ ਓ ਦਾ ਮੈਂਬਰ ਵੀ ਬਣ ਚੁਕਿਆ ਹੈ । ਇਸ ਛੋਟੇ ਜਿਹੇ ਪਿੰਡ ਨੁਮਾ ਮੁਲਕ ਦੇ ਲੋਕਾਂ ਨੇ ਵੀ ਕਿਸੇ ਵੱਡੇ ਗਵਾਂਢੀ ਦੇਸ਼ ਦਾ ਹਿੱਸਾ ਬਣਨ ਨਾਲੋਂ ਆਪਣੀ ਆਜ਼ਾਦ ਹੋਂਦ ਨੂੰ ਤਰਜੀਹ ਦਿੱਤੀ ਹੈ ।

ਖਾਲਿਸਤਾਨ ਦੀ ਮੁਖਾਲਫਤ ਵਿੱਚ ਜੋ ਜੋ ਵੀ ਤਰਕ ਦਿੱਤੇ ਜਾਂਦੇ ਰਹੇ ਨੇ, ਇਹਨਾਂ ਨਵੇਂ ਆਜ਼ਾਦ ਹੋਣ ਵਾਲੇ ਦੇਸ਼ਾਂ ਨੇ ਇੱਕ ਇੱਕ ਕਰ ਕੇ ਸੱਭ ਪਛਾੜ ਦਿਤੇ ਹਨ । ਕਿਸੇ ਕੌਮ, ਭਾਈਚਾਰੇ, ਤੇ ਲੋਕ ਸਮੂਹ ਦੀ ਇੱਛਾ ਸ਼ਕਤੀ ਸਾਹਮਣੇ ਸਾਰੇ ਤਰਕ, ਵਿਤਰਕ ਬਹੁਤ ਛੋਟੇ ਪੈ ਜਾਂਦੇ ਨੇ, ਅਤੇ ਅਸਲ ਗੱਲ ਜਿਹੜੀ ਫੈਸਲਾ ਕੁੰਨ ਸਾਬਿਤ ਹੁੰਦੀ ਹੈ, “ਇੱਛਾ ਸ਼ਕਤੀ” ਹੀ ਹੈ ।

ਕੁੱਝ ਦਿਨ ਹੌਏ ਮੇਰੇ ਇੱਕ ਅਜ਼ੀਜ਼ ਨੇ ਸੁਨੇਹਾ ਭੇਜਿਆ ਕਿ ਹੁਣ ਹਾਲਾਤ ਬਦਲ ਗਏ ਨੇ, ਵਾਪਿਸ ਆ ਜਾਓ । ਮੇਰਾ ਜਵਾਬ ਓਹੀ ਸੀ, ਜੋ ਹਮੇਸ਼ਾਂ ਹੁੰਦਾ ਹੈ, “ਮੈਨੂੰ ਆਪਣੇ ਵਿਚਾਰਾਂ ਨਾਲ ਮਰਨਾ, ਵਿਚਾਰ ਛੱਡ ਕੇ ਜੀਣ ਨਾਲੋਂ ਕਿਤੇ ਪਿਆਰਾ ਹੈ” । ਮੈਂ ਆਪਣੀ ਜੀਵਨ ਸਾਥਣ ਨਾਲ ਗੱਲ ਕੀਤੀ, ਉਸ ਕਿਹਾ, “ਹਾਂ ਜੇ ਕਦੇ ਦੱਖਣੀ ਸੁਡਾਨ ਵਾਂਗ ਆਪਣੀ ਧਰਤੀ ਤੇ ਵੀ ਆਪਣੇ ਝੰਡੇ ਝੂਲ ਗਏ ਤਾਂ ਸੱਭ ਤੋਂ ਪਹਿਲਾਂ ਚੱਲਾਂਗੇ” । ਮੈਨੂੰ ਉਸ ਦੀ ਗੱਲ ਚੰਗੀ ਲੱਗੀ, ਗੁਲਾਮੀ ਵਿੱਚ ਪਰਤਣ ਨਾਲੋਂ ਤਾਂ, ਆਜ਼ਾਦੀ ਦੇ ਸੁਪਨੇ ਲੈਂਦੀ ਜੇਲ੍ਹ/ਜਲਾਵਤਨੀ ਲੱਖ ਦਰਜੇ ਚੰਗੀ ਹੈ ।

ਦੱਖਣੀ ਸੁਡਾਨ ਦੇ ਲੋਕਾਂ ਨੂੰ ਆਜ਼ਾਦੀ ਮੁਬਾਰਕ । ਉਹਨਾਂ ਦੀ ਸਫਲਤਾ ਸਾਡੇ ਲਈ ਉਮੀਦ ਦੀ ਇੱਕ ਨਵੀਂ ਕਿਰਨ ਬਣ ਕੇ ਉਭਰੀ ਹੈ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>