ਦਾਸਤਾਨ

ਭਾਗ ਦੂਜਾ -

ਪੈਸੇ ਕਮਾਉਣ ਦੇ ਲਾਲਚ ਵਿੱਚ ਜਸਵਿੰਦਰ ਨੂੰ ਵਕਤ ਦੀ ਚਾਲ ਦਾ ਪਤਾ ਹੀ ਨਹੀਂ ਲੱਗਿਆ ਸੀ। ਉਸ ਨੂੰ ਸੈਰ ਲਈ ਮਿਲਿਆ ਛੇ ਮਹੀਨੇ ਦਾ ਅਰਸਾ ਪੂਰਾ ਹੋਣ ਵਾਲਾ ਹੋ ਗਿਆ ਸੀ। ਇੱਕਦਮ ਉਸ ਨੂੰ ਫ਼ਿਕਰਾਂ ਨੇ ਆ ਜਕੜਿਆ ਸੀ। ਉਹ ਅਮਰੀਕਾ ਜਾਣ ਲਈ ਕੋਈ ਵੀ ਸਬੀਲ ਨਹੀਂ ਜੁਟਾ ਸਕਿਆ ਸੀ ਤੇ ਕੁੱਝ ਦਿਨਾਂ ਵਿੱਚ ਹੀ ਉਸ ਨੂੰ ਇੰਗਲੈਂਡ ਰਹਿਣ ਦੀ ਮਨਜ਼ੂਰੀ ਦੀ ਮੁਨਿਆਦ ਵੀ ਸਮਾਪਤ ਹੋ ਜਾਣੀ ਸੀ। ਦਿਨ ਰਾਤ ਉਸ ਨੂੰ ਚਿੰਤਾ ਤੇ ਤੋੜ ਜਿਹੀ ਲੱਗੀ ਰਹਿੰਦੀ ਸੀ। ਅਗਾਂਹ ਜਾਣ ਦਾ ਉਸ ਕੋਲ ਸਾਧਨ ਨਹੀਂ ਸੀ ਤੇ ਪਿੱਛੇ ਉਹ ਮੁੜਨਾ ਨਹੀਂ ਸੀ ਚਾਹੁੰਦਾ। ਫਿਰ ਮਿਆਦ ਪੂਰੀ ਹੋਈ ਤੇ ਵਾਪਸ ਜਾਣ ਦੀ ਬਜਾਏ ਉਹ ਪਾਲ ਦੀ ਸਲਾਹ ਨਾਲ ਚੁੱਭੀ ਮਾਰ ਗਿਆ ਸੀ। ਕੁੱਝ ਚਿਰ ਮਗਰੋਂ ਹੀ ਉਸ ਦੀ ਚਾਹ ਨੂੰ ਰਾਹ ਵੀ ਨਿਕਲ ਆਈ ਸੀ।
ਲੈਸਟਰ ਸ਼ਹਿਰ ਬਰਤਾਨੀਆਂ ਵਿੱਚ ਕੱਪੜੇ ਦੇ ਵਪਾਰ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਦੂਰੋਂ ਦੂਰੋਂ  ਇਸ ਕਿੱਤੇ ਨਾਲ ਸੰਬੰਧਿਤ ਬੰਦੇ ਉਥੇ ਆਉਂਦੇ ਜਾਂਦੇ ਰਹਿੰਦੇ ਹਨ। ਪਾਲ ਵੀ ਅਕਸਰ ਲੈਸਟਰੋਂ ਸਸਤਾ ਕੱਪੜਾ ਲੈਣ ਲਈ ਚਲਿਆ ਜਾਂਦਾ ਹੁੰਦਾ ਸੀ। ਪਾਲ ਤੁਰਿਆ ਫਿਰਿਆ ਤੇ ਹੰਢਿਆ ਹੋਇਆ ਬੰਦਾ ਸੀ। ਪਾਲ ਨੇ ਆਪਣੀ ਪਹੁੰਚ ਸਦਕਾ ਲੈਸਟਰ ਦੇ ਕਿਸੇ ਵਪਾਰੀ ਦਾ ਪਾਸਪੋਰਟ ਜਸਵਿੰਦਰ ਲਈ ਖਰੀਦ ਕੇ ਲਿਆ ਦਿੱਤਾ ਸੀ। ਉਸ ਵਿਅਕਤੀ ਦਾ ਇੰਡੀਆ ਗਏ ਦਾ ਕਤਲ ਹੋ ਗਿਆ ਸੀ। ਜਸਵਿੰਦਰ ਨੇ ਕੱਝ ਹੋਰ ਰੋਕੜੇ ਖਰਚ ਕੇ ਪੀਟਰਬਰਾਅ ਤੋਂ ਉਸ ਪਾਸਪੋਰਟ ਪੁਰ ਹੇਰਾ-ਫੇਰੀ ਨਾਲ ਆਪਣੀ ਫੋਟੋ ਲਵਾ ਲਈ ਸੀ। ਜਸਵਿੰਦਰ ਦੀ ਸਾਰੀ ਸ਼ਨਾਖ਼ਤ ਬਦਲ ਗਈ ਸੀ। ਖੁਸ਼ਕਿਸਮਤੀ ਨਾਲ ਪਾਸਪੋਰਟ ਵਾਲੇ ਮਰੇ ਹੋਏ ਬੰਦੇ ਦਾ ਨਾਂ ਵੀ ਜਸਵਿੰਦਰ ਹੀ ਹੋਣ ਕਰਕੇ ਉਸ ਨੂੰ ਆਪਣਾ ਨਾਮ ਨਹੀਂ ਸੀ ਬਦਲਣਾ ਪਿਆ। ਇੰਝ ਜਸਵਿੰਦਰ ਹੀ ਪਾਸਪੋਰਟ ਦਾ ਅਸਲੀ ਮਾਲਕ ਬਣ ਗਿਆ ਸੀ। ਇਹ ਕੰਮ ਰਾਸ ਆ ਜਾਣ ਕਾਰਨ ਉਸ ਨੇ ਅਮਰੀਕਾ ਦਾ ਖ਼ਿਆਲ ਤਿਆਗ ਕੇ ਇੰਗਲੈਂਡ ਹੀ ਸੈਟਲ ਹੋਣ ਦਾ ਵਿਚਾਰ ਬਣਾ ਲਿਆ।
ਉਥੇ(ਅਮਰੀਕਾ) ਕਿਹੜਾ ਜਾ ਕੇ ਜੱਜ ਲੱਗ ਜਾਣਾ ਸੀ। ਫਰਿੱਜ਼ਨੋ ’ਚ ਸੌਗੀਆਂ ਹੀ ਤੋੜਨੀਆਂ ਸੀ। ਮਿੱਟੀ ਨਾਲ ਤਾਂ ਘੁਲਦੇ ਇੰਡੀਆ ਚੋਂ ਆਏ ਆਂ। ਇੱਥੇ ਹੀ ਵਧੀਆ ਹੈ,  ਨਾਲੇ ਇੱਥੇ ਮੁਫਤ ਡਾਕਟਰੀ ਇਲਾਜ਼, ਬੇਰੋਜਗਾਰੀ ਭੱਤੇ, ਫਰੀ ਤਾਲਿਮ, ਇੰਨਕਮ ਸਪੋਰਟ, ਫੈਮਿਲੀ ਕਰੈਡਟਤੇ ਹੋਰ ਕਿੰਨੀਆਂ ਸਹੂਲਤਾਂ ਨੇ। ਹਰ ਬਰਤਾਨਵੀ ਨਾਗਰਿਕ ਨੂੰ ਉਪਲਬਧ ਹੋਣ ਵਾਲੀਆਂ ਸੁਵਿਧਾਵਾਂ ਬਾਰੇ ਸੋਚ ਕੇ ਜਿੰਨ੍ਹਾ ਦਾ ਕਿ ਹੁਣ ਜਸਵਿੰਦਰ ਖੁਦ ਵੀ ਹੱਕਦਾਰ ਬਣ ਗਿਆ ਸੀ, ਉਸ ਦਾ ਦਿਮਾਗ ਉੱਤਲੀਆਂ ਹਵਾਵਾਂ ਵਿੱਚ ਹੋ ਜਾਂਦਾ ਸੀ।
ਪਾਲ ਦਾ ਮਾਣ-ਤਾਣ ਤਾਂ ਜਸਵਿੰਦਰ ਪਹਿਲਾਂ ਹੀ ਬਹੁਤ ਕਰਦਾ ਸੀ। ਪਰ ਜਦੋਂ ਦਾ ਪਾਲ ਨੇ ਪੌਂਡ ਖਰਚ ਕੇ ਜਸਵਿੰਦਰ ਨੂੰ ਪੱਕਾ ਕਰਵਾ ਦਿੱਤਾ ਸੀ। ਉਹ ਉਸ ਦਾ ਹੋਰ ਵੀ ਜ਼ਿਆਦਾ ਤਿਉ ਕਰਨ ਲੱਗ ਪਿਆ ਸੀ। ਬਲਕਿ ਉਸ ਤੋਂ ਜ਼ਿੰਦ ਵਾਰਨ ਲੱਗ ਪਿਆ ਸੀ।
ਆਦਮੀ ਨੂੰ ਸਦਾ ਉਮਰ ਹੀ ਤਾਂ ਛੋਟਾ ਵੱਡਾ ਨਹੀਂ ਬਣਾਉਂਦੀ। ਕਈ ਵਾਰੀ ਕਰਮ, ਪੈਸਾ, ਰੁਤਬਾ ਅਤੇ ਸ਼ੁਹਰਤ ਜਿਹੀਆਂ ਚੀਜ਼ਾਂ ਵੀ ਇਨਸਾਨ ਦੇ ਕੱਦ ਨੂੰ ਸੁੰਗਾੜ ਕੇ ਛੋਟਾ ਤੇ ਖਿੱਚ ਕੇ ਵੱਡਾ ਕਰਦਿਆ ਕਰਦੀਆਂ ਹਨ। ਭਾਵੇਂ ਪਾਲ ਜਸਵਿੰਦਰ ਨਾਲੋਂ ਸਾਲ ਛੋਟਾ ਹੀ ਸੀ। ਪਰ ਫੇਰ ਵੀ ਪਾਲ ਨੂੰ ਭਾਜੀ-ਭਾਜੀ ਕਰਦੇ ਦਾ ਉਸ ਦਾ ਮੂੰਹ ਨਹੀਂ ਸੀ ਥੱਕਦਾ ਹੁੰਦਾ। ਪਾਲ ਤੇ ਜਸਵਿੰਦਰ ਵਿੱਚ ਸਾਲੇ ਭਣੋਇਏ ਵਾਲੀ ਕੋਈ ਗੱਲ ਨਹੀਂ ਸੀ। ਉਹਨਾਂ ਵਿੱਚ ਤਾਂ ਯਾਰਾਂ ਵਾਲੀ ਮੁਹੱਬਤ ਤੇ ਭਾਈਆਂ ਵਾਲਾ ਪਿਆਰ ਸੀ।
ਉਂਝ ਤਾਂ ਜਸਵਿੰਦਰ ਪਹਿਲਾਂ ਵੀ ਸੁਬ੍ਹਾ-ਸ਼ਾਮ ਕੋਹਲੂ ਦਾ ਬਲਦ ਬਣਿਆ ਰਹਿੰਦਾ ਸੀ। ਪਰ ਹੁਣ ਸ਼ੁਕਰਾਨੇ ਵਜੋਂ ਹੋਰ ਵੀ ਜੀਅ ਜਾਨ ਨਾਲ ਜ਼ੋਰ ਲਾ ਕੇ ਕੰਮ ਕਰਨ ਲੱਗ ਪਿਆ ਸੀ। ਪਾਲ ਹੋਰਾਂ ਨੂੰ ਰੋਟੀ ਅਤੇ ਇੱਕ ਬੱਝੀ ਤਨਖ਼ਾਹ ’ਤੇ ਇਹ ਮਸ਼ੀਨੀ ਮਨੁੱਖ ਮਹਿੰਗਾ ਨਹੀਂ ਸੀ। ਉਹ ਵੀ ਜਸਵਿੰਦਰ ਨਾਮੀ ਇਸ ਰੋਬਟ ਨੂੰ ਚਮ੍ਹਲਾ ਕੇ ਉਸ ਦਾ ਰੱਜ ਕੇ ਚੰਮ ਲਾਉਂਦੇ ਰਹੇ ਸਨ।
ਫਿਰ ਸਾਲ ਦਾ ਉਹ ਵਕਤ ਆਇਆ ਸੀ ਜਦੋਂ ਕੇਵਲ ਯੂ ਕੇ ਦੇ ਹੀ ਨਹੀਂ ਤਕਰੀਬਨ ਸਾਰੇ ਯੂਰਪ ਦੇ ਕਾਰੋਬਾਰ ਮੱਠੇ ਪੈ ਜਾਂਦੇ ਹਨ। ਪਾਲ ਦਾ ਕੰਮ ਵੀ ਮੰਦਾ ਹੋ ਗਿਆ ਸੀ। ਫਿਰ ਨੰਵਬਰ ਦਸੰਬਰ ਵਿੱਚ ਮੁੜ ਸਰਗਰਮ ਹੋਣਾ ਸੀ। ਜਸਵਿੰਦਰ ਨੂੰ ਵੀ ਕੁੱਝ ਸਾਹ ਆਉਣ ਲੱਗਿਆ ਸੀ। ਉਸ ਨੇ ਆਪਣੇ ਬਾਰੇ ਕੁੱਝ ਸੋਚਣਾ ਸ਼ੁਰੂ ਕੀਤਾ ਸੀ। ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਆਪਣੇ ਪਾਸਪੋਰਟ ਦੇ ਦਰਸ਼ਨ ਕਰਨੇ ਨਹੀਂ ਸੀ ਭੁੱਲਦਾ। ਜਦੋਂ ਕਦੇ ਵਿਹਲ ਮਿਲਦਾ ਤਾਂ ਲਾਲ ਰੰਗ ਦੇ ਪਾਸਪੋਰਟ ਨੂੰ ਹੀ ਪਲੋਸੀ ਜਾਂਦਾ ਰਹਿੰਦਾ ਸੀ। ਪਾਸਪੋਰਟ ਜਾਣੀ ਉਸ ਲਈ ਬਹੁਤ ਵੱਡੀ ਪ੍ਰਾਪਤੀ ਸੀ। ਓਵਰ ਸਟੇਅ ਉਪਰੰਤ ਉਸ ਦਾ ਪੈਦਾ ਹੋਇਆ ਡਰ ਮੂਲੋਂ ਹੀ ਚੁੱਕਿਆ ਗਿਆ ਸੀ। ਹੁਣ ਉਹ ਕੁੱਝ ਰਾਹਤ ਤੇ ਬੇਫ਼ਿਕਰੀ ਮਹਿਸੂਸ ਕਰ ਰਿਹਾ ਸੀ। ਉਸ ਦੇ ਦਿਲ ਵਿੱਚ ਕੋਈ ਧੜਕਾ ਨਹੀਂ ਸੀ। ਉਸ ਨੇ ਸ਼ੁਕਰ ਕੀਤਾ ਸੀ ਕਿ ਉਹ ਪੱਕਾ ਹੋ ਗਿਆ। ਹੁਣ ਉਹ ਵਤਨੀ ਜਾ ਕੇ ਮਨਪਸੰਦ ਵਧੂ ਚੁਣਨ ਦੇ ਸਮਰੱਥ ਹੋ ਗਿਆ ਸੀ। ਕਿਉਂਕਿ ਵਲਾਇਤੀ ਖਾਂਦੇ ਪੀਂਦੇ ਘਰਾਂ ਦੀਆਂ ਕੁੜੀਆਂ ਕਿੱਥੇ ਇੰਡੀਆ ਦੇ ਮੁੰਡਿਆਂ ਨੂੰ ਨੱਕ ਦਿੰਦੀਆਂ ਹਨ। ਫਿਰ ਸਮਝਦਾਰ ਸਾਊ ਸ਼ਰੀਫ਼ ਮਾਪੇ ਵੀ ਇਲਲੀਗਲ ਮੁੰਡੇ ਨਾਲ ਆਪਣੀ ਕੁੜੀ ਦੇ ਰਿਸ਼ਤੇ ਦੀ ਗੱਲ ਤੁਰਨ ਤੋਂ ਪਹਿਲਾਂ ਹੀ ਕੋਰਾ ਜੁਆਬ ਦੇ ਦਿੰਦੇ ਹਨ। ਅਗਲਾ ਝੰਜਟਾਂ ਵਿੱਚ ਕਿਉਂ ਪਵੇ, ਇੰਗਲੈਂਡ ਵਿੱਚ ਕਿਹੜਾ ਮੁੰਡਿਆਂ ਦਾ ਕਾਲ ਪਿਆ ਹੈ।
ਹੁਣ ਉਹਨੂੰ ਦੇਖ ਕੇ ਮੱਖੀ ਵੀ ਨਹੀਂ ਸੀ ਨਿਗਲਣੀ ਪੈਣੀ। ਯਾਨੀ ਕਿਸੇ ਚਾਲੂ ਰੰਨ ਨਾਲ ਪੱਕੇ ਹੋਣ ਲਈ ਵਿਆਹ ਨਹੀਂ ਸੀ ਕਰਵਾਉਣਾ ਪੈਣਾ। ਨਾ ਕਿਸੇ ਗੋਰੀ ਨੂੰ ਥੱਬਾ ਪੌਂਡਾਂ ਦਾ  ਦੇ ਕੇ ਪਹਿਲਾਂ ਜਾਹਲੀ ਵਿਆਹ ਲਈ ਰਾਜ਼ੀ ਕਰਨਾ ਪੈਣਾ ਸੀ ਤੇ ਨਾ ਪਿੱਛੋਂ ਫੇਰ ਦੋ ਚਾਰ ਹਜ਼ਾਰ ਪੌਂਡ ਮੱਥੇ ਮਾਰ ਕੇ ਖਹਿੜਾ ਹੀ ਛੁਡਾਉਣਾ ਪੈਣਾ ਸੀ। ਕਈ ਬਲਾਵਾਂ ਨੂੰ ਤਾਂ ਪਤਾ ਹੁੰਦਾ ਹੈ ਬਈ ਏਸ਼ੀਅਨ ਪੱਕੇ ਹੋਣ ਲਈ ਕੁੱਝ ਵੀ ਕਰ ਸਕਦੇ ਨੇ, ਕੋਈ ਵੀ ਕੀਮਤ ਉਤਾਰ ਸਕਦੇ ਨੇ। ਤਾਂ ਹੀ ਤਾਂ ਫਿਰ ਬਾਅਦ ਵਿੱਚ ਉਹ ਮਗਰੋਂ ਲਹਿਣ ਦਾ ਨਾਂ ਵੀ ਨਹੀਂ ਲੈਂਦੀਆਂ। ਜੋਕਾਂ ਵਾਂਗੂੰ ਖੂਨ ਚੂਸਦੀਆਂ ਰਹਿੰਦੀਆਂ ਹਨ। ਬਲੈਕ ਮੇਲ ਕਰਨ ਲੱਗ ਜਾਂਦੀਆਂ ਹਨ। ਜਿੰਨਾ ਚਿਰ ਬੰਦਾ ਪੱਕਾ ਨਹੀਂ ਹੁੰਦਾ ਨੋਟਾਂ ਨੂੰ ਈ ਥੁੱਕ ਲਵਾਈ ਜਾਂਦੀਆਂ ਰਹਿੰਦੀਆਂ ਹਨ। ਜਸਵਿੰਦਰ ਨੂੰ ਇਸ ਤਰ੍ਹਾਂ ਦਾ ਨਾ ਹੀ ਕੋਈ ਹੋਰ ਹੁਲਾ ਫੱਕਣਾ ਪੈਣਾ ਸੀ। ਉਹ ਅਜਿਹੇ ਸਾਰੇ ਚੱਕਰਾਂ ਤੋਂ ਬਚ ਗਿਆ ਸੀ। ਹੁਣ ਉਹ ਵੀ ਫ਼ੌਰਨਰਾਂ ਵਾਂਗਰ ਛਾਂਟਵੀ ਕੁੜੀ ਨਾਲ ਵਿਆਹ ਕਰਵਾ ਸਕਦਾ ਸੀ। ਉਹ ਖ਼ਿਆਲਾਂ ਵਿੱਚ ਹਰ ਸਮੇਂ ਟੰਮਣੇ ਉੱਤੇ ਚੜ੍ਹਿਆ ਰਹਿੰਦਾ ਸੀ। ਕਲਪਨਾ ਦੇ ਖੰਭ ਲਾ ਕੇ ਸੁਪਨਿਆਂ ਦੇ ਸੁਨਿਹਰੀ ਅੰਬਰ ਵਿੱਚ ਗੁਆਚ ਜਾਂਦਾ ਸੀ।
ਬਸ ਆਹ ਕ੍ਰਿਸਮਿਸ ਦਾ ਸੀਜਨ ਲਾ ਕੇ ਇੰਡੀਆ ਵਿਆਹ ਕਰਵਾਉਣ ਜਾਊਂ। ਫੇਰ ਸੁੱਖ ਹੀ ਸੁੱਖ ਹੋਵੇਗਾ । ਧੰਦ ਨ੍ਹੀਂ ਪਿੱਟਣਾ ਪਊ। ਟੌਰ ਨਾਲ ਪੰਜ ਦਿਨ ਕੰਮ ਕਰਿਆ ਕਰਾਂਗੇ। ਸੰਡੇ ਦੋਨੋਂ ਜੀਅ ਗੁਰਦੁਆਰੇ ਜਾਇਆ ਕਰਾਂਗੇ ਸੈਚਰਡੇਅ ਸ਼ਾਪਿੰਗ ਕਰਿਆ ਕਰਾਂਗੇ। ਮੇਰੇ ਹੱਥਾਂ ਵਿੱਚ ਖਰੀਦੀਆਂ ਖਾਣ ਵਾਲੀਆਂ ਵਸਤਾਂ ਦੇ ਭਰੇ ਭਾਰੀ ਬੈਗ ਹੋਇਆ ਕਰਨਗੇ। ਮੈਨੂੰ ਭਾਰ ਨਾਲ ਔਖਾ ਹੁੰਦਾ ਦੇਖ ਕੇ ਸ੍ਰੀ ਮਤੀ ਮੇਰਾ ਹੱਥ ਵਟਾਉਣ ਲਈ ਕਿਹਾ ਕਰੇਗੀ, “ਮੈਂ ਕਿਹਾ ਲਿਆਉ ਜੀ, ਇੱਕ ਲਿਫ਼ਾਫ਼ਾ ਮੈਂ ਚੁੱਕ ਲੈਂਦੀ ਆਂ।”
ਮੈਂ ਸਗੋਂ ਅੱਗੋਂ ਉਸ ਨੂੰ ਘੂਰ ਕੇ ਜੁਆਬ ਦਿਆ ਕਰਾਂਗਾ, “ਮੈਂ ਚੁੱਕੇ ਤਾਂ ਹੋਏ ਨੇ। ਤੂੰ ਚੁੱਪ ਕਰਕੇ ਨਿਆਣੇ ਦੀ ਪਰਾਮ ਨੂੰ ਹੀ ਪੁਸ਼(ਧੱਕਣਾ) ਕਰੀ ਚੱਲ।”
ਫਿਰ ਪਰਾਮ ਵਿੱਚ ਪਿਆ ਮੁੰਡਾ ਸਾਡੀ ਵਾਰਤਾਲਾਪ ਨਾ ਸਮਝਦਾ ਹੋਇਆ ਵੀ ਖਿੜ ਜਾਇਆ ਕਰੇਗਾ। ਉਸ ਨੂੰ ਖੁਸ਼ੀ ਵਿੱਚ ਖੀਵਾ ਹੋਇਆ ਦੇਖ  ਸਾਡੇ ਆਦਮੀ ਤ੍ਰੀਮਤ ਦੇ ਚਿਹਰੇ ਵੀ ਪ੍ਰਸੰਨਤਾ ਦੀ ਭਾ ਮਾਰਨ ਲੱਗ ਜਾਇਆ ਕਰਨਗੇ।
ਇਸ ਤਰ੍ਹਾਂ ਸੋਚ ਕੇ ਜਸਵਿੰਦਰ ਦਾ ਤਨ ਮਨ ਵਿਸਮਾਦ ਵਿੱਚ ਸਮੋਇਆ ਜਾਂਦਾ ਸੀ। ਉਹ ਆਪਣੇ ਆਪ ਨੂੰ ਘਸਮੈਲੇ ਜਿਹੇ ਵਾਲਪੇਪਰ ਵਾਲੇ ਕਮਰੇ ਦੀ ਬਜਾਏ ਬੈਕੁੰਠ ਵਿੱਚ ਬੈਠਾ ਮਹਿਸੂਸ ਕਰਦਾ ਸੀ।
ਕ੍ਰਿਸਮਿਸ ਬੀਤ ਗਈ ਸੀ। ਨਵਾਂ ਸਾਲ ਵੀ ਚੜ੍ਹ ਗਿਆ ਸੀ। ਤੇ ਜਨਵਰੀ ਵੀ ਲੰਘ ਗਈ ਸੀ। ਮੱਧ ਫਰਵਰੀ ਆ ਗਈ ਸੀ। ਜਸਵਿੰਦਰ ਨੇ ਜਮ੍ਹਾਂ ਕੀਤੀ ਰਾਸ਼ੀ ਦਾ ਜੋੜ ਕੀਤਾ ਸੀ ਤਾਂ ਰਕਮ ਦੇ ਹਿੰਦਸੇ ਤੱਕ ਕੇ ਉਸ ਦਾ ਮਨ ਗੱਦ-ਗੱਦ ਹੋ ਉੱਠਿਆ ਸੀ। ਅਗਲੇ ਹੀ ਦਿਨ ਉਹ ਹੈਂਡਸਵਰਥ ਤੋਂ ਚਾਈਂ-ਚਾਈਂ ਇੰਡੀਆ ਜਾਣ ਲਈ ਹਵਾਈ ਟਿਕਟਾਂ ਦਾ ਪਤਾ ਕਰਨ ਚਲਿਆ ਗਿਆ ਸੀ। ਜਦੋਂ ਘਰ ਪਰਤ ਕੇ ਆਇਆ ਸੀ ਤਾਂ ਆਉਂਦੇ ਨੂੰ ਪਾਲ ਬੈਠਾ ਉਸ ਨੂੰ ਉਡੀਕ ਰਿਹਾ ਸੀ। ਇਸ ਤੋਂ ਪਹਿਲਾਂ ਕਿ ਜਸਵਿੰਦਰ ਪਾਲ ਨੂੰ ਆਪਣੀ ਯੋਜਨਾ ਤੋਂ ਜਾਣੂ ਕਰਵਾਉਂਦਾ। ਪਾਲ ਨੇ ਆਪਣਾ ਮਨਸੂਬਾ ਦੱਸ ਕੇ ਜਸਵਿੰਦਰ ਨੂੰ ਦੁਰਮਟ ਨਾਲ ਜ਼ਮੀਨ ’ਤੇ ਕੁੱਟੀਆਂ ਰੋੜੀਆਂ ਵਾਂਗ, ਜਿਸ ਕੁਰਸੀ ਉੱਪਰ ਉਹ ਬੈਠਾ ਸੀ ਉਸੇ ਵਿੱਚ ਧਸੋ ਦਿੱਤਾ ਸੀ।
ਜੋ ਇਨਸਾਨ ਸੋਚਦਾ ਹੈ, ਸਦਾ ਉਸੇ ਤਰ੍ਹਾਂ ਹੀ ਤਾਂ ਨਹੀਂ ਹੁੰਦਾ। ਪਾਲ ਨੇ ਨਵਾਂ ਹੀ ਟੰਟਾ ਖੜ੍ਹਾ ਕਰ ਦਿੱਤਾ ਸੀ। ਜਸਵਿੰਦਰ ਦੀਆਂ ਸਾਰੀਆਂ ਸੱਧਰਾਂ ਉੱਪਰ ਪਾਣੀ ਫਿਰ ਗਿਆ ਸੀ। ਉਸ ਦੇ ਸਿਆਹੀ ਨਾਲ ਲਿਖੇ ਹਰਫ਼ਾਂ ਵਰਗੇ ਅਰਮਾਨ ਮਜਬੂਰੀ ਦੇ ਪਾਣੀ ਵਿੱਚ ਭਿੱਜ ਕੇ ਅਲੋਪ ਹੋਣ ਲੱਗੇ ਸਨ। ਪਾਲ ਦੀ ਗੱਲ ਸੁਣ ਕੇ ਜਸਵਿੰਦਰ ਉਹਨੂੰ ਚੁੱਪ ਨਾਲੋਂ ਢੁਕਵਾਂ ਕੋਈ ਜੁਆਬ ਨਹੀਂ ਸੀ ਦੇ ਸਕਿਆ। ਪਾਲ ਨੇ ਮੰਗ ਹੀ ਅਜਿਹੀ ਰੱਖੀ ਸੀ ਕਿ ਕਾਗ਼ਜ਼ਾਂ ਵਿੱਚ ਵਿਆਹ ਕਰਵਾ ਕੇ ਉਹਦੀ ਭੈਣ ਨੂੰ ਇੰਗਲੈਂਡ ਵਾੜੇ। ਯਕਾਯਕ ਉਸ ਨੂੰ ਕੋਈ ਗੱਲ ਨਹੀਂ ਸੀ ਅਹੁੜੀ। ਫਿਰ ਉਸ ਨੇ ਮੂੰਹ ਖੋਲ੍ਹਿਆ ਸੀ ਤੇ ਇੱਕ ਵਾਕ ਆਪ ਮੁਹਾਰੇ ਉਸ ਦੇ ਮੁਖਾਰਬਿੰਦ ਤੋਂ ਉਚਾਰਿਆ ਗਿਆ ਸੀ, “ਪਰ ਇਹ ਕਿਵੇਂ ਮੁਮਕਿਨ ਹੋ ਸਕਦਾ ਭਾ ਜੀ? ਆਪਣਾ ਰਿਸ਼ਤਾ ਤਾਂ…।” ਕੁੱਝ ਦੇਰ ਸੋਚਣ ਮਗਰੋਂ ਜਸਵਿੰਦਰ  ਨੇ ਗਲੋਂ ਪੰਜ਼ਾਲੀ ਲਾਹੁਣ ਦਾ ਇਹ ਨਿਮਾਣਾ ਜਿਹਾ ਯਤਨ ਕਰਿਆ ਸੀ।
“ਆਪਾਂ ਕਿਹੜਾ ਸੱਚੀਂ-ਮੁੱਚੀਂ ਕੁੱਝ ਕਰਨੈ। ਐਵੇਂ ਡਰਾਮਾ ਜਿਹਾ ਕਰਨ ਲਈ ਬਸ ਫੋਟੋਆਂ ਖਿਚਵਾਉਣੀਆਂ ਨੇ ਤੇ ਮੂਵੀ ਬਣਾ ਲੈਣੀ ਹੈ। ਕਾਗ਼ਜ਼ੀ ਵਿਆਹ ਕਰਕੇ ਦਿੱਲੀ ਸੱਚ ਸਾਬਤ ਕਰ ਦੇਵਾਂਗੇ। ਕੁੜੀ ਦੇ ਇੱਥੇ ਆਈ ਤੋਂ ਤੂੰ ਅਜ਼ਾਦ ਹੈਂ।” ਪਾਲ ਨੇ ਆਪਣੇ ਤਜ਼ਰਬੇ ਦੇ ਅਧਾਰ ’ਤੇ ਤਿਆਰ ਕੀਤੀ ਸਕੀਮ ਉਹਦੇ ਅੱਗੇ ਸਪਸ਼ਟ ਰੂਪ ਵਿੱਚ ਮੂਰਤੀਮਾਨ ਕਰ ਦਿੱਤੀ ਸੀ।
ਜਸਵਿੰਦਰ ਨੇ ਦਿਮਾਗੀ ਕੈਲਕੁਲੇਟਰ ਵਿੱਚ ਜੋੜ-ਤੋੜ ਕਰ ਕੇ ਦੇਖਿਆ ਸੀ। ਛੇ ਮਹੀਨੇ ਕੁੜੀ ਨੂੰ ਇੰਡੀਆ ਤੋਂ ਆਉਣ ਨੂੰ ਲੱਗ ਜਾਣੇ ਨੇ। ਸਾਲ ਮਗਰੋਂ ਉਹ ਪੱਕੀ ਹੋਊਗੀ ਤੇ ਫੇਰ ਕਿਤੇ ਜਾ ਕੇ ਡਾਇਵੋਰਸ ਲਈ ਅਪਲਾਈ ਹੋਣਾ ਹੈ। ਸਾਲ ਛੇ ਮਹੀਨੇ ਕੇਸ ਲਟਕਣ ਮਗਰੋਂ ਕਿਤੇ ਡਿਕਰੀ ਐਪਸੂਲੂਟ ਮਿਲਣੀ ਹੈ।
ਜਸਵਿੰਦਰ ਕਸੂਤਾ ਫਸ ਗਿਆ ਸੀ। ਉਸ ਲਈ ਸੱਪ ਦੇ ਮੂੰਹ ਕੋਹੜ ਕਿਰਲੇ ਵਾਲੀ ਸਥਿਤੀ ਪੈਦਾ ਹੋ ਗਈ ਸੀ। ਜੇ ਜੁਆਬ ਦਿੰਦਾ ਸੀ ਤਾਂ ਅਹਿਸਾਨ ਫ਼ਰਾਮੋਸ਼ ਕਹਾਉਂਦਾ ਸੀ ਤੇ ਰਿਸ਼ਤੇਦਾਰਾਂ ਨਾਲੋਂ ਟੁੱਟਦਾ ਸੀ। ਜੇ ਹਾਂ ਕਰਦਾ ਸੀ ਤਾਂ ਆਪਣੀ ਜ਼ਿੰਦਗੀ ਖ਼ਰਾਬ ਕਰਦਾ ਸੀ। ਭਾਵੇਂ ਵਿਆਹ ਕਾਗ਼ਜ਼ਾਂ ਵਿੱਚ ਹੀ ਹੋਣਾ ਸੀ। ਇਸ ਤਰ੍ਹਾਂ ਵੀ ਉਹ ਦੋ ਸਾਲਾਂ ਲਈ ਬੰਨ੍ਹਿਆ ਜਾਂਦਾ ਸੀ। ਲੋਕਾਂ ਵਿੱਚ ਜਿਹੜੀ ਦੰਦ ਕਥਾ ਹੋਣੀ ਸੀ, ਉਹ ਵਾਧੂ ਦੀ। ਕੱਲ੍ਹ ਨੂੰ ਉਹਨੇ ਵੀ ਤਾਂ ਵਿਆਹ ਕਰਵਾਉਣਾ ਸੀ। ਅਗਲੇ ਨੇ ਤਾਂ ਉਹਨੂੰ ਦੁਹਾਜੂ ਹੀ ਮੰਨਣਾ ਸੀ।
“ਤੁਹਾਡੀ ਗੱਲ ਤਾਂ ਮੰਨ ਲੈਂਦਾ। ਪਰ ਭਾਜੀ ਮੈਂ ਤਾਂ ਆਪ ਇੰਡੀਆ ਜਾ ਕੇ ਵਿਆਹ ਕਰਵਾਉਣ ਦੀ ਤਿਆਰੀ ਕਰ ਰਿਹਾ ਸੀ।” ਜਸਵਿੰਦਰ ਨੇ ਗੱਡੇ ਨਾਲ ਕੱਟਾ ਬੰਨ੍ਹਿਆ ਸੀ।
“ਕੋਈ ਨ੍ਹੀਂ ਤੂੰ ਅੜਕ ਕੇ ਕਰਾ ਲੀਂ।”
“ਪਰ ਹੁਣ ਰਿਸ਼ਤਾ ਆਉਂਦਾ ਸੀ ਇੱਕ।” ਜਸਵਿੰਦਰ ਨੇ ਖਹਿੜਾ ਛੁਡਾਉਣ ਲਈ ਐਵੇਂ ਆਪਣੇ ਕੋਲੋਂ ਗੱਲ ਬਣਾ ਕੇ ਛੱਡ ਦਿੱਤੀ ਸੀ।
“ਤੇਰੇ ’ਚ ਕਿਹੜਾ ਕੋਈ ਬੱਜ-ਕੱਜ ਆ ਜਾਂ ਤੂੰ ਐਬੀ ਵੈਲੀ ਏ ਬਈ ਜੇ ਤੂੰ ਹੁਣ ਖੁੰਝ ਗਿਆ ਤਾਂ ਫੇਰ ਸਾਕ ਨ੍ਹੀਂ ਹੋਣਾ। ਕੋਈ ਨ੍ਹੀਂ ਕੀ ਫ਼ਰਕ ਪੈਂਦਾ ਹੈ। ਸਾਲ ਠਹਿਰ ਕੇ ਕਰਵਾ ਲੀਂ।” ਪਾਲ ਨੇ ਵਾਜਬ ਲਫ਼ਜ਼ਾਂ ਤੇ ਵਾਕਾਂ ਦੀ ਸ਼ੀਰੀ ਬੁਰਕੀ ਲਾ ਕੇ ਜਸਵਿੰਦਰ ਨੂੰ ਫਸਾਉਣ ਲਈ ਕੁੜਿੱਕੀ ਲਾ ਦਿੱਤੀ ਸੀ।
“ਤੁਹਾਨੂੰ ਪਤਾ ਹੀ ਹੈ ਇਕੱਲੇ ਬੰਦੇ ਦਾ ਕਿੱਥੇ ਸਰਦੈ?” ਜਸਵਿੰਦਰ ਨੇ ਢਿੱਲੇ ਜਿਹੇ ਮੂੰਹ ਨਾਲ ਆਪਣੀ ਖ਼ਸਤਾ ਕੈਫ਼ੀਅਤ ਅਤੇ ਅਸਮਰਥਤਾ ਦਾ ਪ੍ਰਦਰਸ਼ਨ ਕਰਿਆ ਸੀ।
“ਸਾਲ-ਖੰਡ ਦੀ ਤਾਂ ਗੱਲ ਐ ਸਾਰੀ। ਫੇਰ ਭਲਾ ਰੋਜ਼ ਵਿਆਹ ਕਰਵਾ ਲਿਆ ਕਰੀ। ਪਰ ਮਿੰਨਤ ਵਾਲੀ ਗੱਲ ਆ, ਮੇਰਾ ਵੀਰ  ਇਹ ਕੰਮ ਕਰ ਦੇ ਸਾਰੀ ਉਮਰ ਤੇਰਾ ਅਹਿਸਾਨ ਨਹੀਂ ਭੁੱਲਦਾ।” ਪਾਲ ਜਸਵਿੰਦਰ ਦੇ ਪੈਰੀਂ ਹੱਥ ਲਾਉਣ ਤੱਕ ਗਿਆ ਸੀ।
ਜਸਵਿੰਦਰ ਨੇ ਪਾਲ ਦੀਆਂ ਆਪਣੇ ਕਦਮਾਂ ਵੱਲ ਵੱਧਦੀਆਂ ਬਾਹਵਾਂ ਫੜ ਕੇ ਰਸਤੇ ਵਿੱਚ ਹੀ ਰੋਕ ਲਈਆਂ ਸਨ, “ਇਹ ਕੀ ਕਰਦੇ ਹੋ ਭਾਜੀ? ਤੁਹਾਡੇ ਕਿਹੜਾ ਘੱਟ ਅਹਿਸਾਨ ਨੇ ਮੇਰੇ ਉੱਤੇ। ਇਸ ਮੁਲਖ ਵਿੱਚ ਤਾਂ ਸਕੇ ਅੱਖਾਂ ਫੇਰ ਜਾਂਦੇ ਨੇ। ਤੁਸੀਂ ਮੇਰਾ ਕਿੰਨਾ ਕੀਤਾ ਹੈ? ਤੁਹਾਡੇ ਬਿਨਾਂ ਮੇਰਾ ਕੌਣ ਸੀ ਇੱਥੇ?”
ਹੁਲਾਸ ਦੀ ਇੱਕ ਪੌਣ ਪਾਲ ਦੇ ਚਿਹਰੇ ਨੂੰ ਛੂਹ ਕੇ ਗੁਜ਼ਰੀ ਸੀ। ਪਾਲ ਨੂੰ ਪ੍ਰਤੀਤ ਹੋਇਆ ਸੀ ਜਿਵੇਂ ਉਹ ਅੜੀਅਲ ਘੋੜੇ ’ਤੇ ਕਾਠੀ ਪਾਉਣ ਵਿੱਚ ਕਾਮਯਾਬ ਹੋ ਗਿਆ ਸੀ ਤੇ ਜੇ ਕੋਈ ਦੇਰ ਸੀ ਤਾਂ ਸਿਰਫ਼ ਪਲਾਕੀ ਮਾਰ ਕੇ ਉਸ ਉੱਤੇ ਸਵਾਰ ਹੋਣ ਦੀ ਸੀ।
“ਚੰਗਾ ਭਾ ਜੀ ਹੁਣ ਖੜ੍ਹੇ ਪੈਰ ਤਾਂ ਮੈਂ ਕੁੱਝ ਨਹੀਂ ਦੱਸ ਸਕਦਾ। ਸਹਿਜ-ਮਤ ਨਾਲ ਸੋਚ ਕੇ ਦੱਸੂੰ।” ਜਸਵਿੰਦਰ ਨੇ ਕੋਈ ਹੱਲ ਢੁੰਡਣ ਦੇ ਮਕਸਦ ਨਾਲ ਕਿਹਾ ਸੀ।
“ਸੋਚਣਾ ਸੁਚਣਾ ਕੁੱਝ ਨ੍ਹੀਂ। ਇਹ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਹੈ। ਕੋਈ ਨ੍ਹੀਂ ਔਖਾ ਨਹੀਂ ਹੋਣ ਦਿੰਦੇ, ਤੇਰੇ ਡੰਗ ਟਪਾਉਣ ਦਾ ਇੰਤਜ਼ਾਮ ਵੀ ਕਰ ਦਿਆਂਗੇ।” ਪਾਲ ਨੇ ਫੈਸਲਾ ਸੁਣਾ ਦਿੱਤਾ ਸੀ।
ਜਸਵਿੰਦਰ ਨੇ ਬਥੇਰੇ ਹੱਥ ਪੈਰ ਮਾਰੇ ਸਨ। ਪਰ ਪਾਲ ਅੱਗੇ ਉਸ ਦੀ ਕੋਈ ਪੇਸ਼ ਨਹੀਂ ਗਈ ਸੀ। ਪਾਲ ਨੇ ਹਿੰਡ ਨਹੀਂ ਛੱਡੀ ਸੀ। ਜਸਵਿੰਦਰ ਨੇ ਜਦ ਦੇਖਿਆ ਸੀ ਕਿ ਹੁਣ ਪਾਲ ਦੀ ਗੱਲ ਮੰਨਣ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ ਤਾਂ ਉਸ ਨੇ ਫਸ ਗਈ ਤਾਂ ਫਟਕਣ ਕੀ? ਕਹਿ ਕੇ ਫੰਦਾ ਗਲ ਪੁਆ ਲਿਆ ਸੀ।  ਜਸਵਿੰਦਰ ਪਾਸੋਂ ਰਜ਼ਾਮੰਦੀ ਦੀ ਦੇਰੀ ਸੀ। ਪਾਲ ਨੇ ਸਭ ਬੰਦੋਬਸਤ ਪਹਿਲਾਂ ਹੀ ਕਰ ਰੱਖਿਆ ਸੀ। ਜਲਦ ਹੀ ਉਹ ਹਿੰਦੁਸਤਾਨ ਪਾਲ ਦੀ ਭੈਣ ਨਾਲ ਨਕਲੀ ਵਿਆਹ ਕਰਵਾਉਣ ਚਲਿਆ ਗਿਆ ਸੀ।
ਪਿੰਡ ਜਸਵਿੰਦਰ ਦੇ ਵਲਾਇਤੋਂ ਆਏ ਬਾਰੇ ਸੁਣ ਕੇ ਲੋਕਾਂ ਦੀਆਂ ਤਾਂ ਰਿਸ਼ਤਿਆਂ ਲਈ ਕਤਾਰਾਂ ਲੱਗ ਗਈਆਂ ਸਨ। ਉਸ ਨੂੰ ਇੱਕ ਤੋਂ ਇੱਕ ਵੱਧ ਕੇ ਰਿਸ਼ਤੇ ਆਉਣ ਲੱਗੇ ਸਨ। ਸਾਕਾਂ ਵਾਲੀ ਛਹਿਬਰ ਲੱਗੀ ਦੇਖ ਜਸਵਿੰਦਰ ਦਾ ਮਨ ਤਾਂ ਡੋਲਿਆ ਸੀ। ਪਰ ਉਹ ਅਕ੍ਰਿਤਘਣ ਨਹੀਂ ਸੀ। ਇਸ ਲਈ ਉਹ ਮਜਬੂਰਨ ਕਿਸੇ ਦਾ ਸਾਕ ਵੀ ਕਬੂਲ ਨਹੀਂ ਸੀ ਸਕਿਆ।
ਪਾਲ ਦੀ ਥਾਂ ਕੋਈ ਹੋਰ ਬੰਦਾਂ ਤੇ ਹੋਰ ਕੋਈ ਰਿਸ਼ਤੇਦਾਰੀ ਹੁੰਦੀ ਤਾਂ ਸ਼ਾਇਦ ਉਹ ਲੜ ਛੁਡਾ ਲੈਂਦਾ। ਪਰ ਪਾਲ ਲਈ ਤਾਂ ਉਸ ਦੇ ਦਿਲ ਵਿੱਚ ਭਗਵਾਨ ਵਾਂਗ ਪੂਜਣ ਯੋਗ ਦਰਜਾ ਸੀ। ਉਸ ਦੀ ਬਦੌਲਤ ਹੀ ਤਾਂ ਉਹ ਇੰਗਲੈਂਡ ਵਿੱਚ ਪੱਕਾ ਹੋਇਆ ਸੀ। ਪਾਲ ਨੇ ਉਸ ਨੂੰ ਰੋਜ਼ਗਾਰ ਦਿੱਤਾ ਸੀ ਤੇ ਉਸ ਨੂੰ ਸਾਂਭਿਆ ਸੀ। ਉਸ ਦੇ ਅਹਿਸਾਨਾਂ ਥੱਲੇ ਦੱਬਿਆ ਹੋਇਆ ਜਸਵਿੰਦਰ ਬਲੀ ਦਾ ਬੱਕਰਾ ਬਣ ਗਿਆ ਸੀ।
ਜਸਵਿੰਦਰ ਦੇ ਬ੍ਰਿਟਿਸ਼ ਸਿਟੀਜ਼ਨ ਹੋਣ ਕਰਕੇ ਪਾਲ ਦੀ ਭੈਣ ਨੂੰ ਵੀਜ਼ਾ ਲੱਗਣ ਵਿੱਚ ਕੋਈ ਰੁਕਾਵਟ ਨਹੀਂ ਸੀ ਆਈ। ਉਹ ਇੰਗਲੈਂਡ ਛੇਤੀ ਲੰਘ ਆਈ ਸੀ। ਪਰ ਤਲਾਕ ਕਿਹੜਾ ਉਦਣੇ ਹੀ ਹੋ ਜਾਣਾ ਸੀ। ਸਾਲ ਮਗਰੋਂ ਕੁੜੀ ਨੂੰ ਪੱਕੀ ਮੋਹਰ ਲੱਗਣੀ ਸੀ। ਓਨਾ ਚਿਰ ਤੱਕ ਤਾਂ ਤਲਾਕ ਬਾਰੇ ਜਸਵਿੰਦਰ ਸੁਪਨੇ ਵਿੱਚ ਵੀ ਸੋਚ ਨਹੀਂ ਸੀ ਸਕਦਾ। ਪਾਲ ਤੇ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਵਿਸ਼ੇਸ਼ ਸਨਮਾਨ ਮਿਲਣ ਲੱਗ ਗਿਆ ਸੀ।
ਜਸਵਿੰਦਰ ਭਾਵੇਂ ਦਿਲੋਂ ਖੁਸ਼ ਨਹੀਂ ਸੀ। ਪਰ ਕੰਮ ਹੁਣ ਵੀ ਉਹ ਉਸੇ ਲਗਨ ਨਾਲ ਹੀ ਕਰਦਾ ਰਿਹਾ ਸੀ। ਮਾਂ ਦੇ ਤਰਲੇ ਨਾਲ ਕਹੇ ਬੋਲ ਕਿਸੇ ਆਂਸਰਿੰਗ ਮਸ਼ੀਨ ’ਤੇ ਰਿਕਾਰਡ ਕੀਤੇ ਸੰਦੇਸ਼ ਵਾਂਗ ਜਸਵਿੰਦਰ ਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਸਨ। ਪੁੱਤ ਮਕਾਨ ਦਾ ਮੂੰਹ ਮੱਥਾ ਸਵਾਰ ਲਈਏ। ਕੱਲ੍ਹ ਨੂੰ ਤੁਹਾਡੇ ਦੋਨਾਂ ਭਾਈਆਂ ਦੇ ਵਿਆਹ ਕਰਨੇ ਨੇ।  ਅਗਲਾ ਘਰ ਬਾਰ ਵੀ ਦੇਖਦਾ ਹੈ।
ਜਸਵਿੰਦਰ ਸ਼ਰੀਰਕ ਪੱਖੋਂ ਤਕੜਾ, ਉਦਮੀ ਤੇ ਜਵਾਨ ਮੁੰਡਾ ਸੀ। ਜਦੋਂ ਦਾ ਉਹ ਇੰਗਲੈਂਡ ਆਇਆ ਸੀ। ਉਸ ਨੇ ਹੱਡ-ਤੋੜਵੀਂ ਮਿਹਨਤ ਕਰਦਿਆਂ ਰਾਤ ਦਿਨ ਇੱਕ ਕਰ ਦਿੱਤਾ ਸੀ। ਮਾਲ-ਮਤਾਹ ਕਮਾਉਣ ਲਈ ਉਹ ਅੱਗੇ ਵਾਂਗੂੰ ਹੁਣ ਵੀ ਹਰ ਸਮੇਂ ਕੰਮ ਵਿੱਚ ਹੀ ਖੁਭਿਆ ਰਹਿਣਾ ਚਾਹੁੰਦਾ ਸੀ। ਪਰ ਪਾਲ ਕਦੇ ਕਦੇ ਉਸ ਨੂੰ ਵੀ ਪੰਜ ਵਜੇ ਫ਼ੈਕਟਰੀ ਬੰਦ ਹੋਣ ਪਿੱਛੋਂ ਆਪਣੇ ਨਾਲ ਧੂਹ ਕੇ ਪੱਬ ਨੂੰ ਲੈ ਜਾਂਦਾ ਸੀ।
ਜਸਵਿੰਦਰ ਖਾਣ ਪੀਣ ਦਾ ਤਾਂ ਘੱਟ ਹੀ ਸ਼ੌਕੀਨ ਸੀ। ਇੱਕ ਅੱਧਾ ਗਿਲਾਸ ਪੀ ਕੇ ਉਸ ਦੀਆਂ ਅੱਖਾਂ ਵਿੱਚ ਲਾਲ ਡੋਰੇ ਪ੍ਰਗਟ ਹੋਣ ਲੱਗ ਜਾਂਦੇ ਸਨ। ਸ਼ਰੀਰ ਵਿੱਚ ਕੁਰਬਲ-ਕੁਰਬਲ ਜਿਹੀ ਹੋਣ ਲੱਗ ਜਾਂਦੀ ਸੀ। ਤੇ ਜਸਵਿੰਦਰ ਦੀ ਉਸ ਹਲਚਲ ਨੂੰ ਠੱਲ ਪਾਉਣ ਲਈ ਪਾਲ ਕੋਲੋਂ ਨਕਦ-ਨਰਾਇਣ ਖ਼ਰਚ ਕੇ ਜਸਵਿੰਦਰ ਨੂੰ ਕਿਸੇ ਗੋਰੀ ਕਾਲੀ ਦੇ ਫਲੈਟ ਵਿੱਚ ਵੜਦਾ ਕਰ ਦਿੰਦਾ ਸੀ। ਜਦੋਂ ਜਸਵਿੰਦਰ ਮੁੜਦਾ ਤਾਂ ਉਸ ਦੀ ਨਿਸ਼ਾ ਹੋਈ ਹੁੰਦੀ ਸੀ ਤੇ ਖੁਸ਼ੀ ਵਿੱਚ ਹੀ ਉਸ ਦੇ ਕਈ ਦਿਨ ਲੰਘ ਜਾਇਆ ਕਰਦੇ ਸਨ।
ਸਾਲ ਮਗਰੋਂ ਪਾਲ ਦੀ ਭੈਣ ਨੂੰ ਲੀਵ ਟੂ ਰਿਮੇਨ ਫਾਰ ਇਨਡੈਫ਼ਿਨਿਟ ਪੀਰੀਅਡ (ਅਣਨਿਰਧਾਰਤ ਸਮੇਂ ਲਈ ਰਹਿਣ ਦੀ ਆਗਿਆ) ਦੀ ਮੋਹਰ ਲੱਗ ਗਈ ਸੀ। ਤਲਾਕ ਹੁੰਦਿਆਂ ਹੀ ਜਸਵਿੰਦਰ ਨੇ ਜੋੜੀ ਹੋਈ ਰਾਸ਼ੀ ਚੋਂ ਪਾਸਪੋਰਟ ਖਰੀਦਣ ਉੱਤੇ ਖ਼ਰਚ ਆਇਆ ਹੋਇਆ ਧਨ, ਪਾਲ ਨੂੰ ਮੋੜ ਦਿੱਤਾ ਸੀ। ਹੁਣ ਉਹ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ਼ ਤੇ ਸਭ ਬੰਧਨਾਂ ਤੋਂ ਮੁਕਤ ਹੋ ਗਿਆ ਸੀ।
ਮੋਹਰ  ਲੱਗਣ ਦੀ ਦੇਰ ਸੀ ਪਾਲ ਹੋਰਾਂ ਦੇ ਤੇਵਰ ਬਦਲਣ ਲੱਗ ਗਏ ਸਨ। ਪਹਿਲਾਂ ਤਾਂ ਪਾਲ ਨੇ ਜਸਵਿੰਦਰ ਨੂੰ ਕਿਤੇ ਹੋਰ ਕਿਰਾਏ ’ਤੇ ਮਕਾਨ ਲੈ ਕੇ ਅੱਡ ਰਹਿਣ ਲਈ ਆਖ ਦਿੱਤਾ ਸੀ। ਫਿਰ ਉਹਨਾਂ ਜਸਵਿੰਦਰ ਦੇ ਹਰ ਕੰਮ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਸਨ। ਜਸਵਿੰਦਰ ਨੇ ਪਾਲ ਦਾ ਦਿਨੋਂ-ਦਿਨ ਖ਼ਰਾਬ ਹੁੰਦਾ ਰਵੱਈਆ ਦੇਖ ਕੇ ਜ਼ਿਆਦਾ ਵਿਗੜਨ ਤੋਂ ਪਹਿਲਾਂ ਹੀ ਪਾਲ ਕੋਲੋਂ ਹੱਟ ਕੇ ਆਪਣੇ ਲਈ ਹੋਰ ਰੋਜ਼ਗਾਰ ਤਲਾਸ਼ ਕਰ ਲਿਆ ਸੀ। ਕੰਮ ਲੋਹਾ ਢਾਲਣ ਦਾ ਭਾਰਾ ਅਤੇ ਤੱਤਾ ਸੀ। ਪਰ ਉਹ ਖੁਸ਼ ਸੀ।
ਸੱਤ ਤੋਂ ਪੰਜ ਵਜੇ ਤੱਕ ਜਸਵਿੰਦਰ ਫਾਊਂਡਰੀ ਵਿੱਚ ਕੰਮ ਕਰਦਾ ਸੀ। ਭਾਵੇਂ ਪਾਲ ਕੋਲੋਂ ਮਿਲਦੀ ਤਨਖ਼ਾਹ ਨਾਲੋਂ ਉਸ ਨੂੰ ਇਸ ਜਗ੍ਹਾ ਵੱਧ ਵੇਤਨ ਮਿਲਦਾ ਸੀ। ਫਿਰ ਵੀ ਉਸ ਨੇ ਆਪਣੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਮਾਲੀ ਇਮਦਾਦ ਵਿੱਚ ਬੜਤ ਕਰਨ ਲਈ ਇੱਕ ਹੋਰ ਪਾਰਟ ਟਾਈਮ ਧੰਦਾ ਦੇਖ ਲਿਆ ਸੀ। ਕਿਉਂਕਿ ਉਹ ਪਿੰਡ ਦੇਖ ਆਇਆ ਸੀ ਕਿ ਘਰ ਦੀ ਮਾਲੀ ਹਾਲਤ ਵਿੱਚ ਅਜੇ ਤਾਈਂ ਕੋਈ ਬਹੁਤਾ ਸੁਧਾਰ ਨਹੀਂ ਆਇਆ ਸੀ। ਛੇ ਵਜੇ ਤੋਂ ਰਾਤ ਦੇ ਬਾਰਾਂ ਵਜੇ ਤੱਕ ਜਸਵਿੰਦਰ ਪੀਜ਼ਾ ਹੱਟ ਨਾਮੀ ਰੈਸਟੋਰੈਂਟ ਵਿੱਚ ਪੀਜ਼ੇ ਤੇ ਪਾਸਟੇ ਬਣਾਉਂਦਾ ਸੀ। ਉਸ ਦੀ ਦਿਨ ਦੀ ਖੁਰਾਕ ਤਾਂ ਸ਼ੁਰੂ ਤੋਂ ਹੀ ਨਾ-ਮਾਤਰ ਸੀ ਤੇ ਰਾਤ ਦੇ ਖਾਣੇ ਦੀ ਉਸ ਨੂੰ ਕੰਮ ਤੇ ਹੀ ਫਰੀ-ਮੀਲ(ਮੁਫਤ ਖਾਣਾ) ਦੀ ਸਹੂਲਤ ਸੀ।

ਜਸਵਿੰਦਰ ਬਹੁਤ ਕਿਰਸੀ ਸੀ। ਘਰਦਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਾਇਕ ਸਹਾਇਤਾ ਦੇਣ ਦੇ ਇਰਾਦੇ ਨਾਲ ਉਹ ਹਰ ਪ੍ਰਕਾਰ ਨਾਲ  ਆਪਣੇ ਢਿੱਡ ਨੂੰ ਬੰਨ੍ਹ ਕੇ ਰੱਖਦਾ ਸੀ। ਉਹਨੇ ਕਦੇ ਦੁਕਾਨ ਤੋਂ ਲੈ ਕੇ ਚੰਗਾ ਕੱਪੜਾ ਨਹੀਂ ਸੀ ਪਹਿਨ ਕੇ ਦੇਖਿਆ। ਉਹ ਹਮੇਸ਼ਾਂ ਮਾਰਕੀਟਾਂ ਤੋਂ ਸੇਲਾਂ ਵਾਲੇ ਲੀੜੇ ਹੀ ਖਰੀਦਦਾ ਸੀ ਤੇ ਉਹ ਵੀ ਸਾਲ ਛਮਾਹੀ ਕੋਈ ਪੈਂਟ ਕਮੀਜ਼ ਜਾਂ ਜੈਕਟ। ਵਲਾਇਤੀ ਕੱਪੜੇ ਫੱਟਦੇ ਹੀ ਕਿੱਥੇ ਹਨ। ਪਹਿਲਾਂ ਜਸਵਿੰਦਰ ਆਪਣੀ ਆਮਦਨ ਵਿੱਚੋਂ ਖਰਚ ਜੋਗੇ ਥੋੜੇ ਜਿਹੇ ਪੌਂਡ ਕੱਢ ਕੇ, ਕੁੱਝ ਧਨ ਇੰਡੀਆ ਭੇਜ ਦਿੰਦਾ ਹੁੰਦਾ ਸੀ ਤੇ ਬਾਕੀ ਜਮ੍ਹਾਂ ਕਰਵਾ ਦਿੰਦਾ ਸੀ। ਹੁਣ ਉਸ ਨੇ ਜੋੜਨੇ ਛੱਡ ਦਿੱਤੇ ਸਨ ਤੇ ਚੰਦ ਗੁਜ਼ਾਰੇ ਜੋਗੀ ਮਾਇਆ ਰੱਖ ਕੇ ਬਾਕੀ ਸਾਰੀ ਕਮਾਈ ਵਤਨ ਨੂੰ ਭੇਜਣ ਲੱਗ ਗਿਆ ਸੀ।
ਜਸਵਿੰਦਰ ਆਪ ਹਰ ਤਰ੍ਹਾਂ ਦੀ ਔਖ ਕੱਟ ਕੇ ਪਿੱਛੇ ਭਾਰਤ ਵਿੱਚ ਬੇਬੇ, ਬਾਪੂ ਤੇ ਛੋਟੇ ਭਰਾ ਨੂੰ ਪੌਂਡਾਂ ਦੇ ਪੌਂਡ ਭੇਜਦਾ ਗਿਆ ਸੀ। ਪਿੰਡ ਉਹਨਾਂ ਨੇ ਆਲੀਸ਼ਾਨ ਕੋਠੀ ਪਾ ਲਈ ਸੀ। ਕਿਸੇ ਵਰ੍ਹੇ ਉਹ ਸ਼ਹਿਰ ਵਿੱਚ ਪਲਾਟ ਤੇ ਕਿਸੇ ਸਾਲ ਜ਼ਮੀਨ ਮੁੱਲ ਲੈਂਦੇ ਗਏ ਸਨ। ਉੱਧਰ ਇੰਡੀਆ ਕਿਲਿਆਂ ਦੀ ਸੰਖਿਆ ਤੇ ਇੱਧਰ ਜਸਵਿੰਦਰ ਦੀ ਉਮਰ ਦੇ ਸਾਲਾਂ ਦੀ ਗਿਣਤੀ ਵਧਦੀ ਗਈ ਸੀ। ਜਸਵਿੰਦਰ ਨੂੰ ਵਿਆਹ ਬਾਰੇ ਸੋਚਣ ਦੀ ਵੀ ਫ਼ੁਰਸਤ ਨਹੀਂ ਸੀ ਮਿਲੀ। ਉਧਰ ਸਗੋਂ ਉਸ ਦਾ ਛੋਟਾ ਵੀਰ ਜੋ ਉਸ ਤੋਂ ਤਿੰਨ ਵਰ੍ਹੇ ਛੋਟਾ ਸੀ, ਵਿਆਹਿਆ ਤੇ ਬਾਲ ਬੱਚੇ ਵਾਲਾ ਹੋ ਗਿਆ ਸੀ। ਭਾਵੇਂ ਜਸਵਿੰਦਰ ਨੂੰ ਹੁਣ ਵਿਆਹ ਕਰਵਾਉਣ ਵਿੱਚ ਕੋਈ ਬਾਧਾ ਨਹੀਂ ਸੀ। ਫਿਰ ਵੀ ਉਸ ਦੇ ਭਰਾ ਜਾਂ ਮਾਂ-ਪਿਉ ਨੇ ਕਦੇ ਵੀ ਜਸਵਿੰਦਰ ਨੂੰ ਵਿਆਹ ਲਈ ਨਹੀਂ ਸੀ ਆਖਿਆ। ਉਹ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਨੂੰ ਹਲਾਲ ਕਰ ਵੀ ਕਿਵੇਂ  ਸਕਦੇ ਸਨ? ਉਹਨਾਂ ਨੂੰ ਪਤਾ ਸੀ ਬਈ ਜੇ ਜਸਵਿੰਦਰ ਨੂੰ ਵਿਆਹ ਦਿੱਤਾ ਤਾਂ ਉਸ ਦੀ ਤੀਵੀਂ ਨੇ ਹੀ ਸਾਰਾ ਸਰਮਾਇਆ ਸਾਂਭ ਲਿਆ ਕਰਨਾ ਹੈ। ਉਹਨਾਂ ਲਈ ਤਾਂ ਫਿਰ ਮਰੀ ਜੂੰ ਤੱਕ ਨਹੀਂ ਆਉਣੀ। ਜੇ ਕਦੇ ਖ਼ਤ-ਪੱਤਰ ਵਿੱਚ ਜਸਵਿੰਦਰ ਆਪਣੀ ਸ਼ਾਦੀ ਲਈ ਇਸ਼ਾਰਾ ਕਰ ਵੀ ਦਿੰਦਾ ਸੀ ਤਾਂ ਮਾਪਿਆਂ ਵਲੋਂ ਆਇਆ ਉੱਤਰ ਉਸ ਨੂੰ ਸਾਲ ਛੇ ਮਹੀਨੇ ਲਈ ਚੁੱਪ ਕਰਵਾ ਦਿੰਦਾ ਸੀ।
“ਬਾਹਰੋਂ ਤਾਂ ਭਾਵੇਂ ਪੰਜਾਬ ’ਚ ਲਿਆ ਕੇ ਬੁੱਢਾ ਵੀ ਵਿਆਹ ਲਓ। ਤੇਰੀ ਤਾਂ ਸੁੱਖ ਨਾਲ ਅਜੇ ਉਮਰ ਹੀ ਕਿਹੜੀ ਹੋਈ ਹੈ, ਥੋੜਾ ਜਿਹਾ ਹੱਥ ਸੌਖਾ ਹੋ ਜੇ ਪੁੱਤ, ਸਾਲ ਕੁ ਅੜਕ ਜਾ।”
ਇਸ ਤਰ੍ਹਾਂ ਉਹ ਜਸਵਿੰਦਰ ਨੂੰ ਵਿਆਹ ਕਰਵਾਉਣ ਤੋਂ ਟਾਲਦੇ ਹੀ ਰਹੇ ਸਨ। ਹਰ ਵਾਰ ਚਿੱਠੀ ਵਿੱਚ ਕਦੇ ਟਰੈਕਟਰ, ਕਦੇ ਕੰਬਾਈਨ, ਕਦੇ ਥਰੈਸ਼ਰ ਆਦਿ ਕੁੱਝ ਨਾ ਕੁੱਝ ਲੈਣ ਦੀ ਫ਼ਰਮਾਇਸ਼ ਹੁੰਦੀ ਸੀ। ਜਸਵਿੰਦਰ ਖ਼ਤ ਪੜ੍ਹ ਕੇ ਨਾਵੇਂ ਦੀ ਮੰਗ ਪੂਰੀ ਕਰਨ ਵਿੱਚ ਜੁੱਟ ਜਾਂਦਾ ਸੀ।

ਚਲਦਾ

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>