ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸਮੁੱਚੀ ਮਾਨਵਤਾ ਨੂੰ ਸਮਰਪਿਤ

ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਪਹਿਲੇ ਅਕਾਦਮਿਕ ਸੈਸ਼ਨ ਦਾ ਉਦਘਾਟਨ ਕਰਦੇ ਹੋਏ। । (ਗੁਰਿੰਦਰਜੀਤ ਸਿੰਘ ਪੀਰਜੈਨ)

ਫਤਹਿਗੜ੍ਹ ਸਾਹਿਬ , (ਗੁਰਿੰਦਰਜੀਤ ਸਿੰਘ ਪੀਰਜੈਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਕਲਪੀ ਅਤੇ ਬਣਾਈ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੂੰ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਮੁੱਚੀ ਮਾਨਵਤਾ ਨੂੰ ਸਮਰਪਿਤ ਕੀਤਾ।

ਯੂਨੀਵਰਸਿਟੀ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਯੂਨੀਵਰਸਿਟੀ ਕੈਂਪਸ ਵਿੱਚ ਕੀਤੇ ਗਏ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ, ਸ: ਬਾਦਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੀ ਸਥਾਪਨਾ ਨਾਲ ਸਿੱਖ ਪੰਥ ਵੱਲੋਂ ਇੱਕ ਸਦੀ ਤੋਂ ਲਿਆ ਜਾ ਰਿਹਾ ਸੁਪਨਾ ਸਾਕਾਰ ਹੋਣ ਕਾਰਨ ਅੱਜ ਦੇ ਦਿਨ ਨੂੰ ਸਿੱਖ ਇਤਿਹਾਸ ਵਿੱਚ ਸੁਨਹਿਰੀ ਦਿਨ ਵਜੋਂ ਯਾਦ ਕੀਤਾ ਜਾਂਦਾ ਰਹੇਗਾ।

ਸ: ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬਣੀ ਇਹ ਯੂਨੀਵਰਸਿਟੀ ਕਿਸੇ ਵੀ ਧਾਰਮਿਕ ਗ੍ਰੰਥ ਦੇ ਨਾਂ ਉੱਤੇ ਬਣੀ ਸੰਸਾਰ ਦੀ ਪਹਿਲੀ ਯੂਨੀਵਰਸਿਟੀ ਹੋਵੇਗੀ ਅਤੇ ਇਸ ਦਾ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਵਿਲੱਖਣ ਸਥਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਰਾਹੀਂ ਜਿੱਥੇ ਨਵੀਨਤਮ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਵੇਗੀ, ਉੱਥੇ ਇਸ ਦਾ ਮੁੱਖ ਮੰਤਵ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਰਬੱਤ ਦੇ ਭਲੇ ਦੀ ਕਲਿਆਣਕਾਰੀ ਵਿਚਾਰਧਾਰਾ ਨੂੰ ਪੂਰੇ ਸੰਸਾਰ ਵਿੱਚ ਫੈਲਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਪ੍ਰਗਟਾਈ ਗਈ ਵਿਚਾਰਧਾਰਾ ਅਜੋਕੇ ਸਮੇਂ ਵਿੱਚ ਦੁਨੀਆਂ ਭਰ ਸਾਹਮਣੇ ਆ ਰਹੀਆਂ ਸਾਰੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਸਮਰੱਥ ਹੈ।

ਸ: ਬਾਦਲ ਨੇ ਨਵੀਂ ਬਣੀ ਇਸ ਯੂਨੀਵਰਸਿਟੀ ਦੇ ਅਧਿਆਪਕ ਸਾਹਿਬਾਨ ਨੂੰ ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੇ ਸਾਹਮਣੇ ਇਸ ਯੂਨੀਵਰਸਿਟੀ ਦੇ ਅਕਾਦਮਿਕ ਮਿਆਰ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਪੜ੍ਹ ਕੇ ਜਾਣ ਵਾਲੇ ਵਿਦਿਆਰਥੀਆਂ ਦੇ ਚਰਿੱਤਰ ਅਤੇ ਜੀਵਨ ਉੱਤੇ ਸਿੱਖ ਗੁਰੂ ਸਾਹਿਬਾਨ ਦੀ ਕਲਿਆਣਕਾਰੀ ਵਿਚਾਰਧਾਰਾ ਦੀ ਸਪੱਸ਼ਟ ਛਾਪ ਵੀ ਦਿਸਣੀ ਚਾਹੀਦੀ ਹੈ। ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਪਣੇ ਦੇਸ਼, ਸੂਬੇ ਅਤੇ ਇਲਾਕੇ ਨੂੰ ਉੱਚਾ ਚੁੱਕਣ ਲਈ ਕੰਮ ਕਰਨਗੇ। ਉਨ੍ਹਾਂ ਯੂਨੀਵਰਸਿਟੀ ਵੱਲੋਂ ਗਰੀਬ ਤੇ ਪੇਂਡੂ ਵਿਦਿਆਰਥੀਆਂ ਲਈ 10 ਪ੍ਰਤੀਸ਼ਤ ਸੀਟਾਂ ਰਾਖਵੀਆਂ ਰੱਖਣ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ।

ਮੁਲਕ ਵਿੱਚ ਫੈਲੀ ਬੇਰੋਜਗਾਰੀ, ਗਰੀਬੀ ਅਤੇ ਅਨਪੜ੍ਹਤਾ ਦਾ ਜਿਕਰ ਕਰਦਿਆਂ, ਸ: ਬਾਦਲ ਨੇ ਕਿਹਾ ਕਿ ਇਨ੍ਹਾਂ ਅਲਾਮਤਾਂ ਦੇ ਖਾਤਮੇ ਲਈ ਸਾਨੂੰ ਸਭ ਤੋਂ ਵੱਧ ਤਰਜ਼ੀਹ ਮਿਆਰੀ ਤੇ ਸਸਤੀ ਸਿੱਖਿਆ ਦੇ ਪਸਾਰ ਨੂੰ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਲੀਮ ਦੇ ਪਸਾਰ ਲਈ ਪਿਛਲੇ ਸਮੇਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਸੱਤ ਨਵੀਆਂ ਯੂਨੀਵਰਸਿਟੀਆਂ ਅਤੇ 17 ਕਾਲਜ ਸਥਾਪਤ ਕੀਤੇ ਹਨ। ਸ: ਬਾਦਲ ਨੇ ਕਿਹਾ ਕਿ ਨੇੜ ਭਵਿੱਖ ਵਿੱਚ ਸੂਬੇ ਅੰਦਰ ਪੰਜ ਹੋਰ ਨਵੀਆਂ ਯੂਨੀਵਰਸਿਟੀਆਂ ਤੇ ਦਰਜਨ ਭਰ ਨਵੇਂ ਕਾਲਜ ਬਣਾਏ ਜਾਣਗੇ। ਸਿੱਖਿਆ ਦੇ ਖੇਤਰ ਵਿੱਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਸ: ਬਾਦਲ ਨੇ ਕਿਹਾ ਕਿ ਸੂਬੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਅਤੇ ਇੰਡੀਅਨ ਸਕੂਲ ਆਫ ਬਿਜਨਸ ਮੈਨੇਜਮੈਂਟ ਦੇ ਕਾਇਮ ਹੋਣ ਨਾਲ ਹੁਣ ਪੰਜਾਬ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ਿਆਂ ਦੀ ਉਚੇਰੀ ਪੜ੍ਹਾਈ ਲਈ ਦੂਰ ਦੁਰਾਡੇ ਦੇ ਸੂਬਿਆਂ ਵਿੱਚ ਨਹੀਂ ਜਾਣਾ ਪਿਆ ਕਰੇਗਾ।

ਸ: ਬਾਦਲ ਨੇ ਆਪਣੀ ਸਰਕਾਰ ਨੂੰ ਅਸਲੀ ਅਰਥਾਂ ਵਿੱਚ ਧਰਮੀ ਸਰਕਾਰ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਬਣੀਆਂ ਸਰਕਾਰਾਂ ਵਿੱਚੋਂ ਸਿਰਫ ਇਹੀ ਸਰਕਾਰ ਹੈ ਜਿਸ ਨੇ ਸਾਰੇ ਧਰਮਾਂ ਨਾਲ ਸਬੰਧਤ ਪਵਿੱਤਰ ਅਸਥਾਨਾਂ ਦੀਆਂ ਇਮਾਰਤਾਂ ਦੇ ਵਿਕਾਸ ਅਤੇ ਇਤਿਹਾਸਕ ਯਾਦਗਾਰਾਂ ਉਸਾਰਨ ਲਈ ਹਰ ਸੰਭਵ ਮਦਦ ਦਿੱਤੀ ਹੈ। ਉਨ੍ਹਾਂ ਇਸ ਸਬੰਧ ਵਿੱਚ ਵੱਡੇ ਘੱਲੁਘਾਰੇ, ਛੋਟੇ ਘੱਲੁਘਾਰੇ ਅਤੇ ਚਪੜਚਿੜੀ ਵਿੱਚ ਬਣਾਈਆਂ ਜਾ ਰਹੀਆਂ ਯਾਦਗਾਰਾਂ ਦੇ ਨਾਲ ਨਾਲ ਰਾਮ ਤੀਰਥ, ਦੁਰਗਿਆਣਾ ਮੰਦਰ ਅਤੇ ਮਲੇਰਕੋਟਲਾ ਦੀ ਈਦਗਾਹ ਨੂੰ ਦਿੱਤੀ ਸਹਾਇਤਾ ਦਾ ਜਿਕਰ ਕੀਤਾ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਬਾਨੀ ਕੁਲਪਤੀ ਜਥੇਦਾਰ ਅਵਤਾਰ ਸਿੰਘ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਤਿਹਾਸਕ ਸਿੱਖ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਅਤੇ ਸਿੱਖ ਧਰਮ ਦਾ ਪ੍ਰਚਾਰ-ਪਸਾਰ ਕਰਨ ਦੇ ਨਾਲ ਨਾਲ ਵਿੱਦਿਅਕ ਖੇਤਰ ਵਿੱਚ ਵੀ ਅਹਿਮ ਯੋਗਦਾਨ ਪਾ ਰਹੀ ਹੈ। ਅੱਜ ਸ਼ੁਰੂ ਹੋਈ ਯੂਨੀਵਰਸਿਟੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 84 ਏਕੜ ਭੂਮੀ ਉੱਤੇ 500 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਇਹ ਯੂਨੀਵਰਸਿਟੀ ਪੂਰੇ ਵਿਸ਼ਵ ਵਿੱਚ ਉਚੇਰੀ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਸੰਸਥਾ ਹੋਵੇਗੀ। ਇਸ ਯੂਨੀਵਰਸਿਟੀ ਵਿੱਚ ਵਿਗਿਆਨ, ਤਕਨੀਕ, ਕਲਾ, ਭਾਸ਼ਾ ਅਤੇ ਸੱਭਿਆਚਾਰ ਦੀ ਪੜ੍ਹਾਈ ਦੇ ਨਾਲ ਨਾਲ ਦੁਨੀਆਂ ਭਰ ਦੇ ਧਰਮਾਂ ਦਾ ਤੁਲਨਾਤਮਕ ਅਧਿਐਨ ਅਤੇ ਖੋਜ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਨਵੇਂ ਪ੍ਰਾਜੈਕਟਾਂ ਦਾ ਜਿਕਰ ਕਰਦਿਆਂ ਕਿਹਾ ਕਿ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਗ੍ਰੰਥੀ ਸਾਹਿਬਾਨ ਦੀ ਪੜ੍ਹਾਈ ਅਤੇ ਸਿਖਲਾਈ ਲਈ ਇੱਕ ਵਿਸ਼ੇਸ਼ ਕੇਂਦਰ ਖੋਲ੍ਹਣ ਤੋਂ ਇਲਾਵਾ ਬਹਾਦਗਰਗੜ੍ਹ ( ਪਟਿਆਲਾ) ਵਿਖੇ ਧਾਰਮਿਕ ਵਿੱਦਿਆ ਲਈ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੀ ਸਥਾਪਨਾ ਕੀਤੀ ਗਈ ਹੈ ਜਿਸ ਨੂੰ ਭਵਿੱਖ ਵਿੱਚ ਇੱਕ ਧਾਰਮਿਕ ਯੂਨੀਵਰਸਿਟੀ ਵਿੱਚ ਬਦਲਿਆ ਜਾਵੇਗਾ।

ਯੂਨੀਵਰਸਿਟੀ ਦੇ ਬਾਨੀ ਉੱਪ ਕੁਲਪਤੀ ਡਾ: ਜਸਬੀਰ ਸਿੰਘ ਆਹਲੂਵਾਲੀਆ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਸ ਯੂਨੀਵਰਸਿਟੀ ਵਿੱਚ ਦੁਨੀਆਂ ਭਰ ਦੇ ਧਰਮਾਂ ਦੇ ਅਧਿਐਨ ਦੇ ਨਾਲ ਨਾਲ ਸਿੱਖ ਧਰਮ ਦੇ ਅਧਿਐਨ ਤੇ ਖੋਜ ਲਈ 21 ਵਿਭਾਗ ਬਣਾਏ ਗਏ ਹਨ। ਇਸ ਤੋਂ ਇਲਾਵਾ ਇਸ ਯੂਨੀਵਰਸਿਟੀ ਵਿੱਚ ਨੈਨੋ ਤਕਨਾਲੋਜੀ, ਬਾਇਓ ਤਕਨਾਲੋਜੀ, ਇੰਜਨੀਅਰਿੰਗ ਫਿਜਿਕਸ,ਇੰਸਟਰੂਮੈਂਟੇਸ਼ਨ ਇੰਜਨੀਅਰਿੰਗ ਵਰਗੀਆਂ ਨਵੀਨਤਮ ਵਿਧਾਵਾਂ ਦੀ ਪੜ੍ਹਾਈ ਹੋਵੇਗੀ। ਡਾ: ਆਹਲੂਵਾਲੀਆ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਹਿਕਰਮੀਆਂ ਸਾਹਮਣੇ ਇਸ ਯੂਨੀਵਰਸਿਟੀ ਦਾ ਅਕਾਦਮਿਕ ਮਿਆਰ ਦੁਨੀਆਂ ਭਰ ਦੀਆਂ ਕੁਝ ਕੁ ਪ੍ਰਸਿੱਧ ਯੂਨੀਵਰਸਿਟੀਆਂ ਦੇ ਮੁਕਾਬਲੇ ਦਾ ਬਣਾਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਯੂਨੀਵਰਸਿਟੀ ਵਿੱਚ ਵਿਸ਼ਵ ਪੱਧਰ ਦਾ ਇੱਕ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਵਿੱਚ ਦੁਨੀਆਂ ਭਰ ਦੇ ਸਿੱਖ ਵਿਦਵਾਨ ਇਹ ਚਰਚਾ ਕਰਨਗੇ ਕਿ 21ਵੀਂ ਸਦੀ ਵਿੱਚ ਸਿੱਖ ਧਰਮ ਦਾ ਕੀ ਰੋਲ ਬਣਦਾ ਹੈ।

ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋ: ਪ੍ਰੇਮ ਸਿੰਘ ਚੰਦੂ ਮਾਜਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਅਤੇ ਬੀਬੀ ਜਗੀਰ ਕੌਰ, ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਸਰਹਿੰਦ  ਦੇ ਵਿਧਾਇਕ ਸ: ਦੀਦਾਰ ਸਿੰਘ ਭੱਟੀ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਦਾ ਸੰਚਾਲਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਡਾ: ਦਲਜੀਤ ਸਿੰਘ ਚੀਮਾ ਨੇ ਕੀਤਾ।

ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਲਮੇਘ ਸਿੰਘ, ਯੂਨੀਵਰਸਿਟੀ ਦੇ ਟਰੱਸਟੀ ਡਾ: ਕਿਰਨਜੋਤ ਕੌਰ, ਸ: ਆਰ.ਐਸ. ਮਾਨ , ਸ: ਗੁਰਪਾਲ ਸਿੰਘ,ਟਕਸਾਲੀ ਆਗੂ ਸ੍ਰ: ਰਣਧੀਰ ਸਿੰਘ ਹੈਰਾਨ, ,ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਮੈਂਬਰ ਕਰਨੈਲ ਸਿੰਘ ਪੰਜੋਲੀ, ਸੁਰਜੀਤ ਸਿੰਘ ਗੜ੍ਹੀ, ਡੀ.ਆਈ.ਜੀ. ਸ੍ਰੀ ਪਰਮਰਾਜ ਸਿੰਘ ਉਮਰਾ ਨੰਗਲ, ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ , ਐਸ.ਐਸ.ਪੀ. ਸ੍ਰ: ਰਣਬੀਰ ਸਿੰਘ ਖੱਟੜਾ,ਐਸ.ਜੀ.ਪੀ.ਸੀ. ਮੈਂਬਰ ਬੀਬੀ ਸੁਰਿੰਦਰ ਕੌਰ, ਰਵਿੰਦਰ ਸਿੰਘ ਖਾਲਸਾ, ਸ: ਕੇਵਲ ਸਿੰਘ ਬਾਦਲ, ਬੀਬੀ ਦਵਿੰਦਰ ਕੌਰ, ਸ: ਕਿਰਪਾਲ ਸਿਘ ਖੀਰਨੀਆਂ, ਸ: ਗੁਰਮੇਲ ਸਿੰਘ ਸੰਗੋਵਾਲ, ਸ: ਰਘਬੀਰ ਸਿੰਘ ਸਹਾਰਨ ਮਾਜਰਾ, ਸ: ਬਲਦੇਵ ਸਿੰਘ ਕਲਿਆਣ, ਸ: ਸਤਪਾਲ ਸਿੰਘ ਤਲਵੰਡੀ ਭਾਈ, ਸ: ਭੁਪਿੰਦਰ ਸਿੰਘ ਭਲਵਾਨ, ਸ: ਹਰਿੰਦਰ ਸਿੰਘ , ਸ: ਦਿਲਬਾਗ ਸਿੰਘ ਪਠਾਨਕੋਟ, ਸ੍ਰ: ਸ਼ਵਿੰਦਰ ਸਿੰਘ ਸੱਭਰਵਾਲ, ਸ: ਬਲਵੰਤ ਸਿੰਘ ਰਾਮਗੜ੍ਹ, ਡਾਇਰੈਕਟਰ ਐਜੂਕੇਸ਼ਨ ਐਸ.ਜੀ.ਪੀ.ਸੀ. ਗੁਰਮੋਹਨ ਸਿੰਘ ਵਾਲੀਆ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ: ਜਗਦੀਪ ਸਿੰਘ ਚੀਮਾ, ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਬੀਬੀ ਸਤਵਿੰਦਰ ਕੌਰ ਧਾਲੀਵਾਲ, ਚੇਅਰਮੈਨ ਯੂਥ ਵਿਕਾਸ ਬੋਰਡ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਚੇਅਰਮੈਨ ਐਸ.ਐਸ.ਐਸ. ਬੋਰਡ ਤੇਜਿੰਦਰ ਸਿੰਘ ਸੰਧੂ, ਸਾਬਕਾ ਮੰਤਰੀ ਪੰਜਾਬ ਸ: ਰਣਧੀਰ ਸਿੰਘ ਚੀਮਾ, ਪ੍ਰਧਾਨ ਨਗਰ ਕੌਂਸਲ ਸਰਹਿੰਦ ਸ: ਗੁਰਬਿੰਦਰ ਸਿੰਘ ਭੱਟੀ, ਸ: ਸਵਰਨ ਸਿੰਘ ਚਨਾਰਥਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਪਤਵੰਤੇ ਵੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>