ਮੇਰੀਆਂ ਕਹਾਣੀਆਂ ਦੇ ਪਾਤਰ ਕਹਾਣੀਕਾਰ ਲਾਲ ਸਿੰਘ ਦਸੂਹਾ

ਮੈਂ ਲਾਲ ਸਿੰਘ ਪੁੱਤਰ ਸੂਰੈਣ ਸਿੰਘ ਪੁੱਤਰ ਹਾਕਮ ਸਿੰਘ ਜਾਤ ਰਾਮਗੜੀਆ ਸਕਨਾ ਝੱਜ ਠਾਣਾਂ ਟਾਡਾਂ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ ਆਪਣੀਆਂ ਕਹਾਣੀਆਂ ਦੇ ਪਾਤਰਾਂ ਨੂੰ ਹਾਜਰ ਨਾਜਰ ਮੰਨ ਕੇ ਬਿਆਨ ਕਰਦਾ ਹਾਂ ਕਿ ਮੈਂ ਜੋ ਕੁਝ ਵੀ ਕਹਾਗਾਂ ਸੱਚ ਕਹਾਗਾਂ । ਸੱਚ ਦੇ ਸਿਵਾ ਹੋਰ ਕੁਝ ਵੀ ਇਸ ਕਰਕੇ ਨਹੀ ਕਹਾਗਾਂ ਕਿਉ ਜੋ ਇਥੇ ਮੈ ਆਪਣੀ ਆਤਮ-ਕਹਾਣੀ ਜਾਂ ਆਰਸੀ ਨਹੀ ਲਿਖ ਰਿਹਾ ਜਿਸ ਵਿੱਚ ਜੋ ਵੀ ਚਾਹਾਂ ਮੈਂ ਲਿਖੀ ਘਸੋੜੀ ਜਾਵਾਂ ,ਸੱਚ ਹੋਵੇ ਜਾਂ ਝੂਠ ,ਪ੍ਰਸੰਗਤ ਹੋਵੇ ਜਾਂ ਗੈਰ ਪ੍ਰਸੰਗਤ,ਉਚ-ਕਥਨੀ ਹੋਵੇ ਜਾਂ ਨੀਚ ਕਥਨੀ । ਮੈਨੂੰ ਇਹ ਵੀ ਪਤਾ ਹੈ ਜੇ ਮੈਂ ਅਜਿਹਾ ਕਰ ਵੀ ਦਿਆਂ ਤਾਂ ਤੁਸੀ ਉਸ ਨੂੰ ਸੁਧਾ ਸੱਚ ਸਮਝ ਕੇ ਕਬੂਲ ਹੀ ਲਵੋਗੇ ਤੇ ਮੇਰੀ ਨੀਅਤ ਤੇ ਸ਼ੱਕ ਵੀ ਨਹੀ ਕਰੋਗੇ । ਪਰ ਸੱਜਣੋਂ ਇੱਥੇ ਮੈਂ ਕਹਾਣੀ ਪਾਤਰਾਂ ਦੇ ਸਨਮੁੱਖ ਹਾਂ ਉੱਨਾਂ ਦੀ ਰੂਹ ਦੇ ਸਨਮੁੱਖ ਹਾਂ ।ਮੇਰੇ ਕੁਝ ਕਹਿਣ ਦੱਸਣ ਤੋਂ ਪਹਿਲਾਂ ਵੀ ਤੁਸੀ ਉਨ੍ਹਾਂ ਨੂੰ ਜਾਣਦੇ ਹੋ । ਚੰਗੀ ਤਰਾਂ ਵਾਕਿਫ ਹੋ,ਉਨ੍ਹਾਂ ਤੋਂ ਤੇ ਉਨਾਂ ਰਾਹੀ ਮੇਰੇ ਵੀ ।
ਇੱਕ ਗੱਲ ਹੋਰ , ਸੱਤਾਂ ਕੁ ਦਹਾਕਿਆਂ ਦੇ ਜੀਵਨ ਸਫਰ ਦਾ ਬਹੁਤਾ ਵਾਹ ਵਾਸਤਾ ਪਿੰਡਾਂ ਨਾਲ ਰਿਹਾ ,ਇਨ੍ਹਾਂ ਵਿੱਚੋਂ ਪੰਜ ਕੁ ਵਰੇ ਭਾਖੜਾ ਨੰਗਲ ਨਾਮੀ ਜ਼ਜ਼ੀਰੇ ਵਿੱਚ ਕੱਟੇ । ਉਹ ਨਾ ਸ਼ਹਿਰ ਸੀ ਤੇ ਨਾ ਪਿੰਡ ਸੀ । ਦਸ ਕੁ ਸਾਲ ਜਲੰਧਰ ਸ਼ਹਿਰ ਤੇ ਸਾਲ ਕੁ ਦਿੱਲੀ ਮਹਾਂ ਨਗਰ ਵਿੱਚ ।ਦਸੂਹੇ ਦੀ ਮੌਜੂਦਾ ਠਹਿਰ ਵਿੱਚ ਸ਼ਹਿਰ ਦਾ ਕੋਈ ਦਖਲ ਨਹੀਂ । ਮੇਰੀ ਬਾੜੀ ( ਹਵੇਲੀ ) ਪਿੰਡ ਨਿਹਾਲਪੁਰ ਵਿੱਚ ਸਥਿਤ ਹੈ ਅਤੇ ਥੋੜੀ ਜਿਹੀ ਭੋਇੰ ਪਿੰਡ ਕਹਿਰਵਾਲੀ ਵਿੱਚ । ਇਹ ਇਸ ਲਈ ਦੱਸ ਰਿਹਾਂ ਹਾ ਕਿ ਮੈਂ ਨੱਬੇ ਪ੍ਰਤੀਸ਼ਤ ਪਿੰਡ ਦੀ ਰਹਿਤਲ ਨਾਲ ਜੁੜਿਆ ਹੋਇਆ ਹਾਂ । ਇਸ ਕਾਰਨ ਮੇਰੀਆਂ ਕਹਾਣੀਆਂ ਦੇ ਕਰੀਬ ਕਰੀਬ ਸਾਰੇ ਪਾਤਰ ਪਿੰਡ ਦੀ ਰਹਿਣੀ ਬਹਿਣੀ ਦਾ ਪ੍ਰੀਚੈ ਕਰਵਾਉਦੇ ਹਨ , ਜੇ ਕਿਧਰੇ ਸ਼ਹਿਰੀ ਪਾਤਰ ਨੈ ਮੈਨੂੰ ਆਪਣੇ ਨਾਲ ਤੋਰਿਆ ਵੀ ਹੈ ਤਾਂ ਉਸ ਦਾ ਪਿਛੋਕੜ ਵੀ ਪਿੰਡ ਦਾ ਹੀ ਰਿਹਾ ਹੈ ।
ਇੱਕ ਛੋਟਾ ਜਿਹਾ ਬਿੰਦੂ ਹੋਰ , ਮੇਰੀਆਂ ਕਹਾਣੀਆਂ ਪੱਛਮ ਦੀਆਂ ਕਹਾਣੀਆਂ ਵਾਂਗ ਵਿਚਾਰ ਪ੍ਰਧਾਨ ਨਹੀ ਹਨ , ਇਨ੍ਹਾਂ ਵਿੱਚ ਪਾਤਰ ਦੀ ਪ੍ਰਧਾਨਤਾ ਹੈ । ਇਹ ਮੇਰੀ ਮਾਨਤਾ ਹੈ ਕਿ ਇੱਕ ਸ਼ਸ਼ਕਤ,ਸੰਘਰਸ਼ਸ਼ੀਲ ਤੇ ਇਮਾਨਦਾਰ ਪਾਤਰ ਹੀ ਪਾਠਕੀ ਸਾਇਕੀ ਨੂੰ ਵੱਧ ਪ੍ਰ੍ਰਭਾਵਿਤ ਕਰਕੇ ਉਜਲੇ ਭਵਿੱਖ ਦਾ ਜਾਮਨੀ ਬਣ ਸਕਦਾ ਹੈ ।ਉਹ ਵੀ ਤਾਂ ਜੇ ਲੇਖਕ ਆਪ ਪੇਸ਼ ਕੀਤੇ ਪਾਤਰਾਂ ਵਰਗਾ ਹੋਵੇ । ਇਹ ਸ਼ਾਇਦ ਮੇਰੇ ਅਚੇਤ ਅੰਦਰ ਅੰਤਨ ਚੈਖੋਵ ਦਾ ਕਥਨ ਪਿਆ ਹੋਣਾ ਕਰਕੇ ਹੈ ਕਿ “ ਲੇਖਕ ਬਨਣ ਤੋਂ ਪਹਿਲਾਂ ਇੱਕ ਚੰਗਾ ਮਨੁੱਖ ਹੋਣਾ ਜਰੂਰੀ ਹੈ । ਲੇਖਕ ਦਾ ਆਪਾ ਉਸ ਦੁਆਰਾਂ ਪੇਸ਼ ਕੀਤੇ ਪਾਤਰਾਂ ਤੋਂ ਪਛਾਣਿਆ ਜਾਣਾ ਚਾਹਿਦੈ “ । ਇਸ ਕਥਨ ਦੇ ਪ੍ਰਛਾਵੇਂ ਹੇਠ ਮੈਨੂੰ ਅਜਿਹੇ ਵਿਅਕਤੀ ਵਧੇਰੇ ਟੁੰਬਦੇ ਹਨ ਜੋ ਅਮਲ ਤੇ ਵਿਵਹਾਰ ਵਿੱਚ ਸਮਤਲ ਹੋਣ । ਜਿਨ੍ਹਾਂ ਦੀ ਕਹਿਣੀ-ਕਥਨੀ ਤੇ ਵਰਤੋਂ ਵਿਹਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਨਾ ਹੋਵੇ । ਜੇ ਅਜਿਹਾ ਫਰਕ ਦਿੱਸਦਾ ਹੈ ਤਾਂ ਮੈਨੂੰ ਅਭਿਵਿਅਕਤ ਕਰਦੇ ਮੇਰੇ ਪਾਤਰ ਬਹੁਤੀ ਵਾਰ ਬੋਲਡ ਹੋ ਜਾਂਦੇ ਹਨ । ਉਹ ਸਮਾਜਿਕ ਵਿਸੰਗਤੀਆਂ ਨੂੰ ਨਿਕਾਰਨ ਵਾਲੀ ਧਿਰ ਬਣ ਕੇ ਮੂੰਹ-ਫੱਟ ਹੋ ਨਿੱਬੜਦੇ ਹਨ । ਉਹ ਚੀਨੀ ਕਹਾਣੀ ਦੇਹ ਤੇ ਆਤਮਾ ਤੇ ਨਾਇਕ ਸਿੳਚੀ ਦੀ ਸੁਰ ਨਾਲ ਸੁਰ ਮੇਲਦੇ ਉਸ ਵਰਗਾ ਹੀ ਐਲਾਨ ਕਰ ਮਾਰਦੇ ਹਨ , ਜੇ ਸਾਨੂੰ ਰੋਟੀ ਮਿਲ ਸਕਦੀ ਹੈ ਤਾਂ ਦੁੱਧ ਵੀ ਮਿਲਣਾ ਚਾਹਿਦਾ । ਮੇਰੇ ਆਪੇ ਨੂੰ ਅਭਿਵਿਅਕਤ ਕਰਦਾ ਬਲੌਰ ਕਹਾਣੀ ਦਾ ਨਾਇਕ ਬਹਾਦਰ ਵੀ ਇਹੋ ਕੁਝ ਕਰਦਾ ਹੈ , ਜੇ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਮਿਲ ਸਕਦੀ ਹੈ ਤਾਂ ਮੈਨੂੰ ਕਿਉਂ ਨਹੀ ? ਜੇ ਮਿਲਦੀ ਦਾਂ ਖੋਹਣੀ ਦਾਂ ਪਵੇਗੀ ਹੀ । ਹੁਣ ਖੋਹ ਕੇ ਖਾਣ ਲਈ ਤਾਣ ਚਾਹਿਦਾ – ਵਿਅਕਤੀਗਤ ਵੀ ਤੇ ਜਥੇਬੰਦਕ ਵੀ । ਬਹਾਦਰ ਨੇ ਆਪਣੇ ਹਿੱਸੇ ਦੀ ਵਿਅਕਤੀਗਤ ਦਲੇਰੀ ਤਾਂ ਕਰ ਲਈ ਹੈ । ਕੁਲਫ਼ੀ ਤਾਂ ਉਸ ਨੇ ਖੋਹ ਲਈ ਹੈ ਬਾਲ ਕਿਸ਼ਨ ਤੋਂ , ਪਰ ਉਸ ਦਾ ਸਾਥ ਕੋਈ ਨਹੀ ਦਿੰਦਾ । ਕੇਵਲ ਇੱਕ ਮੁੰਡਾ ਮੀਕਾ ਉਸ ਦੀ ਬਾਂਹ ਫੜਦਾ ਹੈ ,ਸਾਰੇ ਪਿੰਡ ਵਿੱਚ । ਬਾਕੀ ਸਾਰੇ ਸ਼ਾਹਾਂ ਦੀ ਧਿਰ ਬਣ ਜਾਦੇਂ ਹਨ । ਵਿਵਸਥਾਂ ਨੂੰ ਬਦਲ ਦੇਣ ਦੀਆਂ ਟਾਹਰਾਂ ਮਾਰਦੀ ਇੱਕ ਰਾਜਨੀਤਕ ਪਾਰਟੀ ਦੇ ਟੋਟੇ ਹੋਏ ਤਿੰਨ ਗਰੁੱਪਾਂ ਤੱਕ ਪਹੁੰਚ ਵੀ ਕਰਦਾ । ਉਨ੍ਹਾਂ ਸਭਨਾਂ ਨੂੰ ਆਪਣੇ ਮਾਂ –ਪਿਉ  ਨੂੰ ਬਰਦਾਸ਼ਤ ਕਰਨੀ ਪੈ ਰਹੀ ਦੁਰਗਤ ਦੀ ਜਾਣਕਾਰੀ ਵੀ ਦਿੰਦਾ ,ਪਰ ਉਹ ਸਾਰੇ ਉਸ ਉੱਤੇ ਆਪਣੇ ਆਪਣੇ ਹਿਸਾਬ ਟੋਟੇ ਕੀਤੇ ਸਿਧਾਂਤ ਦੀ ਵਾਛੜ ਤਾਂ ਖੂਬ ਕਰਦੇ ਹਨ,ਅਮਲ ਵਿੱਚ ਉਸ ਨਾਲ ਕੋਈ ਨਹੀ ਤੁਰਦਾ । ਜੇ ਉਸ ਨਾਲ ਕੋਈ ਤੁਰਦਾ ਦਾਂ ਸਾਹਿਤਕਾਰ ਹੈ , ਸਾਹਿਤ ਹੈ । ਸਾਹਿਤਕਾਰਤਾ ਨਾਲ ਸਨੇਹ ਪਾਲਣ ਵਾਲਾ ਕਹਾਣੀਕਾਰ ਸੁਜਾਨ ਸਿੰਘ ਹੈ । ਜਿਸ ਨੇ ਆਪਣੀ ਕਹਾਣੀਆਂ ਵਰਗਾ ਜੀਵਨ ਜੀਣ ਨੂੰ ਸਮਤਲ ਰੱਖਦਿਆਂ ਆਪਣੀਆਂ ਕਹਾਣੀਆਂ ਵਰਗਾ ਜੀਵਨ ਜੀਣ ਦੀ ਨਿੱਗਰ ਉਦਾਹਰਨ ਪੇਸ਼ ਕੀਤੀ ਹੈ । ਦੱਖਣੀ ਭਾਰਤ ਦੀ ਸੰਸਾਰ ਪ੍ਰਸਿੱਧ ਲੇਖਕਾਂ ਅਰੁੰਧਤੀ ਰਾਏ ਦੀ ਵੀ ਇਵੇਂ ਦੀ ਇੱਛਾ ਹੈ । ਉਹ ਚਾਹੁੰਦੀ ਹੈ ਜੋ ਤੁਸੀ ਲਿਖਦੇ ਹੋ,ਉਹ ਹੀ ਜੀਵਿਆ ਜਾਵੇ । ਮੇਰੇ ਨਿੱਜ ਤੇ ਵੀ ਅਜਿਹੀ ਦਾਰਸ਼ਨਿਕਤਾ ਦੀ ਡੂੰਘੀ ਛਾਪ ਉਕਰੀ ਪਈ ਹੈ ।ਮੇਰਾ ਬਹਾਦਰ ਨਾਮੀ ਇਹ ਪਾਤਰ ਸਮਾਜਿਕ ਤਬਦੀਲੀ ਦਾ ਅਹਿਦ ਲੈ ਕੇ ਤੁਰੀ ਖੱਬੀ ਰਾਜਨੀਤਰ ਪਾਰਟੀ ਦਾ ਪਹਿਲਾਂ 1962 , ਫਿਰ 1967 ਵਿੱਚ ਕਰੀਬ ਢਾਈ ਦਰਜਨ ਗਰੁੱਪਾਂ ਵਿੱਚ ਵੰਡੀ ਗਈ ਹੋਣ ਕਰਕੇ ਮੇਰੇ ਅੰਦਰ ਪੱਸਰ ਗਈ ਨਿਰਾਸ਼ਾ ਦੀ ਲੱਭਤ ਹੈ ।
ਮੇਰਾ ਪੱਕਾ ਨਿਸ਼ਚਾ ਹੈ ਕਿ ਸਾਹਿਤ ਦੁਆਰਾ ਚੇਤਨ ਹੋਇਆ ਸਮਾਜ ਹੀ ਵਿਵਸਥਾ ਨੂੰ ਬਦਲਣ ਪਲਟਾਉਣ ਵਾਲੀ ਤੋਰ ਤੁਰ ਸਕਦਾ ਹੈ ਭਾਵੇ ਕਿ ਇਸ ਕਾਰਜ ਦੀ ਮੁੱਖ ਭੂਮਿਕਾ ਸਾਹਿਤ ਦੀ ਆਪਣੀ ਨਹੀ,ਰਾਜਸੀ ਕਾਰਜ ਕਰਤਾਵਾਂ ਦੀ ਹੀ ਹੁੰਦੀ ਹੈ । ਇਨ੍ਹਾਂ ਕਾਰਜਕਰਤਾਵਾਂ ਦਾ ਪ੍ਰਤੀਨਿਧ ਪਾਤਰ ਕਹਾਣੀ ਬੂਟਾ ਰਾਮ ਪੂਰਾ ਹੋ ਗਿਆ ਦਾ ਬੂਟਾ ਰਾਮ ਬਾਬਾ ਹੈ , ਜਿਹੜਾ ਕਹਾਣੀ ਵਿੱਚ ਕਾਮਰੇਡ ਹਰਭਜਨ ਵਜੋਂ ਦਰਜ ਹੈ , ਪਰ ਅਸਲੀਅਤ ਦੇ ਵਰਤਾਰੇ ਵਿੱਚ ਉਹ ਰੋਪੜ ਲਾਗੇ ਦੇ ਇੱਕ ਪਿੰਡ ਚਲਾਕੀ ਦਾ ਤਾਰਾ ਸਿੰਘ ਹੈ ।ਇਸ ਤੇ ਹਲਕਿਆਂ ਅਨੁਸਾਰ ਰੱਖੇ ਵੱਖ-ਵੱਖ ਨਾਵਾਂ ਵਿੱਚੋਂ ਕੰਢੀ ਏਰੀਏ ਲਈ ਰੱਖਿਆ ਨਾਂਅ ਮੱਖਣ ਸੀ । ਉਹ ਚਾਰੂ ਮਜ਼ਮਦਾਰ ਦੀ ਸੈਂਟਰਲ ਕਮੇਟੀ ਤੋਂ ਵੱਖ ਹੋਏ ਇੱਕ ਸਾਥੀ ਸਤਿਆ ਨਰਾਇਣ ਸਿੰਘ ਦੀ ਆਪਣੀ ਸੀ ਦੇ ਪੰਜਾਬ ਅਤੇ ਹਿਮਾਚਲ ਦੇ ਸਕੱਤਰ ਬਲਦੇਵ ਸਿੰਘ ਉੱਚਾ ਪਿੰਡ ਦਾ ਸਹਾਇਕ ਸੀ । ਪਰ ਤਾਰਾ ਸਿੰਘ ਚਲਾਕੀ ਨੂੰ ਦਲਿਤ ਪਰਵਾਰ ਚੋਂ ਹੋਣ ਕਰਕੇ ਉਸ ਦੀ ਕਾਰਗੁਜਾਰੀ ਨੂੰ ਪੂਰੀ ਮਾਨਤਾ ਉਸ ਦਾ ਗਰੇਵਾਲ ਜੱਟ ਸਕੱਤਰ ਨਹੀਂ ਸੀ ਦਿੰਦਾ । ਮੇਰੇ ਇਸ ਪਾਤਰ ਦਾ ਦੂਜਾ ਹਿੱਸਾ ਜ਼ਿਲਾ ਹੁਸ਼ਿਆਰਪੁਰ ਦੇ ਹਰਿਆਣਾ ਕਸਬੇ ਦੇ ਲਾਗਲੇ ਪਿੰਡ ਅੱਬੋਵਾਲ ਦੇ ਖਾਦੇਂ-ਪੀਦੇਂ ਕਿਸਾਨ ਦੇ ਪਹਿਲੇ ਵਿਆਹ ਦਾ ਘਰੋਂ ਭੱਜਿਆ ਪੁੱਤਰ ਮੋਹਣ ਹੈ । ਮੋਹਣ ਸਾਡੇ ਪਿੰਡ ਝੱਜਾਂ ਤੇ ਚੜਦੇ ਪਾਸੇ ਸਥਿਤ ਇੱਕ ਛੋਟੀ ਜਿਹੀ ਮਟੀ, ਜੋ ਬਣਾ ਸਾਬ੍ਹ ਕਰਕੇ ਜਾਣੀ ਜਾਦੀ ਹੈ,ਲਾਗੇ ਕੁੱਲੀ ਪਾ ਕੇ ਇਸ ਲਈ ਆ ਟਿਕਿਆ ਕਿ ਉਸ ਦੇ ਪਿੳ ਨੇ ਕੰਜਰੀ ਬਾਜ਼ਾਰੋ ਆਪਣੇ ਲਈ ਦੂਜੇ ਘਰ ਵਾਲੀ ਲਿਆ ਵਸਾਈ ਸੀ । ਇਸ ਭਲਵਾਨੀ ਜੁੱਸੇ ਵਾਲੇ ਮੋਹਣ ਨੇ ਸਾਰੇ ਪਿੰਡ ਦੇ ਕਰੀਬ ਕਰੀਬ ਸਾਰੇ ਪਾਹੜੂ ਮੁੰਡਿਆ ਨੂੰ ਲੰਗੋਟਧਾਰੀ ਬਣਾਇਆ । ਕੌਡ-ਕਬੱਡੀ ਖੇਡਣੀ ਤੇ ਖਾਸ ਕਰਕੇ ਘੋਲ ਘੁਲਣੇ ਸਿਖਾਏ । ਉਸ ਦਿਨ ਚ ਇੱਕ ਵਾਰ ਪਿੰਡ ਦੀ ਗਜ਼ਾ ਕਰਕੇ ਰੋਟੀ ਲੱਸੀ ਮੰਗ ਲਿਆਉਦਾ ਪਰ ਉਸ ਨੇ ਆਪਣੀ ਭੰਗ ਘੋਟ ਕੇ ਪੀਣ ਦੀ ਕਮਜੋਰੀ ਨੂੰ ਕਿਸੇ ਪਿੰਡ ਵਾਸੀ ਤੇ ਭਾਰੂ ਨਹੀ ਸੀ ਹੋਣ ਦਿੱਤਾ ।ਇਨ੍ਹਾਂ ਦੋਵਾਂ ਵਿਅਕਤੀਆਂ ਨਾਲ ਗੂੜੀ ਸਾਂਝ ਦੇ ਪਰਛਾਵੇ ਹੇਠ ਉਸਰਿਆ ਮੇਰਾ ਪਾਤਰ ਬੂਟਾ ਰਾਮ ਬਾਬਾ, ਸਮਾਜਿਕ ਤਬਦੀਲੀ ਨੂੰ ਪ੍ਰਣਾਏ ਇੱਕ ਪਾਰਟੀ ਗਰੁੱਪ ਤੇ ਕੁਲਵਕਤੀ ਕਾਮੇ ਵਜੋਂ ਇਸ ਕਹਾਣੀ ਵਿੱਚ ਅੰਕਿਤ ਹੈ । ਉਹ ਆਪਣੇ ਪੜ੍ਹਾਈ ਵਰਿਆਂ ਤੋਂ ਸਰਗਰਮ ਹੋਇਆ ਆਪਣੇ ਉਜਲੇ ਭਵਿੱਖ ਨੂੰ ਲੱਤ ਮਾਰ ਕੇ ਲੋਕ ਹਿੱਤਾਂ ਨੂੰ ਸਮਰਪਿਤ ਹੈ , ਪਰ ਜਾਤੀ ਰੀਜ਼ਰਵੇਸ਼ਨ ਦਾ ਚੂਪਾ ਚੂਸਦਾ ਉਸ ਦਾ ਡਾਕਟਰ ਭਰਾ ਉਸ ਨੂੰ ਰਤੀ ਭਰ ਵੀ ਮੂੰਹ ਨਹੀ ਲਾਉਦਾ । ਉਸ ਨੂੰ ਇੱਕ ਰਾਤ ਘਰ ਰੱਖਣ ਨੂੰ ਤਿਆਰ ਨਹੀ । ਆਖਰ ਹਰਭਜਨ ਨੂੰ ਇੱਕ ਪਿੰਡ ਨੂੰ ਚੇਤਨ ਕਰਨ ਦਾ ਕਾਰਜ ਕਰਨਾ ਪੈਂਦਾ ਹੈ । ਲੋਕਾਂ ਦੇ ਜੰਗਲ ਵਿੱਚ ਲੁਕ ਜਾਣ ਦੀ ਪ੍ਰਕਿਰਿਆ ਦੇ ਯਤਨਾਂ ਵਿੱਚ ਬੂਟਾ ਰਾਮ ਬਾਬਾ ਬਦਲੇ ਹਾਲਾਤਾਂ ਦੀ ਘੁੰਮਣਘੇਰੀ ਚ ਘਿਰ ਕੇ ਖਾਲਿਸਤਾਨੀ ਘੱਤਵਾਦੀਆਂ ਦਾ ਸਹਾਇਕ ਹੋਣ ਦਾ ਦੋਸ਼ੀ ਦੀ ਗਰਦਾਨਿਆ ਜਾਦਾਂ ਹੈ । ਤੇ ਅੰਤ ਵਿੱਚ ਸਟੇਟ ਦੇ ਤਸ਼ੱਦਦ ਦੀ ਭੱਠੀ ਬਾਲਣ ਬਣ ਜਾਣ ਦੀ ਹੋਣੀ ਹੰਢਾਉਦਾ ਹੈ । ਤਾਂ ਵੀ ਉਸ ਦੀ ਮੌਤ ਉਪਰੰਤ , ਉਸ ਦੀ ਕੁਟੀਆ ਅੰਦਰ ਬਲਦੇ ਸੰਧਿਆ ਵੇਲੇ ਦੇ ਦੀਵੇ ਦਾ ਮਿੰਨਾਂ ਮਿੰਨਾਂ ਚਾਨਣ ਪਿੰਡ ਦੇ ਬੰਨਿਆ ਬਨੇਰਿਆ ਤੱਕ ਅਪੜਨੇ ਨਹੀ ਰੁਕਨਾ ।
ਬੂਟਾ ਰਾਮ ਬਾਬੇ ਨਾਮੀ ਪਾਤਰ ਦੀ ਇਹ ਹੋਂਦ ਤੇ ਹੋਣੀ ਰੂਸੀ ਗਣਰਾਜ ਦੇ ਟੁੱਟ ਜਾਣ ਪਿੱਛੋਂ ਵੀ ਸਮਾਜਿਕ ਤਬਦੀਲੀ ਦੇ ਸਿਧਾਂਤ ਦੀ ਅਮਰਤਾ ਨੂੰ ਪ੍ਰਗਟਾਉਦੀਆ ਧਾਰਨਾਵਾਂ ਨਾਲ ਵੀ ਜੋੜੀ ਗਈ ਹੈ ।
ਇਸ ਬੂਟਾ ਰਾਮ ਬਾਬੇ ਉਰਫ਼ ਹਰਭਜਨ ਤੇ ਪਾਤਰ ਨੇ ਜਿਨ੍ਹਾਂ ਸੰਘਰ੍ਸ਼ਸ਼ੀਲ ਨਾਇਕਾ , ਸਿਰੜੀ ਯੋਧਿਆਂ,ਬੇਦਾਗ ਦੇਸ਼ ਭਗਤਾਂ ਨੂੰ ਆਪਣੇ ਆਦਰਸ਼ ਮੰਨਿਆ , ਜਿਨ੍ਹਾਂ ਤੇ ਪਾਏ ਪੂਰਨਿਆਂ ਤੇ ਤੁਰਦੇ ਰਹਿਣ ਦਾ ਅਹਿਦ ਲਿਆ, ਜਿਨ੍ਹਾਂ ਵੱਲੋਂ ਤੈਅ ਕੀਤੇ ਪੈਡੇ ਨੂੰ ਹੋਰ ਅੱਗੇ ਤੁਰਦਾ ਰੱਖਣ ਲਈ ਜਾਨ ਤੱਕ ਦੀ ਪ੍ਰਵਾਹ ਨਾ ਕੀਤੀ ,ਉਹ ਜਾ ਉਹਨਾਂ ਵਰਗੇ ਹੋਰ ਗੜ੍ਹੀ ਬਖਸ਼ਾ ਸਿੰਘ ਅਤੇ ਅਕਾਲਗੜ੍ਹ ਨਾਮੀ ਕਹਾਣੀਆਂ ਰਾਹੀ ਆਪਣੀ ਜਾਣ-ਪਛਾਣ ਕਰਵਾਉਦੇ ਹਨ । ਇਹ ਜਾਣ ਪਛਾਣ ਉਨਾਂ ਕਰਮੀਆਂ ਵੱਲੋਂ ਆਪਣੇ ਦੇਸ਼ ਨੂੰ ਬਦੇਸ਼ੀ ਰਾਜਿਆਂ ਤੋਂ ਆਜ਼ਾਦ ਕਰਵਾਉਣ ਦੇ ਸੰਘਰਸ਼ ਤੇ ਨਾਲ ਨਾਲ ਸੱਤਿਆਵਾਨ ਮਨੁੱਖਾਂ ਅੰਦਰਲੀ ਦਿ੍ੜਤਾ,ਉਨਾਂ ਤੇ ਤਿਆਗ, ਅਣਸੁਖਾਵੇ ਸਮਾਜੀ ਵਰਤਾਰੇ ਨੂੰ ਬਦਲਣ ਸੋਧਣ ਲਈ ਲਏ ਗਏ ਨਿਰਣਿਆਂ, ਧਰਮਾਂ-ਮਜ੍ਹਬਾਂ ਦੀ ਸੰਕੀਰਤਨਾ ਤੋਂ ਉਪਰ ਉੱਠ ਕੇ ਆਪਸੀ ਭਾਈਚਾਰਾ ਬਣਾਈ ਰੱਖਣ ਦੇ ਸੰਕਲਪਾਂ,ਪੀੜਤ ਧਿਰਾਂ ਲਈ ਪਨਪਦੀ ਵਿਗਸਦੀ ਰਹੀ ਹਮਦਰਦੀ ਆਦਿ ਵਰਗੇ ਮਾਨਵੀ ਗੁਣਾਂ ਨਾਲ ਇੱਕ ਮਿੱਕ ਹੋਈ ਮਿਲਦੀ ਹੈ । ਇਹ ਦੋਵੇਂ ਕਹਾਣੀਆਂ ਭਾਰਤ ਦੇ ਆਜਾਦੀ ਸੰਘਰਸ਼ ਦੀਆਂ ਤੇਜਾ ਸਿੰਘ ਸੁਤੰਤਰ,ਬਾਬਾ ਬੂਝਾ ਸਿੰਘ, ਰਾਮ ਕਿਸ਼ਨ ਭੜੋਲੀਆ,ਅੱਛਰ ਸਿੰਘ ਛੀਨਾ,ਹਰਕਿਸ਼ਨ ਸਿੰਘ ਸੁਰਜੀਤ,ਸੋਹਣ ਸਿੰਘ ਭਕਨਾ,ਚੰਨਣ ਸਿੰਘ ਧੂਤ,ਭਾਗ ਸਿੰਘ ਸੱਜਣ,ਗਿਆਨੀ ਕੇਸਰ ਸਿੰਘ ਕੇਸਰ ਵਰਗੀਆਂ ਕੌਮੀ ਪੱਧਰ ਦੀਆਂ ਨਾਮਵਰ ਹਸਤੀਆਂ ਦਾ ਪ੍ਰੀਚੈ ਵੀ ਕਰਵਾਉਦੀਆ ਹਨ ਅਤੇ ਦਸੂਹੇ ਨੇੜਲੇ ਇਤਿਹਾਸਿਕ ਪਿੰਡ ਬੋਦਲਾਂ ਦੇ ਕਾਮਰੇਡ ਗੁਰਬਖਸ਼ ਸਿੰਘ,ਗੰਭੋਵਾਲ ਪਿੰਡ ਦੇ ਕਾਮਰੇਡ ਯੋਗ ਰਾਮ, ਗੜਦੀਵਾਲਾ ਕਸਬੇ ਨੇੜਲੇ ਪਿੰਡ ਮੌਲੂਆਲ ਦੇ ਕਾਮਰੇਡ ਬੇਅੰਤ ਸਿੰਘ,ਆਈ ਐਨ ਐਮ ਏ ਦੇ ਸਿਪਾਹੀ ਸੋਹਣ ਸਿੰਘ ਕੱਲੋਵਾਲ,ਟਾਡਾਂ ਉੜਮੁੜ ਨੇੜਲੇ ਪਿੰਡ ਮੂਣਕਾਂ ਦੇ ਕਾਮਰੇਡ ਗਿਆਨ ਸਿੰਘ,ਝੀਗੜਾਂ ਪਿੰਡ ਦੇ ਮਾਸਟਰ ਬਚਿੱਤਰ ਸਿੰਘ ਅਤੇ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਛੋਟੇ ਭਰਾ ਮੇਦਨ ਸਿੰਘ ਵਰਗੇ ਜ਼ਿਲਾਂ ਪੱਧਰਾਂ ਤੇ ਸਰਗਰਮ ਕਾਰਕੁੰਨਾਂ ਦੀਆਂ ਗਤੀਵਿਧੀਆਂ ਨਾਲ ਵੀ ਪਾਠਕਾਂ ਦੀ ਸਾਂਝ ਪੁਆਉਦੀਆ ਹਨ ।
ਕਹਾਣੀਆਂ ਅੰਦਰ ਦਰਜ ਇਹਨਾਂ ਕਾਮਿਆਂ ਵੱਲੋਂ ਨਿਭਾਈ ਭੂਮਿਕਾ ਇਤਿਹਾਸ ਦੇ ਪੰਨਿਆਂ ਤੋਂ ਵੱਧ ਲੋਕ-ਚੇਤਿਆਂ ਅੰਦਰ ਅੰਕਿਤ ਹੋਈ ਲੱਭੀ ਹੈ । ਮੇਰਾ ਕੰਮ ਇਨਾਂ ਪਾਤਰਾਂ ਦੇ ਘਰਾਂ,ਪਿੰਡਾਂ,ਯਾਰਾਂ,ਬੇਲੀਆਂ ਤੱਕ ਪੁੱਜ ਕੇ ਤੱਥ ਇਕੱਠੇ ਕਰਨ ਤੱਕ ਸੀਮਤ ਅਤੇ ਪਿਆਰਾ ਨਾਮੀ ਦੋ ਪਾਤਰਾਂ ਦੇ ਗਲਪੀ ਉਸਾਰ ਰਾਹੀ ਉਪਰੋਤਕ ਨਾਇਕਾਂ ਨੂੰ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਹਿੰਮਤ ਕਰਨਾ ਹੀ ਸੀ ।
ਇਥੇ ਮੈਨੂੰ ਮੰਨ ਲੈਣ ਵਿੱਚ ਕੋਈ ਝਿਚਕ ਨਹੀ ਕਿ ਬਲੌਰ ਦੇ ਬਹਾਦਰ , ਬੂਟਾ ਰਾਮ ਪੂਰਾ ਹੋ ਗਿਆ ਦੇ ਬੂਟਾ ਰਾਮ ਬਾਬੇ , ਗੜ੍ਹੀ ਬਖ਼ਸ਼ਾ ਸਿੰਘ ਦੇ ਕਾਮਰੇਡ ਗੁਰਬਖ਼ਸ਼ ਸਿੰਘ ਬੋਦਲ,ਅਕਾਲਗੜ੍ਹ ਕਹਾਣੀ ਦੇ ਕਾਮਰੇਡ ਬੇਅੰਤ ਸਿੰਘ ਮੱਲੇਆਲ ਆਦਿ ਵਰਗੇ ਪਾਤਰਾਂ ਦੀ ਤਲਾਸ਼ ਤੇ ਪੇਸ਼ਕਾਰੀ ਮੇਰੇ ਧੁਰ ਅੰਦਰ ਡੂੰਘੇ ਪੱਸਰੇ ਇੱਕ ਤਰ੍ਹਾਂ ਤੇ ਖਲਾਅ ਨੂੰ ਭਰਨ – ਪੂਰਨ ਦੇ ਯਤਨਾਂ ਵਜੋਂ ਹੀ ਹੋਈ ਹੈ ।ਸ਼ਾਇਦ ਇਸ ਕਾਰਨ ਇਹ ਪਾਤਰ ਮੇਰੇ ਤੇ ਦਾਬੂ ਹਨ । ਇਨ੍ਹਾਂ ਦੀ ਮਨੁੱਖੀ ਇਤਿਹਾਸ ਨੂੰ ਦੇਣ ਹੀ ਏਨੀ ਮਿਸਾਲੀ ਹੈ ਕਿ ਮੇਰੇ ਵਰਗੇ ਗੱਲਾਂ ਦਾ ਕੜਾਹ ਬਣਾਉਣ ਵਾਲਾ ਲੜਾ-ਲਿਖਾਰੀ ਇਨ੍ਹਾਂ ਅੱਗੇ ਚੂੰ ਨਹੀਂ ਕਰ ਸਕਦਾ । ਹਾਂ ਜਿਨ੍ਹਾਂ ਅੱਗੇ ਮੈਂ ਅੜ ਖਲੋਦਾ ਹਾਂ, ਜਿਨ੍ਹਾਂ ਨੂੰ ਮੈਂ ਆਪਣੀ ਚਾਹਤ ਅਨੁਸਾਰ ਲਿਖਦਾ-ਪੜਦਾ ਹਾਂ , ਉਹ ਹਨ ਛਿੰਝ ਕਹਾਣੀ ਦੇ ਬਾਪੂ ਜੀ , ਧੁੱਪ-ਛਾਂ ਦੇ ਸੰਘੇ-ਸਿੰਘਪੁਰੀ ਸਰਦਾਰ,ਚੀਕ ਬੁਲਬਲੀ ਦਾ ਗੁਰਭਗਤ ਸਿੰਘ ਸੰਧੂ , ਐਚਕਨ ਕਹਾਣੀ ਦਾ ਗਿਆਨੀ ਗੁਰਮੁਖਜੀਤ ਸਿੰਘ ਸ਼ਾਹੀ ( ਜ਼ੈਲਦਾਰ ),ਪਿੜੀਆਂ ਦਾ ਭੱਠਾ ਮਾਲਕ ਦੀਨ ਦਿਆਲ , ਜੜ੍ਹ ਕਹਾਣੀ ਦਾ ਤਾਰਾ ਸਿੰਘ ਮੱਲ੍ਹੀ ਤੇ ਲੋਕ ਨਾਥ ਲੰਬੜ,ਵੱਡੀ ਗੱਲ ਦੇ ਪੁਜਾਰੀ ਜੀ , ਹਥਿਆਰ ਕਹਾਣੀ ਦਾ ਜੈਲਦਾਰ ਜੱਸਾ ਸਿੰਘ , ਆਪਣੀ ਧਿਰ ਪਰਾਈ ਧਿਰ ਦੇ ਸਿਰੀਰਾਮ ਤੇ ਅਲਾਟੀਏ , ਚਿੱਟੀ ਬੇਈ-ਕਾਲੀ ਬੇਈ ਤੇ ਖੇਤ-ਖੱਤੇ ਤੇ ਫਾਰਮ,ਵਾਰੀ ਸਿਰ ਦਾ ਮਾਮਾ ਜੀ ਬੀ ਡੀ ਮਹਾਜਨ ਤੇ ਮਾਮੀ ਜੀ , ਮਾਰਖੋਰੇ ਕਹਾਣੀ ਦਾ ਪੋ੍ ਕੌੜਾ , ਮੋਮਬੱਤੀਆਂ ਦਾ ਸ਼ੈਲਰ ਮਾਲਕ ਗਿਆਨ ਸ਼ਾਹ, ਰੁਮਾਲੀ ਦਾ ਮੋਹਣਾ ,ਉਚੇ ਰੁਖਾਂ ਦੀ ਛਾਂ ਦਾ  ਵੱਡਾ ਸੰਤ, ਪੈਰਾਂ ਭਾਰ ਹੱਥਾਂ ਭਾਰ ਕਹਾਣੀ ਦਾ ਮੋਢੀ ਸਰਦਾਰ,ਸੌਰੀ ਜਗਨ ਦਾ ਹੋਟਲ ਚੀਫ਼ ਮੈਨੇਜਰ ਜਗਨ ਨਾਥ, ਅੱਧੇ ਅਧੂਰੇ ਦਾ ਪੀ ਟੀ ਆਈ ਗਿੱਲ , ਐਨਕ ਕਹਾਣੀ ਦਾ ਚਰਨੀ ਉਰਫ ਰੱਬ ਜੀ, ਇੱਕ ਕੰਢੇ ਵਾਲਾ ਦਰਿਆ ਦੇ ਕੁਮਾਰ ਜੀ ਤੇ ਵਰਮਾ ਵਰਗੇ ਹੋਰ ਵੀ ਕਈ ਪਾਤਰ ਹਨ , ਜਿਨ੍ਹਾਂ ਤਲਾਵਾਂ ਮੈਂ ਬਹੁਤ ਖਿੱਚ ਕੇ ਫੜੀ ਰੱਖਣ ਦੇ ਯਤਨ ਕਰਦਾ ਹਾਂ । ਪਰ ਇਹ ਹਨ ਕਿ ਆਪਣੇ ਕਿਰਦਾਰੀ ਨਿਭਾ ਲਈ ਕੋਈ ਨਾ ਕੋਈ ਰਾਹ ਲੱਭ ਹੀ ਲੈਦੇਂ ਹਨ । ਮੇਰੀ ਸਮਝ ਮੁਤਾਬਕ ਸਾਡੇ ਸਮਾਜਿਕ ,ਧਾਰਮਿਕ ,ਰਾਜਸੀ, ਸੱਭਿਆਚਾਰਕ ਤਾਣੇ-ਬਾਣੇ ਅੰਦਰਲੇ ਵਿਗਾੜ ਦੀ ਮੁੱਢਲੀ ਚੂਲ ਉਪਰੋਤਕ ਕਹਾਣੀਆਂ ਅੰਦਰ ਦਰਜ ਹੋਏ ਪਾਤਰਾਂ ਦਾ ਇੱਕ ਪੂਰੇ ਦਾ ਪੂਰਾ ਸੰਸਾਰ ਹੈ । ਇਨ੍ਹਾਂ ਦਾ ਮੁੱਖ ਸਰੋਕਾਰ ਨਿੱਜ ਦੀ ਪਾਲਣਾ-ਪੋਸ਼੍ਣਾ,ਸਵੈ ਦੇ ਵਿਕਾਸ,ਆਪਣੀ ਹੀ ਹਉਂ ਦੀ ਚੜਤ, ਬਣਾਈ ਰੱਖਣ ਤੱਕ ਸੀਮਤ ਹੈ। ਇਨ੍ਹਾਂ ਦੇ ਆਸ ਪਾਸ ਵਿਚਰਦੇ ਮਨੁੱਖੀ ਸਮੂਹ ਤਾਂ ਜਿਵੇਂ ਕੀੜਿਆਂ-ਮਕੌੜਿਆਂ ਤੋਂ ਵੱਧ ਕੁਝ ਵੀ ਨਹੀਂ । ਇਨ੍ਹਾਂ ਦੀ ਇਸ ਤਰਾਂ ਦੀ ਕਾਰਕਰਦਗੀ, ਵਿਵਸਥਾਂ ਦੀਆਂ ਪ੍ਰਬੰਧਕੀ ਪ੍ਰਸ਼ਾਸਕੀ ਧਿਰਾਂ ਦੇ ਬਹੁਤ ਫਿੱਟ ਬੈਠਦੀ ਹੈ। ਇਨ੍ਹਾਂ ਚੋਂ ਕਿਸੇ ਨੇ ਧਰਮ ਦੀ ਆੜ ਤੇ ਡੇਰਾਬਾਜ਼ੀ ਕਰਕੇ ਜਨ ਸਮੂਹ ਨੇ ਬੁੱਧੀ ਬਣਾਈਆ ਹੋਇਆ, ਕਿਸੇ ਨੇ ਰਾਜਸੀ ਪੈਤੜੇਬਾਜ਼ੀ ਕਰਕੇ ਬਹੁਤ ਸਾਰੇ ਭੋਇੰ ਮਾਲਕੀ ਦੀ ਹਊਂ ਚ ਫਸੇ ਗੁਸੇ ਆਪਣਾ ਆਪ ਭੁੱਲੀ ਬੈਠੇ ਹਨ , ਕਈ ਚੁਸਤੀਆਂ ਚਲਾਕੀਆ ਆਸਰੇ ਹੀ ਆਪਣਾ ਫੁਲਕਾ ਪਾਣੀ ਤੋਰੀ ਤੁਰੀ ਜਾਂਦੇ ਹਨ । ਕੈਨੇਡੀਅਨ ਲੇਖਕ ਫਾਰਲੇ ਮਵਾੜ ਵਰਗੇ ਤਾਂ ਇਨ੍ਹਾਂ ਦੀਆਂ ਕਰਤੂਤਾਂ ਦੇਖ ਕੇ ਮਨੁੱਖੀ ਨਸਲ ਤੋਂ ਹੀ ਅਸਤੀਫਾ ਦੇਣ ਦਾ ਮਨ ਬਣਾ ਬੈਠਦੇ ਹਨ , ਪਰ ਮੇਰੀ ਚਾਹਤ ਦੇ ਪਾਤਰ ਇਵੇਂ ਦੀ ਢੇਰੀ ਨਹੀਂ ਢਾਹੁੰਦੇ । ਇਹ ਉਪਰੋਤਕ ਕਿਸਮ ਦੇ ਪਾਤਰਾਂ ਨੂੰ ਖੁੱਲ ਖੋਲਣ ਦੀ ਆਗਿਆ ਵੀ ਨਹੀ ਦਿੰਦੇ । ਇਹ ਉਨ੍ਹਾਂ ਦੀ ਲਗਾਮ ਘੁੱਟ ਕੇ ਫੜੀ ਰੱਖਣ ਲਈ ਮੈਨੂੰ ਵੀ ਮਜਬੂਰ ਕਰੀ ਰੱਖਦੇ ਹਨ । ਸਿੱਟੇ ਵਜੋਂ ਮੇਰੇ ਤੇ ਫਾਰਮੂਲਾ ਕਹਾਣੀ ਲੇਖਕ ਹੋਣ ਦਾ ਇਲਜ਼ਾਮ ਲੱਗਦਾ ਹੈ , ਜਾਂ ਸਪਾਟ ਲੇਖਣੀ ਦੇ ਲੇਖਕ ਦਾ। ਮੈਂ ਇਨ੍ਹਾਂ ਇਲਜ਼ਾਮਾਂ ਨੂੰ ਹੁਣ ਤੱਕ ਖਿੜੇ ਮੱਥੇ ਇਸ ਲਈ ਕਬੂਲਦਾ ਆਇਆ ਕਿ ਇਹ ਨੰਗੇਜ਼ਵਾਦੀ , ਲੱਚਰਵਾਦੀ,ਬਿਰਤਾਂਤਕਾਰ ਹੋਣ ਨਾਲੋਂ ਕਈ ਗੁਣਾਂ ਚੰਗੇ ਹਨ । ਉਂਝ ਵੀ ਮੈਨੂੰ ਡਾ ਟੀ ਆਰ ਵਿਨੋਦ ਦੀ ਟਿੱਪਣੀ ਹਮੇਸ਼ਾਂ ਯਾਦ ਰਹਿੰਦੀ ਹੈ । ਉਨ੍ਹਾਂ ਦੇ ਮੱਤ ਹੈ  ਕਾਮ ਬਾਰੇ ਵਰਜਿੱਤ ਗੱਲਾਂ ਸਾਡੀ ਖੱਸੀ ਮੱਧ ਸ਼ੇਣੀ ਨੂੰ ਮੁਬਾਰਿਕ,ਜਿਹੜੀ ਜਿਨਸੀ ਅੰਗਾਂ ਦੀ ਨੁਮਾਇਸ਼ ਵਿੱਚੋਂ ਸੰਤੋਸ਼ ਭਾਲਦੀ ਹੈ । ਸਰਮਾਏਦਾਰੀ ਨੇ ਜਿਨਸੀ ਸੰਬੰਧਾਂ ਨੂੰ ਮੰਡੀ ਦੀ ਵਸਤ ਬਣਾ ਛੱਡਿਆ ਹੈ । ਮੈਨੂੰ ਇਸ ਕਿਸਮ ਦੀ ਬਿਰਤਾਂਤਕਾਰੀ ਪਿੱਛੋਂ ਕਾਰਜਸ਼ੀਲ ਕਿਸੇ ਯੋਜਨਾ ਬੱਧ ਛੜਜੰਤਰ ਦਾ ਝਉਂਲਾ ਪੈਂਦਾ । ਕਾਰਪੋਰੇਟ ਸੈਕਟਰ ਵੱਲੋਂ ਮਿਲਦੇ ਥਾਪੜੇ ਦਾ ਸਿੱਟਾ ਜਾਪਦਾ ਹੈ  ਇਹ ਸਾਰਾ ਕੁਝ ।  ਨਹੀਂ ਤਾਂ ਕੋਈ ਕਾਰਨ ਨਹੀ ਕਿ ਆਦਰਸ਼ਮੁਖੀ,ਸੁਧਾਰਮੁਖੀ-ਯਥਾਰਥਵਾਦੀ,ਰੁਮਾਂਸਵਾਦੀ ਕਹਾਣੀ ਵਰਗੇ ਸੱਭਿਅਕ ਵਿਸ਼ੇਸ਼ਣਾਂ ਤੋਂ ਵਾਂਝੀ ਹੋਈ,ਅੱਜ ਦੀ ਬਹੁ-ਗਿਣਤੀ ਪੰਜਾਬੀ ਕਹਾਣੀ ਯੋਗ-ਅਯੋਗ ਲਿੰਗਕ ਰਿਸ਼ਤਿਆਂ ਦੀ ਪੇਸ਼ਕਾਰੀ ਚ ਜਿੰਨੀ ਭੱਲ ਖੱਟ ਚੁੱਕੀ ਹੈ , ਉਸ ਨੂੰ ਪੜ੍ਹ ਕੇ ਤਾਂ ਕੋਕ-ਸ਼ਾਸ਼ਤਰ ਦਾ ਲੇਖਕ ਵੀ ਸ਼ਰਮਸ਼ਾਰ ਹੋ ਸਕਦਾ ਹੈ ।
ਐਸੀ ਗੱਲ ਨਹੀਂ ਕਿ ਮੇਰੀਆਂ ਕਹਾਣੀਆਂ ਦੇ ਪਾਤਰ ਰੁਮਾਂਸ ਨਾਮੀਂ ਹਿਲ-ਜੁਲ ਤੋਂ ਅਸਲੋਂ ਕੋਰੇ ਹਨ ? ਮਨੁੱਖ ਦੀ ਬੌਧਿਕ, ਮਾਨਸਿਕ,ਸਰੀਰਕ ਤੰਦਰੁਸਤੀ ਲਈ ਇਸ ਵਲਵਲੇ ਨੂੰ ਬਹੁਤ ਹੀ ਅਹਿਮ ਤੇ ਕਾਰਗਰ ਮੰਨਿਆ ਗਿਆ ਹੈ । ਪਰ ਇਸ ਖੇਤਰ ਦਾ ਤਜਰਬਾ ਮੈਨੂੰ ਨਾਂਹ ਦੇ ਬਰਾਬਰ ਹੋਣ ਕਰਕੇ ਮੈਂ ਆਪਣੇ ਪਾਤਰਾਂ ਰਾਹੀਂ  ਇਸ ਅਭਿਵਿਅਕਤ ਕਰਨ ਤੋਂ ਵੀ ਕਰੀਬ ਲਾਂਭੇ ਹੀ ਰਿਹਾ ਹਾਂ । ਇਸ ਦੇ ਨਾਲ ਦਾ ਜੁੜਵਾਂ ਤੱਥ ਇਹ ਵੀ ਹੈ ਕਿ ਮੈਂ ਮਾਂ ਅਤੇ ਭੈਣ ਵੱਲੋਂ ਮਿਲਣ ਵਾਲੀ ਮੁਹੱਬਤ ਤੋਂ ਲੱਗਭੱਗ ਵਾਂਝਾ ਹੀ ਰਿਹਾ ਹਾਂ । ਮੇਰੇ ਤੋਂ ਛੋਟੇ ਭਰਾ ਸਵਰਗਵਾਸੀ ਹਰਭਜਨ ਸਿੰਘ ਮਠਾਰੂ ਜੇ ਦਿੱਲੀ ਦੀ ਅਕਾਲੀ ਸਿਆਸਤ ਵਿੱਚ ਚੰਗੇ ਪੈਰ ਜਮਾ ਗਿਆ ਸੀ ,ਉਸ ਨੇ ਦਸਵੀਂ ਪਾਸ ਕਰਕੇ ਟਰਾਂਸਪੋਰਟ ਤੱਕ ਪੁੱਜਦਾ ਕਰ ਲਿਆ ਤੇ ਮੈਂ ਪੜ੍ਹਨ-ਪੜਾਉਣ ਦੇ ਚੱਕਰ ਵਿੱਚ ਫਸਿਆ ਮਾਂ ਲਈ ਬਿਲਕੁਲ ਵੀ ਉਪਜੋਗੀ ਸਿੱਧ ਨਹੀ ਹੋਇਆ । ਮਾਂ ਨੂੰ ਰੱਬ ਦਾ ਰੁੱਤਬਾ ਦੇਣ ਵਾਲੇ ਮਾਂ ਘਿਰਣਾ ਤੋਂ ਸ਼ਾਇਦ ਵਾਕਿਫ ਨਾ ਹੋਣ । ਮੈਨੂੰ ।ਇਸ ਘਿਰਣਾ ਦਾ ਕਾਫ਼ੀ ਨਿੱਘ ਮਿਲਿਆ ਹੈ । ਕਾਰਨ ਸਿਰਫ਼ ਰੁਪਇਆ ਪੈਸਾ ਹੀ ਰਿਹਾ । ਸਿੱਟੇ ਵਜੋਂ ਸਮੁੱਚੇ ਇਸਤਰੀ ਵਰਗ ਨਾਲ ਨਾਲ ਮੈਂ ਮੋਹ ਦਾ ਰਿਸ਼ਤਾ ਜੋੜਨ ਵਿੱਚ ਅਸਫ਼ਲ ਰਿਹਾ ਹਾਂ । ਇਸ ਦਾ ਪਰਤੌ ਮੇਰੀਆਂ ਕਹਾਣੀਆਂ ਵਿੱਚ ਇਸਤਰੀ ਪਾਤਰਾਂ ਦੀ ਲੱਗਭੱਗ ਅਣਹੋਂਦ ਤੋਂ ਸੋਖਿਆ ਹੀ ਭਾਂਪਿਆਂ ਜਾ ਸਕਦਾ ਹੈ । ਉਂਝ ਤਿੰਨ ਇਸਤਰੀ ਪਾਤਰਾਂ ਦੀ ਵਾਰਤਾਲਾਪੀ ਵੇਦਨਾ ਤੇ ਉਸਰੀ ਕਹਾਣੀ ਚੀਕ ਬੁਲਬਲੀ ਇਸ ਖੇਤਰ ਵਿੱਚ ਇੱਕ ਰਜਰਬਾ ਹੀ ਗਿਣੀ ਜਾ ਸਕਦੀ ਹੈ ।
ਜਿੱਥੋਂ ਤੱਕ ਮੇਰੀਆਂ ਕਹਾਣੀਆਂ ਅੰਦਰ ਅੰਕਿਤ ਹੋਏ ਖਲਨਾਇਕੀ ਸੁਭਾਅ ਵਾਲੇ ਪਾਤਰਾਂ ਦਾ ਸੰਬੰਧ ਹੈ, ਇਹ ਮੇਰੇ ਨਿਯੰਤਰਣ ਦੇ ਬਾਵਜੂਦ ਕਈ ਵਾਰ ਰੱਸੇ ਤੁੜਾ ਕੇ ਆਪਣੀ ਖੇਡ ਖੇਡ ਹੀ ਜਾਦੇ ਹਨ । ਉਸ ਸਥਿਤੀ ਵਿੱਚ ਮੈਨੂੰ ਇਨ੍ਹਾਂ ਦੀ ਝਾੜ ਝੰਬ ਕਰਨ ਲਈ ਜੀਵਨ ਦੀਆਂ ਤਲਖ ਹਕੀਕਤਾਂ ਰਾਹੀਂ ਸਵੈ-ਜਾਗਿ੍ਤ ਹੋਏ ਪਾਤਰਾਂ ਦੀ ਸ਼ਰਨ ਲੈਣੀ ਪੈਂਦੀ । ਇਹ ਸਵੈ-ਜਾਗਿ੍ਤੀ ਪੜੇ-ਲਿਖੇ ਵਰਗਾਂ ਨਾਲੋਂ ਬਹੁਤੀ ਵਾਰ ਅੱਖਰ ਗਿਆਨ ਤੋਂ ਕੋਰੇ ਪਾਤਰਾਂ ਪਾਸੋਂ ਵਧੇਰੀ ਉਪਯੋਗੀ ਸਿੱਧ ਹੁੰਦੀ ਹੈ । ਉਹ ਕਹਿਣ ਗੋਚਰੀਆਂ ਗੱਲਾਂ ਤੱਥਾਂ ਨੂੰ ਬਿਨਾਂ ਕਿਸੇ ਲੱਗ – ਲਿਬੇੜ ਦੇ ਸਪਾਟ ਕਹਿ ਦੇਣ ਦੀ ਯੋਗਤਾ ਰੱਖਦੇ ਹਨ । ਚੀਕ ਬੁਲਬਲੀ ਕਹਾਣੀ ਦੀ ਪਾਤਰ ਲਾਜੋ ਇਸ ਪਾਸਾਰ ਦੀ ਇੱਕ ਉਦਾਹਰਨ ਹੈ । ਉਹ ਅੱਧੇ ਪਿੰਡ ਤੇ ਮਾਲਕ ਗੁਰਭਗਤ ਸਿੰਘ ਸੰਧੂ ਦੀ ਮੂੰਹ ਜ਼ੋਰ ਪਤਨੀ ਚਰਨ ਕੌਰ ਸਾਹਮਣੇ ਕਿਧਰ ਰਤੀ ਭਰ ਵੀ ਨਹੀ ਲਿਫਦੀ । ਉਹ ਆਪਣੀ ਬਿਰਧ ਅਵਸਥੀ ਹੋਣੀ ਅੱਗੇ ਵੀ ਹਾਰ ਨਹੀ ਮੰਨਦੀ । ਕਈ ਵਾਰ ਤਾਂ ਉਹ ਚਰਨ ਕੌਰ ਸਮੇਤ ਉਸ ਦੇ ਕੱਚੇ ਪਿੱਲੇ ਗਵਾਹ ਨੰਦੂ ਮਿਸਤਰੀ ਵਰਗਿਆ ਦੀ ਝੰਡ ਵੀ ਕਰ ਦਿੰਦੀ ਹੈ । ਲੰਬੜਾਂ ਦੇ ਘਰ ਦੇ ਨਿੱਕੇ ਨਿੱਕੇ ਹਲਕੇ ਭਾਰੇ ਕੰਮਾਂ ਦਾ ਬੋਝ ਢੋਂਹਦੀ ਨੇ ਉਸ ਦੇ ਦੋਹਤੇ ਪਾਲੇ ਨੂੰ ਪਹਿਲਾਂ ਵਕੀਲ ਫਿਰ ਜੱਜ ਦੀ ਪਦਵੀ ਤੱਕ ਅੱਪੜਦਾ ਕਰ ਲਿਆ ਹੈ । ਇਹ ਪਾਤਰ ਮੇਰੇ ਪਿੰਡ ਅੰਦਰਲੀ ਪਛਾਣ ਚੰਦੀ ਸਰੈੜੀ ਦੇ ਈਸਰੀ ਚਮਾਰੀ ਕਰਕੇ ਸੀ , ਦਾ ਮਿਸ਼ਰਤ ਰੂਪ ਹੈ । ਮਾਈ ਚੰਦੀ ਦਾ ਪਤੀ ਗੋਪਾਲ ਸਿੰਘ ਰੂੰ-ਪੇਜਾ ਸੀ ਤੇ ਮਾਈ ਆਪ ਹਰ ਘਰ ਪੁੱਜ ਕੇ ਰਜਾਈਆਂ ਤਲਾਈਆਂ ਭਰਿਆ ਨਗੰਦਿਆ ਕਰਦੀ ਸੀ ਤੇ ਮਾਈ ਈਸਰੀ ਜਣੇਪੇ ਕਰਵਾਉਣ ਦਾ ਇੱਕੋ ਇੱਕ ਆਸਰਾ ਸੀ , ਸਾਰੇ ਪਿੰਡ ਕੋਲ । ਦੋਵੇਂ ਆਪਣੀ ਬੋਲ-ਬਾਣੀ ਦੀ ਬੇ-ਵਾਕੀ ਕਾਰਨ ਵੀ ਪ੍ਰਸਿੱਧ ਸਨ , ਦਾ ਛੋਟਾ ਪੁੱਤਰ ਸੁੱਚਾ ਸਿੰਘ ਭੱਟੀ ਪੰਜਾਬ ਸਰਕਾਰ ਦੇ ਅੰਡਰ ਸੈਕਟਰੀ ਦੇ ਅਹੁਦੇ ਤੋਂ ਸੇਵਾ-ਮੁਕਤ ਹੋ ਕੇ ਅੱਜਕੱਲ ਮੁਹਾਲੀ ਤੇ ਸੈਕਟਰ ਸੱਤ ਵਿਖੇ ਰਹਿ ਰਿਹਾ ਹੈ ਅਤੇ ਮਾਈ ਈਸਰੀ ਦਾ ਪੋਤਰਾ ਸਵਰਗੀ ਗਿਆਨ ਸਿੰਘ ਸਾਵਰਾ ਵਕਾਲਤ ਦੀ ਯੋਗਤਾ ਕਾਰਨ ਗੁਰਦਾਸਪੁਰ ਵਿਖੇ ਸਬ-ਜੱਜ ਦੀ ਪਦਵੀ ਤੱਕ ਪੁੱਜ ਕੇ ਕਿਸੇ ਕਾਰਨ ਪਿੱਛਲ ਪੈਂਰੀ ਮੁੜ ਆਇਆ ਸੀ ।
ਇਨ੍ਹਾਂ ਦੋਵੇਂ ਬਿਰਧ ਮਾਈਆਂ ਦੇ ਪਰਤੇ ਵਜੋਂ ਅੰਕਿਤ ਹੋਏ ਲਾਜੇ ਨਾਮੀ ਪਾਤਰ ਨੂੰ ਕਹਾਣੀ ਰੂਪ ਦੇਣ ਵਿੱਚ ਮੈਨੂੰ ਪ੍ਰਸੰਨਤਾ ਭਰੀ ਤਸੱਲੀ ਮਹਿਸੂਸ ਹੋਈ ਹੈ । ਇਵੇਂ ਹੀ ਅੱਖਰ ਗਿਆਨ ਤੋਂ ਵਾਂਝਾ ਇੱਕ ਪਾਤਰ ਅੱਧੇ ਅਧੂਰੇ ਨਾਮੀ ਕਹਾਣੀ ਦਾ ਸਾਧੂ ਸਕੂਲ ਦਾ ਚਪੜਾਸੀ ਹੈ । ਉਹ ਗਿੱਲ ਪੀ ਟੀ ਆਈ ਦੇ ਬਾਪ ਦਾ ਉਸ ਨੂੰ ਰੁਜ਼ਗਾਰ ਦੇਣ ਕਰਕੇ ਰਿਣੀ ਹੈ । ਇਸ ਨਾਤੇ ਉਹ ਰਾਮ ਪਾਲ ਵਰਗੇ ਆਪਣੀ ਜਾਤ ਬਰਾਦਰੀ ਦੇ ਨਵੇਂ ਬਦਲ ਕੇ ਆਏ ਹੈਡਮਾਸਟਰ ਦੀ ਕੁਰਸੀ –ਹੈਂਕੜ ਦੀ ਰਤਾ ਭਰ ਵੀ ਪ੍ਰਵਾਹ ਨਹੀ ਕਰਦਾ। ਉਹ ਸਕੂਲ ਦੀ ਪ੍ਰਸ਼ਾਸ਼ਨੀ-ਅਵਸਥਾ ਤੋਂ ਜਾਣੂ ਕਰਵਾਉਦਾ ਹੈਂਡ ਰਾਮਪਾਲ ਦੇ ਰੁਖੇ ਵਤੀਰੇ ਕਾਰਨ ਉਸ ਨੂੰ ਪੈ ਨਿਕਲਦਾ । ਇੱਥੋਂ ਤੱਕ ਵੀ ਕਹਿ ਜਾਂਦਾ ਹੈ ਕਿ ਆਪਣੀ ਜਾਤ ਬਰਾਦਰੀ ਕਰਕੇ ਤੈਨੂੰ ਮੈ ਗਰੇਵਾਲ ਹੈੱਡ ਦੀ ਕਥਾ-ਕਹਾਣੀ ਦੱਸਤੀ , ਨਈ ਮੇਰੀ ਅਲੋਂ  ਪੈ ਢੱਠੇ ਖੂਹ ਚ ।
ਇਹ ਸਾਧੂ ਮੇਰੀ ਦਸਵੀ ਤੱਕ ਦੀ ਪੜਾਈ ਵਾਲੇ ਖਾਲਸਾ ਹਾਈ ਸਕੂਲ ਸਰਹਾਲਾ ਮੂੰਡੀਆ ਵਾਲਾ ਹੀ ਸਾਧੂ ਹੈ ਅਤੇ ਰਾਮਪਾਲ ਦਸੂਹੇ ਨੇੜਲੇ  ਪਿੰਡ ਛਾਂਗਲਾ ਦੇ ਸਰਕਾਰੀ ਹਾਈ ਸਕੂਲ ਦਾ ਰੀਜ਼ਰਵ ਕੋਟੇ ਚੋਂ ਬਣਿਆ ਬੀ ਏ ਬੀ ਐਡ ਯੋਗਤਾ ਵਾਲਾ ਹੈੱਡ ਮਾਸਟਰ ਹਰਜਿੰਦਰ ਸਿੰਘ , ਇਹ ਸ਼ਾਇਦ ਉਸ ਦੀ ਘੱਟ ਵਿੱਦਿਅਕ ਯੋਗਤਾ ਦੀ ਹੀਣਭਾਵਨਾ ਕਰਕੇ ਵਾਪਰਿਆ ਹੋਵੇ ਕਿ ਚੰਗੇ ਭਲੇ ਹੱਸਮੁੱਖ ਸੁਭਾਅ ਅਤੇ ਲੋੜ ਪੈਣ ਤੇ ਦੂਜਿਆ ਲਈ ਜਾਨ ਤੱਕ ਵਾਰ ਦੇਣ ਵਾਲਾ ਹਰਜਿੰਦਰ ਸਿੰਘ ਉਸੇ ਕੋਟੇ ਚ ਪਹਿਲਾਂ ਕਪੂਰਥਲੇ ਫਿਰ ਗੁਰਦਾਸਪੁਰ ਵਿਖੇ ਡੀ ਈ ੳ ਪ੍ਰਾਇਮਰੀ ਦੀ ਕੁਰਸੀ ਤੱਕ ਪੁੱਜ ਕੇ ਵੀ ਹਰ ਥਾਂ ਆਪਣੇ ਅਧੀਨ ਕਰਮਚਾਰੀਆ ਨਾਲ ਤਲਖ ਕਲਾਮੀ ਲੜਾਈ ਝਗੜੇ ਤੇ ਕਈ ਵਾਰ ਹੱਥੋਂ ਪਾਈ ਵੀ ਹੁੰਦਾ ਰਿਹਾ । ਇਸ ਕਹਾਣੀ ਵਿਚਲਾ ਪੀ ਟੀ ਆਈ ਗਿੱਲ  ਸਵ ਕਾਮਰੇਡ ਬਸੰਤ ਸਿੰਘ ਕਲਿਆਣਪੁਰ , ਜਿਸ ਨੇ ਜ਼ੈਲਦਾਰੀ ਵਰਗੇ ਸ਼ਾਹਾਨਾ ਰੁ਼ਤਬੇ ਦੀ ਪ੍ਰਵਾਹ ਨਾ ਕਰਦਿਆ ਸਾਰੀ ਉਮਰ ਖੱਬੀਆਂ ਪਾਰਟੀਆਂ ਨਾਲ ਸਿਰੜ ਦੀ ਪੱਧਰ ਤੱਕ ਨੇੜਤਾ ਨਿਭਾਈ , ਦੀ ਇਕਲੌਤੀ ਲੜਕੀ ਦਾ ਦੋ ਜ਼ਮੀਨੀ ਢੇਰੀਆ ਦਾ ਮਾਲਕ ਪਤੀ ਮੁਹਿੰਦਰ ਸਿੰਘ ਮਾਨ ਹੈ , ਜਿਸ ਨੂੰ ਸਕੂਲ ਅਧਿਆਪਕੀ ਨਾਲੋਂ ਕਈ ਗੁਣਾ ਵੱਧ ਖੇਤੀ ਧੰਦੇ ਨਾਸ਼ਪਾਤੀਆ-ਕਿਨੂੰਆ ਦੇ ਬਾਗਾਂ ਜਾਂ ਆਲੂਆਂ-ਮਟਰਾਂ ਵਰਗੀਆਂ ਉਪਯੋਗੀ ਫਸਲਾਂ ਨਾਲ ਮੋਹ ਸੀ । ਸਾਹਿਤਕਾਰੀ-ਕਲਾਕਾਰੀ-ਕਹਾਣੀਕਾਰੀ ਦੀ ੲਸ ਸਤਿਕਾਰਤ ਭਾਵਨਾ ਦਾ ਹਮਸਫ਼ਰ ਬਣੇ ਪਾਤਰਾਂ ਵਿੱਚ ਸੌਰੀ ਜਗਨ ਕਹਾਣੀ ਦਾ ਅਖਤਰ ਪਾਤਰ ਝਟਕਈ ਵੀ ਸ਼ਾਮਲ ਹੈ । ਉਹ ਆਪਣੇ ਹੋਟਲ ਦੇ ਪ੍ਰਬੰਧਕੀ ਅਮਲੇ ਦੇ ਇੱਕ ਵਿਅਕਤੀ ਵੱਲੋਂ ਘਰੇਲੂ ਝਗੜਿਆ ਕਾਰਨ ਮਾਰ ਕੇ ਲਿਆਦੀ ਨੌਜਵਾਲ ਪਤਨੀ ਦੀ ਲਾਸ਼ ਦੇ ਟੁਕੜੇ ਟੁਕੜੇ ਕਰਕੇ ਹੋਟਲ ਅੰਦਰ ਵਰਤਾਏ ਜਾਦੇਂ ਮੀਟ ਮੁਰਗੇ ਵਿੱਚ ਉਸ ਲਾਸ਼ ਦਾ ਮਾਸ ਮਿਕਸ ਕਰਨ ਦੀ ਥਾਂ ਇੱਸ ਦੇ ਟੋਟੇ ਕਰਕੇ ਭਖਦੇ ਤੰਦੂਰ ਅੰਦਰ ਇਸ ਮਾਨਤਾ ਨੂੰ ਧਿਆਨ ਚ ਰੱਖ ਕੇ ਸੁੱਟ ਦਿੰਦਾ ਹੈ ਕਿ ਮਨੁੱਖੀ ਲਾਸ਼ ਦਾ ਅੰਤਮ ਟਿਕਾਣਾ ਜਾਂ ਕਬਰ ਹੋ ਸਕਦਾ ਹੈ ਜਾਂ ਲਟ ਲਟ ਬਲਦੀ ਚਿਤਾ, ਨਾ ਕਿ ਸੁਆਦ ਦੇ ਚਸਕੇ ਲੱਗੀ ਜਿਉਦੇ ਮਨੁੱਖ ਦਾ  ਜੀਭ ਤੇ ਢਿੱਡ । ਇਸ ਕਹਾਣੀ ਦੀ ਤੰਦ ਇੱਕ ਸਮੇਂ ਰਾਜਧਾਨੀ ਦਿੱਲੀ ਅੰਦਰ ਵਾਪਰੇ ਤੰਦੂਰ ਕਾਂਢ ਨਾਲ ਵੀ ਜੁੜਦੀ ਹੈ , ਹੋਰਨਾਂ ਕਹਾਣੀਆ ਵਿੱਚ ਇਸ ਵੰਨਗੀ ਦੇ ਪਾਤਰਾਂ ਵਿੱਚ ਪੌੜੀ ਕਹਾਣੀ ਦਾ ਪਾਲਾ ਸਿੰਘ ਟਰੱਕ ਡਰਾਈਵਰ, ਮੋਮਬੱਤੀਆਂ ਦਾ ਬੀਰੂ, ਹਾਸ਼ੀਏ ਦਾ ਬਾਵਾ ਰਾਮ, ਪੈਰਾਂ ਭਾਰ ਹੱਥਾਂ ਭਾਰ ਦਾ ਸੰਤੂ,ਧੁੰਦ ਕਹਾਣੀ ਦਾ ਭਾਈ ਘਨੱਈਆ ,ਜੜ੍ਹ ਕਹਾਣੀ ਦਾ ਮਾਸਟਰ ਸੁੰਦਰ ਲਾਲ, ਹਥਿਆਰ ਕਹਾਣੀ ਦਾ ਨੌਕਰ ਮੁੰਡਾ , ਜ਼ਜ਼ੀਰੇ ਕਹਾਣੀ ਦਾ ਕਰਮਾ, ਗੜ੍ਹੀ ਬਖ਼੍ਸ਼ਾ ਸਿੰਘ ਦਾ ਸਮਿੱਤਰ,ਅਤੇ ਅਕਾਲਗੜ੍ਹ ਕਹਾਣੀ ਦਾ ਪਿਆਰਾ ਕਾਮਰੇਡ ਵੀ ਸ਼ਾਮਲ ਹਨ । ਇਨ੍ਹਾਂ ਪਾਤਰਾਂ ਨੂੰ ਨਾ ਤਾਂ ਪਾਰਟੀਆ ਦੇ ਵੋਟ ਪ੍ਰਚਾਰ ਨੈ ਚੇਤੰਨ ਕੀਤਾ ਹੈ , ਨਾ ਹੀ ਵਿਦਵਾਨਾਂ ਦੀ ਸਕੂਲਿੰਗ ਨੇ । ਸਗੋਂ ੲਹ ਆਪਣੇ ਦੁਆਲੇ ਪੱਸਰੇ ਹਾਲਾਤਾਂ ਦੀ ਜਕੜ ਤੋਂ ਤੰਗ-ਪਰੇਸ਼ਾਨ ਹੋਏ ਸਵੈ-ਚਤੰਨ ਹੋਏ ਹਨ । ਇਹ ਚੇਤੰਨਤਾ ਕਈਆ ਦੇ ਅੰਦਰੋਂ ਅੰਦਰੀ ਸੁਲਘਦੇ ਗੁੱਸੇ ਦੇ ਪ੍ਰਗਟਾ ਰਾਹੀਂ ਪ੍ਰਗਟ ਹੁੰਦੀ ਹੈ । ਕਈਆ ਵੱਲੋਂ ਘੂਰੀ ਦੇ ਰੂਪ ਵਿੱਚ ਤੇ ਕੁਝ ਇੱਕ ਵੱਲੋਂ ਸਿੱਧੇ ਵਿਰੋਧ ਵਜੋਂ ।ਇਨ੍ਹਾਂ ਸਾਰੇ ਜੀਵੰਤ ਪਾਤਰਾਂ ਦੀ ਬਹੁ-ਗਿਣਤੀ ਪਾਠਕਾਂ ਦੀ ਜਾਣ-ਪਛਾਣ ਦਾ ਹਿੱਸਾ ਹੈ । ਇਨ੍ਹਾਂ ਵਿੱਚੋਂ ਗੜ੍ਹੀ ਬਖਸ਼ਾ ਸਿੰਘ ਕਹਾਣੀ ਵਿਚਲਾ ਪਾਤਰ ਸਮਿੱਤਰ , ਕਾਮਰੇਡ  ਗੁਰਬਖਸ਼ ਸਿੰਘ ਦੇ ਬਿਲਕੁਲ ਗਆਡ ਚ ਰਹਿੰਦਾ ਹੈ । ਅਕਾਲਗੜ੍ਹ ਕਹਾਣੀ ਦਾ ਪਿਆਰਾ ਮੱਲੇਵਾਲ ਪਿੰਡ ਤੋਂ ਲਹਿੰਦੀ ਬਾਹੀ ਤੇ ਪਿੰਡ ਜਡੌਰ ਦਾ ਦਲਿਤ ਜਾਤ ਨਾਲ ਸੰਬੰਧਤ ਕਾਮਰੇਡ ਸੀ ਅਤੇ ਮਾਸਟਰ ਬਚਿੱਤਰ ਸਿੰਘ ਪਿੰਡ ਝੀਂਗੜ ਕਲਾਂ ਦਾ ਵਾਸੀ ਰਿਹਾ ਹੈ । ਅੱਜ ਕੱਲ੍ਹ ਆਪਣੇ ਲੜਕਿਆ ਨਾਲ ਕੈਨੇਡਾ ਰਹਿ ਰਿਹਾ ਹੈ ।
ਮੇਰੇ ਹੁਣ ਤੱਕ ਦੇ ਕਹਾਣੀ ਲਗਾੳ ਦੌਰਾਨ ਇੱਕ ਵੰਨਗੀ ਤੇ ਪਾਤਰ ਵੀ ਮੇਰੀਆ ਕਹਾਣੀਆ ਦੀ ਵਲਗਣ ਵਿੱਚ ਆਏ ਹਨ । ਇਹ ਰੋਦੂ-ਭੋਦੂ ਤਾਂ ਭਾਵੇਂ ਨਹੀ, ਪਰ ਘਣਚੱਕਰਾਂ ਵਰਗੀ ਹੈਸੀਅਤ ਜ਼ਰੂਰ ਰੱਖਦੇ ਹਨ । ਆਪਣੇ ਆਪ ਨੂੰ ਬਹੁ਼ਤ ਚੁਸਤ ਚਲਾਕ ਵੀ ਗਿਣਦੇ ਹਨ । ਉਂਝ ਇਨ੍ਹਾਂ ਦੀ ਪਿੱਠ ਉੱਤੇ ਸਥਾਪਤੀ ਦਾ ਪੂਰਾ ਹੱਥ ਹੈ । ਇਨ੍ਹਾਂ ਦੀ ਸਧਾਰਨ ਚਾਲ-ਢਾਲ ਪੂਰੀ ਤਰ੍ਹਾਂ ਹੈਂਕੜ ਭਰੀ ਹੁੰਦੀ ਹੈ । ਧੋਣ ਮੂੰਹ ਉਪਰ ਨੂੰ ਚੁੱਕ ਕੇ ਤੁਰਦੇ ਹਨ । ਆਪਣੀ ਵੱਲੋਂ ਬਹੁਤ ਸ਼ਾਨੋਸ਼ੋਕਤ ਨਾਲ ਵਿਚਰਦੇ ਹਨ । ਪਰ ਜੇ ਸਾਹਮਣਿੳ ਥੋ੍ੜੀ ਕੁ ਜਿੰਨੀ ਘੁਰਕੀ ਬਹੁਤਾ ਕਰਕੇ ਚੇਤੰਨ ਹੋਈ ਲੋਕਾਈ ਵੱਲ ਵੱਜਦੀ ਹੈ । ਵਿਚਕਾਰ ਇਨ੍ਹਾਂ ਦੀ ਰਾਖੀ ਕਰਦੀ ਵਿਵਸਥਾ ਵੀ ਮੌਕਾ ਤਾੜ ਜਾਂਦੀ ਹੈ । ਕਈ ਵਾਰ ਇਹ ਘੁਰਕੀ ਤਿੱਖੀ ਸੁਰ ਵਾਲੀ ਵੀ ਨਹੀਂ ਹੁੰਦੀ,ਬੱਸ ਮੱਥੇ ਤੇ ਉੱਭਰੀ ਤਿਊੜੀ ਸਮਾਨ ਹੀ ਹੁੰਦੀ ਹੈ । ਮੇਰੇ ਇਹ ਪਾਤਰ ਪਹਿਲੇ ਹੱਲੇ ਤਾਂ ਉਸ ਤਿਊੜੀ ਨੂੰ ਮੁੱਢੋ ਮਧੋਲ ਸੁੱਟਣ ਲਈ ਭਵਕੀ ਵੀ ਮਾਰ ਜਾਂਦੇ ਹਨ । ਪਰ ਇਨ੍ਹਾਂ ਦੇ ਹੇਠਾਂ ਹੇਠਲੀ ਜ਼ਮੀਨ ਇਨ੍ਹਾਂ ਦੀ ਆਪਣੀ ਨਹੀ ਹੁੰਦੀ । ਵਿਵਸਥਾ ਦੀ ਹੁੰਦੀ ਹੈ ਜਾ ਵਿਵਸਥਾ ਦੇ ਏਜੰਟਾਂ ਦੀ । ਉਨ੍ਹਾਂ ਨੇ ਤਾਂ ਇਨ੍ਹਾਂ ਨੂੰ ਮੋਹਰੇ ਵਜੋਂ ਹੀ ਵਰਤਿਆ ਹੁੰਦਾ ਹੈ । ਮੌਕਾ ਤਾੜ ਕੇ ਸਥਾਪਤੀ,ਉਸ ਦੇ ਏਜੰਟ ਝੱਟ  ਪਾਸਾ ਮੋੜ ਲੈਦੇਂ ਹਨ ਤੇ ਮੇਰੇ ਇਹ ਪਾਤਰ ਵਿਚਾਰੇ ਜਿਹੇ ਬਣ ਕੇ ਰਹਿ ਜਾਂਦੇ ਹਨ । ਇਹ ਨਾ ਇਧਰ ਦੇ ਰਹਿੰਦੇ ਹਨ , ਨਾ ਉਧਰੇ ਦੇ । ਪੌੜੀ ਕਹਾਣੀ ਦਾ ਪੋ੍ਫੈਸਰ ਸ਼ਰਮਾ ਆਪਣੇ ਕੀਤੇ ਪਛਤਾਵੇ ਕਾਰਨ ਪਾਣੀੳ ਪਤਲਾ ਹੋਇਆ , ਪਾਲਾ ਸਿੰਘ ਦੇ ਟਰੱਕ ਦੀ ਅਗਲੀ ਸੀਟ ਤੇ ਬੈਠੇ ਰਹਿਣ ਜੋਗਾ ਵੀ ਨਹੀ ਰਹਿੰਦਾ । ਧੁੱਪ-ਛਾਂ ਕਹਾਣੀ ਦਾ ਪਰਮਜੀਤ ਮਾਸਟਰ ਵੀ ਇਸੇ ਵੰਗਨੀ ਚ ਆਉਦਾ ਹੈ । ਉਹ ਦੇਸ਼ ਭਗਤ ਬਾਪ ਈਸ਼ਰ ਸਿੰਘ ਸਮੇਤ ਆਹਲੂਵਾਲੀਏ ਵੰਸ਼ ਦੀ ਹੁਣ ਤੱਕ ਦੀ ਕੀਤੀ ਕਰਾਈ ਦੀ ਇੱਕ ਤਰਾਂ ਨਾਲ ਪੱਟੀ ਮੇਸ ਦਿੰਦਾ ਹੈ । ਬਿਨਾਂ ਕਿਸੇ ਛਾਣਬੀਨ ਦੇ ਧਮਕੀ ਪੱਤਰ ਰਾਹੀਂ ਮਿਲੇ ਹੁਕਮ ਦੀ ਪਾਲਣਾ ਕਰਦਾ ਅੱਧੀ ਰਕਮ ਅੱਤਵਾਦੀਆ ਵੱਲੋਂ ਦੱਸੇ ਟਿਕਾਣੇ  ਤੇ ਰੱਖ ਆਉਦਾ ਹੈ ।ਹਥਿਆਰ ਕਹਾਣੀ ਦਾ ਕਹਾਣੀਕਾਰ ਬਲਵੰਤ ਵੀ ਇਸ ਵੰਗਨੀ ਤੋਂ ਬਾਹਰ ਨਹੀਂ । ਆਪਣੀਆ ਕਹਾਣੀਆ ਚ ਸਿਰੇ ਦੀਆਂ ਡੀਗਾਂ ਮਾਰਦਾ ਉਹ ਕਰਫਿਊ  ਦਾ ਜ਼ਰਾ ਕੁ ਜਿੰਨਾਂ ਸੇਕ ਲੱਗਣ ਤੇ ਆਪਣਾ ਕਹਾਣੀ ਖਰੜਾ ਹੀ ਬਾਜ਼ਾਰ ਚ ਵਗਾਹ ਮੇ ਸੁੱਟ ਦਿੰਦਾ ਹੈ। ਅੱਤਵਾਦ-ਵੱਖਵਾਦ ਦੀ ਥਾਂ ਪੁਰ ਥਾਂ ਆਲੋਚਨਾ ਕਰਨ ਵਾਲੇ ਅਸੀਂ ਦੋਵੇਂ ਛਾਂਗਲਾ ਪਿੰਡ ਦੇ ਸਰਕਾਰੀ ਹਾਈ ਸਕੂਲ ਅੰਦਰ ਅਧਿਆਪਕਾਂ ਤੋਂ ਜਬਰੀ ਉਗਰਾਹੀ ਕਰਨ ਆਏ ਇੱਕ ਹਥਿਆਰਬੰਦ ਸਿੰਘ ਨੂੰ ਉਸ ਵੱਲੋਂ ਲਾਈ ਢਾਲ ਦੇਣੋਂ ਤਾਂ ਇਨਕਾਰੀ ਨਹੀਂ ਸੀ ਹੋ ਸਕੇ , ਸਾਡੀ ਹੀ ਜ਼ੱਦ ਚ ਆਉਦੇਂ ਹੋਰਨਾਂ ਪਾਤਰਾਂ ਵਿੱਚੋਂ ਸਕੰਦਰ ਕਹਾਣੀ ਦਾ ਸਕੰਦਰਪਾਲ ਇਸ ਲਈ ਅਹਿਦ ਹੈ ਕਿ ਉਹ ਮੁੱਢਲੇ ਅਧਿਆਪਕੀ ਦਿਨਾਂ ਵੇਲੇ ਟਰੇਡ ਯੂਨੀਅਨ ਦੇ ਲੰਬੀ ਗਰੁੱਪ ਵਿਚਲੀ ਸ਼ਮੂਲੀਅਤ ਤੋਂ ਥਿੜਕਿਆ ਪਹਿਲਾਂ ਜੀ ਟੀ ਯੂ ਰਾਣਾ ਗਰੁੱਪ, ਫਿਰ ਢਿੱਲੋਂ ਗਰੁੱਪ , ਫਿਰ ਐਸ ਸੀ ਬੀ ਸੀ ਇੰਪਲਾਈਜ਼ ਯੂਨੀਅਨ ਤੱਕ ਪਿਛਾਂਹ ਵੱਲ ਨੂੰ ਤੁਰਿਆ, ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਤੱਕ ਪੁੱਜ ਗਿਆ ਸੀ । ਇਨੀ ਦਿਨੀਂ ਉਹ ਅਗਾੳ ਸੇਵਾ-ਮੁਕਤ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੂਬਾ ਜਨਰਲ ਸਕੱਤਰ ਹੈ । ਇਸ ਵੰਨਗੀ ਦਾ ਦੂਜਾ ਵਿਅਕਤੀ ਅੱਜ ਕੱਲ ਅਧਿਆਪਕ ਦਲ ਦਾ ਤਹਿਸੀਲ ਪ੍ਰਧਾਨ ਹੈ , ਅਜਿਹੇ ਪਾਤਰਾਂ ਦੀ ਮੌਕਾਪ੍ਰਸਤ ਪਹੁੰਚ ਮੇਰੀਆ ਕਹਾਣੀਆ ਵਿੱਚ ਵਾਰ ਵਾਰ ਦਖਲ ਅੰਦਾਜ਼ੀ ਹੋਈ ਹੈ ।ਅਸਲ ਚ ਸਾਡੇ ਸਮਿਆਂ ਦੀ ਇਹ ਗੈਰ-ਵਿਸ਼ਵਾਸ਼ਯੋਗ ਮਿਡਲ ਕਲਾਸ ਹੈ , ਜੋ ਸੂਝਵਾਨ ਹੁੰਦੀ ਹੋਈ ਵੀ ਸੋਝੀ ਨਹੀਂ ਰੱਖਦੀ । ਕਾਰਜਸ਼ੀਲ ਹੁੰਦੀ ਹੋਈ ਵੀ ਲੋਕ-ਮੁਖੀ ਦਿਸ਼ਾ ਨਹੀ ਅਪਣਾਉਦੀ । ਇਨ੍ਹਾਂ ਦਾ ਪਲ ਪਲ ਵੱਟਦਾ ਰੰਗ ਉਪਰੋਤਕ ਦੋਵਾਂ ਉਦਾਹਰਨਾਂ ਦੀ ਰੌਸ਼ਨੀ ਵਿੱਚ ਨਾਈਟ ਸਰਵਿਸ ਦੇ ਇਤਿਹਾਸ ਦੇ ਪੋ੍ਫੈਸਰ ਤੇ ਉਹ ਵੀ ਕੀ ਕਰਦਾ ਦੇ ਮੈਂ ਪਾਤਰ ਦੇ ਰੂਪ ਰਾਹੀਂ ਵੀ ਅੰਕਿਤ ਹੈ । ਇਨ੍ਹਾਂ ਪਾਤਰਾਂ ਦੀ ਰਲਦੀ ਮਿਲਦੀ ਵੰਨਗੀ ਚ ਕੁਝ ਕੁ ਅਜਿਹੇ ਪਾਤਰ ਵੀ ਮੇਰੀਆ ਕਹਾਣੀਆਂ ਦਾ ਆਧਾਰ ਬਣੇ ਹਨ , ਜਿਹੜੇ ਸਮਾਜਿਕ ਕਾਰਜਾਂ ਲਈ ਅਰਪਿਤ ਹੁੰਦੇ ਹੋਏ ਅਗਾਂਹ ਵਧਣ ਤੋਂ ਭਾਵੇਂ ਝਿਜਕਦੇ ਹੋਣ , ਪਰ ਪਿੱਛਲ ਖੁਰੀ ਨਹੀਂ ਤੁਰਦੇ । ਦੂਜੇ ਸ਼ਬਦਾਂ ਵਿੱਚ ਪ੍ਰਸਥਿਤੀਆ ਉਨਾਂ ਦੇ ਰਾਹਾਂ ਵਿੱਚ ਪੈਰ ਪੈਰ ਤੇ ਰੋੜੇ ਅਟਕਾਉਦੀਆਂ ਹਨ । ਉਨ੍ਹਾਂ ਨੂੰ ਸਮਕਾਲ ਦੀ ਉਪਰੀ-ਉਪਰੀ ਸਮਝ ਤਾਂ ਹੁੰਦੀ ਹੈ , ਪਰ ਇਸ ਤੱਥ ਦੀ ਸੋਝੀ ਨਹੀ ਆਉਦੀ ਕਿ ਉਨਾਂ ਨਾਲ ਅਜਿਹਾ ਕਿਉ ਵਾਪਰ ਰਿਹਾ ਹੈ । ਇਸ ਸੂਚੀ ਵਿੱਚ ਧੁੰਦ ਕਹਾਣੀ ਦਾ ਭਾਈ ਘਨੱਈਆ, ਉਹ ਵੀ ਕੀ ਕਰਦਾ ਦਾ ਭਜਨਾ ਉਰਫ ਪਾਲ, ਮਿੱਟੀ ਕਹਾਣੀ ਦਾ ਤਾਇਆ , ਬਾਕੀ ਦਾ ਸੱਚ ਦਾ ਗਾਮੀ ਆਦ ਸ਼ਾਮਲ ਹਨ । ਇਹ ਪਾਤਰ ਮਾਸਟਰ  ਯੋਧ ਸਿੰਘ ਵਰਗੇ ਸਹਿਰਦ ਕਾਮੇ , ਜਿਨ੍ਹਾਂ ਸਰਕਾਰੀ ਨੌਕਰੀਆ ਨੂੰ ਤਿਆਗ ਕੇ ਆਪਣੇ ਆਪ ਜਨ ਹਿੱਤਾਂ ਲਈ ਅਪਰਣ ਕੀਤਾ ਤੇ ਹੱਥ ਪੱਲੇ ਪਈ ਹੁਣ ਤੱਕ ਨਿਰਾਸ਼ਾ ਨੂੰ ਪ੍ਰਗਟ ਕਰਨ ਦਾ ਹੀ ਸਾਧਨ ਹਨ । ਅਸਲ ਵਿੱਚ ਇਹ ਵੀਹਵੀ-ਇੱਕੀਵੀ ਸਦੀ ਦੇ ਵਿਕਰਾਲ ਸਮਾਜਿਕ ਰਾਜਨੀਤਕ ਆਰਥਿਕ ਵਰਤਾਰੇ ਸਾਹਮਣੇ ਬੇ-ਬੱਸ ਹਨ । ਇਨ੍ਹਾਂ ਦੀ ਪੈਂਡ ਚਾਲ ਜਕੜੀ ਗਈ ਹੈ , ਅਜਿਹੀ ਚਿੰਤਾਮਈ ਸਥਿਤੀ ਚ ਮੇਰੇ ਅੰਦਰ ਉਸੇ ਕਿਸਮ ਦਾ ਖਲਾਅ ਮੁੜ ਉਤਪੰਨ ਹੋਣ ਲੱਗ ਪਿਆ ਹੈ , ਜਿਸ ਦੀ ਭਰਪਾਈ ਕਰਦਿਆ ਸਮਾਜਿਕ  ਪ੍ਰਤੀਬੱਧਤਾ ਦੇ ਕਿ੍ਸ਼ਮਾਕਾਰੀ ਸਿਧਾਂਤ ਨੇ ਹੁਣ ਤੱਕ ਡੋਲਣ ਨਹੀਂ ਸੀ ਦਿੱਤਾ । ਪਰ ਪਰ ਹੁਣ ਇਉ ਜਾਪਦਾ ਹੈ ਕਿ ਮੇਰੀ ਕਹਾਣੀ ਥਰਸਟੀ ਕਰੋਅ ਦੇ ਸੰਗੀਤ ਪੋ੍ਫੈਸਰ ਦੀ ਹੋਣੀ ਵਾਂਗ ਮੇਰੇ ਆਪਣੇ ਤੇ ਵੀ ਗਲੋਬਲ ਕਲਚਰ ਦੀ ਪਾਣ ਤੇ ਚੜ੍ਹ ਗਈ ਹੈ । ਮੇਰੇ ਖਲਾਅ ਨੂੰ ਡਾ ਕੇਸਰ ਸਿੰਘ ਕੇਸਰ ਨੇ ਬਾਖੂਬੀ ਬਿਆਨ ਕੀਤਾ ਹੈ । ਉਨ੍ਹਾਂ ਅਨੁਸਾਰ ੱ ਅੱਜ ਨਾ ਕਿਸੇ ਸਮਾਜਿਕ ਇਨਕਲਾਬ ਦੀ ਉਭਰਵੀ ਸਥਿਤੀ ਹੈ ਨਾ ਹੀ ਕਿਸੇ ਸ਼ਕਤੀਸ਼ਾਲੀ ਵਿਚਾਰਧਾਰਾ ਦਾ ਬੋਲਬਾਲਾ ਹੈ । ਵਿਚਾਰਧਾਰਾ ਦਾ ਬਦਲ ਬਣ ਗਿਆ ਹੈ , ਪਾਪੂਲਰਇਜ਼ਮ,ਵਿਖੰਡਨਾਵਾਦ ਤੇ ਉੱਤਰ ਆਧੁਨਿਕਤਾ ।  ਪਰ ਨਾਲ ਦੀ ਨਾਲ ਮੈਨੂੰ ਇਹ ਵੀ ਉਮੀਦ ਹੈ ਕਿ ਕਲਾ ਤੇ ਸਾਹਿਤ ਜੀਵਨ ਲਈ ਦੇ ਵਿਕਲਪ ਨੂੰ ਅਪਣਾਉਣ ਵਾਲੇ ਸਾਹਿਤਕਾਰ-ਕਹਾਣੀਕਾਰ ਇਵੇਂ ਦੀ ਡਾਵਾਂਡੋਲਤਾ ਅੰਦਰ ਬਹੁਤਾ ਸਮਾਂ ਨਹੀ ਭਟਕਣਗੇ । ਸਮਕਾਲ ਦੀਆਂ ਅਣਸੁਖਾਵੀਆ ਤੇ ਗੰਭੀਰ ਪ੍ਰਸਥਿਤੀਆਂ ਵਿੱਚੋਂ ਵੀ ਉਹ ਕੋਈ ਨਾ ਕੋਈ ਰਾਹ ਕੱਢ ਹੀ ਲੈਣਗੇ । ਸਮਰੱਥ ਸਾਹਿਤਕਾਰਾਂ ਦੀ ਇਹ ਸਦੀਆਂ ਪੁਰਾਣੀ ਇਤਿਹਾਸਕਾਰੀ ਹੈ । ਨੈਪੋਲੀਅਨ ਅਨੁਸਾਰ ਸੰਸਾਰ ਜਿੱਤਣ ਲਈ ਸਿਰਫ ਦੋ ਹੀ ਸ਼ਕਤੀਆ ਹਨ –ਤਲਵਾਰ ਅਤੇ ਕਲਮ । ਤਲਵਾਰ ਕਲਮ ਨੂੰ ਚੁੱਪ ਨਹੀ ਕਰਵਾ ਸਕੀ, ਕਲਮ ਤਲਵਾਰ ਨੂੰ ਚੁੱਪ ਕਰਵਾਉਦੀ ਆਈ ਹੈ । ਮੈਂ ਵੀ ਕਲਮਾਂ ਵਾਲਿਆਂ ਦੀ ਸ਼ਕਤੀ ਦਾ ਉਪਾਸ਼ਕ ਹੋਣ ਨਾਤੇ , ਉਨ੍ਹਾਂ ਦੇ ਕਾਫਲੇ ਵਿੱਚ ਸ਼ਾਮਲ ਹੋਣ ਨੂੰ ਮੁੜ ਤੋਂ ਅਗਾਂਹ ਵੱਲ ਨੂੰ ਤੋਰਨਾ ਹੈ । ਉਂਝ ਖੁਰਕ ਮੇਰੀ ਪਿੱਠ ਤੇ ਹੁੰਦੀ ਹੈ , ਇਸ ਲਈ ਮੈਨੂੰ ਆਪ ਨੂੰ ਹੀ ਆਪਣੀ ਪਿੱਠ ਚੰਗੀ ਤਰਾਂ ਖੁਰਕਣੀ ਪੈਣੀ ਹੈ । ਸ਼ਾਇਰ ਜਸਵਿੰਦਰ ਦਾ ਇਹ ਸ਼ੇਅਰ ਵੀ ਤੁਰਦੇ ਪੈਰਾਂ ਦਾ ਹਮਸ਼ਫਰ ਬਣੇਗਾ ।

ਦੂਰ ਦੇ ਰਾਹੀਆਂ ਨੂੰ ਭੀ ਭੁੱਖਾਂ ਤੇ ਕੀ ਨੀਂਦਰਾਂ,
ਚੱਲ ਬਈ ਮਰਦਾਨਿਆਂ ਹੁਣ ਚਲੀਏ ਅਗਲੇ ਗਿਰਾਂ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>