ਗੁਰਦੁਆਰਾ ਗੋਲਕ ਵਿਦਿਆ ਲਈ ਵੀ ਰਾਖਵੀਂ ਰਖੀ ਜਾਏ

ਅੰਗਰੇਜ਼ੀ ਦੀ ਇਕ ਕਹਾਵਤ ਹੈ “ਅਨਪੜ੍ਹ ਤੋਂ ਅਣਜੰਮਿਆ ਚੰਗਾ” ਜਿਸ ਤੋਂ ਪਤਾ ਲਗਦਾ ਹੈ ਕਿ ਪੜ੍ਹਾਈ ਦਾ ਕਿਤਨਾ ਕੁ ਮਹੱਤਵ ਹੈ।ਗੁਰਬਾਣੀ ਦਾ ਫੁਰਮਾਨ ਹੈ, “ਵਿਦਿਆ ਵੀਚਾਰੀ ਤਾਂ ਪਰਉਪਕਾਰੀ।” ਕਿਸੇ ਵਿਅਕਤੀ ਨੂੰ ਵਿਦਿਆ ਦੇਣ ਦਾ ਕਿਤਨਾ ਕੁ ਪਰਉਪਕਾਰ ਹੁੰਦਾ ਹੈ, ਇਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ :-“ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁਨ ਸਿਖ ਕੋ ਇਕ ਸਬਦ ਸਖਾਏ ਕਾ ।”

ਪੰਜਾਬ ਭਾਵੇਂ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ, ਪਰ ਵਿਦਿਆ ਦੇ ਖੇਤਰ ਵਿਚ ਬਹੁਤ ਪਿਛੇ ਹੈ। ਪਿੰਡਾਂ, ਜਿਥੇ ਸਿੱਖ ਬਹੁ-ਵਸੋਂ ਹੈ,  ਵਿਚ ਤਾਂ ਪੜ੍ਹਾਈ ਦਾ ਬੁਰਾ ਹਾਲ ਹੈ।ਵਿੱਦਿਆ ਦੀ ਘਾਟ ਕਰਕੇ ਹੀ ਸਾਡੇ ਬੱਚੇ ਆਪਣੇ ਮਹਾਨ ਵਿਰਸੇ ਤੋਂ ਦੂਰ ਜਾ ਰਹੇ ਹਨ, ਤੇ ਨਸ਼ਿਆਂ ਦੇ ਆਦੀ ਹੋ ਰਹੇ ਹਨ। ਜੇ ਸਾਡੇ ਬੱਚੇ ਵਿੱਦਿਆ ਹੀ ਪ੍ਰਾਪਤ ਨਾ ਕਰ ਸਕੇ ਤਾਂ ਆਈ.ਏ.ਐਸ., ਆਈ.ਪੀ..ਐਸ., ਡਾਕਟਰ, ਇੰਜੀਨੀਅਰ, ਪ੍ਰੋਫੈਸਰ ਅਤੇ ਹੋਰ ਵਿਦਵਾਨ ਕਿੱਥੋਂ ਆਉਣਗੇ ? ਹੁਣ ਜਦੋਂ ਦੁਨੀਆ ਸੁੰਘੜ ਕੇ ਇਕ ਵਿਸ਼ਵੀ ਪਿੰਡ (ਗਲੋਬਲ ਵਿਲੇਜ) ਬਣਦੀ ਜਾ ਰਹੀ ਹੈ, ਵਿਦਿਆ ਵਿਸ਼ੇਸ਼ ਕਰ ਕੇ ਉਚੇਰੀ ਵਿਦਿਆ, ਕਿੱਤਾ-ਮੁਖੀ ਤੇ ਸੂਚਨਾ ਤੇਤਕਨਾਲੋਜੀ ਬਾਰੇ ਸਿਖਿਆ ਬਹੁਤ ਜ਼ਰੂਰੀ ਹੋ ਗਈ ਹੈ, ਨਹੀਂ ਤਾਂ ਅਸੀਂ ਇਸ ਤੇਜ਼ ਰਫਤਾਰ ਤੇ ਪ੍ਰਤਿਯੋਗਤਾ ਵਾਲੇ ਦੌਰ ਵਿਚ ਪਛੜ ਜਾਵਾਂ ਗੇ।

ਪ੍ਰਸਿਧ ਪਾਕਿਸਤਾਨੀ ਵਿਦਵਾਨ ਤੇ ਕਾਲਮ-ਨਵੀਸ ਡਾ: ਫਾਰੂਖ ਸਲੀਮ ਦਾ ਵਿਦਿਆ ਦੇ ਮਹਤੱਵ ਬਾਰੇ ਇਕ ਬੜਾ ਲੰਬਾ ਚੌੜਾ ਲੇਖ ਪਾਕਿਸਤਾਨ ਦੀਆਂ ਅੰਗਰੇਜ਼ੀ ਅਖ਼ਬਾਰਾਂ ਵਿਚ ਛਪਿਆ ਹੈ। ਉਨ੍ਹਾਂ ਅਨੁਸਾਰ “ਮੁਸਲਮਾਨਾਂ ਦੀ ਗਿਣਤੀ ਯਹੂਦੀਆਂ ਨਾਲੋਂ 100 ਗੁਣਾਂ ਵੱਧ ਹੈ, ਪ੍ਰੰਤੂ ਤਾਕਤ ਵਿੱਚ ਯਹੂਦੀ ਮੁਸਲਮਾਨਾਂ ਨਾਲੋਂ 100 ਗੁਣਾ ਵੱਧ ਹਨ । ਇਸ ਦਾ ਕਾਰਨ ਵਿੱਦਿਆ ਅਤੇ ਸਿਰਫ਼ ਵਿੱਦਿਆ ਹੀ ਹੈ।” ਅਸੀ ਆਪਣੀ ਗਲ ਕਰੀਏ, ਯਹੂਦੀਆਂ ਦੀ ਗਿਣਤੀ ਸਿੱਖਾਂ ਨਾਲੋਂ ਅੱਧੀ ਹੈ ਪ੍ਰੰਤੂ ਉਨ੍ਹਾਂ ਦੀਆਂ ਪ੍ਰਾਪਤੀਆਂ ਸਾਡੇ ਤੋਂ ਕਿਤੇ ਵੱਧ ਹਨ। ਹਾਲੇ ਤਕ ਕਦੇ ਕਿਸੇ ਸਿੱਖ ਨੇ ਨੋਬਲ ਇਨਾਮ ਪ੍ਰਾਪਤ ਨਹੀਂ ਕੀਤਾ ਜਦੋਂ ਕਿ ਯਹੂਦੀਆਂ ਨੇ 180  ਨੋਬਲ ਇਨਾਮ ਪ੍ਰਾਪਤ ਕਰ ਲਏ ਹਨ। ਸਿੱਖਾਂ ਨੇ ਹਰ ਖੇਤਰ ਵਿਚ ਮੱਲ੍ਹਾਂ ਮਾਰਨੀਆਂ ਹਨ ਤਾਂ ਜ਼ਰੂਰੀ ਹੈ ਕਿ ਆਪਣੇ ਬੱਚਿਆ ਨੂੰ ਵੱਧ ਤੋਂ ਵੱਧ ਵਿਦਿਆ ਪੜ੍ਹਾਈਏ ਅਤੇ ਉਚੇਰੇ ਅਹੁਦਿਆਂ ਤੇ ਕਿੱਤਾ-ਮੁਖੀ ਕੋਰਸਾਂ ਲਈ ਕੋਚਿੰਗ ਦਾ ਪ੍ਰਬੰਧ ਕਰਕੇ ਦੇਈਏ। ਇਹ ਕੰਮ ਸਰਕਾਰ ਦਾ ਹੈ, ਪਰ ਕੋਈ ਵੀ ਸਰਕਾਰ ਬੱਚਿਆਂ ਨੂੰ ਮਿਆਰੀ ਤੇ ਚੰਗੇਰੀ ਸਿਖਿਆ ਦੇਣ ਲਈ ਯਤਨ ਨਹੀਂ ਕਰਦੀ। ਅਸੀਂ ਪੰਜਾਬ ਦੀ ਹੀ ਗਲ ਕਰੀਏ, ਤਾਂ ਸਰਕਾਰੀ ਸਕੂਲਾਂ ਵਿਸ਼ੇਸ਼ ਕਰ ਪੇਂਡੂ ਖੇਤਰਾਂ ਵਿਚ ਬਹੁਤ ਬੁਰਾ ਹਾਲ ਹੈ। ਕਿਤੇ ਸਕੂਲ ਦੀ ਇਮਾਰਤ ਦੀ ਸਮੱਸਿਆ ਹੈ ਤੇ ਕਿਤੇ ਕੰਪਿਊਟਰ, ਲੈਬ ਤੇ ਫਰਨੀਚਰ ਦੀ ਘਾਟ ਹੈ ਅਤੇ ਬਹੁਤੇ ਸਕੂਲਾਂ ਵਿਚ ਸਟਾਫ ਹੀ ਪੂਰਾ ਨਹੀਂ ਹੈ।

ਸਿੱਖਾਂ ਦੇ ਵਿੱਦਿਆ ਵਿੱਚ ਪਛੜਨ ਦੇ ਕਈ ਕਾਰਨ ਹਨ। ਹੋਣਹਾਰ ਅਤੇ ਗਰੀਬ ਪਰਿਵਾਰਾਂ ਦਾ ਮਾਇਆ ਦੀ ਘਾਟ ਕਰਕੇ ਵਿੱਦਿਆ ਹਾਸਲ ਨਾ ਕਰ ਸਕਣਾ ਇੱਕ ਮੁੱਖ ਕਾਰਨ ਹੈ ਜਿਸ ਵੱਲ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਬਣਦਾ ਹੈ ।ਪਹਿਲਕੇ ਸਮਿਆਂ ਵਿਚ ਗੁਰਦੁਆਰਿਆਂ ਵਿਚ ਗ੍ਰੰਥੀ, ਮੰਦਰਾਂ ਵਿਚ ਪੁਜਾਰੀ ਅਤੇ ਮਸਜਿਦਾਂ ਵਿਚ ਮੌਲਵੀ ਬੱਚਿਆਂ ਨੂੰ ਆਪਣੇ ਧਾਰਮਿਕ ਅਕੀਦੇ  ਅਨੁਸਾਰ ਚਾਰ ਅੱਖਰ ਪੜ੍ਹਣ ਲਿਖਣ ਜੋਗੀ ਥੋੜੀ ਜਿਹੀ ਵਿਦਿਆ ਦੇ ਦਿਆ ਕਰਦੇ ਸਨ। ਪ੍ਰਸਿੱਧ ਪੰਥਕ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਗੁਰਦੁਆਰੇ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਹੈ, “ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ-ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ।” ਸ਼ਾਇਦ ਇਹੋ ਹੀ ਕਾਰਨ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪਿਛਲੇ ਵਰ੍ਹੇ “ਸਰਹਿੰਦ ਫਤਹਿ ਦਿਵਸ” ਸਬੰਧੀ ਆਪਣੇ ਸੰਦੇਸ਼ ਵਿੱਚ ਹਰੇਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਆਪਣੀ ਗੋਲਕ  ਦਾ ਪੰਜ ਫੀਸਦੀ ਹਿੱਸਾ ਵਿੱਦਿਆ ਲਈ ਰਾਖਵਾਂ ਰੱਖਣ ਲਈ ਆਖਿਆ ਹੈ।

ਇਸ ਅਪੀਲ ਉਤੇ ਸਭ ਤੋਂ ਪਹਿਲਾਂ ਫੁੱਲ ਚੜ੍ਹਾਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਜਿਸ ਤੋਂ ਪ੍ਰੇਰਣਾ ਲੈਕੇ ਲੁਧਿਆਣਾ ਦੇ ਹੋਰ ਕਈ ਗੁਰਦੁਆਰਾ ਸਾਹਿਬਾਨ ਨੇ ਆਪਣੇ ਬੱਜਟ ਦਾ 5% ਵਿੱਦਿਆ ਲਈ ਰਾਖਵਾਂ ਰੱਖਿਆ ਹੈ। ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯਤਨਾਂ ਸਦਕਾ ਲੁਧਿਅਣਾ ਦੇ ਕਈ ਦਰਜਨਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾ ਦੀ ਇਕ ਇਕੱਤ੍ਰਤਾ 9 ਅਪਰੈਲ ਨੂੰ ਬੁਲਾਈ ਗਈ, ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਕੇ ਸੰਬੋਧਣ ਕੀਤਾ ਅਤੇ ਉਨ੍ਹਾਂ ਦੇ ਇਸ ਨੇਕ ਕਾਰਜ ਦਾ ਹਾਰਦਿਕ ਸਵਾਗਤ ਕੀਤਾ ਤੇ ਸ਼ਾਬਾਸ਼ ਦਿਤੀ।

ਇਸ ਸਮੇਂ ਲੁਧਿਅਣਾ ਦੇ ਬਹੁਤੇ ਗਰਦੁਆਰੇ ਆਪਣੀ ਗੋਲਕ ਦਾ ਪੰਜ ਫੀਸਦੀ ਹਿੱਸਾ ਵਿਦਿਆ ਲਈ ਰਾਖਵਾਂ ਰਖ ਰਹੇ ਹਨ। ਇਸ ਪੈਸੇ ਸਬੰਧਤ ਗੁਰਦੁਆਰਾ  ਦੇ ਪ੍ਰਬੰਧਕ ਆਪਣੇ ਖੇਤਰ ਵਿਚ ਮਾਇਕ ਤੌਰ ਤੇ ਕਮਜ਼ੋਰ ਅਤੇ ਹੋਨਿਹਾਰ ਵਿਦਿਆਰਥੀਆਂ ਦੀ ਫੀਸ, ਕਿਤਾਬਾਂ, ਕੋਚਿੰਗ ਆਦਿ ਜਾਂ ਆਪਣੇ ਤਹਿ ਕੀਤੇ ਵਿਦਿਅਕ ਪ੍ਰੋਗਰਾਮ  ਲਈ ਖਰਚ ਕਰ ਰਹੇ ਹਨ।ਇਥੇ ਇਹ ਇਕ ਲਹਿਰ ਬਣਦੀ ਜਾ ਰਹੀ ਹੈ। ਦੂਜੇ ਸ਼ਹਿਰਾਂ ਤੇ ਖੇਤਰਾਂ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਲੁਧਿਅਣਾ ਤੋਂ ਪ੍ਰੇਰਨਾ ਲੈ ਕੇ ਗਰੀਬ ਤੇ ਹੋਨਿਹਾਰ ਬੱਚਿਆਂ ਦੀ ਪੜ੍ਹਾਈ ਵਿਚ ਮੱਦਦ ਕਰਨ ਦਾ ਯਤਨ ਕਰਨਾ ਚਾਹੀਦਾ ਹੈ, ਤਾ ਜੋ ਅਸੀਂ ਸਮੇਂ ਦੇ ਹਾਣੀ ਬਣ ਸਕੀਏ ਤੇ ਸਾਡੇ ਬੱਚੇ ਹਰ ਖੇਤਰ ਵਿਚ ਮੱਲ੍ਹਾਂ ਮਾਰਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>