ਨਿਊਯਾਰਕ- ਸੰਯੁਕਤ ਰਾਸ਼ਟਰ ਨੇ ਉਸ ਬਿਆਨ ਨੂੰ ਮਨਜੂਰੀ ਦੇ ਦਿੱਤੀ ਹੈ, ਜਿਸ ਵਿੱਚ ਸੀਰੀਆ ਦੀ ਸਰਕਾਰ ਵਲੋਂ ਨਾਗਰਿਕਾਂ ਦੇ ਖਿਲਾਫ਼ ਸੈਨਿਕ ਸ਼ਕਤੀ ਵਰਤਣ ਦੀ ਸਖਤ ਅਲੋਚਨਾ ਕੀਤੀ ਗਈ ਹੈ। ਸੁਰੱਖਿਆ ਪ੍ਰੀਸ਼ਦ ਨੇ ਸਰਕਾਰ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਕਰਨ ਦਾ ਵੀ ਦੋਸ਼ ਲਗਾਇਆ ਹੈ।
ਸੀਰੀਆ ਵਿੱਚ ਸਰਕਾਰ ਵਿਰੁੱਧ ਹੋ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ ਸਰਕਾਰ ਆਮ ਲੋਕਾਂ ਨੂੰ ਦਬਾਉਣ ਲਈ ਸੈਨਿਕ ਬਲਾਂ ਦਾ ਪ੍ਰਯੋਗ ਕਰ ਰਹੀ ਹੈ। 15 ਮੈਂਬਰੀ ਪ੍ਰੀਸ਼ਦ ਨੇ ਇੱਕ ਬਿਆਨ ਜਾਰੀ ਕਰਕੇ ਰਾਸ਼ਟਰਪਤੀ ਅਸਦ ਤੇ ਇਹ ਅਰੋਪ ਲਗਾਇਆ ਹੈ ਕਿ ਸਰਕਾਰ ਵਿਰੋਧੀ ਪਰਦਰਸ਼ਨਾਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਬਾਨ ਕੀ ਮੂਨ ਨੇ ਇਸ ਖੂਨ-ਖਰਾਬੇ ਦੀ ਸਖਤ ਸ਼ਬਦਾਂ ਵਿੱਚ ਅਲੋਚਨਾ ਕੀਤੀ ਹੈ। ਸੈਨਾ ਦੇ ਟੈਂਕ ਵਿਖਾਵਾਕਾਰੀਆਂ ਨੂੰ ਦਬਾਉਂਦੇ ਹੋਏ ਸ਼ਹਿਰ ਦੇ ਅੰਦਰ ਤੱਕ ਚਲੇ ਗਏ ਹਨ। ਐਤਵਾਰ ਤੋ ਲੈ ਕੇਂ ਹੁਣ ਤੱਕ 140 ਲੋਕ ਮਾਰੇ ਗਏ ਹਨ। ਜਿਆਦਾਤਰ ਲੋਕ ਹਮਾ ਵਿੱਚ ਮਾਰੇ ਗਏ ਹਨ। ਮਾਰਚ ਤੋਂ ਲੈ ਕੇ ਹੁਣ ਤੱਕ 1600 ਲੋਕ ਮਾਰੇ ਜਾ ਚੁੱਕੇ ਹਨ।