ਪੰਜਾਬ ਯੂਥ ਕਾਂਗਰਸ ਦੀ ਚੋਣ ਰੁਕਵਾਉਣ ਲਈ ਕੁਝ ਯੂਥ ਅਤੇ ਕਾਂਗਰਸ ਲੀਡਰ ਯਤਨਸ਼ੀਲ

ਸਰਵ ਭਾਰਤੀ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਪੰਜਾਬ ਯੂਥ ਕਾਂਗਰਸ ਦੀ ਚੋਣ ਵਿਚ ਦੂਜੀ ਵਾਰ ਨਵਾਂ ਤਜਰਬਾ ਕਰ ਰਹੇ ਹਨ। ਯੂਥ ਕਾਂਗਰਸ ਨੂੰ ਲਾਮਬੰਦ ਕਰਨ ਲਈ ਉਹਨਾਂ 2 ਸਾਲ ਪਹਿਲਾਂ ਵੀ ਅਜਿਹੀ ਚੋਣ ਵਿਚ ਇਕ ਨਵਾਂ ਤਜਰਬਾ ਪੰਜਾਬ ਤੋਂ ਹੀ ਸੁਰੂ ਕੀਤਾ ਸੀ, ਅਸਲ ਵਿਚ ਉਹ ਕਾਂਗਰਸ ਵਿਚ ਨੌਜਵਾਨਾਂ ਰਾਂਹੀ ਦੂਜੀ ਪੱਧਰ ਦੀ ਲੀਡਰਸ਼ਿਪ ਪੈਦਾ ਕਰਨ ਦੇ ਇਛੁਕ ਹਨ। ਪੰਜਾਬ ਦੇ ਤਜਰਬੇ ਤੋਂ ਬਾਅਦ ਉਹਨਾਂ ਸਮੁੱਚੇ ਦੇਸ਼ ਵਿਚ ਅਜਿਹੀ ਚੋਣ ਕਰਵਾਈ ਸੀ, ਇਸ ਵਾਰ ਵੀ ਉਹਨਾਂ ਪੰਜਾਬ ਨੂੰ ਹੀ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਚੁਿਣਆ ਹੈ। ਦੇਸ਼ ਵਿਚ ਕਾਂਗਰਸ ਪਾਰਟੀ ਦੇ ਡਿਗ ਰਹੇ ਗ੍ਰਾਫ ਤੋਂ ਉਹ ਚਿੰਤਾਤੁਰ ਹਨ। ਹੁਣ ਪੰਜਾਬ ਵਿਚ 28 ਮਈ ਤੋਂ 24 ਜੂਨ ਤੱਕ ਦੁਬਾਰਾ ਮੈਬਰਸ਼ਿਪ ਕੀਤੀ ਗਈ ਹੈ ਜੋ ਕਿ ਪਿਛਲੀ 3 ਲੱਖ 25000 ਦੀ ਮੈਂਬਰਸ਼ਿਪ ਦੇ ਮੁਕਾਬਲੇ 9 ਲੱਖ 98 ਹਜਾਰ ਦੇ ਕਰੀਬ ਹੋ ਗਈ ਹੈ। ਇਸ ਵਾਰੀ ਯੂਥ ਕਾਂਗਰਸ ਦੀ ਮੈਂਬਰਸ਼ਿਪ ਅਕਾਲੀ ਗੜ੍ਹ ਵਾਲੇ ਖੇਤਰਾਂ ਵਿਚ ਬਹੁਤ ਜਿਆਦਾ ਹੋਈ ਹੈ। ਪਟਿਆਲਾ ਲੋਕ ਸਭਾ ਹਲਕੇ ਵਿਚ ਸਭ ਤੋਂ ਵੱਧ 1,22,462 ਦੂਜੇ ਨੰਬਰ ਤੇ ਤਰਨਤਾਰਨ ਲੋਕ ਸਭਾ 98,248 ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦਾ ਹਲਕਾ ਹੈ, ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚੋ 87,228 ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ 87,577 ਹੋਈ ਹੈ।  ਜੋ ਕਿ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕੇ ਵਿਚ ਹੈ। ਵਿਧਾਨ ਸਭਾ ਹਲਕਾ ਮਾਨਸਾ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚੋਂ 30,111 ਮੈਂਬਰ ਬਣਾ ਕੇ ਮੋਹਰੀ ਰਿਹਾ ਹੈ, ਇਹ ਸਾਰੇ ਇਲਾਕੇ ਅਕਾਲੀ ਦਲ ਦੇ ਗੜ੍ਹ ਹਨ।  ਇਸ ਵਾਰੀ ਔਰਤਾਂ ਦੀ ਮੈਂਬਰਸ਼ਿਪ ਵੀ ਪਿਛਲੀ ਵਾਰ ਦੀ 9 ਪ੍ਰਤੀਸ਼ਤ ਤੋਂ ਵੱਧ ਕੇ 21 ਪ੍ਰਤੀਸ਼ਤ ਹੋਈ ਹੈ।  ਜੋ ਕਿ ਬਹੁਤ ਹੀ ਉਸਾਰੂ ਪ੍ਰਵਿਰਤੀ ਹੈ, ਔਰਤਾਂ ਲਈ ਹਰ ਵਿਧਾਨ ਸਭਾ ਲੋਕ ਸਭਾ ਅਤੇ ਪੰਜਾਬ ਪੱਧਰ ਤੇ ਦੋ ਦੋ ਅਹੁਦੇ ਰਾਖਵੇਂ ਰਖੇ ਗਏ ਹਨ। ਹੁਣ ਤੱਕ ਦੇਸ਼ ਦੇ 20 ਰਾਜਾਂ ਵਿਚ ਯੂਥ ਕਾਂਗਰਸ ਦੀ ਮੈਂਬਰਸ਼ਿਪ ਹੋ ਚੁੱਕੀ ਹੈ। ਪੰਜਾਬ ਯੂਥ ਕਾਂਗਰਸ ਦੀ ਪਿਛਲੀ ਚੋਣ ਤੋਂ ਤੁਰੰਤ ਬਾਅਦ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਸਨ। ਸ੍ਰੀ ਰਾਹੁਲ ਗਾਂਧੀ ਨੇ ਪਿਛਲੀ ਯੂਥ ਕਾਂਗਰਸ ਦੀ ਬਾਡੀ ਵਿਚੋਂ ਸ੍ਰੀ ਰਵਨੀਤ ਸਿੰਘ ਬਿਟੂ ਅਤੇ ਸ੍ਰੀ ਸੁਖਵਿੰਦਰ ਸਿੰਘ ਡੈਨੀ ਨੂੰ ਕਰਮਵਾਰ ਸ੍ਰੀ ਆਨੰਦਪੁਰ ਸਾਹਿਬ ਅਤੇ ਫਰੀਦਕੋਟ ਦੀਆਂ ਲੋਕ ਸਭਾ ਦੀਆਂ ਟਿਕਟਾਂ ਦਿਤੀਆਂ ਤੇ ਸ੍ਰੀ ਰਵਨੀਤ ਸਿੰਘ ਬਿਟੂ ਐਮ.ਪੀ ਚੁਣੇ ਗਏ। ਇਸਤੋਂ ਬਾਅਦ ਯੂਥ ਕਾਂਗਰਸ ਦੇ ਚੁਣੇ ਗਏ ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਆਸਾਮ ਤੋਂ  ਨੁਮਾਇੰਦਿਆਂ ਨੂੰ ਪਿਛੇ ਜਹੇ ਹੋਈਆ ਵਿਧਾਨ ਸਭਾ ਦੀਆਂ ਚੋਣਾਂ ਵਿਚ ਟਿਕਟਾਂ ਦਿਤੀਆਂ ਗਈਆਂ ਇਹਨਾਂ ਵਿਚੋਂ 37 ਨੌਜਵਾਨ ਐਮ.ਐਲ.ਏ ਚੁਣੇ ਗਏ। ਪੰਜਾਬ ਵਿਚ ਹੋਣ ਜਾ ਰਹੀ ਯੂਥ ਕਾਂਗਰਸ ਦੀ ਚੋਣ ਨੇ ਕਾਂਗਰਸ ਦੇ ਸੀਨੀਅਰ ਲੀਡਰਾਂ ਜਿਹਨਾਂ ਵਿਚ ਐਮ.ਐਲ.ਏਜ, ਸਾਬਕ ਐਮ.ਐਲ.ਏਜ ਸ਼ਾਮਲ ਹਨ ਜੋ ਕਿ ਵਿਧਾਨ ਸਭਾ ਦੀਆਂ ਟਿਕਟਾਂ ਦੇ ਉਮੀਦਵਾਰ ਹਨ, ਉਹਨਾਂ ਦੀ ਨੀਂਦ ਉਡਾ ਦਿਤੀ ਹੈ। ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਹੈ ਕਿ ਯੂਥ ਕਾਂਗਰਸ ਦੇ ਚੁਣੇ ਹੋਏ ਨੁਮਾਇੰਦੇ ਉਹਨਾਂ ਦੀ ਥਾਂ ਤੇ ਟਿਕਟਾਂ ਲੈ ਜਾਣਗੇ, ਇਸੇ ਲਈ ਪੰਜਾਬ ਕਾਂਗਰਸ ਦੇ ਕੁੱਝ ਲੀਡਰ ਯੂਥ ਕਾਂਗਰਸ ਦੀ ਚੋਣ ਪ੍ਰਕਿਰਿਆ ਨੂੰ ਰੁਕਵਾਉਣਾਂ ਚਾਹੁੰਦੇ ਹਨ। ਪੰਜਾਬ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਇਸ ਵਾਰ ਪੰਜਾਬ ਯੂਥ ਕਾਂਗਰਸ ਦੀ ਚੋਣ ਜਿਲਾ ਪ੍ਰਧਾਨਾਂ ਦੀ ਥਾਂ ਤੇ ਇਹ ਚੋਣ ਬੂਥ, ਵਿਧਾਨ ਸਭਾ ਅਤੇ ਲੋਕ ਸਭਾ ਦੇ ਹਲਕਿਆ ਦੇ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਦੀ ਹੋ ਰਹੀ ਹੈ। ਇਸ ਤੋਂ ਸ਼ਪਸ਼ਟ ਹੈ ਕਿ ਪੰਜਾਬ ਦੇ 117 ਵਿਧਾਨ ਸਭਾ ਅਤੇ 13 ਲੋਕ ਸਭਾ ਦੇ ਹਲਕਿਆਂ ਦੇ ਪ੍ਰਧਾਨਾਂ ਤੇ ਉਹਨਾਂ ਦੀ ਟੀਮ ਦੀ ਚੋਣ ਹੋਵੇਗੀ। ਇਸ ਚੋਣ ਤੋਂ ਬਾਅਦ 117 ਵਿਧਾਨ ਸਭਾ ਹਲਕਿਆ ਦੇ ਚੁਣੇ ਗਏ ਪ੍ਰਧਾਨ ਕੁਦਰਤੀ ਹੀ ਉਸ ਹਲਕੇ ਤੋਂ ਟਿਕਟ ਦੇ ਦਾਆਵੇਦਾਰ ਹੋਣਗੇ। ਇਹੋ ਗੱਲ ਹੈ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕੁੱਝ ਸੀਨੀਅਰ ਮੈਂਬਰਾਂ, ਵਿਧਾਨਕਾਰਾਂ ਅਤੇ ਸਾਬਕ ਵਿਧਾਨਕਾਰਾਂ ਨੂੰ ਰੜਕਦੀ ਹੈ। ਵਿਧਾਨ ਸਭਾ ਹਲਕਿਆਂ ਦੀ ਨਵੀਂ ਹਲਕਾਬੰਦੀ ਨੇ ਪਹਿਲਾ ਹੀ ਵਿਧਾਨਕਾਰਾਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ। ਲੋਕ ਸਭਾ ਹਲਕਿਆਂ ਵਿਚ ਵੀ ਪ੍ਰਧਾਨ ਸਮੇਤ 10 ਅਹੁਦੇਦਾਰ ਚੁਣੇ ਜਾਣਗੇ ਜਿਨ੍ਹਾ ਵਿਚ ਔਰਤਾਂ, ਐਸ.ਸੀ ਅਤੇ ਓ.ਬੀ.ਸੀ ਦੇ ਮੈਂਬਰ ਹੋਣਗੇ। ਇਸੇ ਤਰ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਵੀ ਪ੍ਰਧਾਨ ਸਣੇ 10 ਮੈਂਬਰਾਂ ਦੀ ਟੀਮ ਹੋਵੇਗੀ।

ਪੰਜਾਬ ਵਿਚ ਯੂਥ ਕਾਂਗਰਸ ਨੂੰ ਪਿੰਡ ਪੱਧਰ ਤੇ ਸਰਗਰਮ ਕਰਨ ਲਈ ਬੂਥ ਲੈਵਲ ਤੇ ਯੂਥ ਕਾਂਗਰਸ ਦੀ ਚੋਣ ਵੀ ਕੀਤੀ ਜਾਵੇਗੀ। ਪੰਜਾਬ ਵਿਚ ਇਸ ਸਮੇਂ 26250 ਤੋਂ ਵੱਧ ਚੋਣ ਬੂਥ ਹਨ। ਸਭ ਤੋਂ ਪਹਿਲਾਂ ਇਹਨਾਂ ਬੂਥਾਂ ਦੇ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਕ ਬੂਥ ਤੋਂ 5 ਮੈਂਬਰ ਚੁਣੇ ਜਾਣਗੇ ਇਸਦਾ ਮਤਲਬ ਹੈ ਕਿ ਘੱਟੋ ਘਟ 1 ਲੱਖ 31 ਹਜਾਰ ਬੂਥ ਲੈਵਲ ਤੇ ਯੂਥ ਕਾਂਗਰਸੀ ਸਰਗਰਮ ਹੋਣਗੇ। ਫਿਰ ਇਕ ਅਸੈਂਬਲੀ ਹਲਕੇ ਵਿਚ ਜਿੰਨੇ ਬੂਥ ਹੋਣਗੇ ਉਹ ਪ੍ਰਧਾਨ ਸਣੇ 5-5 ਮੈਂਬਰਾਂ ਦੀ ਬਾਕਾਇਦਾ ਚੋਣ ਕਰਨਗੇ। ਫਿਰ ਇਕ ਲੋਕ ਸਭਾ ਹਲਕੇ ਵਿਚ ਜਿੰਨੇ ਵਿਧਾਨ ਸਭਾ ਹਲਕੇ ਹੋਣਗੇ ਉਹਨਾਂ ਦੇ ਚੁਣੇ ਹੋਏ ਮੈਂਬਰ ਲੋਕ ਸਭਾ ਦੇ ਪ੍ਰਧਾਨ ਸਮੇਤ 10 ਮੈਂਬਰਾਂ ਦੀ ਚੋਣ ਕਰਨਗੇ। ਪਿਛਲੀਆਂ ਚੋਣਾਂ ਵਿਚ ਯੂਥ ਕਾਂਗਰਸ ਦੇ 210 ਬਲਾਕਾਂ ਵਿਚੋ 14 ਮੈਂਬਰ ਪ੍ਰਤੀ ਬਲਾਕ ਕੁਲ 2900 ਡੈਲੀਗੇਟ ਚੁਣੇ ਗਏ ਸਨ ਜਿਹਨਾਂ ਨੇ ਬਲਾਕ ਜਿਲਾ ਅਤੇ ਸਟੇਟ ਬਾਡੀ ਦੀ ਚੋਣ ਕੀਤੀ ਸੀ। ਇਸ ਵਾਰ ਇਹ ਡੈਲੀਗੇਟਾਂ ਦੀ ਗਿਣਤੀ 1 ਲੱਖ 31 ਹਜਾਰ 250 ਹੋਵੇਗੀ। ਸ੍ਰੀ ਰਾਹੁਲ ਗਾਂਧੀ ਨੇ ਸੋਚਿਆ ਕਿ ਬੂਥ ਪੱਧਰ ਦੀ ਚੋਣ ਲਾਹੇਬੰਦ ਹੋਵੇਗੀ। ਉਹਨਾਂ ਦਾ ਸੁਪਨਾ ਹੈ ਕਿ ਜਿਹੜੇ ਬੂਥ ਲੈਵਲ ਦੇ ਅਹੁਦੇਦਾਰ ਚੁਣੇ ਜਾਂਦੇ ਹਨ, ਉਹਨਾਂ ਨੂੰ ਆਉਣ ਵਾਲੀਆਂ ਸਰਪੰਚਾਂ, ਪੰਚਾਂ ਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਵਿਚ 50 ਫੀਸਦੀ ਟਿਕਟਾਂ ਦਿਤੀਆਂ ਜਾਣ। ਵਿਧਾਨ ਸਭਾ ਤੇ ਲੋਕ ਸਭਾ ਹਲਕੇ ਦੇ ਪ੍ਰਧਾਨਾਂ ਤੇ ਅਹੁਦੇਦਾਰਾਂ ਵਿਚੋ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਕੁਝ ਟਿਕਟਾਂ ਦਿਤੀਆਂ ਜਾਣਗੀਆਂ। ਇਹ ਚੋਣ ਕਰਨ ਦਾ ਤਰੀਕਾ ਵੀ ਪਾਰਦਰਸ਼ੀ ਹੋਵੇਗਾ। ਭਾਰਤ ਦੇ ਸਾਬਕ ਚੋਣ ਕਮਿਸ਼ਨਰ ਸ੍ਰੀ ਲਿੰਡੋਹ ਅਤੇ ਸ੍ਰੀ ਕੇ.ਜੀ.ਰਾਓ ਦੀ ਅਗਵਾਈ ਵਿਚ ਇਹ ਚੋਣ ਹੋ ਰਹੀ ਹੈ। ਹਰ ਬਣਨ ਵਾਲੇ ਮੈਂਬਰ ਲਈ ਜਨਮ ਦਾ ਸਰਟੀਫੀਕੇਟ ਦੇਣਾ ਜਰੂਰੀ ਹੋਵੇਗਾ। ਮੈਂਬਰ ਦੀ ਉਮਰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਬੋਗਸ ਮੈਂਬਰਸ਼ਿਪ ਨੂੰ ਰੋਕਣ ਲਈ ਰਾਸ਼ਨਕਾਰਡ ਦੀ ਕਾਪੀ ਫਾਰਮ ਨਾਲ ਲਗਾਉਣੇ ਜਰੂਰੀ ਹੋਣਗੇ ਤੇ 15 ਰੁਪਏ ਦੀ ਫੀਸ ਹੋਵੇਗੀ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਮੈਂਬਰ ਦੀ ਯੋਗਤਾ ਤੇ ਸ਼ੱਕ ਹੋਵੇ ਤਾਂ ਉਹ 100 ਰੁਪਏ ਦੀ ਫੀਸ ਨਾਲ ਇਤਰਾਜ ਇਕ ਮਹੀਨੇ ਦੇ ਅੰਦਰ ਕਰ ਸਕਦਾ ਹੈ। ਪੰਜਾਬ ਯੂਥ ਕਾਂਗਰਸ ਦੇ ਚੁਣੇ ਹੋਣੇ ਮੈਂਬਰਾਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਦੇ ਡਰ ਕਰਕੇ ਐਮ.ਐਲ.ਏਜ, ਐਕਸ ਐਮ.ਐਲ.ਏਜ ਨੇ ਆਪਣੇ ਚਹੇਤਿਆਂ ਨੂੰ ਵੱਧ ਤੋਂ ਵੱਧ ਮੈਂਬਰ ਬਣਾਇਆ ਹੈ ਤਾਂ ਜੋ ਉਹ ਆਪਣੀ ਮਰਜੀ ਦਾ ਪ੍ਰਧਾਨ ਚੁਣ ਸਕਣ ਤੇ ਉਹ ਟਿਕਟ ਕਲੇਮ ਨਾ ਕਰੇ ਜੇ ਕਰੇਗਾ ਤਾਂ ਉਹਨਾਂ ਦੇ ਘਰ ਵਿਚ ਹੀ ਟਿਕਟ ਰਹਿ ਜਾਵੇਗਾ। ਜਿਹੜੇ ਸੀਨੀਅਰ ਕਾਂਗਰਸੀ ਪਹਿਲਾਂ ਟਿਕਟ ਪ੍ਰਾਪਤ ਨਹੀਂ ਕਰ ਸਕੇ ਜਾਂ ਚੋਣ ਲੜਨ ਤੇ ਯੋਗ ਨਹੀ ਰਹੇ ਉਹਨਾਂ ਆਪਣੇ ਲੜਕਿਆਂ ਨੂੰ ਮੋਹਰੇ ਬਣਾਕੇ ਵਧ ਤੋਂ ਵਧ ਮੈਂਬਰ ਬਣਾਏ ਹਨ। ਇਸ ਤਰ੍ਹਾਂ ਬੋਗਸ ਮੈਂਬਰਸ਼ਿਪ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਵਿਧਾਨ ਸਭਾ ਚੋਣਾਂ ਤੋਂ ਐਨ ਥੋੜ੍ਹਾ ਸਮਾਂ ਪਹਿਲਾਂ ਇਹ ਚੋਣਾਂ ਕਰਵਾਉਣਾ ਬਹੁਤਾ ਵਾਜਬ ਨਹੀਂ। ਇਉ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹਨਾਂ ਚੋਣਾਂ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਚੋਣਾਂ ਵਿਚ ਸਫਲਤਾ ਤੇ ਵੀ ਅਸਰ ਪੈ ਸਕਦਾ ਹੈ ਕਿਉਕਿ ਕਾਂਗਰਸ ਵਿਚ ਧੜੇਬੰਦੀ ਵਧ ਸਕਦੀ ਹੈ। ਸੀਨੀਅਰ ਲੀਡਰਸ਼ਿਪ ਲਈ ਇਕ ਕਿਸਮ ਨਾਲ ਚੈਲੰਜ ਹੀ ਖੜ੍ਹਾ ਹੋ ਗਿਆ ਹੈ। ਦੂਜੇ ਯੂਥ ਕਾਂਗਰਸ ਦੀ ਚੋਣ ਦਾ ਪ੍ਰੋਸੈਸ ਅਕਤੂਬਰ ਤੋਂ ਪਹਿਲਾਂ ਪੂਰਾ ਨਹੀ ਹੋ ਸਕਦਾ।  ਉਦੋਂ ਵਿਧਾਨ ਸਭਾ ਚੋਣਾਂ ਵਿਚ ਸਿਰਫ 4 ਮਹੀਨੇ ਬਾਕੀ ਰਹਿ ਜਾਣਗੇ। ਯੂਥ ਕਾਂਗਰਸ ਦੀ ਨਵੀਂ ਟੀਮ ਬਿਲਕੁਲ ਹੀ ਅਣਜਾਣ ਤੇ ਅਨਟਰੇਂਡ ਹੋਵੇਗੀ। ਪੁਰਾਣੀ ਟੀਮ ਪੂਰੀ ਟਰੇਂਡ ਹੈ। ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਕੈਂਪ ਲਾ ਕੇ ਸਿਆਸਤ ਦੇ ਗੁਰ ਦਿਤੇ ਗਏ ਸਨ। ਉਹਨਾਂ ਨੂੰ ਟਰੇਂਡ ਹੁੰਦਿਆਂ 6 ਮਹੀਨੇ ਲਗ ਗਏ ਸਨ। ਜਦੋਂ ਉਹ ਪੂਰੀ ਤਰ੍ਹਾਂ ਸਿਆਸਤ ਦੇ ਸਮਰੱਥ ਹੋਏ ਤਾਂ ਉਹਨਾਂ ਨੂੰ ਹਟਾ ਦਿਤਾ ਗਿਆ। ਪੁਰਾਣੀ ਟੀਮ ਵਿਚੋਂ ਸਿਰਫ ਸ੍ਰੀ ਰਵਨੀਤ ਸਿੰਘ ਬਿਟੂ ਹੀ ਲੋਕ ਸਭਾ ਤਕ ਪਹੁੰਚਿਆ ਹੈ। ਸ੍ਰੀ ਰਵਨੀਤ ਸਿੰਘ ਬਿਟੂ ਨੂੰ ਤਾਂ ਇਸ ਚੋਣ ਤੋਂ ਕੋਈ ਇਤਰਾਜ ਨਹੀਂ ਹੋਵੇਗਾ ਕਿਉਕਿ ਉਹਨੇ ਤਾਂ ਆਪਣੀ ਟ੍ਰੇਨਿੰਗ ਦੇ ਸਿਰ ਤੇ ਪੰਜਾਬ ਵਿਚ ਪੈਦਲ ਯਾਤਰਾ 1 ਨਵੰਬਰ ਤੋਂ 15 ਦਸੰਬਰ 2010 ਤੱਕ ਕੀਤੀ। ਇਹ ਪਦ ਯਾਤਰਾ ਨਸ਼ਿਆਂ, ਦਾਜ, ਭ੍ਰਿਸ਼ਚਾਰਾਰ, ਬੇਰੁਜਗਾਰੀ, ਭਰੂਣ ਹੱਤਿਆ, ਪ੍ਰਦੂਸ਼ਣ, ਏਡਜ, ਕੈਂਸਰ, ਸਿਹਤ, ਅਨਪੜਤਾ, ਮਿਲਾਵਟ, ਸਫਾਈ ਅਤੇ ਰੁੱਖ ਲਗਾਉਣ ਆਦਿ ਵਿਸ਼ਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਜੋ ਕਿ ਬਹੁਤ ਹੀ ਕਾਮਯਾਬ ਰਹੀ। ਇਸ ਤੋਂ ਬਾਅਦ ਬਾਦਲ ਅਕਾਲੀ ਦਲ ਤੋਂ ਵੱਖ ਹੋਏ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਇਸੇ ਤਰਜ ਤੇ ਇਹਨਾਂ ਸਮਾਜਿਕ ਵਿਸ਼ਿਆਂ ਨੂੰ ਲੈ ਕੇ ਪੱਦ ਯਾਤਰਾ ਕੀਤੀ ਸੀ। ਸ੍ਰੀ ਬਿਟੂ ਨੇ ਨਸ਼ਾ ਵੇਚਣ ਵਾਲੇ ਕੈਮਿਸਟਾਂ ਦੇ ਖਿਲਾਫ ਵੀ ਐਜੀਟੇਸ਼ਨ ਕਰ ਕੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਸੀ। ਉਹਨਾਂ ਲੁਧਿਆਣਾ ਵਿਖੇ ਨਸ਼ਿਆਂ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਡਰਗ ਕੰਟਰੋਲ ਬੋਰਡ ਬਨਾਉਣ ਲਈ ਮਜਬੂਰ ਕਰਨ ਵਾਸਤੇ ਮਰਨ ਵਰਤ ਵੀ ਰਖਿਆ ਜਿਹੜਾ ਕਿ ਸਰਕਾਰ ਤੋਂ ਲਿਖਤੀ ਵਾਅਦਾ ਲੈ ਕੇ ਛਡਿਆ ਗਿਆ। ਪਹਿਲੀ ਵਾਰ ਕਿਸੇ ਸਿਆਸੀ ਪਾਰਟੀ ਵਲੋਂ ਸਮਾਜਿਕ ਮੁੱਦਿਆ ਨੂੰ ਮੁਖ ਰੱਖ ਕੇ ਮੁਹਿਮ ਚਲਾਈ ਗਈ ਸੀ ਤੇ ਉਸਨੂੰ ਤਾਂ ਲੋਕ ਸਭਾ ਵਿਚ ਛੋਟੀ ਉਮਰ ਵਿਚ ਹੀ ਮੋਕਾ ਮਿਲ ਗਿਆ। ਬਾਕੀ ਅਹੁਦੇਦਾਰ ਜਿਹਨਾਂ ਦੀ ਮਿਆਦ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸਨ ਤੇ ਟਿਕਟਾਂ ਮਿਲਣੀਆਂ ਸਨ ਉਹ ਨਿਰਾਸ਼ ਹਨ। ਨਵੀਂ ਟੀਮ ਜਿਸ ਨੂੰ ਅਜੇ ਬਹੁਤੀ ਸਿਆਸਤ ਦੀ ਸਮਝ ਨਹੀ ਹੋਵੇਗੀ ਤੇ ਉਹਨਾਂ ਨੂੰ ਟਿਕਟਾਂ ਵੀ ਜਰੂਰ ਮਿਲਣਗੀਆਂ ਪ੍ਰੰਤੂ ਉਹ ਬਹੁਤੇ ਕਾਮਯਾਬ ਨਹੀਂ ਹੋ ਸਕਣਗੇ। ਫਿਰ ਅਜਿਹੇ ਸਮੇਂ ਚੋਣਾਂ ਕਰਵਾਉਣ ਦਾ ਬਹੁਤਾ ਲਾਭ ਨਹੀ ਹੋਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਦੀ ਵਿਧਾਨਕਾਰ ਪਾਰਟੀ ਵਿਚ ਵੀ ਲਗਪਗ ਸਾਰੇ ਵਿਧਾਨਕਾਰਾਂ ਨੇ ਇਕ ਸੁਰ ਵਿਚ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਕਰਕੇ ਕਾਂਗਰਸ ਦੀ ਹਾਈ ਕਮਾਂਡ ਤੱਕ ਪਹੁੰਚ ਕਰ ਕੇ ਇਹ ਚੋਣਾਂ ਰੁਕਵਾਉਣ ਲਈ ਕਿਹਾ ਗਿਆ ਹੈ ਪ੍ਰੰਤੂ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸ੍ਰੀ ਰਾਹੁਲ ਗਾਂਧੀ ਵਲੋਂ ਯੂਥ ਕਾਂਗਰਸ ਦੀ ਚੋਣ ਕਰਵਾਉਣ ਦੇ ਫੈਸਲੇ ਨੂੰ ਚੈਲੰਜ ਕਰਨ ਦੀ ਕਿਸੇ ਲੀਡਰ ਵਿਚ ਹਿਮਤ ਨਹੀਂ, ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਇਕ ਅਜਿਹਾ ਲੀਡਰ ਹੈ ਜੋ ਕਿ ਦਲੇਰੀ ਅਤੇ ਧੜਲੇ ਨਾਲ ਸੱਚੀ ਸੁੱਚੀ ਗੱਲ ਕਹਿਣ ਦਾ ਹੋਸਲਾ ਕਰ ਸਕਦਾ ਹੈ।

ਸਾਬਕਾ ਜਿਲਾ ਲੋਕ ਸੰਪਰਕ ਅਫਸਰ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>