ਗਾਥਾ ਇੱਕ ਮ੍ਰਿਤਕ ਸਰੀਰ ਦੀ

… ਤੇ ਦੇਵ ਪੁਰਸ਼ ਹਾਰ ਗਏ ਦਾ ਅਨੁਵਾਦ ਕਰਦਿਆਂ ਮੈਂ ਪੜਿਆ ਸੀ ਕਿ ਡਾਕਟਰ ਕੋਵੂਰ ਨੇ ਆਪਣੀ ਪਤਨੀ ਦੀ ਮ੍ਰਿਤਕ ਦੇਹ ਕੋਲੰਬੋ ਦੇ ਹਸਪਤਾਲ ਨੂੰ ਦੇ ਦਿੱਤੀ ਸੀ ਤਾਂ ਜੋ ਡਾਕਟਰੀ ਦੇ ਵਿਦਿਆਰਥੀ ਉਸ ਉਪਰ ਖੋਜ ਦਾ ਕੰਮ ਕਰ ਸਕਣ। ਉਹਨਾਂ ਦੀ ਇਸ ਗੱਲ ਤੋਂ ਪ੍ਰੇਰਨਾ ਲੈ ਕੇ ਤਰਕਸ਼ੀਲ ਸੁਸਾਇਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਆਪਣੀ ਮੌਤ ਤੋਂ ਬਾਅਦ ਸਰੀਰ ਹਸਪਤਾਲਾਂ ਨੂੰ ਸੌਂਪਣ ਦਾ ਫੈਸਲਾ ਕਰ ਲਿਆ। ਪੂਰੇ ਪ੍ਰੀਵਾਰ ਨੂੰ ਆਪਣੇ ਨਾਲ ਲੈ ਕੇ ਮੈਂ ਵੀ ਪੀ. ਜੀ. ਆਈ. ਚੰਡੀਗੜ ਨੂੰ ਦੇਹ ਦੇਣ ਦੇ ਫਾਰਮ ਭਰ ਦਿੱਤੇ। ਇਸ ਤਰ੍ਹਾਂ ਕਰਨ ਵਿਚ ਸਾਡਾ ਇੱਕ ਉਦੇਸ਼ ਵੀ ਸੀ ਕਿਉਂਕਿ ਤਰਕਸ਼ੀਲ ਸੁਸਾਇਟੀ ਦੀ ਸਮਝ ਸੀ ਕਿ ਜਿੰਦਗੀ ਸਿਰਫ ਇਹ ਹੀ ਹੈ ਜਿਹੜੀ ਅਸੀਂ ਹੁਣ ਜਿਉਂ ਰਹੇ ਹਾਂ। ਮੌਤ ਬਾਅਦ ਕੋਈ ਜੀਵਨ ਨਾ ਪੁਨਰਜਨਮ ਨਾ ਆਤਮਾ ਆਦਿ ਨਹੀਂ ਹੁੰਦੀ। ਬਰਗਾੜੀ ਦਾ ਕ੍ਰਿਸ਼ਨ ਵੀ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਸੀ। ਸਾਨੂੰ ਇੱਕਠਿਆਂ ਨੂੰ ਕਸਰਾਂ ਵਾਲੇ ਕੁਝ ਕੇਸਾਂ ਨੂੰ ਹੱਲ ਕਰਨ ਦਾ ਮੌਕਾ ਵੀ ਮਿਲਿਆ।

ਸਮੇਂ ਦੇ ਸਫਰ ਦੌਰਾਨ ਜਥੇਬੰਦਕ ਮਸਲਿਆਂ ਤੇ ਸਾਡੇ ਵਿਚਕਾਰ ਕੁਝ ਮੱਤਭੇਦ ਵੀ ਪੈਦਾ ਹੋਏ ਤੇ ਸਾਡੀ ਇਕੋ ਪਹੁੰਚ ਅਲੱਗ ਅਲੱਗ ਰਸਤਿਆਂ ਤੇ ਸਫਰ ਕਰਨ ਲੱਗੀ। ਇਸੇ ਸਫਰ ਦੌਰਾਨ ਉਸਨੂੰ ਕੋਈ ਅਜਿਹਾ ਕੰਡਾ ਚੁਭਿਆ ਕਿ ਉਹ ਬਲੱਡ ਕੈਂਸਰ ਦਾ ਮਰੀਜ ਬਣ ਬੈਠਾ। ਸਾਡੇ ਬਹੁਤ ਸਾਰੇ ਸੁਹਿਰਦ ਸਾਥੀਆਂ ਦੇ ਯਤਨ ਉਸਦੀ ਜੀਵਨ ਜੋਤ ਨੂੰ ਬਰਕਰਾਰ ਰੱਖਣ ਤੋਂ ਅਸਫਲ ਰਹੇ ਪਰ ਉਸਨੇ ਬਿਮਾਰੀ ਦੌਰਾਨ ਵੀ ਆਪਣੇ ਸਿਦਕ ਨੂੰ ਕਾਇਮ ਰੱਖਿਆ। ਉਸਦੇ ਵਾਰਸਾਂ ਨੇ ਉਸਦੀ ਮ੍ਰਿਤਕ ਦੇਹ ਲੁਧਿਆਣੇ ਦੇ ਕ੍ਰਿਸਚੀਅਨ ਮੈਡੀਕਲ ਕਾਲਜ ਨੂੰ ਸੌਂਪ ਦਿੱਤੀ। ਉਸਨੂੰ ਸਰਧਾ ਦੇ ਫੁੱਲ ਭੇਂਟ ਕਰਨ ਆਈ ਐਟੋਨਮੀ ਵਿਭਾਗ ਦੀ ਮੁਖੀ ਕਹਿਣ ਲੱਗੀ ‘‘ਅਸੀਂ ਭਾਰਤੀ ਵਧੀਆ ਡਾਕਟਰ ਪੈਦਾ ਹੀ ਨਹੀਂ ਕਰ ਸਕਦੇ ਕਿਉਂਕਿ ਸਾਡੇ ਇੱਕ ਹੱਥ ਵਿੱਚ ਮਿੱਟੀ ਹੁੰਦੀ ਹੈ ਤੇ ਦੂਜੇ ਹੱਥ ਵਿੱਚ ਸੁਆਹ। ਮੁਸਲਮ ਆਪਣਿਆਂ ਮੁਰਦਿਆਂ ਨੂੰ ਦਫਨਾ ਦਿੰਦੇ ਹਨ ਤੇ ਜੋ ਮਿੱਟੀ ਹੋ ਜਾਂਦੇ ਹਨ ਤੇ ਹਿੰਦੂ ਆਪਣੇ ਮੁਰਦਿਆਂ ਨੂੰ ਸਾੜ ਦਿੰਦੇ ਹਨ ਜੋ ਰਾਖ ਹੋ ਜਾਂਦੇ ਹਨ। ਹੁਣ ਤੁਸੀ ਹੀ ਦੱਸੋ ਕੀ ਰਾਖ ਤੇ ਮਿੱਟੀ ਵਾਲੇ ਹੱਥਾਂ ਨਾਲ ਵਧੀਆ ਡਾਕਟਰ ਬਣਾਏ ਜਾ ਸਕਦੇ ਹਨ?

ਸਤੰਬਰ ਦੋ ਹਜ਼ਾਰ ਛੇ ਦੀ ਉਹ ਸਵੇਰ ਮੇਰੇ ਹਮੇਸ਼ਾ ਯਾਦ ਰਹੇਗੀ ਕਿਉਂਕਿ ਉਹ ਸਵੇਰ ਹੋਰਾਂ ਲਈ ਸੂਰਜ ਦੀਆਂ ਸੁਨਿਹਰੀ ਕਿਰਨਾਂ ਲੈ ਕੇ ਆ ਰਹੀ ਸੀ ਪਰ ਸਾਡੇ ਪ੍ਰੀਵਾਰ ਦਾ ਸੂਰਜ ਤਰਾਨਵੇਂ ਵਰਿਆਂ ਦੀ ਉਮਰ ਵਿੱਚ ਡੁੱਬ ਗਿਆ ਸੀ। ਤੁਰ ਜਾਣ ਤੋਂ ਪਹਿਲਾਂ ਹੀ ਉਸਨੇ ਆਪਣਾ ਮ੍ਰਿਤਕ ਸਰੀਰ ਕਿਸੇ ਵੀ ਮੈਡੀਕਲ ਕਾਲੇਜ ਨੂੰ ਦੇ ਦੇਣ ਦੀ ਵਸੀਅਤ ਕੀਤੀ ਹੋਈ ਸੀ। ਪਿਤਾ ਜੀ ਦੀ ਮ੍ਰਿਤਕ ਦੇਹ ਘਰ ਲਿਆ ਕੇ ਮੈਂ ਆਪਣੇ ਬੇਟੇ ਨੂੰ ਹਦਾਇਤ ਕੀਤੀ ਕਿ ਵਸੀਅਤ ਦੀਆਂ ਦੋ ਸੌ ਕਾਪੀਆਂ ਫੋਟੋ ਸਟੇਟ ਕਰਵਾ ਲਈਆਂ ਜਾਣ ਤੇ ਹਰ ਸੋਗ ਤੇ ਆਉਣ ਵਾਲੇ ਵਿਅਕਤੀ ਨੂੰ ਇਸਦੀ ਕਾਪੀ ਦੇ ਦਿੱਤੀ ਜਾਵੇ। ਕਿਉਂਕਿ ਮੇਰੇ ਚਾਰ ਭਰਾ ਤੇ ਦੋ ਭੈਣਾਂ ਹਨ। ਮੈਨੂੰ ਲੱਗਦਾ ਸੀ ਕਿ ਪਿਤਾ ਜੀ ਦੀ ਵਸੀਅਤ ਤੇ ਫੁੱਲ ਚੜਾਉਣ ਵਿੱਚ ਕੋਈ ਵੀ ਅੜਿੱਕਾ ਬਣ ਸਕਦਾ ਹੈ। ਵਸੀਅਤ ਦੀ ਕਾਪੀ ਪੜਣ ਵਾਲਾ ਹਰ ਵਿਅਕਤੀ ਇਹ ਹੀ ਕਹਿੰਦਾ ਸੀ ਕਿ ਵਸੀਅਤ ਦਾ ਆਦਰ ਹੋਣਾ ਚਾਹੀਦਾ ਹੈ।
ਪਿਤਾ ਜੀ ਆਪਣੀ ਸਾਰੀ ਉਮਰ ਆਪਣੇ ਨਾਸਤਿਕ ਵਿਚਾਰਾਂ ਤੇ ਅਡੋਲ ਰਹੇ ਸਨ ਤੇ ਜਦੋਂ ਵੀ ਕੋਈ ਜਾਣ ਪਹਿਚਾਨ ਵਾਲਾ ਮੈਨੂੰ ਕਹਿੰਦਾ ਕਿ ਤੂੰ ਆਪਣੀ ਪਿਛਲੀ ਉਮਰ ਵਿੱਚ ਪ੍ਰਮਾਤਮਾ ਨੂੰ ਮੰਨਣ ਲੱਗ ਪਵੇਗਾ ਤਾਂ ਮੈਂ ਆਪਣੇ ਪਿਤਾ ਜੀ ਵੱਲ ਇਸਾਰਾ ਕਰ ਦਿੰਦਾ ਕਿ ਕੋਈ ਵੀ ਮਾਈ ਦਾ ਲਾਲ ਪਹਿਲਾਂ ਉਹਨਾਂ ਦਾ ਨਾਸਤਿਕਤਾ ਵਿੱਚ ਵਿਸ਼ਵਾਸ ਭੰਗ ਕਰਕੇ ਵਿਖਾਵੇ।
ਜਦੋਂ ਅਸੀਂ ਉਹਨਾਂ ਦੇ ਸਰੀਰ ਨੂੰ ਹਸਪਤਾਲ ਲਈ ਰਵਾਨਾ ਕਰਨ ਲੱਗੇ ਤਾਂ ਮੇਰੀ ਭੂਆ ਕਹਿਣ ਲੱਗੀ ‘‘ਹਾਏ ਵੇ ਵੀਰਾ ਹੁਣ ਤੇਰੇ ਅੰਗਾਂ ਨੂੰ ਹਸਪਤਾਲ ਵਾਲੇ ਵੱਢਣਗੇ ਤੇ ਟੁੱਕਣਗੇ।’’ ਮੈਂ ਕਿਹਾ ਭੂਆ ਜੀ ‘‘ਹੁਣ ਤੋਂ ਥੋੜੀ ਦੇਰ ਬਾਅਦ ਆਪਾਂ ਖੁਦ ਉਸਨੂੰ ਅੰਗਾਂ ਸਮੇਤ ਹੀ ਜਲਾ ਦੇਣਾ ਹੈ।’’

ਕੁਝ ਕਾਰਾਂ ਦਾ ਕਾਫਲਾ ਲਿਜਾ ਕੇ ਅਸੀਂ ਉਹਨਾਂ ਦੀ ਮ੍ਰਿਤਕ ਦੇਹ ਹਸਪਤਾਲ ਵਿੱਚ ਰੱਖ ਆਏ। ਤਰਕਸ਼ੀਲ ਸੋਸਾਇਟੀ ਦੇ ਕੁਝ ਮੈਂਬਰਾਂ ਤੋਂ ਬਗੈਰ ਕੋਈ ਵੀ ਡਾਕਟਰ ਸਾਨੂੰ ਮਿਲਣ ਲਈ ਨਾ ਆਇਆ।

ਉਸੇ ਦਿਨ ਸ਼ਾਮ ਨੂੰ ਅਸੀਂ ਪੂਰੇ ਪ੍ਰੀਵਾਰ ਨੇ ਫੈਸਲਾ ਕੀਤਾ ਕਿ ਪਿਤਾ ਜੀ ਦੀ ਇੱਛਾ ਅਨੁਸਾਰ ਉਹਨਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਜਾਣ। ਇਸ ਲਈ ਨਿਚਚਿਤ ਦਿਨ ਵੀ ਅਸੀਂ ਕੋਈ ਧਾਰਮਿਕ ਰਸਮਾਂ ਬਗੈਰਾ ਨਾ ਕਰੀਏ ਅਤੇ ਨਾਲ ਹੀ ਫੈਸਲਾ ਇਹ ਕੀਤਾ ਗਿਆ ਪਿਤਾ ਜੀ ਬਾਰੇ ਸਾਰੇ ਜੀਅ ਆਪਣੇ ਆਪਣੇ ਵਿਚਾਰ ਲਿਖਣ ਤਾਂ ਜੋ ਉਹਨਾਂ ਦੀ ਇਕ ਕਿਤਾਬ ਬਣਾਈ ਜਾਵੇ ਜਿਹੜੀ ਭੋਗ ਵਾਲੇ ਦਿਨ ਵੰਡੀ ਜਾ ਸਕੇ। ਸੋ ਇਸ ਤਰ੍ਹਾਂ ਕਿਤਾਬ ‘ਇੱਕ ਵੱਗਦਾ ਦਰਿਆ’ ਛਪ ਗਈ ਤੇ ਉਹਨਾਂ ਦੇ ਸ਼ਰਧਾਂਜਲੀ ਪ੍ਰੋਗਰਾਮ ਤੇ ਵੰਡ ਦਿੱਤੀ ਗਈ। ਬਹੁਤ ਸਾਰੇ ਵਿਅਕਤੀਆਂ ਨੇ ਇਸ ਕਿਤਾਬ ਤੋਂ ਪ੍ਰੇਰਣਾ ਲੈ ਕੇ ਸਰੀਰ ਦਾਨ ਕਰਨ ਦੇ ਪ੍ਰਣ ਪੱਤਰ ਭਰੇ। ਕਿਉਂਕਿ ਮੇਰੀ ਇਹ ਇੱਛਾ ਸੀ ਕਿ ਮ੍ਰਿਤਕ ਸਰੀਰਾਂ ਨੂੰ ਦਾਨ ਦੇਣ ਦੀ ਰਸਮ ਵਿੱਚ ਪਿਤਾ ਜੀ ਨੇ ਜੋ ਪੈੜ ਪਾਈ ਹੈ ਇਸ ਦਾ ਕਾਫਲਾ ਬਣਾਇਆ ਜਾਵੇ। ਸੋ ਇਸ ਸਬੰਧੀ ਅਸੀਂ ਕੁਝ ਵਿਉਤਬੰਦੀ ਵੀ ਕਰ ਲਈ। ਕਿਤਾਬ ਦਾ ਛਪਵਾ ਕੇ ਵੱਡੀ ਮਾਤਰਾ ਵਿੱਚ ਵੰਡ ਦੇਣਾ ਵੀ ਉਸੇ ਵਿਉਤਬੰਦੀ ਦਾ ਇੱਕ ਭਾਗ ਸੀ। ਦਿਆਨੰਦ ਮੈਡੀਕਲ ਕਾਲਜ ਦੇ ਪ੍ਰੋਫੈਸਰਾਂ ਨੂੰ ਵੀ ਸਰਧਾਂਜਲੀ ਵਾਲੇ ਦਿਨ ਲਈ ਬੁਲਾ ਲਿਆ ਗਿਆ।

ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਦਿਆਨੰਦ ਹਸਪਤਾਲ ਦਾ ਡਾਕਟਰ ਅਜੈ ਕੁਮਾਰ ਕਹਿਣ ਲੱਗਿਆ ਕਿ ਮੈਨੂੰ ਕੁਝ ਅਜਿਹੇ ਸੁਝਾਅ ਚਾਹੀਦੇ ਹਨ ਜਿਹੜੇ ਇਸ ਰਸਮ ਨੂੰ ਹੋਰ ਅੱਗੇ ਵਧਾ ਸਕਣ ਤੇ ਸਾਡੀ ਵੀ ਇੱਛਾ ਇਹ ਹੀ ਸੀ। ਮੈਂ ਕਿਹਾ, ‘‘ਜਿਸ ਦਿਨ ਅਸੀਂ ਮ੍ਰਿਤਕ ਸਰੀਰ ਹਸਪਤਾਲ ਛੱਡ ਕੇ ਆਏ ਸਾਂ ਸਾਡੇ ਨਾਲ ਸਾਡੇ ਰਿਸਤੇਦਾਰ ਵੀ ਸਨ। ਕਿੰਨਾ ਚੰਗਾ ਹੁੰਦਾ ਜੇ ਕੁਝ ਡਾਕਟਰ ਸਰੀਰ ਨੂੰ ਪ੍ਰਾਪਤ ਕਰਨ ਲਈ ਹਾਜ਼ਰ ਹੁੰਦੇ।’’ 1-2 ਮਹੀਨੇ ਬਾਅਦ ਹੀ ਕਿਰਨਜੀਤ ਐਕਸ਼ਨ ਕਮੇਟੀ ਦੇ ਕਨਵੀਨਰ ਨਰਾਇਣ ਦੱਤ ਦੇ ਪਿਤਾ ਕੇਦਾਰ ਨਾਥ ਜੀ ਵਿਛੋੜਾ ਦੇ ਗਏ। ਉਹਨਾਂ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਜਦੋਂ ਅਸੀਂ ਗਏ ਤਾਂ ਡਾਕਟਰਾਂ ਨੇ ਸਰੀਰ ਨੂੰ ਆਦਰ ਸਾਹਿਤ ਸਵੀਕਾਰ ਕੀਤਾ। ਸਾਨੂੰ ਸਾਰਿਆਂ ਨੂੰ ਉਹ ਇੱਕ ਹਾਲ ਵਿੱਚ ਲੈ ਗਏ। ਹਸਪਤਾਲ ਦੇ ਕੁਝ ਕਰਮਚਾਰੀ ਵੀ ਹਾਜ਼ਰ ਸਨ। ਦੋ ਡਾਕਟਰਾਂ ਅਤੇ ਦੋ ਸਾਡੇ ਬੁਲਾਰਿਆਂ ਨੇ ਇਕੱਠ ਨੂੰ ਸੰਬੋਧਿਤ ਕੀਤਾ। ਇਸ ਦਿਨ ਡਾਕਟਰਾਂ ਨੇ ਐਲਾਨ ਕੀਤਾ ਕਿ ਅਗਾਂਹ ਤੋਂ ਉਹ ਮ੍ਰਿਤਕ ਸਰੀਰ ਨੂੰ ਲਿਆਉਣ ਲਈ ਆਪਣੀ ਗੱਡੀ ਭੇਜਿਆ ਕਰਨਗੇ ਅਤੇ ਸਰੀਰ ਦਾਨੀਆਂ ਦੇ ਵਾਰਸਾਂ ਨੂੰ ਇਲਾਜ ਕਰਵਾਉਣ ਲਈ ਹਸਪਤਾਲ ਵਲੋਂ ਦਸ ਪ੍ਰਤੀਸਤ ਛੋਟ ਵੀ ਦਿੱਤੀ ਜਾਇਆ ਕਰੇਗੀ।
ਇਸ ਘਟਨਾ ਤੋਂ ਦੋ ਤਿੰਨ ਦਿਨ ਬਾਅਦ ਹੀ ਜੋਧਪੁਰ ਦਾ ਸਾਬਕਾ ਸਰਪੰਚ ਕਾਮਰੇਡ ਅਮਰਜੀਤ ਜੋਧਪੁਰ ਵੀ ਚੱਲ ਵਸਿਆ। ਉਸਦਾ ਪੁੱਤਰ ਵਿਦੇਸ਼ ਗਿਆ ਹੋਇਆ ਸੀ। ਇਸ ਲਈ ਉਸਦੀ ਪਤਨੀ ਨੇ ਅਮਰਜੀਤ ਦੇ ਸਰੀਰ ਨੂੰ ਕੁਝ ਦਿਨ ਲਈ ਕਿਸੇ ਪ੍ਰਾਈਵੇਟ ਹਸਪਤਾਲ ਦੇ ਫ੍ਰੀਜਰ ਵਿੱਚ ਰੱਖ ਦਿੱਤਾ ਤਾਂ ਜੋ ਪੁੱਤਰ ਆਉਣ ਤੇ ਸਰੀਰ ਹਸਪਤਾਲ ਨੂੰ ਰਵਾਨਾ ਕਰ ਦਿੱਤਾ ਜਾਵੇ। 4-5 ਦਿਨਾਂ ਬਾਅਦ ਹੀ ਅਸੀਂ ਹਸਪਤਾਲ ਨੂੰ ਗੱਡੀ ਭੇਜਣ ਲਈ ਕਿਹਾ। ਪਰ ਉਹਨਾਂ ਨੇ ਇੱਕ ਪੁਰਾਣੀ ਜਿਹੀ ਖਟੜਾ ਗੱਡੀ ਬਾਡੀ ਲੈਣ ਲਈ ਭੇਜ ਦਿੱਤੀ। ਪ੍ਰੀਵਾਰ ਕਹਿਣ ਲੱਗਿਆ ਕਿ ਸਾਡੇ ਪ੍ਰੀਵਾਰ ਦਾ ਮੁੱਖ ਬੰਦਾ ਮਰਿਆ ਹੋਵੇ ਤੇ ਉਸਦੀ ਅੰਤਮ ਯਾਤਰਾ ਸਮੇਂ ਅਸੀ ਉਸਦਾ ਸਰੀਰ ਟੁੱਟੀ ਜਿਹੀ ਗੱਡੀ ਵਿੱਚ ਭੇਜੀਏ। ਇਹ ਸਾਨੂੰ ਸੋਭਾ ਨਹੀਂ ਦਿੰਦਾ। ਸਿੱਟੇ ਵਜੋਂ ਸਾਨੂੰ ਬਰਨਾਲੇ ਤੋਂ ਇੱਕ ਵੈਨ ਭੇਜਣੀ ਪਈ। ਪਰ ਅਸੀਂ ਡਾਕਟਰਾਂ ਕੋਲ ਆਪਣਾ ਰੋਸ ਜ਼ਰੂਰ ਪੁਚਾ ਦਿੱਤਾ। ਇਸ ਤਰ੍ਹਾਂ ਹੌਲੀ ਹੌਲੀ ਲੀਹ ਰਾਸਤਾ ਬਣਦੀ ਗਈ।

ਤੇਜਾ ਸਿੰਘ ਰੌਂਤਾ ਤਰਕਸ਼ੀਲ ਸੋਸਾਇਟੀ ਦੇ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਹੈ। ਉਸਦੀ ਪਤਨੀ ਪੂਰੀ ਹੋ ਗਈ। ਸਰੀਰ ਉਹ ਵੀ ਦੇਣਾ ਚਾਹੁੰਦਾ ਸੀ। ਪਰ ਉਸਦੇ ਪ੍ਰੀਵਾਰ ਦੇ ਮੈਂਬਰ ਚਾਹੁੰਦੇ ਸਨ ਕਿ ਸਰੀਰ ਦੀ ਸਨਾਖਤ ਨਹੀਂ ਹੋਣੀ ਚਾਹੀਦੀ। ਕਿਉਂਕਿ ਕੱਲ ਨੂੰ ਕੋਈ ਬਚਿਆਂ ਨੂੰ ਉਹਨਾਂ ਦੀ ਮਾਂ ਦੇ ਨਗਨ ਸਰੀਰ ਬਾਰੇ ਤਾਹਨਾ ਦੇਵੇ। ਡਾਕਟਰਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਜਿਹਾ ਨਹੀਂ ਹੋਵੇਗਾ। ਇਸ ਤਰ੍ਹਾਂ ਇਹ ਲੀਹ ਚੋੜੀ ਹੁੰਦੀ ਗਈ।

ਹੰਡਿਆਏ ਦੇ ਬੂਟੀ ਰਾਮ ਜੀ ਦੀ ਮੌਤ ਦਾ ਦਿਨ ਵੀ ਆ ਗਿਆ। ਉਸਦਾ ਸਪੁੱਤਰ ‘ਹਰਿੰਦਰ ਪਾਲ ਨਿੱਕਾ’ ਵੀ ਤਰਕਸ਼ੀਲ ਵਿਚਾਰਾਂ ਦਾ ਧਾਰਨੀ ਹੈ। ਉਸਨੇ ਵੀ ਆਪਣੇ ਪਿਤਾ ਦੇ ਸਰੀਰ ਨੂੰ ਦਾਨ ਦੇਣ ਦੀ ਇੱਛਾ ਜਾਹਰ ਕੀਤੀ ਪਰ ਨਾਲ ਹੀ ਆਪਣਾ ਡਰ ਦੱਸ ਦਿੱਤਾ। ਉਹ ਕਹਿਣ ਲੱਗਿਆ ਕਿ ‘‘ਸਰੀਰ ਨੂੰ ਹਸਪਤਾਲ ਵਿੱਚ ਰੱਖਣ ਲਈ ਅਮਰਜੀਤ ਜੋਧਪੁਰ ਦੇ ਪ੍ਰੀਵਾਰ ਦੇ ਲੱਖਾਂ ਰੁਪਏ ਖਰਚ ਹੋ ਗਏ। ਮੈਂ ਇੱਕ ਗਰੀਬ ਬੰਦਾ ਹਾਂ ਮੈਂ ਐਨਾ ਖਰਚ ਕਿੱਥੋ ਲਿਆਵਾਗਾਂ।’’ ਅਸੀਂ ਉਸਨੂੰ ਤਸੱਲੀ ਦਿੱਤੀ ਕਿ ਉਸਦੇ ਪੁੱਤਰ ਨੇ ਬਾਹਰਲੇ ਦੇਸ਼ ਵਿੱਚੋਂ ਵੀਜਾ ਪ੍ਰਾਪਤ ਕਰਕੇ ਆਉਣਾ ਸੀ। ਇਸ ਲਈ ਉਹਨਾਂ ਨੂੰ ਕੁਝ ਦਿਨ ਪ੍ਰਾਈਵੇਟ ਹਸਪਤਾਲ ਦੇ ਫ੍ਰੀਜਰ ਵਿੱਚ ਇਹ ਬਾਡੀ ਰੱਖਣੀ ਪਈ। ਸਿੱਟੇ ਵਜੋਂ ਲੱਖਾਂ ਰੁਪਏ ਖਰਚ ਹੋ ਗਏ। ਪਰ ਬੂਟੀ ਰਾਮ ਜੀ ਲਈ ਅਜਿਹਾ ਨਹੀਂ ਕਰਨਾ ਪਵੇਗਾ। ਇਸ ਤਰ੍ਹਾਂ ਸਰੀਰ ਦਾਨ ਕਰਨ ਤੇ ਕਰਵਾਉਣ ਦਾ ਇਹ ਸਿਲਸਿਲਾ ਲਗਾਤਾਰ ਚਲਦਾ ਗਿਆ।

ਇਸ ਸਮੇਂ ਦੌਰਾਨ ਪੰਜਾਬ ਦੇ ਲਗਭੱਗ ਸਾਰੇ ਹਸਪਤਾਲ ਮ੍ਰਿਤਕ ਸਰੀਰਾਂ ਨੂੰ ਸਾਂਭਣ ਤੋਂ ਆਪਣੀ ਅਸੱਮਰਥਤਾ ਜਾਹਰ ਕਰਨ ਲੱਗ ਪਏ। ਇੱਕ ਨਿਹੰਗ ਸਿੰਘ ਅਤੇ ਉਸਦੀ ਨਿਹੰਗੀ ਬਾਣੇ ਵਾਲੀ ਪਤਨੀ ਆਪਣੇ ਇੱਕ ਸਾਲਾਂ ਬੱਚੇ ਦੀ ਲਾਸ਼ ਲੈ ਕੇ ਮੇਰੇ ਘਰ ਪੁੱਜ ਗਏ ਤੇ ਕਹਿਣ ਲੱਗੇ ਅਸੀਂ ਉਸਦਾ ਸਰੀਰ ਹਸਪਤਾਲ ਨੂੰ ਦੇਣਾ ਚਾਹੁੰਦੇ ਹਾਂ। ਕਾਫੀ ਫੋਨ ਘੁੰਮਾਉਣ ਦੇ ਬਾਵਜੂਦ ਅਸੀਂ ਇਹ ਕੰਮ ਕਰਨ ਵਿੱਚ ਸਫਲ ਨਾ ਹੋ ਸਕੇ। ਦੋ ਚਾਰ ਮਹੀਨਿਆਂ ਬਾਅਦ ਉਹ ਨਿਹੰਗ ਇਸਤਰੀ ਮੈਨੂੰ ਦੁਬਾਰਾ ਸਟੇਸ਼ਨ ਤੇ ਮਿਲ ਪਈ। ਉਸਦੀਆਂ ਅੱਖਾਂ ਭਰ ਆਈਆਂ। ਕਹਿਣ ਲੱਗੀ ਮੇਰੇ ਘਰ ਵਾਲਾ ਪੂਰਾ ਹੋ ਗਿਆ ਹੈ। ਪਰ ਮੈਂ ਉਸ ਨਾਲ ਸਰੀਰ ਦਾਨ ਕਰਨ ਦਾ ਕੀਤਾ ਵਾਅਦਾ ਬਿਹਾਰ ਆਪਣੇ ਪੇਕੇ ਗਈ ਹੋਣ ਕਾਰਨ ਪੂਰਾ ਨਾ ਕਰ ਸਕੀ। ਇਸ ਗੱਲ ਦਾ ਮੈਨੂੰ ਸਦਾ ਅਫ਼ਸੋਸ ਹੈ ਤੇ ਰਹੇਗਾ। ਕਿੰਤੂ ਪ੍ਰੰਤੂ ਦੇ ਲੇਖਕ ਪ੍ਰੇਮ ਸਿੰਘ ਮਸਤਾਨਾ ਦੇ ਸਰੀਰ ਨੂੰ ਅਸੀਂ ਕਾਫੀ ਯਤਨਾਂ ਨਾਲ ਹੀ ਹਸਪਤਾਲ ਦੇ ਸਪੁਰਦ ਕਰਨ ਵਿੱਚ ਸਫਲ ਹੋਏ ਸਾਂ। ਅਸੀਂ ਇਸ ਮੁਹਿੰਮ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ ਹਾਂ ਅਤੇ ਸਮੁੱਚੇ ਭਾਰਤ ਦੇ ਮੈਡੀਕਲ ਕਾਲਜਾਂ ਨੂੰ ਖੋਜ ਪੜਤਾਲ ਲਈ ਲੋੜੀਦੇ ਮ੍ਰਿਤਕ ਸਰੀਰਾਂ ਨਾਲ ਭਰਨਾ ਚਾਹੁੰਦੇ ਹਾਂ। ਛੇਤੀ ਹੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵੱਡੇ ਫ੍ਰੀਜਰ ਦੇ ਇੰਤਜਾਮ ਕਰਨ ਦਾ ਸਾਡਾ ਇਰਾਦਾ ਹੈ।

ਅੱਜ ਪੰਜਾਬ ਦੇ ਬਹੁਤ ਸਾਰੇ ਲੋਕ ਆਪਣੇ ਸਰੀਰਾਂ ਨੂੰ ਮੌਤ ਬਾਅਦ ਦਾਨ ਕਰਨ ਦਾ ਪ੍ਰਣ ਲੈ ਰਹੇ ਹਨ। ਉਹਨਾਂ ਦੇ ਇਸ ਇਰਾਦੇ ਅੱਗੇ ਸਾਡਾ ਸਿਰ ਝੁਕਦਾ ਹੈ। ਸਰੀਰ ਦਾਨ ਕਰਨ ਨਾਲੋਂ ਅੰਗ ਦਾਨ ਤੇ ਖੂਨ ਦਾਨ ਕਰਨਾ ਕਿਤੇ ਵੱਧ ਲਾਭਦਾਇਕ ਹੈ। ਅੰਗ ਦਾਨ ਕਰਨ ਨਾਲ ਤਾਂ ਹਜ਼ਾਰਾਂ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਸਾਡੀ ਸੰਸਥਾ ਹੁਣ ਇਸ ਪਾਸੇ ਨੂੰ ਕਦਮ ਵਧਾ ਰਹੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>