ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਅਤੇ ਪੌਸ਼ਟਿਕਤਾ ਵਿਭਾਗ ਵੱਲੋਂ ਨੇੜਲੇ ਪਿੰਡਾਂ ਸੁਨੇਤ, ਬਾੜੇਵਾਲ, ਇਆਲੀ ਖੁਰਦ ਅਤੇ ਹੈਬੋਵਾਲ ਵਿਖੇ ਵਿਸ਼ਵ ਪੱਧਰ ਤੇ ਮਨਾਏ ਜਾ ਰਹੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦਿਵਸ ਨੂੰ ਸਮਰਪਿਤ ਸਮਾਗਮਾਂ ਵਿੱਚ ਦੱਸਿਆ ਗਿਆ ਕਿ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਵੱਡਾ ਵਰਦਾਨ ਹੈ। ਯੂਨੀਵਰਸਿਟੀ ਮਾਹਿਰਾਂ ਨੇ ਇਨ੍ਹਾਂ ਪਿੰਡਾਂ ਦੀਆਂ ਔਰਤਾਂ ਨੂੰ ਵੱਖ ਵੱਖ ਚਾਰਟਾਂ, ਕਿਤਾਬਚਿਆਂ ਅਤੇ ਭਾਸ਼ਣਾਂ ਰਾਹੀਂ ਦੱਸਿਆ ਕਿ ਗਰਭਵਤੀ ਔਰਤ ਨੂੰ ਕਿਹੜੀ ਪੌਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ ਜਿਸ ਨਾਲ ਮਾਂ ਅਤੇ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਸਾਵਾਂ ਪੱਧਰਾ ਹੋ ਸਕੇ। ਇਨ੍ਹਾਂ ਪਿੰਡਾਂ ਵਿੱਚ ਨਿੱਕੀਆਂ ਬੱਚੀਆਂ, ਗਰਭਵਤੀ ਔਰਤਾਂ, ਬੱਚੇ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਸਿਆਣੀ ਉਮਰ ਦੀਆਂ ਔਰਤਾਂ ਨੇ ਵੀ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ। ਇਨ੍ਹਾਂ ਪਿੰਡਾਂ ਦੀਆਂ ਆਂਗਣਵਾੜੀ ਕਰਮਚਾਰੀ ਅਤੇ ਸੁਪਰਵਾਈਜ਼ਰ ਭੈਣਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਨ੍ਹਾਂ ਬੀਬੀਆਂ ਨੂੰ ਦੱਸਿਆ ਕਿ ਊਰਜਾ ਅਤੇ ਪ੍ਰੋਟੀਨ ਨਾਲ ਭਰਪੂਰ ਖੁਰਾਕ ਕਿਵੇਂ ਤਿਆਰ ਕਰਨੀ ਹੈ ਜਿਸ ਨਾਲ ਘੱਟ ਖਰਚੇ ਕਰਕੇ ਚੰਗੀ ਖੁਰਾਕ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਦਿੱਤੀ ਜਾ ਸਕੇ।
ਵਿਭਾਗ ਵਿੱਚ ਪਸਾਰ ਸੇਵਾਵਾਂ ਦੀ ਕੋਆਰਡੀਨੇਟਰ ਡਾ: ਕਿਰਨ ਗਰੋਵਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਾਵਾਂ ਬੱਚੇ ਨੂੰ ਜਨਮ ਤੋਂ ਇਕ ਘੰਟਾ ਬਾਅਦ ਹੀ ਆਪਣਾ ਦੁੱਧ ਚੁੰਘਾ ਕੇ ਉਸ ਨੂੰ ਰੋਗ ਮੁਕਤ ਰੱਖ ਸਕਦੀਆਂ ਹਨ। ਛੇ ਮਹੀਨੇ ਦੁੱਧ ਚੁੰਘਾਉਣ ਉਪਰੰਤ ਬੱਚੇ ਨੂੰ ਸਹਾਇਕ ਖੁਰਾਕ ਦੇਣੀ ਚਾਹੀਦੀ ਹੈ। ਜਦ ਬੱਚਾ ਇਕ ਸਾਲ ਦਾ ਹੋ ਜਾਵੇ ਤਾਂ ਉਸ ਨੂੰ ਘਰ ਵਿੱਚ ਬਣਦੀ ਖੁਰਾਕ ਦੇ ਦੇਣੀ ਚਾਹੀਦੀ ਹੈ। ਮਾਂ ਦੇ ਦੁੱਧ ਤੋਂ ਕੋਈ ਬੱਚਾ ਸੱਖਣਾ ਨਹੀਂ ਰਹਿਣਾ ਚਾਹੀਦਾ। ਡਾ: ਗਰੋਵਰ ਨੇ ਆਖਿਆ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ ਦੋ ਸਾਲ ਦੁੱਧ ਚੁੰਘਾਓ ਤਾਂ ਜੋ ਉਸ ਨੂੰ ਡਾਇਰੀਆ ਅਤੇ ਸਾਹ ਦੀਆਂ ਸਮੱਸਿਆਵਾਂ ਨਾ ਆਉਣ। ਇਨ੍ਹਾਂ ਦੋਹਾਂ ਰੋਗਾਂ ਨਾਲ ਹੀ ਬੱਚੇ ਵਿੱਚ ਖੁਰਾਕੀ ਕਮਜ਼ੋਰੀ ਆਉਂਦੀ ਹੈ। ਵਿਭਾਗ ਦੀ ਮੁਖੀ ਡਾ: ਰਾਜਬੀਰ ਸਚਦੇਵਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮਨੋਰਥ ਬੀਬੀਆਂ ਵਿੱਚ ਆਪਣੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਹੈ ਕਿਉਂਕਿ ਮਾਂ ਦੇ ਪਹਿਲੇ ਦੁੱਧ ਸੰਬੰਧੀ 30 ਤੋਂ 40 ਫੀ ਸਦੀ ਔਰਤਾਂ ਅੰਧ ਵਿਸ਼ਵਾਸ ਜਾਂ ਵਹਿਮਾਂ ਭਰਮਾਂ ਕਾਰਨ ਇਹ ਬੱਚਿਆਂ ਨੂੰ ਨਹੀਂ ਚੁੰਘਾਉਂਦੀਆਂ ਜੋ ਕਿ ਬੜੀ ਮਹੱਤਵਪੂਰਨ ਰੋਗ ਨਿਵਾਰਕ ਖੁਰਾਕ ਹੈ।