ਨਵੀਂ ਦਿੱਲੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੋਧੀ ਜੱਥੇਬੰਦੀਆਂ ਵਲੋਂ ਸਾਂਝਾ ਪੰਥਕ-ਮੋਰਚਾ ਬਣਾ ਕੇ ਇਕ-ਜੁੱਟ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਕੀਤੇ ਗਏ ਫੈਸਲੇ ਅਤੇ ਉਨ੍ਹਾਂ ਵਲੋਂ ਸਾਂਝੇ ਉਮੀਦਵਾਰਾਂ ਦੀ ਐਲਾਨੀ ਸਾਂਝੀ ਸੂਚੀ ਦਾ ਸੁਆਗਤ ਕਰਦਿਆਂ ਸ਼੍ਰੋਮਣੀ ਯੂਥ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਬਾਦਲ ਦਲ-ਵਿਰੋਧੀ ਜੱਥੇਬੰਦੀਆਂ ਦਾ ਪੰਥਕ-ਮੋਰਚਾ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਜ਼ਬਰਦਸਤ ਟੱਕਰ ਦੇਵੇਗਾ। ਸ. ਹਰਮੀਤ ਸਿੰਘ ਕਾਲਕਾ ਨੇ ਦਾਅਵਾ ਕੀਤਾ ਕਿ ਜੇ ਨਿਰਪੱਖ ਤੇ ਸਾਫ-ਸੁੱਥਰੀਆਂ ਚੋਣਾਂ ਹੋਈਆਂ ਅਤੇ ਸਰਕਾਰ ਵਲੋਂ ਦਖਲ ਨਾ ਦਿੱਤਾ ਗਿਆ ਤਾਂ ਪੰਥਕ-ਮੋਰਚਾ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸ਼੍ਰੋਮਣੀ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋਵੇਗਾ।
ਉਨ੍ਹਾਂ ਕਿਹਾ ਕਿ ਬਾਦਲ ਅਕਾਲੀ ਦਲ ਦੇ ਸੱਤਾ-ਕਾਲ ਦੌਰਾਨ, ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਗਵਾਕਰਨ ਕਰ ਸਿੱਖੀ ਨੂੰ ਢਾਹ ਲਾਈ ਗਈ ਅਤੇ ਲਾਈ ਜਾ ਰਹੀ ਹੈ। ਉਸਤੋਂ ਪੰਜਾਬ ਦਾ ਹੀ ਨਹੀਂ, ਸਗੋਂ ਸੰਸਾਰ ਭਰ ਦਾ ਸਿੱਖ ਨਿਰਾਸ਼ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਉਸ ਦੇ ਮੁਖੀਆਂ ਤੋਂ ਨਰਾਜ਼ ਹੈ। ਉਸਦੀ ਇਹ ਨਰਾਜ਼ਗੀ ਚੋਣਾਂ ਵਿਚ ਪ੍ਰਗਟ ਹੋ ਰਹੀ ਸੀ, ਉਨ੍ਹਾਂ ਕਿਹਾ ਕਿ ਇਸ ਕਾਰਣ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਚਮਤਕਾਰ ਹੋਣ ਦੀ ਸੰਭਾਵਨਾ ਹੋ ਸਕਦੀ ਹੈ।