ਮਾਨ ਸਾਹਿਬ ਕੇਵਲ ਚੰਨਣਵਾਲ ਹਲਕੇ ਤੋਂ ਹੀ ਚੋਣ ਲੜਣ : ਜਸਟਿਸ ਅਜੀਤ ਸਿੰਘ ਬੈਂਸ

ਫ਼ਤਿਹਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)- : ਹਲਕਾ ਬਸੀ ਪਠਾਣਾਂ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਥਕ ਮੋਰਚੇ ਦੇ ਜਨਰਲ ਸੀਟ ਤੋਂ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਰਾਖਵੀਂ ਸੀਟ ਤੋਂ ਉਮੀਦਵਾਰ ਸੰਤੋਖ ਸਿੰਘ ਸਲਾਣਾ ਨੇ ਅੱਜ ਰਿਟਰਨਿੰਗ ਅਫਸਰ ਐਸ. ਡੀ. ਐਮ. ਬਸੀ ਪਠਾਣਾਂ ਕੋਲ ਇੱਕ ਵੱਡੇ ਕਾਫ਼ਲੇ ਨਾਲ ਪਹੁੰਚ ਕੇ ਅਪਣੇ ਪੇਪਰ ਦਾਖਲ ਕੀਤੇ। ਇਸ ਤੋਂ ਪਹਿਲਾਂ ਅਪਣੇ ਸਮਰੱਥਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਮੌਜ਼ੂਦਾ ਪ੍ਰਬੰਧਕਾਂ ਅਧੀਨ ਸ਼੍ਰੋਮਣੀ ਕਮੇਟੀ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਜਿੰਮੇਵਾਰੀ ਨਿਭਾਉਣ ਦੀ ਥਾਂ ਅਪਣੇ ਸਿਆਸੀ ਆਕਾਵਾਂ ਦੇ ਹਿੱਤਾਂ ਲਈ ਸਿੱਖੀ ਸਿਧਾਂਤਾਂ ਦਾ ਘਾਣ ਕੀਤਾ ਹੈ। ਸਿੱਖ ਕੌਮ ਵਿੱਚ ਫੈਲੇ ਪਤਿਤਪੁਣੇ ਅਤੇ ਨਸ਼ਿਆਂ ਲਈ ਵੀ ਇਸੇ ਸੰਸਥਾ ਦੇ ਪ੍ਰਬੰਧਕ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਗੁਰਧਾਮਾਂ ਵਿੱਚ ਭ੍ਰਿਸਟਾਚਾਰ ਅਤੇ ਕੁਪ੍ਰਬੰਧ ਫੈਲਾਉਣ ਵਾਲੇ ਬਾਦਲਕਿਆਂ ਨੂੰ ਸਬਕ ਸਿਖਾਉਣ ਲਈ ਵੋਟਰ ਪੰਥਕ ਮੋਰਚੇ ਦੇ ਉਮੀਦਵਾਰਾਂ ਦਾ ਸਾਥ ਦੇਣ। ਅੱਜ ਦੀ ਭਰਵੀਂ ਇਕੱਤਰਤਾ ਵਿੱਚ ਬੁਲਾਰਿਆਂ ਨੇ ਸ਼੍ਰੌਮਣੀ ਕਮੇਟੀ ਵਿੱਚ ਆਏ ਨਿਘਾਰ ਲਈ ਬਾਦਲ ਦਲ ਉਤੇ ਤਿੱਖੇ ਹਮਲੇ ਕੀਤੇ।ਅੱਜ ਉਨ੍ਹਾਂ ਵਲੋਂ ਕਾਗਜ਼ ਦਾਖਲ ਕਰਨ ਮੌਕੇ ਸਿੱਖ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਹਰਜਿੰਦਰ ਸਿੰਘ ਜ਼ਿੰਦਾ ਦੇ ਮਾਤਾ ਗੁਰਨਾਮ ਕੌਰ ਵੀ ਪਹੁੰਚੇ ਹੋਏ ਸਨ।

ਇਸ ਮੌਕੇ ਜਸਟਿਸ ਅਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਦੋ ਥਾਵਾਂ ਤੋਂ ਚੋਣ ਲੜ ਰਹੇ ਹਨ।ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਬਸੀ ਪਠਾਣਾਂ ਸੀਟ ਤੋਂ ਅਪਣੇ ਕਾਗਜ਼ ਵਾਪਸ ਲੈ ਲੈਣ। ਉਨ੍ਹਾ ਕਿਹਾ ਕਿ ਮਾਨ ਸਾਹਿਬ ਅਤੇ ਸ. ਹਰਪਾਲ ਸਿਘ ਚੀਮਾ ਦੋਵੇਂ ਹੀ ਪੰਥਕ ਪਿਆਰ ਅਤੇ ਪੰਥਕ ਜ਼ਜਬੇ ਵਾਲੀਆਂ ਸ਼ਖਸੀਅਤਾਂ ਹਨ ਇਸ ਲਈ ਇਨ੍ਹਾਂ ਨੂੰ ਆਪਸ ਵਿੱਚ ਨਹੀਂ ਉਲਝਣਾ ਚਾਹੀਦਾ।ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਚੰਨਣਵਾਲ ਤੋੰ ਚੋਣ ਲੜਣ ਅਤੇ ਪੰਥਕ ਮੋਰਚੇ ਨੂੰ ਚਾਹੀਦਾ ਹੈ ਕਿ ਉਹ ਸ. ਮਾਨ ਨੂੰ ਚੰਨਣਵਾਲ ਦੀ ਸੀਟ ‘ਤੇ ਸਮਰਥਨ ਦੇਣ।ਪੱਤਰਕਾਰਾਂ ਵਲੋਂ ਪੁੱਛੇ ਜਾਣ ‘ਤੇ ਜਸਟਿਸ ਬੈਂਸ ਨੇ ਕਿਹਾ ਕਿ ਜੇਕਰ ਸ. ਮਾਨ ਨੂੰ ਮਨਜ਼ੂਰ ਹੋਵੇ ਤਾਂ ਉਹ ਉਸਾਰੂ ਭੁਮਿਕਾ ਨਿਭਾਉਣ ਲਈ ਤਿਆਰ ਹਨ।

ਸ. ਗੁਰਤੇਜ ਸਿੰਘ ਨੇ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਇਨ੍ਹਾ ਚੋਣਾਂ ਵਿੱਚ ਸ਼ਰਾਬ-ਨਸ਼ੇ, ਧੰਨ ਅਤੇ ਬਾਹੂ ਬਲ ਦੀ ਵਰਤੋਂ ਕਰਨ ਵਾਲੇ ਉਮੀਵਾਰਾਂ ਨੂੰ ਸਿੱਖ ਵੋਟਰ ਰੱਦ ਕਰਨ।ਉਨ੍ਹਾਂ ਇਲਜ਼ਾਮ ਗਾਇਆ ਕਿ ਅਕਾਲੀਆਂ ਨੇ ਪੰਜਾਹ ਸਾਲ ਇਸ ਸੰਸਥਾਂ ਦੇ ਕਾਬਜ਼ ਰਹਿ ਕੇ ਸਿੱਖੀ ਦਾ ਰੱਜ ਕੇ ਨੁਕਸਾਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਨਵ ਨਿਯੁਕਤ ਵੀ.ਸੀ. ਡਾ. ਗੁਰਨੇਕ ਸਿੰਘ ਬਾਰੇ ਪੁੱਛੇ ਜਾਣ ‘ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੇ ਵੀ.ਸੀ. ਨਾਲੋਂ ਇਹ ਸੌ ਗੁਣਾ ਬੇਹਤਰ ਵਿਅਕਤੀ ਹਨ।

ਸੰਤ ਸਮਾਜ ਦੇ ਅਕਾਲੀ ਦਲ ਬਾਦਲ ਨਾਲ ਚੋਣ ਗੱਠਜੋੜ ਦੇ ਮੁੱਦੇ ‘ਤੇ ਬੋਲਦਿਆਂ ਦਲ ਖਾਲਸਾ ਆਗੂ ਸ. ਕੰਵਰਪਾਲ ਸਿੰਘ ਨੇ ਕਿਹਾ ਕਿ ਇਹ ਗੈਰ ਸਿਧਾਂਤਕ ਅਤੇ ਨਾਪਾਕ ਗੱਠਜੋੜ ਹੈ। ਇਸ ਗੱਠਜੋੜ ਤੋਂ ਪਹਿਲਾਂ ਚਾਹੀਦਾ ਹੈ ਕਿ ਇਹ ਡੇਰੇਦਾਰ ਅਪਣੇ ਡੇਰੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਿਖਵਾਉਣ ਅਤੇ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਯਾਦਾ ਅਪਣੇ ਡੇਰਿਆਂ ਵਿੱਚ ਲਾਗੂ ਕਰਨ। ਇਸ ਤੋਂ ਬਾਅਦ ਹੀ ਇਨ੍ਹਾਂ ਨੂੰ ਕੌਮ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।ਸ. ਚੀਮਾ ਵਲੋਂ ਕਾਗਜ਼ ਭਰਨ ਉਪਰੰਤ ਬਸੀ ਪਠਾਣਾਂ ਸੀਟ ਦਾ ਚੋਣ ਦੰਗਲ ਇਕ ਫ਼ਸਵੇਂ ਮੁਕਾਬਲੇ ਵਿੱਚ ਬਦਲ ਗਿਆ ਹੈ। ਲੰਮੇ ਸਮੇਂ ਤੋਂ ਪੰਥਕ ਸਫ਼ਾਂ ਵਿੱਚ ਵਿਚਰਦੇ ਆ ਰਹੇ ਸ. ਹਰਪਾਲ ਸਿੰਘ ਚੀਮਾ ਦੇ ਸਮਰਥਨ ਵਿਚ ਪਹੁੰਚੇ ਹੋਏ ਸਿੱਖ ਨੌਜਵਾਨਾਂ ਦੀ ਵੱਡੀ ਗਿਣਤੀ ਸਪੱਸ਼ਟ ਕਰਦੀ ਹੈ ਕਿ ਇਹ ਸੀਟ ਸ਼੍ਰੌਮਣੀ ਕਮੇਟੀ ਦੀਆਂ ਇਨ੍ਹਾਂ ਚੋਣਾਂ ਵਿੱਚ ਵੱਖੋ-ਵੱਖਰੇ ਕਾਰਨਾਂ ਕਰਕੇ ਚਰਚਾ ਵਿੱਚ ਰਹੇਗੀ  ਇਸ ਮੌਕੇ ਸ. ਸਰਬਜੀਤ ਸਿੰਘ ਘੁਮਾਣ (ਦਲ ਖਾਲਸਾ), ਜਸਵੀਰ ਸਿੰਘ ਖੰਡੂਰ, ਪ੍ਰੋ. ਕੁਲਬੀਰ ਸਿੰਘ, ਹਰਸ਼ਿੰਦਰ ਸਿੰਘ, ਰਣਜੀਤ ਸਿੰਘ ਮੌੜ ਮੰਡੀ, ਜਥੇਦਾਰ ਦਿਲਬਾਗ ਸਿੰਘ ਬੁਰਜ, ਗੁਰਦਰਸ਼ਨ ਸਿੰਘ ਗੁਲਸ਼ਨ, ਸੋਹਨ ਸਿੰਘ ਮੋਹਾਲੀ, ਅਮਰਜੀਤ ਸਿੰਘ ਬਡਗੁਜਰਾਂ, ਪਲਵਿੰਦਰ ਸਿਘ ਤਲਵਾੜਾ, ਦਲਜੀਤ ਸਿੰਘ, ਜਸਵੀਰ ਸਿੰਘ ਬਸੀ, ਗੁਰਮੁਖ ਸਿੰਗ ਡਡਹੇੜੀ, ਹਰਪ੍ਰੀਤ ਸਿੰਘ ਹੈਪੀ, ਪ੍ਰਮਿੰਦਰ ਸਿੰਘ ਕਾਲਾ, ਕਿਹਰ ਸਿੰਘ ਮਾਰਵਾ, ਮਿਹਰ ਸਿੰਘ ਬਸੀ, ਸੁਰਿੰਦਰ ਸਿੰਘ ਲੁਹਾਰੀ, ਹਰਪਾਲ ਸਿੰਘ ਸਹੀਦਗੜ੍ਹ, ਬੀਬੀ ਮਨਜੀਤ ਕੌਰ, ਅੰਮ੍ਰਿਤਪਾਲ ਸਿੰਘ, ਪ੍ਰਮਿੰਦਰ ਸਿੰਘ ਸੋਨੀ, ਮੇਹਰ ਸਿੰਘ ਮਾਨ, ਅਵਤਾਰ ਸਿੰਘ ਮਾਨ, ਹਰੀ ਸਿੰਘ ਰੈਲੋਂ ਆਦ ਵੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>