ਐਸ.ਜੀ.ਪੀ.ਸੀ. ਦੀਆਂ ਚੋਣਾਂ ਵਿੱਚ ਸਵੱਛ ਕਿਰਦਾਰ ਵਾਲੇ ਉਮੀਦਵਾਰ ਹੋਣ

ਐਸ.ਜੀ.ਪੀ.ਸੀ. ਦੀਆਂ 18 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਸਵੱਛ ਕਿਰਦਾਰ ਤੇ ਧਾਰਮਿਕ ਪ੍ਰਵਿਰਤੀ ਵਾਲੇ ਉਮੀਦਵਾਰ ਹੋਣੇ ਚਾਹੀਦੇ ਹਨ। ਵੈਸੇ ਤਾਂ ਅਜਿਹੀ ਧਾਰਮਿਕ ਸੰਸਥਾ ਦੀ ਚੋਣ ਪਾਰਟੀ ਪੱਧਰ ’ਤੇ ਹੋਣੀ ਹੀ ਨਹੀਂ ਚਾਹੀਦੀ, ਜਦੋਂ ਕੋਈ ਸਿਆਸੀ ਪਾਰਟੀ ਐਸ.ਜੀ.ਪੀ.ਸੀ. ਦੀ ਚੋਣ ਆਪਣੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੇਗੀ ਤਾਂ ਉਹ ਪਾਰਟੀ ਚੋਣ ਜਿੱਤਣ ਤੋਂ ਬਾਅਦ ਤਾਂ ਹਰ ਕੰਮ ਕਾਜ਼ ਸਮੇਂ ਆਪਣੀ ਪਾਰਟੀ ਦੇ ਹਿੱਤਾਂ ਨੂੰ ਤਰਜ਼ੀਹ ਦੇਵੇਗੀ। ਗੁਰਦੁਆਰਾ ਸਾਹਿਬਾਨ ਸਭ ਸੰਗਤਾਂ ਦੇ ਸਾਂਝੇ ਹੁੰਦੇ ਹਨ। ਇਸ ਵਿੱਚ ਹਰ ਵਿਅਕਤੀ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ਼ ਰੱਖਦਾ ਹੈ, ਦਰਸ਼ਨਾਂ ਲਈ ਆ ਸਕਦਾ ਹੈ। ਇਸ ਲਈ ਇਹ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਨਹੀਂ ਲੜਨੀਆਂ ਚਾਹੀਦੀਆਂ। ਗੁਰਦੁਆਰਾ ਸਾਹਿਬਾਨ ਕਿਸੇ ਵੀ ਪਾਰਟੀ ਜਾਂ ਅਕਾਲੀ ਦਲ ਦੇ ਕਿਸੇ ਗਰੁੱਪ ਦੀ ਨਿੱਜੀ ਜਾਇਦਾਦ ਨਹੀਂ ਹੁੰਦੇ। ਧਰਮ ਨਿਰਪੱਖ ਦੇਸ਼ ਵਿੱਚ ਧਰਮ ਨਿਰਪੱਖ ਹੀ ਰਹਿਣਾ ਚਾਹੀਦਾ ਹੈ। ਕੋਈ ਵੀ ਗੁਰਸਿੱਖ ਇਹ ਚੋਣ ਲੜ ਸਕਦਾ ਹੈ। ਧਰਮ ਅਤੇ ਸਿਆਸਤ ਨੂੰ ਗੁਰਦਵਾਰਿਆਂ ਦੇ ਪ੍ਰਬੰਧ ਵਿੱਚ ਰਲਗਡ ਨਹੀਂ ਕਰਨਾ ਚਾਹੀਦਾ। ਇਹਨਾਂ ਚੋਣਾਂ ਵਿੱਚ ਉਮੀਦਵਾਰ ਪੂਰਨ ਗੁਰਸਿੱਖ, ਅੰਮ੍ਰਿਤਧਾਰੀ, ਰਹਿਤ ਮਰਿਆਦਾ ਵਾਲੇ, ਉਚੇ ਸੁੱਚੇ ਕਿਰਦਾਰ ਵਾਲੇ ਤੇ ਇਮਾਨਦਾਰੀ ਦੇ ਪ੍ਰਤੀਕ ਹੋਣੇ ਚਾਹੀਦੇ ਹਨ। ਉਮੀਦਵਾਰ ਨੈਤਿਕ ਤੌਰ ’ਤੇ ਮਜਬੂਤ ਤੇ ਪਰਪੱਕ ਹੋਣਾ ਚਾਹੀਦਾ ਹੈ। ਉਹ ਕਿਸੇ ਕਿਸਮ ਦਾ ਨਸ਼ਾ ਅਫੀਮ, ਭੁੱਕੀ, ਸ਼ਰਾਬ ਅਤੇ ਮੀਟ ਆਦਿ ਦਾ ਸੇਵਨ ਨਾ ਕਰਦਾ ਹੋਵੇ। ਉਸਦਾ ਪੜ੍ਹਿਆ-ਲਿਖਿਆ ਹੋਣਾ ਵੀ ਜਰੂਰੀ ਹੈ। ਉਮੀਦਵਾਰ ਇੱਕ ਕਿਸਮ ਨਾਲ ਸੰਗਤਾਂ ਲਈ ਰੋਲ ਮਾਡਲ ਹੋਣਾ ਚਾਹੀਦਾ ਹੈ ਕਿਉਂਕਿ ਗੁਰਦਵਾਰਾ ਸਾਹਿਬਾਨ ਦਾ ਪ੍ਰਬੰਧ ਸਿੱਖੀ ਅਤੇ ਸਿੱਖੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਤੇ ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣਾ, ਉਹਨਾਂ ਦਾ ਮੁੱਖ ਕੰਮ ਹੈ। ਇਸ ਸਮੇਂ ਸਿੱਖੀ ਸੋਚ ਵਿੱਚ ਜੋ ਗਿਰਾਵਟ ਆ ਰਹੀ ਹੈ ਤੇ ਨੌਜਵਾਨ ਪੀੜ੍ਹੀ ਸਿੱਖੀ ਤੋਂ ਮੁਨਕਰ ਹੋ ਰਹੀ ਹੈ, ਇਸ ਦਾ ਮੁੱਖ ਕਾਰਨ ਐਸ.ਜੀ.ਪੀ.ਸੀ. ਵੱਲੋਂ ਉਹਨਾਂ ਨੂੰ ਸਹੀ ਸੇਧ ਨਾ ਦੇਣਾ ਹੀ ਹੈ। ਉਮੀਦਵਾਰਾਂ ਦੀ ਦਾੜੀ ਵੀ ਰੰਗੀ ਨਹੀਂ ਹੋਣੀ ਚਾਹੀਦੀ। ਪਿਛਲੀ ਐਸ.ਜੀ.ਪੀ.ਸੀ. ਦੇ ਕੁੱਝ-ਕੁ ਮੈਂਬਰਾਂ ਨੇ ਸਿੱਖੀ ਸੋਚ ਨੂੰ ਖੋਰਾ ਲਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਵਿੱਚੋਂ ਕੁੱਝ ਇੱਕ ਕੋਲੋਂ ਪੁਲਿਸ ਨੇ ਨਸ਼ੀਲੀਆਂ ਚੀਜ਼ਾਂ ਜਿਨ੍ਹਾਂ ਵਿੱਚ ਭੁੱਕੀ, ਸ਼ਰਾਬ ਅਤੇ ਅਫੀਮ ਵੀ ਪਕੜੀ ਸੀ ਤੇ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਉਹ ਆਪਣੀਆਂ ਗੱਡੀਆਂ ’ਤੇ ਲਾਲ ਬੱਤੀਆਂ ਲਾਈ ਫਿਰਦੇ ਸਨ। ਧਰਮ ਕਰਮ ਦਾ ਕੰਮ ਛੱਡਕੇ ਉਹ ਨਸ਼ਿਆਂ ਦੇ ਵਪਾਰ ਵਿੱਚ ਪੈ ਗਏ ਸਨ। ਐਸ.ਜੀ.ਪੀ.ਸੀ. ਦੇ ਕੁੱਝ ਕਰਮਚਾਰੀ ਵੀ ਨਸ਼ਾ ਵੇਚਦੇ ਪਕੜੇ ਗਏ ਸਨ। ਇਹਨਾਂ ਨੇ ਸਮੁੱਚੀ ਸਿੱਖ ਸੰਗਤ ’ਤੇ ਐਸ.ਜੀ.ਪੀ.ਸੀ. ਨੂੰ ਢਾਅ ਲਾਈ। ਇਹਨਾਂ ਚੋਣਾਂ ਤੋਂ ਪਹਿਲਾਂ ਗੁਰਦਵਾਰਾ ਸਾਹਿਬਾਨ ਤੇ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਦਾ ਕਬਜ਼ਾ ਹੁੰਦਾ ਸੀ। ਉਹ ਗੁਰਦਵਾਰਾ ਸਾਹਿਬਾਨ ਦੀ ਦੁਰਵਰਤੋਂ ਕਰਦੇ ਸਨ। ਅੱਜ ਦੇ ਪ੍ਰਬੰਧਕ ਤਾਂ ਅੰਗਰੇਜ਼ਾਂ ਦੇ ਪਿੱਠੂਆਂ ਨੂੰ ਵੀ ਮਾਤ ਦੇ ਗਏ ਹਨ। ਇਹਨਾਂ ਮਹੰਤਾਂ ਤੋਂ ਗੁਰਦਵਾਰਾ ਸਾਹਿਬਾਨ ਨੂੰ ਖਾਲੀ ਕਰਵਾਉਣ ਲਈ ਬੜਾ ¦ਮਾਂ ਸਮਾਂ ਲਗਾਤਾਰ ਅੰਦੋਲਨ ਕਰਕੇ ਤੇ ਮੋਰਚੇ ਲਾ ਕੇ ਜੱਦੋ-ਜਹਿਦ ਕਰਨੀ ਪਈ, ਇੱਥੋਂ ਤੱਕ ਕੇ ਇਹਨਾਂ ਅੰਦੋਲਨਾਂ ਵਿੱਚ ਬਹੁਤ ਸਾਰੇ ਸਿੰਘਾਂ ਤੇ ਸਿੰਘਣੀਆਂ ਨੂੰ ਕੁਰਬਾਨੀਆਂ ਵੀ ਦੇਣੀਆਂ ਪਈਆਂ ਅਤੇ ਅੰਗਰੇਜ਼ ਸਰਕਾਰ ਦੀਆਂ ਲਾਠੀਆਂ ਵੀ ਖਾਧੀਆਂ। ਅਖੀਰ 1925 ਵਿੱਚ ਗੁਰਦਵਾਰਾ ਐਕਟ ਮਜਬੂਰ ਹੋ ਕੇ ਅੰਗਰੇਜ਼ਾਂ ਨੂੰ ਬਨਾਉਣਾ ਪਿਆ ਜਿਸ ਅਧੀਨ ਸਿੱਖ ਆਪਣੇ ਗੁਰਦਵਾਰਾ ਸਾਹਿਬਾਨ ਦੇ ਬਕਾਇਦਾ ਚੋਣ ਤੋਂ ਬਾਅਦ ਪ੍ਰਬੰਧ ਕਰਨ ਦੇ ਸਮਰੱਥ ਹੋਏ। ਇਸ ਐਕਟ ਅਧੀਨ ਪਹਿਲੀ ਚੋਣ ਜੁਲਾੲਂੀ 1926 ਵਿੱਚ ਹੋਈ। ਅਸਲ ਵਿੱਚ ਧਰਮ ਇਨਸਾਨ ਨੂੰ ਅਨੁਸ਼ਾਸ਼ਨ ਵਿੱਚ ਰੱਖਣ ਦਾ ਸਭ ਤੋਂ ਬਿਹਤਰ ਢੰਗ ਹੈ। ਹੁਣ ਧਰਮ ਦੀ ਆੜ ਵਿੱਚ ਸਿਆਸੀ ਪਾਰਟੀਆਂ ਗੁਰਦਵਾਰਾ ਸਾਹਿਬਾਨ ’ਤੇ ਕਾਬਜ਼ ਹੋ ਕੇ ਆਪਣੀ ਸਿਆਸੀ ਪਾਰਟੀ ਦੀ ਸਿਆਸਤ ਕਰ ਰਹੀਆਂ ਹਨ। ਕੁਰਬਾਨੀਆਂ ਦੇ ਕੇ ਮਹੰਤਾਂ ਤੋਂ ਗੁਰਦਵਾਰੇ ਖਾਲੀ ਕਰਵਾਉਣ ਵਾਲਿਆਂ ਦੇ ਸਵਰਗ ਸਿਧਾਰਣ ਤੋਂ ਬਾਅਦ ਸਿਆਸੀ ਰੁਚੀ ਵਾਲੇ ਲੋਕ ਗੁਰਦਵਾਰਿਆਂ ਦੀ ਸੱਤਾ ’ਤੇ ਕਬਜ਼ਾ ਕਰਨ ਲਈ ਤਰਲੋ ਮੱਛੀ ਹੋਣ ਲੱਗੇ ਤੇ ਹਰ-ਹਰਬਾ ਵਰਤ ਕੇ ਇਸ ਦੀ ਪ੍ਰਾਪਤੀ ਲਈ ਯਤਨਸ਼ੀਲ ਹਨ, ਜਦੋਂ ਗੁਰਦਵਾਰਿਆਂ ਦੇ ਪ੍ਰਬੰਧ ਵਿੱਚ ਸਿਆਸਤ ਦਾਖ਼ਲ ਹੋ ਗਈ ਤਾਂ ਇਹਨਾਂ ਦੇ ਪ੍ਰਬੰਧ ਵਿੱਚ ਗਿਰਾਵਟ ਆਉਣੀ ਵੀ ਕੁਦਰਤੀ ਹੈ ਅਤੇ ਧਰਮ ਨੂੰ ਠੇਸ ਪਹੁੰਚਣ ਲੱਗੀ। ਧਰਮ ਤੇ ਸਿਆਸਤ ਦੇ ਇਸ ਮੇਲ ਨਾਲ ਅਣ-ਹੋਣੀਆਂ ਹੋਣ ਲੱਗ ਪਈਆਂ ਕਿਉਂਕਿ ਸਿਆਸੀ ਲੋਕਾਂ ਦਾ ਮਕੱਸਦ ਤਾਂ ਧਰਮ ਦੀ ਆੜ ਵਿੱਚ ਆਪਣੀ ਸਿਆਸਤ ਕਰਨਾ ਹੁੰਦਾ ਹੈ। ਇਹ ਲੋਕ ਧਰਮ ਦੇ ਪ੍ਰਚਾਰ ਦੇ ਮੁੱਖ ਕੰਮ ਤੋਂ ਕਿਨਾਰਾ ਕਰਨ ਲੱਗੇ ਜਿਸ ਦੇ ਨਤੀਜੇ ਵਜੋਂ ਸਮਾਜਿਕ ਤੇ ਧਾਰਮਿਕ ਕਦਰਾਂ ਕੀਮਤਾਂ ਵਿੱਚ ਗਿਰਾਵਟ ਦਾ ਆਉਣਾ ਹੈ। ਪ੍ਰਬੰਧ ਵਿੱਚ ਸਿਆਸਤ ਹੋਣ ਕਰਕੇ ਐਸ.ਜੀ.ਪੀ.ਸੀ. ਵਿੱਚ ਦਸ ਨੰਬਰੀਏ ਭਰਤੀ ਹੋ ਗਏ। ਜਿਸ ਸੰਸਥਾ ਦਾ ਪ੍ਰਬੰਧ ਦਸ ਨੰਬਰੀਆਂ ਕੋਲ ਹੋਵੇਗਾ ਉਸ ਦਾ ਰੱਬ ਹੀ ਰਾਖਾ ਹੈ। ਆਪਣੀ ਨੌਕਰੀ ਦੌਰਾਨ ਇੱਕ ਵਾਰ ਇੱਕ ਐਸ.ਜੀ.ਪੀ.ਸੀ. ਦੇ ਪ੍ਰਧਾਨ ਦੇ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਦੇਣ ਮੌਕੇ ਦਾ ਮੈਂ ਗਵਾਹ ਹਾਂ ਜਿਸ ਵਿੱਚ ਸੇਵਾਦਾਰਾਂ ਵੱਲੋਂ ਸੰਗਤਾਂ ਨਾਲ ਦੁਰਵਿਵਹਾਰ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਹਨਾਂ ਸਪਸ਼ੱਟ ਕਿਹਾ ਕਿ ਪ੍ਰਧਾਨਗੀ ਦੀ ਕੁਰਸੀ ਬਚਾਉਣ ਲਈ ਸਿਫਾਰਸ਼ਾਂ ਤੇ ਅਜਿਹੇ ਕਿਰੀਮੀਨਲ ਲੋਕ ਭਰਤੀ ਕਰਨੇ ਪੈਂਦੇ ਹਨ। ਇਸ ਤੋਂ ਸ਼ਪਸੱਟ ਹੈ ਕਿ ਐਸ.ਜੀ.ਪੀ.ਸੀ. ਵਿੱਚ ਸਿਆਸਤ ਆਉਣ ਨਾਲ ਗਿਰਾਵਟ ਆ ਰਹੀ ਹੈ। ਟਿਕਟਾਂ ਵੰਡਣ ਵੇਲੇ ਮਾੜੇ ਅਕਸ ਵਾਲੇ ਵਿਅਕਤੀਆਂ ਨੂੰ ਟਿਕਟਾਂ ਹਰਗਿਜ਼ ਨਹੀਂ ਦੇਣੀਆਂ ਚਾਹੀਦੀਆਂ। ਜੇਕਰ ਸਵੱਛ ਕਿਰਦਾਰ ਵਾਲੇ ਐਸ.ਜੀ.ਪੀ.ਸੀ. ਦੇ ਮੈਂਬਰ ਹੋਣਗੇ ਤਾਂ ਪ੍ਰਧਾਨ ਆਪਣੀ ਮਨਮਰਜ਼ੀ ਨਹੀਂ ਕਰ ਸਕੇਗਾ। ਪ੍ਰੰਤੂ ਪ੍ਰਧਾਨ ਦੀ ਵੀ ਪਰਚੀ ਤਾਂ ਹੁਣ ਬਾਦਲ ਸਾਹਿਬ ਦੀ ਜੇਬ ਵਿੱਚੋਂ ਨਿਕਲਦੀ ਹੈ ਤੇ ਫਿਰ ਉਹ ਬਾਦਲ ਸਾਹਿਬ ਦੀ ਹੀ ਬੋਲੀ ਬੋਲਦਾ ਹੈ ਤੇ ਗੁਰਦਵਾਰਾ ਸਾਹਿਬਾਨ ਦੁਆਰਾ ਦੇ ਮਹੰਤਾਂ ਦੇ ਕਬਜ਼ੇ ਵਿੱਚ ਹੁੰਦੇ ਜਾ ਰਹੇ ਹਨ। ਹੁਣ ਤਾਜ਼ਾ ਚਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਸੇ ਪ੍ਰਾਈਵੇਟ ਪ੍ਰੈਸ ਤੋਂ ਸੁਨਿਹਰੀ ਅੱਖਰਾਂ ਵਿੱਚ ਪ੍ਰਕਾਸ਼ਿਤ ਕਰਵਾਉਣ ਦੀ ਜਾਣਕਾਰੀ ਸਾਹਮਣੇ ਆਉਣ ’ਤੇ ਸ਼ੁਰੂ ਹੋਈ ਹੈ। ਇਹ ਕਿਸੇ ਬਾਹਰਲੀ ਪ੍ਰੈਸ ਤੋਂ ਪ੍ਰਕਾਸ਼ਿਤ ਹੀ ਨਹੀਂ ਕਰਵਾਏ ਜਾ ਸਕਦੇ। ਇਹਨਾਂ ਸਰੂਪਾਂ ਵਿੱਚ ਅਨੇਕਾਂ ਛਪਾਈ ਦੀਆਂ ਗਲਤੀਆਂ ਹਨ। ਇਹ ਪਤਾ ਲੱਗਾ ਹੈ ਕਿ ਪ੍ਰਧਾਨ ਸਾਹਿਬ ਨੇ ਆਪਣੇ ਕਿਸੇ ਰਿਸ਼ਤੇਦਾਰ ਦੀ ਪ੍ਰੈਸ ਨੂੰ ਇਹ ਸਰੂਪ ਪ੍ਰਕਾਸ਼ਿਤ ਕਰਨ ਦਾ ਠੇਕਾ ਦਿੱਤਾ ਸੀ ਜੇਕਰ ਪੜ੍ਹੇ-ਲਿਖੇ ਨਿਰਪੱਖ ਤੇ ਸਿਆਸਤ ਤੋਂ ਰਹਿਤ ਐਸ.ਜੀ.ਪੀ.ਸੀ. ਦੇ ਮੈਂਬਰ ਹੋਣਗੇ ਤਾਂ ਪ੍ਰਧਾਨ ਅਜਿਹੀ ਮਨਮਰਜ਼ੀ ਨਹੀਂ ਕਰ ਸਕੇਗਾ। ਐਸ.ਜੀ.ਪੀ.ਸੀ. ਦੇ ਕਿਸੇ ਪੜ੍ਹੇ-ਲਿਖੇ ਪ੍ਰਧਾਨ ਨੂੰ ਤਾਂ ਬਰਦਾਸ਼ਤ ਹੀ ਨਹੀਂ ਕੀਤਾ ਜਾਂਦਾ। ਇੱਕ ਵਾਰ ਪ੍ਰੋ: ਕਿਰਪਾਲ ਸਿੰਘ ਬਡੂੰਗਰ ਇੱਕ ਪੜ੍ਹਿਆ ਲਿਖਿਆ ਐਮ.ਏ. ਅੰਗਰੇਜ਼ੀ ਪ੍ਰਧਾਨ ਬਣਿਆ ਸੀ ਉਸ ਦੇ ਕੀਤੇ ਬਹੁਤੇ ਫੈਸਲੇ ਬਾਅਦ ਵਿੱਚ ਬਦਲ ਦਿੱਤੇ ਤੇ ਉਹ ਸਿਆਸੀ ਲੋਕਾਂ ਨੂੰ ਰਾਸ ਨਹੀਂ ਆਇਆ। ਜੁਲਾਈ 2004 ਵਿੱਚ ਐਸ.ਜੀ.ਪੀ.ਸੀ. ਦੀਆਂ ਚੋਣਾਂ ਵਿੱਚ ਅਕਾਲੀ ਦਲ (ਬਾਦਲ) ਦੇ 136 ਅਤੇ ਬਾਕੀ ਗਰੁੱਪਾਂ ਦੇ 34 ਮੈਂਬਰ ਚੁਣੇ ਗਏ ਸਨ, ਉਹਨਾਂ ਵਿੱਚੋਂ ਬਹੁਤੇ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਸਨ। ਇਹਨਾਂ ਵਿੱਚ 33 ਇਸਤਰੀਆਂ ਮੈਂਬਰ ਵੀ ਸ਼ਾਮਲ ਸਨ। ਇਸ ਵਾਰੀ 30 ਇਸਤਰੀਆਂ ਅਤੇ 20 ਅਨੁਸੂਚਿਤ ਜਾਤੀਆਂ ਲਈ ਸੀਟਾਂ ਰਾਖਵੀਂਆਂ ਹਨ। ਇਸ ਵਾਰ ਵੀ 170 ਮੈਂਬਰ ਚੁਣੇ ਜਾਣਗੇ ਜਿਨ੍ਹਾਂ ਵਿੱਚੋਂ 157 ਪੰਜਾਬ ਵਿੱਚੋਂ, 11 ਹਰਿਆਣਾ ਵਿੱਚੋਂ ਅਤੇ 1-1 ਹਿਮਾਚਲ ਅਤੇ ਚੰਡੀਗੜ੍ਹ ਵਿੱਚੋਂ ਚੁਣਿਆ ਜਾਵੇਗਾ। 15 ਮੈਂਬਰ ਮਨੋਨੀਤ ਕੀਤੇ ਜਾਣਗੇ, 5 ਸਿੰਘ ਸਾਹਿਬਾਨ ਅਤੇ 1 ਸ਼੍ਰੀ ਹਰਮੰਦਰ ਸਾਹਿਬ ਦਾ ਹੈਡ ਗ੍ਰੰਥੀ ਹੋਵੇਗਾ ਪ੍ਰੰਤੂ ਇਨ੍ਹਾਂ ਨੂੰ ਵੋਟਾਂ ਵਿੱਚ ਹਿੱਸਾ ਲੈਣ ਦਾ ਅਧਿਕਾਰ ਨਹੀਂ ਹੋਵੇਗਾ। ਇਸ ਪ੍ਰਕਾਰ ਹਾਊਸ ਦੇ 191 ਮੈਂਬਰ ਹੋਣਗੇ। ਪਿਛਲੀਆਂ ਚੋਣਾਂ ਵਿੱਚ ਸਹਿਜ਼ਧਾਰੀ ਸਿੱਖ ਵੋਟ ਪਾ ਸਕਦੇ ਸਨ। ਇਸ ਵਾਰ ਉਹ ਵੋਟ ਨਹੀਂ ਪਾ ਸਕਣਗੇ। ਹੁਣ 4 ਅਗਸਤ ਤੋਂ 16 ਅਗਸਤ ਤੱਕ ਨਾਮਜ਼ਦਗੀ ਪੇਪਰ ਭਰੇ ਜਾ  ਰਹੇ ਹਨ ਤੇ 26 ਅਗਸਤ ਤੱਕ ਪੇਪਰ ਵਾਪਸ ਲਏ ਜਾ ਸਕਦੇ ਹਨ। 22 ਸਤੰਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਨਿਕਲਣਗੇ। ਇਹਨਾਂ ਚੋਣਾਂ ਵਿੱਚ 55 ਲੱਖ ਤੋਂ ਉੱਪਰ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਪਿਛਲੀ ਵਾਰ ਐਸ.ਜੀ.ਪੀ.ਸੀ. ਦਾ ਬਜਟ 652 ਕਰੋੜ ਰੁਪਏ ਦਾ ਸੀ। ਐਸ.ਜੀ.ਪੀ.ਸੀ. ਦੇ ਹਰ ਮੈਂਬਰ ਨੂੰ ਆਪੋ-ਆਪਣੇ ਹਲਕੇ ਵਿੱਚ 1-1 ਲੱਖ ਰੁਪਏ ਧਾਰਮਿਕ, ਸਮਾਜਿਕ ਤੇ ਵਿੱਦਿਅਕ ਕੰਮਾਂ ਲਈ ਆਪਣੀ ਮਰਜ਼ੀ ਨਾਲ ਖ਼ਰਚਣ ਦਾ ਅਧਿਕਾਰ ਹੋਵੇਗਾ। ਪਿਛਲੇ ਹਾਊਸ ਦੇ 12 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਰ ਇਹਨਾਂ ਚੋਣਾਂ ਵਿੱਚ ਨਵੇਂ ਸਮੀਕਰਨ ਹੋਣ ਦੀ ਸੰਭਾਵਨਾ ਹੈ ਪ੍ਰੰਤੂ ਫਿਰ ਵੀ ਬਾਦਲ ਗਰੁੱਪ ਦਾ ਪੰਜਾਬ ਸਰਕਾਰ ਵਿੱਚ ਹੱਥ ਹੋਣ ਕਰਕੇ ਪਲੜਾ ਭਾਰੀ ਰਹਿਣ ਦੀ ਉਮੀਦ ਹੈ ਕਿਉਂਕਿ ਤਹਿਸੀਲਦਾਰਾਂ ਦੀ ਮਦਦ ਨਾਲ ਬਣਾਈਆਂ ਐਸ.ਜੀ.ਪੀ.ਸੀ. ਦੀਆਂ ਵੋਟਾਂ ਆਪਣਾ ਰੰਗ ਜਰੂਰ ਵਿਖਾਉਣਗੀਆਂ। ਅਕਾਲੀ ਦਲ ਦੇ ਦੂਜੇ ਧੜੇ ਇੱਕ ਪਲੇਟਫਾਰਮ ’ਤੇ ਇੱਕਠੇ ਨਹੀਂ ਹੋ ਸਕਣਗੇ ਕਿਉਂਕਿ ਸ. ਸਿਮਰਨਜੀਤ ਸਿੰਘ ਮਾਨ ਵੱਖਰੇ ਚੋਣ ਲੜਣ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਸ. ਮਨਪ੍ਰੀਤ ਸਿੰਘ ਬਾਦਲ ਜੋ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਸਕਦਾ ਸੀ ਉਹ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਿਹਾ। ਵੈਸੇ ਵੀ ਉਸ ਨਾਲ ਐਸ.ਜੀ.ਪੀ.ਸੀ. ਦਾ ਇੱਕੋ ਮੈਂਬਰ ਸ. ਗੁਰਮੀਤ ਸਿੰਘ ਗਿਆ ਸੀ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਉਹਨਾਂ ਦੀ ਪਾਰਟੀ ਧਰਮ ਨਿਰਪੱਖ ਹੋਣ ਕਰਕੇ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ। ਐਸ.ਜੀ.ਪੀ.ਸੀ. ਦੇ ਵੋਟਰਾਂ ਨੂੰ ਸਵੱਛ ਕਿਰਦਾਰ ਵਾਲੇ ਉਮੀਦਾਵਾਰਾਂ ਨੂੰ ਹੀ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਜੇਕਰ ਵੋਟਰਾਂ ਨੇ ਅਜਿਹਾ ਕਰਨ ਦਾ ਹੌਸਲਾ ਨਾ ਕੀਤਾ ਤਾਂ ਵਰਤਮਾਨ ਸਰਕਾਰ ਦੀ ਹੱਥ ਠੋਕੀ ਐਸ.ਜੀ.ਪੀ.ਸੀ. ਦੁਬਾਰਾ ਬਣ ਜਾਵੇਗੀ ਤੇ ਸੰਗਤ ਨੂੰ ਉਹਨਾਂ ਦੀਆਂ ਮਨਮਾਨੀਆਂ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ, ਇਸ ਦੇ ਸਿੱਟੇ ਵਜੋਂ ਧਾਰਮਿਕ ਕਦਰਾਂ ਕੀਮਤਾਂ ਵਿੱਚ ਗਿਰਾਵਟ ਆਉਣ ਤੋਂ ਕੋਈ ਰੋਕ ਨਹੀਂ ਸਕਦਾ।

ਸਾਬਕਾ ਜਿਲਾ ਲੋਕ ਸੰਪਰਕ ਅਫਸਰ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>