ਧੁਖ਼ ਰਿਹਾ ਹੈ ਲੰਦਨ!

ਅੱਜ ਮੇਰੇ ਜ਼ਿਹਨ ਵਿਚ ਬਹੁਤ ਸਮਾਂ ਪਹਿਲਾਂ ਪੜ੍ਹੀਆਂ ਸਤਰਾਂ ਗੂੰਜ ਰਹੀਆਂ ਹਨ, ‘ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੁਮ, ਕਬ ਬਦਲੇ ਵਕਤ ਕਾ ਮਿਜ਼ਾਜ਼!’ ਸਮੇਂ-ਸਮੇਂ ਦੀ ਗੱਲ ਹੈ। ਜਿਸ ਲੰਦਨ ਵਿਚ ਕਦੇ ਸੰਸਾਰ ਭਰ ਦੇ ਦੇਸ਼ਾਂ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਸੀ, ਜਿਸ ਲੰਦਨ ਵਿਚ ਬੈਠ ਕੇ ਲਿਬੀਆ, ਅਫ਼ਗਾਨਿਸਤਾਨ ਅਤੇ ਇਰਾਕ ਵਿਚ ‘ਸ਼ਾਂਤੀ’ ਸਥਾਪਿਤ ਕਰਨ ਦੇ ਦਮਗੱਜੇ ਮਾਰੇ ਜਾਂਦੇ ਰਹੇ ਸਨ, ਅੱਜ ਉਹੀ ਲੰਦਨ ਕਈ ਦਿਨਾਂ ਤੋਂ ਬਲ਼ ਅਤੇ ਧੁਖ਼ ਰਿਹਾ ਹੈ। ਲਾਟਾਂ ਨਿਕਲ਼ ਰਹੀਆਂ ਹਨ ਅਤੇ ਲੁੱਟ-ਮਾਰ ਦਾ ਦੌਰ ਨਿਰੰਤਰ ਜਾਰੀ ਹੈ। ਪਿਛਲੇ ਵੀਰਵਾਰ ਨੂੰ ਸੈਂਟਰਲ ਲੰਦਨ ਦੇ ਇਲਾਕੇ ਟੋਟਨਹੈਮ ਵਿਚ ਕਥਿਤ ਤੌਰ ‘ਤੇ ਪੁਲੀਸ ਹੱਥੋਂ ਇੱਕ 29 ਸਾਲਾ ਵਿਅਕਤੀ ਮਾਰਕ ਡੱਗਨ ਮਾਰਿਆ ਗਿਆ, ਜਿਸ ਦੇ ਪ੍ਰਤੀਕਰਮ ਵਜੋਂ ਲੋਕਾਂ ਵਿਚ ਰੋਸ ਅਤੇ ਫ਼ਿਰ ਗੁੱਸਾ ਫੈਲ ਗਿਆ। ਟੋਟਨਹੈਮ ਵਿਚ ਇਸ ਫੈਲੇ ਰੋਸ ਦੇ ਕਾਰਨ ਪਹਿਲਾਂ ਇੱਕਾ-ਦੁੱਕਾ ਵਾਰਦਾਤਾਂ ਹੋਈਆਂ ਅਤੇ ਫਿਰ ਗੱਲ ਨਸ਼ਈ, ਵਿਗੜੇ, ਕੰਮਚੋਰ ਅਤੇ ਅਪਰਾਧਿਕ-ਬਿਰਤੀ ਵਾਲੇ ਵਰਗ ਨੇ ਆਪਣੇ ਹੱਥਾਂ ਵਿਚ ਲੈ ਲਈ ਅਤੇ ਲੁਟੇਰੇ ਬਣ ਤੁਰੇ। ਸਿੱਟੇ ਵਜੋਂ ਪੂਰੇ ਲੰਦਨ ਵਿਚ ਤਰਥੱਲੀ ਮੱਚ ਗਈ! ਭੰਨ-ਤੋੜ, ਡਾਕੇ, ਸਾੜ-ਫ਼ੂਕ ਅਤੇ ਲੁੱਟ-ਮਾਰ ਸ਼ੁਰੂ ਹੋ ਗਈ। ਪਹਿਲਾਂ ਤਾਂ ਦੰਗਾਕਾਰੀਆਂ ਨੇ ਇੱਕ ਪੁਲੀਸ ਸਟੇਸ਼ਨ ‘ਤੇ ਹਮਲਾ ਕੀਤਾ ਅਤੇ ਫਿਰ ਪੁਲਿਸ ਦੀਆਂ ਗੱਡੀਆਂ ਦੀ ਸਾੜ-ਫੂਕ ਕੀਤੀ। ਲੰਦਨ ਦੀ ਸਥਿਤੀ ਇਸ ਹੱਦ ਤੱਕ ਹੌਲਨਾਕ ਬਣ ਗਈ ਸੀ ਕਿ ਲੋਕ ਪੁਲੀਸ ਨੂੰ ਬਚਾਓ ਲਈ ਫੋਨ ਕਰ ਰਹੇ ਸਨ ਅਤੇ ਪੁਲੀਸ ਉਨ੍ਹਾਂ ਨੂੰ ਤੋੜ ਕੇ ਜਵਾਬ ਦੇ ਰਹੀ ਸੀ, ‘ਅਫ਼ਸੋਸ, ਅਸੀਂ ਨਹੀਂ ਆ ਸਕਦੇ!’ ਮੇਰੀ ਨਜ਼ਰ ਵਿਚ ਅਜਿਹੇ ਹਾਲਾਤ ਭਿਆਨਕ ‘ਸਿਵਲ ਵਾਰ’ ਨੂੰ ਜਨਮ ਦੇ ਸਕਦੇ ਹਨ। ਜੇ ਪੁਲਿਸ ਤੁਹਾਡੇ ਬਚਾਓ ਲਈ ਅੱਗੇ ਨਹੀਂ ਆਉਂਦੀ ਤਾਂ ਲੋਕ ਆਪਣਾ ਬਚਾਓ ਤਾਂ ਕਿਵੇਂ ਨਾ ਕਿਵੇਂ ਕਰਨਗੇ ਹੀ? ਮਰਦਾ ਕੀ ਨਹੀਂ ਕਰਦਾ? ਇਨ੍ਹਾਂ ਦੰਗਿਆਂ-ਡਾਕਿਆਂ ਅਤੇ ਸਾੜ-ਫੂਕ ਦਾ ਸੇਕ ਮਾਨਚੈਸਟਰ, ਲਿਵਰਪੂਲ ਅਤੇ ਮਿੱਡਲੈਂਡ ਤੱਕ ਜਾ ਪਹੁੰਚਿਆ ਹੈ! ਸਥਾਨਕ ਵਿਹਲੜ ਗੁੰਡੇ ਉਠ ਕੇ ਆਪਣੇ ਇਲਾਕਿਆਂ ਨੂੰ ਹੀ ਲੁੱਟ ਰਹੇ ਹਨ! ਬਲੈਕਬਰੀ ਫੋਨਾਂ ‘ਤੇ ‘ਟੈਕਸਟ’ ਕਰ ਕੇ ਵੱਡੇ-ਵੱਡੇ ਸਟੋਰਾਂ ਅਤੇ ਕੀਮਤੀ ਦੁਕਾਨਾਂ ਦੀ ਕਨਸੋਅ ਦਿੱਤੀ ਜਾ ਰਹੀ ਹੈ ਕਿ ਅਗਲੀ ਲੁੱਟ ਦਾ ਨਿਸ਼ਾਨਾ ਕਿਹੜਾ ਹੈ। ਸਾਊਥਾਲ ਅਤੇ ਹੋਰ ਗੁਰੂ ਘਰਾਂ ਅੱਗੇ ਸਾਡੇ ਲੋਕ ਥੰਮ੍ਹ ਬਣ ਕੇ ਖੜ੍ਹੇ ਹੋ ਗਏ ਹਨ ਕਿ ਕੋਈ ਗੁਰਦੁਆਰਾ ਸਾਹਿਬ ਦਾ ਨੁਕਸਾਨ ਨਾ ਕਰ ਜਾਵੇ! ਇੰਨਫ਼ੀਲਡ ਵਿਚ ਨੌਜਵਾਨ ਤਬਕਾ ਆਪਣੀ ਸੰਪਤੀ ਦੇ ਬਚਾਓ ਲਈ ਆਪ ਅੱਗੇ ਆਇਆ ਹੈ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਉਨ੍ਹਾਂ ਨੇ ਖ਼ੁਦ ਕਮਰਕਸੇ ਕਰ ਲਏ ਹਨ!

ਬਿਨਾਂ ਸ਼ੱਕ ਇਹ ਦੰਗੇ ਮਾਰਕ ਡੱਗਨ ਦੀ ਮੌਤ ਕਾਰਨ ਭੜ੍ਹਕੇ ਅਤੇ ਚਾਹੇ ਪਿੱਛੋਂ ਕੰਮਚੋਰ ਅਤੇ ਨਸ਼ਈ ਤਬਕੇ ਨੇ ਮੌਕਾ ਨਾ ਖੁੰਝਾਇਆ ਅਤੇ ਬੇਕਸੂਰ ਦੁਕਾਨਦਾਰਾਂ ਨੂੰ ਲੁੱਟ ਕੇ ਆਪਣੇ ਹੱਥ ਰੰਗਣੇ ਸ਼ੁਰੂ ਕਰ ਦਿੱਤੇ। ਪਰ ਜੋ ਭੂਮਿਕਾ ਪੁਲਿਸ ਦੀ ਰਹੀ, ਉਹ ਅੱਤ ਨਿੰਦਣਯੋਗ ਹੈ! ਟੀ.ਵੀ. ਦੇ ਹਰ ਚੈਨਲ ‘ਤੇ ਲੋਕ ਪੁਲੀਸ ਅਤੇ ਪ੍ਰਸ਼ਾਸਨ ਦੇ ਵਿਰੋਧ ਵਿਚ ਪਿੱਟ-ਸਿਆਪਾ ਕਰ ਰਹੇ ਹਨ ਕਿ ਪੁਲੀਸ ਨੇ ਆਮ ਜਨਤਾ ਦੀ ਕੋਈ ਮਦਦ ਨਹੀਂ ਕੀਤੀ ਅਤੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਸ਼ਨੀਵਾਰ ਨੂੰ ਸ਼ੁਰੂ ਹੋਏ ਇਹ ਦੰਗੇ ਅਤੇ ਡਾਕੇ ਚਾਰ ਦਿਨ ਲਗਾਤਾਰ ਸ਼ਰੇਆਮ ਚੱਲਦੇ ਰਹੇ। ਜਦ ਪ੍ਰਸ਼ਾਸਨ ਦਾ ਗ਼ੈਰ-ਜ਼ਿੰਮੇਵਾਰ ਬਿਆਨ ਆਇਆ ਕਿ ਅਜਿਹੇ ਦੰਗਿਆਂ ਲਈ ਸਾਡੀ ਪੁਲੀਸ ਫ਼ੋਰਸ ਅਗਾਊਂ ਤਿਆਰ ਨਹੀਂ ਸੀ, ਤਾਂ ਲੋਕਾਂ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ ਅਤੇ ਸੋਚਣ ਲਈ ਮਜਬੂਰ ਹੋ ਗਏ ਕਿ ਪੁਲਿਸ ਵਾਕਿਆ ਹੀ ਅਗਾਊਂ ਤਿਆਰ ਨਹੀਂ ਸੀ ਜਾਂ ਇਤਨੀ ਆਵੇਸਲੀ ਅਤੇ ਲਾਪ੍ਰਵਾਹ ਸੀ ਕਿ ਉਸ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ? ਜੇ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ? ਸਮਾਂ ਹਰ ਗੱਲ ਨੂੰ ਲੱਗ ਜਾਂਦਾ ਹੈ। ਪਰ 72 ਘੰਟੇ ਦੰਗਾਕਾਰੀ ਨੰਗਾ ਨਾਚ ਕਰਦੇ ਰਹਿਣ ਅਤੇ ਪੁਲੀਸ 72 ਘੰਟੇ ਦੇ ਅੰਦਰ ਵੀ ਕੋਈ ਹੱਲ ਨਾ ਕੱਢ ਸਕੇ? ਇਹ ਲਾਪ੍ਰਵਾਹੀ ਦੀ ਹੱਦ ਨਹੀਂ? ‘ਕੋਬਰਾ’ ਵਰਗੇ ਸੁਰੱਖਿਆ ਦਸਤੇ ਕਾਹਦੇ ਲਈ ਬਣਾਏ ਗਏ ਨੇ? ਉਨ੍ਹਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ?

ਇਕ ਗੱਲ ਸਾਰੇ ਸਿਆਸਤਦਾਨਾਂ ਅਤੇ ਪ੍ਰਸ਼ਾਸਨ ਨੂੰ ਪੁੱਛਣੀ ਬਣਦੀ ਹੈ ਕਿ ਜਦੋਂ ਮਰਹੂਮ ਲੇਡੀ ਡਿਆਨਾ ਦੇ ਲੜਕੇ ਵਿਲੀਅਮ ਦੀ ਸ਼ਾਦੀ ਹੋਈ ਤਾਂ ਪ੍ਰਸ਼ਾਸਨ ਨੇ ਪੁਲੀਸ ਫੋਰਸ ਇੰਗਲੈਂਡ ਭਰ ਦੇ ਕੋਨੇ-ਕੋਨੇ ਵਿਚੋਂ ਲਿਆ ਖੜ੍ਹੀ ਕੀਤੀ ਸੀ ਅਤੇ ਪੂਰੀ ਰਾਜਧਾਨੀ ਵਿਚ ਕਿਸੇ ਪੰਛੀ ਨੂੰ ਵੀ ‘ਪਰ’ ਨਹੀਂ ਮਾਰਨ ਦਿੱਤਾ ਸੀ। ਇਥੇ ਉਨ੍ਹਾਂ ਦਾ ਉੱਤਰ ਚਾਹੇ ਇਹ ਹੋਵੇ ਕਿ ‘ਰੋਇਲ ਵੈਡਿੰਗ’ ਬਾਰੇ ਤਾਂ ਸਾਨੂੰ ਪਹਿਲਾਂ ਪਤਾ ਸੀ ਅਤੇ ਅਸੀਂ ਸਮੇਂ ਸਿਰ ਪੁਖ਼ਤਾ ਪ੍ਰਬੰਧ ਕਰ ਲਏ ਸਨ। ਪਰ ਅਸਲ ਵਿਚ ਧਿਆਨ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਇੰਗਲੈਂਡ ਦੇ ਪ੍ਰਸ਼ਾਸਨ ਲਈ ਤਿੰਨ ਦਿਨ ਅਤੇ ਤਿੰਨ ਰਾਤਾਂ ਵੀ ਗੰਭੀਰ ਸਥਿਤੀ ਸੰਭਾਲਣ ਲਈ ਘੱਟ ਸਨ? ਕੀ ਉਹ ਏਨੇ ਘੋਗਲਕੰਨੇ ਸਨ ਕਿ 72 ਘੰਟੇ ਸਮੁੱਚੇ ਲੰਦਨ ਦੀ ਲੁੱਟ-ਮਾਰ ਹੁੰਦੀ ਰਹੀ, ਅੱਗਾਂ ਲੱਗਦੀਆਂ ਰਹੀਆਂ, ਜਨਤਾ ਦੀ ਖ਼ੂਨ-ਪਸੀਨੇ ਦੀ ਕਮਾਈ ਨਾਲ ਬਣਾਈ ਜਾਇਦਾਦ ਅਗਨ ਭੇਂਟ ਹੁੰਦੀ ਰਹੀ, ਪਰ ਫਿਰ ਵੀ ਏਨੇ ਸਮੇਂ ਵਿਚ ਪ੍ਰਸ਼ਾਸਨ ਨੂੰ ਕੋਈ ਸਾਰਥਿਕ ਹੱਲ ਤੱਕ ਨਹੀਂ ਲੱਭਿਆ? ਕਈ ਥਾਂਈਂ ਤਾਂ ਲੋਕਾਂ ਨੇ ਲੱਗੀਆਂ ਅੱਗਾਂ ਵਿਚ ਫਲੈਟਾਂ ‘ਚੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਅਤੇ ਪੁਲਿਸ ਖਣਪੱਟੀ ਲੈ ਕੇ ਸੁੱਤੀ ਰਹੀ।

ਲੰਦਨ ਦਾ ਮੇਅਰ ਬੋਰਿਸ ਜੌਹਨਸਨ ਅਤੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਛੁੱਟੀਆਂ ‘ਤੇ ਗਏ ਹੋਏ ਸਨ। ਜਦੋਂ ਅਰਬਾਂ ਪੌਂਡਾਂ ਦਾ ਨੁਕਸਾਨ ਹੋ ਗਿਆ ਤਾਂ ਉਨ੍ਹਾਂ ਨੂੰ ਸੁਰਤ ਜਿਹੀ ਆਈ ਕਿ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਗੱਦੀ ‘ਤੇ ਬਿਠਾਇਆ ਹੈ, ਉਹ ਤਿੰਨ ਦਿਨਾਂ ਤੋਂ ਸੰਕਟ ਵਿਚ ਹਨ ਅਤੇ ਹੁਣ ਵਾਪਸ ਪਰਤਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਵਾਪਸ ਆ ਕੇ ਐਲਾਨ ਕਰ ਦਿੱਤਾ ਕਿ ਅਸੀਂ ਬਾਹਰਲੇ ਇਲਾਕਿਆਂ ‘ਚੋਂ ਫੋਰਸ ਮੰਗਵਾ ਰਹੇ ਹਾਂ ਅਤੇ ਅੱਜ ਰਾਤ 16000 ਪੁਲਿਸ ਅਧਿਕਾਰੀ ਲੰਦਨ ਦੀ ਰਾਖੀ ਕਰਨਗੇ। ਜਦੋਂ ਲੰਦਨ ਦੇ ਮੇਅਰ ਨੇ ਆ ਕੇ ‘ਸੰਗਤ ਦਰਸ਼ਨ’ ਕੀਤੇ ਤਾਂ ਉਸ ਨੇ ਘੜੀ-ਘੜ੍ਹਾਈ ਗੱਲ ਲੋਕਾਂ ਦੇ ਮੱਥੇ ਮਾਰੀ ਕਿ ਜਿਨ੍ਹਾਂ ਨੇ ਇਹ ਅਪਰਾਧ ਕੀਤਾ ਹੈ, ਉਨ੍ਹਾਂ ਨੂੰ ਸਜ਼ਾ ਭੁਗਤਣੀ ਪਵੇਗੀ। ਲੋਕ ਪੁੱਛ ਰਹੇ ਸਨ ਕਿ ਹੁਣ ਅੱਗੇ ਤੁਹਾਡੀ ਕੀ ਕਾਰਵਾਈ ਹੋਵੇਗੀ? ਤਾਂ ਬੋਰਿਸ ਜੌਹਨਸਨ ਨੇ ਉੱਤਰ ਦਿੱਤਾ ਕਿ ਬਾਹਰੋਂ ਫੋਰਸ ਆ ਰਹੀ ਹੈ। …ਤੇ ਜਦ ਲੁੱਟੇ-ਪੁੱਟੇ ਅਤੇ ਤਬਾਹ ਹੋਏ ਪ੍ਰੇਸ਼ਾਨ ਲੋਕਾਂ ਨੇ ਬੋਰਿਸ ਜੌਹਨਸਨ ਨੂੰ ਪੁੱਛਿਆ ਕਿ ਫ਼ੋਰਸ ਅੱਜ ਹੀ ਕਿਉਂ ਆ ਰਹੀ ਹੈ, ਪਿਛਲੇ ਤਿੰਨ ਦਿਨਾਂ ਤੋਂ ਕਿਉਂ ਨਹੀਂ ਬੁਲਾਈ ਗਈ? ਏਨੀ ਦੇਰੀ ਕਿਉਂ?? ਕੁਝ ਦੁਖੀ ਅਤੇ ਭੜਕੇ ਲੋਕਾਂ ਨੇ ਮੇਅਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਤਾਂ ਉਹ ਬਗੈਰ ਉੱਤਰ ਦਿੱਤੇ ਹੀ ਬੋਦੀਆਂ ਪਲੋਸਦਾ ਵਾਪਸ ਪਰਤ ਗਿਆ।

ਇਰਾਕ ਅਤੇ ਅਫ਼ਗਾਨਿਸਤਾਨ ਜੰਗ ਵੇਲ਼ੇ ਇੰਗਲੈਂਡ ਨੇ ਅਮਰੀਕਾ ਦਾ ਡਟ ਕੇ ਸਾਥ ਦਿੱਤਾ ਅਤੇ ਸਿੱਟੇ ਵਜੋਂ ਇੰਗਲੈਂਡ ਆਰਥਿਕ ਮੰਦਹਾਲੀ ਦੀ ਮਾਰ ਹੇਠ ਆ ਗਿਆ। ਖਾਣ-ਪੀਣ ਦੀਆਂ ਵਸਤੂਆਂ ਅਤੇ ਪੈਟਰੋਲ ਦੇ ਭਾਅ ਅਸਮਾਨ ਚੜ੍ਹ ਗਏ। ਛੋਟੇ ਬਿਜ਼ਨਿਸ ਬੰਦ ਹੋ ਗਏ ਅਤੇ ਵੱਡੀਆਂ ਕੰਪਨੀਆਂ ਨੇ ‘ਦਿਵਾਲਾ’ ਨਿਕਲ਼ਿਆ ਦਿਖਾ ਦਿੱਤਾ। ਦੁਨੀਆ, ਖ਼ਾਸ ਤੌਰ ‘ਤੇ ਨੌਜਵਾਨ ਤਬਕਾ ਬੇਰੁਜ਼ਗਾਰ ਹੋ ਕੇ ਮੱਖੀਆਂ ਮਾਰਨ ਲੱਗ ਪਿਆ। ਟੈਕਸ ਝੱਗੇ-ਲਾਹੂ ਹੋ ਗਏ ਅਤੇ ਤਨਖ਼ਾਹਾਂ ਦੀ ਦਰ ਉਸੇ ਜਗਾਹ ‘ਤੇ ਹੀ ਖੜ੍ਹੀ ਰਹੀ। ਟੋਟਨਹੈਮ ਵਿਚ ਮਾਰਕ ਡੱਗਨ ਦਾ ਪੁਲਿਸ ਹੱਥੋਂ ਮਾਰਿਆ ਜਾਣਾਂ ਤਾਂ ਇਕ ਬਹਾਨਾ ਸੀ, ਅਸਲ ਵਿਚ ਗੌਰਮਿੰਟ ਦੀਆਂ ਗ਼ਲਤ ਨੀਤੀਆਂ ਤੋਂ ਭਰੇ-ਪੀਤੇ ਨਿਰਾਸ਼ ਲੋਕ, ਨਿੱਕੀਆਂ-ਮੋਟੀਆਂ ਚੋਰੀਆਂ ਕਰਨ ਵਾਲੇ ਜਾਂ ਔਰਤਾਂ ਦੇ ਕੰਨਾਂ ਵਿਚੋਂ ਵਾਲ਼ੀਆਂ ਜਾਂ ਗਲ਼ਾਂ ਵਿਚੋਂ ਚੈਨੀਆਂ ਖਿੱਚਣ ਵਾਲੇ ਸ਼ਰੇਆਮ ਸੜਕਾਂ ‘ਤੇ ਆ ਗਏ ਅਤੇ ਉਨ੍ਹਾਂ ਨੇ ਭੰਨ-ਤੋੜ ਕਰ ਕੇ ਵੱਡੀਆਂ-ਵੱਡੀਆਂ ਦੁਕਾਨਾਂ ਵਿਚ ‘ਹੂੰਝਾ’ ਫ਼ੇਰਨਾ ਸ਼ੁਰੂ ਕਰ ਦਿੱਤਾ। ਵਿਹਲੀ ਬੈਠੀ ਜਨਤਾ ਦਾ ਗੁੱਸਾ ਇਕਦਮ ਭੜਕਿਆ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਅੱਗ ਮਚਾ ਦਿੱਤੀ। ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਮੀਡੀਆ ਦੇ ਕੈਮਰਿਆਂ ਅੱਗੇ ਖੜ੍ਹ ਕੇ ਦਮਗੱਜੇ ਮਾਰ ਰਿਹਾ ਹੈ ਕਿ ਜਿਨ੍ਹਾਂ ਨੇ ਇਹ ਸਾੜ-ਫੂਕ ਅਤੇ ਲੁੱਟ-ਮਾਰ ਕੀਤੀ ਹੈ, ਉਨ੍ਹਾਂ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਅਪਰਾਧ ਕਰਨ ਵਾਲ਼ੇ ਤਾਂ ਜਦੋਂ ਨਤੀਜੇ ਭੁਗਤਣਗੇ, ਉਦੋਂ ਹੀ ਭੁਗਤਣਗੇ। ਪਰ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਦੁਕਾਨਦਾਰਾਂ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਇੰਗਲੈਂਡ ਦੇ ਕਾਨੂੰਨ ਅਨੁਸਾਰ ਜੇ ਕਿਸੇ ਦੀ ਸੰਪਤੀ ਦੰਗਿਆਂ ਵਿਚ ਸਾੜੀ ਜਾਂਦੀ ਹੈ, ਜਾਂ ਲੁੱਟੀ ਜਾਂਦੀ ਹੈ ਤਾਂ ਕੋਈ ਵੀ ਬੀਮਾਂ ਕੰਪਨੀ ਉਸ ਦਾ ਮੁਆਵਜ਼ਾ ਨਹੀਂ ਦਿੰਦੀ। ਸਾਰੀ ਜ਼ਿੰਦਗੀ ਦੀ ਪੂੰਜੀ ਆਪਣੇ ਕਾਰੋਬਾਰਾਂ ‘ਤੇ ਨਿਵੇਸ਼ ਕਰਨ ਵਾਲ਼ੇ ਦੁਕਾਨਦਾਰ ਹੁਣ ਪ੍ਰਸ਼ਾਸਨ ਦੀ ਜਾਨ ਨੂੰ ਰੋ ਰਹੇ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਤਕਲੀਫ਼ ਸਮਝਣ ਦੀ ਥਾਂ ਬੇਸ਼ਰਮਾਂ ਵਾਂਗ ਇਕ ਹੀ ਤੋਤਾ ਰਟ ਲਾਈ ਜਾ ਰਿਹਾ ਹੈ, ‘ਅਪਰਾਧੀਆਂ ਨੂੰ ਸਿੱਟੇ ਭੁਗਤਣੇ ਪੈਣਗੇ!’ ਤੇ ਜਿਹੜੇ ਨਿਰਦੋਸ਼ ਅਤੇ ਆਮ ਲੋਕ ਨਤੀਜੇ ਭੁਗਤ ਚੁੱਕੇ ਹਨ, ਉਹ ਕਿਹੜੇ ਖ਼ੂਹ ਵਿਚ ਜਾਣ? ਇਸ ਬਾਰੇ ਗੌਰਮਿੰਟ ਨੂੰ ਸੋਚਣ ਦੀ ਲੋੜ ਹੈ! ਪੀੜਤ ਲੋਕਾਂ ਨੂੰ ਸਹਾਰੇ ਦੀ ਕੋਈ ਕਿਰਨ ਦਿਖਾਓ, ਅਪਰਾਧੀਆਂ ਨੂੰ ਫੋਕੀਆਂ ਧਮਕੀਆਂ ਦੇ ਕੇ ਪੀੜਤ ਲੋਕਾਂ ਦਾ ਕੁਝ ਨਹੀਂ ਸੁਧਰਨਾ!! ਉਨ੍ਹਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦਾ ਕੋਈ ਹੱਲ ਸੋਚੋ! ਲਿਬੀਆ, ਇਰਾਕ ਅਤੇ ਅਫ਼ਗਾਨਿਸਤਾਨ ਵਿਚ ‘ਸ਼ਾਂਤੀ-ਸ਼ਾਂਤੀ’ ਕੂਕਣ ਵਾਲਿਓ! ਕੀ ਤੁਹਾਡੇ ਕੋਲ ਆਪਣੇ ਦੇਸ਼ ਵਿਚ ਸ਼ਾਂਤੀ ਬਣਾਈ ਰੱਖਣ ਦਾ ਕੋਈ ਹੱਲ ਨਹੀਂ?? ਧੁਖ਼ ਰਿਹਾ ਲੰਦਨ ਸਬੂਤ ਬਣ ਕੇ ਤੁਹਾਡੇ ਸਾਹਮਣੇ ਖੜ੍ਹਾ ਹੈ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>