ਸਵ:ਗੁਰਦਿਤ ਸਿੰਘ ਕੰਗ ਨੇ ‘ਜ਼ਫ਼ਰਨਾਮਾ’ ਅਨੁਵਾਦ ਕਰਕੇ ਪੰਜਾਬੀਆਂ ਦੀ ਅਣਖ਼ ਦਾ ਅਹਿਸਾਸ ਸਮੁੱਚੇ ਵਿਸ਼ਵ ਨੂੰ ਕਰਵਾਇਆ-ਜਥੇਦਾਰ ਮੱਕੜ

ਲੁਧਿਆਣਾ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਉੱਘੇ ਵਿਦਵਾਨ ਲੇਖਕ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦੇ ਸਤਿਕਾਰਯੋਗ ਪਿਤਾ ਜੀ ਨਮਿਤ ਸ਼ਰਧਾਂਜ਼ਲੀ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਕਿਹਾ ਹੈ ਕਿ ਸ: ਕੰਗ ਨੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਰਚਨਾ ਔਰੰਗਜ਼ੇਬ ਦੇ ਨਾਂ ਚਿੱਠੀ ‘ਜ਼ਫ਼ਰਨਾਮਾ’ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਪੰਜਾਬੀਆਂ ਦੀ ਅਣਖ਼ ਦਾ ਅਹਿਸਾਸ ਸਮੁੱਚੇ ਵਿਸ਼ਵ ਨੂੰ ਕਰਵਾਇਆ ਹੈ। ਉਨ੍ਹਾਂ ਆਖਿਆ ਕਿ ਇਹੋ ਜਿਹੇ ਕੌਮੀ ਹੀਰੇ ਹੀ ਪੰਜਾਬੀਅਤ ਦੀ ਪਛਾਣ ਕਰਵਾਉਂਦੇ ਹਨ। ਉਨ੍ਹਾਂ ਡਾ: ਕੰਗ ਨਾਲ ਵਾਰਤਾਲਾਪ ਕਰਦਿਆਂ ਆਖਿਆ ਕਿ ਸ: ਗੁਰਦਿਤ ਸਿੰਘ ਕੰਗ ਵੱਲੋਂ 10 ਏਕੜ ਜ਼ਮੀਨ ਅਤੇ 18 ਲੱਖ ਰੁਪਏ ਦਾਨ ਕਰਕੇ ਪੰਜਾਬ ਦੀਆਂ ਧੀਆਂ ਲਈ ਖਮਾਣੋਂ ਵਿਖੇ ਕਾਲਜ ਖੋਲਣ ਲਈ ਜੋ ਵਸੀਲੇ ਜੁਟਾਏ ਉਸ ਲਈ ਸਿਰਫ ਕਲਗੀਧਰ ਟਰੱਸਟ ਬੜੂ ਸਾਹਿਬ ਹੀ ਨਹੀਂ ਸਗੋਂ ਸਮੁੱਚੀ ਸਿੱਖ ਕੌਮ ਉਨ੍ਹਾਂ ਦੀ ਰਿਣੀ ਰਹੇਗੀ। ਸ: ਮੱਕੜ ਨੇ ਡਾ: ਕੰਗ ਤੋਂ ਇਲਾਵਾ ਉਨ੍ਹਾਂ ਦੇ ਬਾਕੀ ਪੁੱਤਰਾਂ ਹਰਪ੍ਰੀਤ ਸਿੰਘ ਕੰਗ ਅਤੇ ਕਮਲਜੀਤ ਸਿੰਘ ਕੰਗ ਨਾਲ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਵਿਸ਼ਵ ਪ੍ਰਸਿੱਧ ਕਵੀ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ: ਸੁਰਜੀਤ ਪਾਤਰ ਨੇ ਆਖਿਆ ਕਿ ਸ: ਗੁਰਦਿਤ ਸਿੰਘ ਕੰਗ ਨੇ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਦਾ ਮੁਕਾਬਲਾ ਕਰਨ ਲਈ ਸਾਹਿਤ ਸਿਰਜਣਾ ਨੂੰ ਢਾਲ ਵਜੋਂ ਵਰਤਿਆ ਅਤੇ ਜ਼ਿੰਦਗੀ ਦੇ ਆਖਰੀ ਵਰ੍ਹਿਆਂ ਵਿੱਚ ਵਿਸ਼ਵ ਪ੍ਰਸਿੱਧ ਕਿਤਾਬਾਂ ਦਾ ਅਨੁਵਾਦ ਅਤੇ ਸਾਹਿਤ ਸਿਰਜਣਾ ਕਰਕੇ ਪੰਜਾਬੀ ਭਾਸ਼ਾ ਦੀ ਝੋਲੀ ਭਰੀ। ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜੀਵਨ ਮੈਂਬਰ ਵੀ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਸ: ਕੰਗ ਨੂੰ ਮਿਲ ਕੇ ਇੰਝ ਲੱਗਦਾ ਸੀ ਜਿਵੇਂ ਗਿਆਨ ਵਿਗਿਆਨ ਅਤੇ ਜੀਵਨ ਵਿਹਾਰ ਦੇ ਵਿਸ਼ਵ ਕੋਸ਼ ਨੂੰ ਪੜ੍ਹ ਰਹੇ ਹੋਈਏ। ਉਨ੍ਹਾਂ ਆਖਿਆ ਕਿ ਉਨ੍ਹਾਂ ਨਾਲ ਹੋਈ ਆਖਰੀ ਮੁਲਾਕਾਤ ਵੇਲੇ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਦਾ ਸੈੱਟ ਮੈਨੂੰ ਦਿੱਤਾ ਜੋ ਉਨ੍ਹਾਂ ਦੀ ਲਿਆਕਤ ਨੂੰ ਪੇਸ਼ ਕਰਦਾ ਹੈ। ਉੱਘੇ ਵਿਦਵਾਨ ਅਤੇ ਪੰਜਾਬੀ ਸਭਿਆਚਾਰ ਅਕੈਡਮੀ ਦੇ ਪ੍ਰਧਾਨ ਡਾ: ਸ ਨ ਸੇਵਕ ਨੇ ਸ: ਕੰਗ ਦੀ ਸਾਹਿਤ ਯਾਤਰਾ ਅਤੇ ਉਨ੍ਹਾਂ ਦੇ ਮਾਨਵਵਾਦੀ ਕਿਰਦਾਰ ਨੂੰ ਚੇਤੇ ਕਰਦਿਆਂ ਆਖਿਆ ਕਿ ਉਹ ਭਰਪੂਰ ਜ਼ਿੰਦਗੀ ਜਿਊਣ ਵਾਲੇ ਵੱਡੇ ਇਨਸਾਨ ਸਨ। ਉੱਘੇ ਲੇਖਕ ਸੁਰਜੀਤ ਸਿੰਘ ਮਰਜਾਰਾ ਅਤੇ ਸ: ਨਵਨੀਤ ਸਿੰਘ ਕੰਗ ਨੇ ਵੀ ਸ: ਗੁਰਦਿਤ ਸਿੰਘ ਕੰਗ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮੰਚ ਸੰਚਾਲਨ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਸ: ਕੰਗ ਨੇ ਸ਼ਹੀਦ ਊਧਮ ਸਿੰਘ ਦੀ ਅਸਲ ਕੈਮਰਾ ਫੋਟੋ ਲੱਭ ਕੇ ਦੇਣ ਵਿੱਚ ਇਤਿਹਾਸਕਾਰ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ ਦੀ ਮਦਦ ਕੀਤੀ ਅਤੇ ਉਨ੍ਹਾਂ ਦੀ ਹਿੰਮਤ ਨਾਲ ਹੀ ਇਹ ਤਸਵੀਰ ਅੱਜ ਸਮੁੱਚੇ ਪੰਜਾਬੀਆਂ ਲਈ ਪ੍ਰੇਰਨਾ ਸਰੋਤ ਬਣ ਰਹੀ ਹੈ। ਇਸ ਮੌਕੇ ਰਾਜ ਸਭਾ ਮੈਂਬਰ ਡਾ: ਐਮ ਐਸ ਸਵਾਮੀਨਾਥਨ, ਡਾ: ਗੁਰਦੇਵ ਸਿੰਘ ਖੁਸ਼, ਡਾ: ਵਿਕਰਮ ਗਿੱਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐਸ ਪੀ ਸਿੰਘ, ਪ੍ਰੋਫੈਸਰ ਮੋਹਨ ਸਿੰਘ ਫਾਉਂਡੇਸ਼ਨ ਦੇ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ ਦੇ ਸ਼ੋਕ ਸੰਦੇਸ਼ ਪੜ੍ਹ ਦੇ ਸਣਾਏ ਗਏ।
ਇਸ ਮੌਕੇ ਸ਼ੋਕ ਸਭਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਕਿਰਪਾਲ ਸਿੰਘ ਔਲਖ, ਪੰਜਾਬ ਦੇ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਮਲਕੀਤ ਸਿੰਘ ਦਾਖਾ, ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ, ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦੇ ਸਾਬਕਾ ਮੈਂਬਰ ਸ: ਮਹਿੰਦਰ ਸਿੰਘ ਗਰੇਵਾਲ, ਪੀ ਏ ਯੂ ਕਿਸਾਨ ਕਲੱਬ ਦੇ ਪ੍ਰਧਾਨ ਪਵਿੱਤਰਪਾਲ ਸਿੰਘ ਪਾਂਗਲੀ, ਉੱਘੇ ਲੇਖਕ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਡਾ: ਨਿਰਮਲ ਜੌੜਾ, ਰਾਮ ਸਿੰਘ ਅਲਬੇਲਾ, ਡਾ: ਸਰਜੀਤ ਸਿੰਘ ਗਿੱਲ, ਡਾ: ਜਗਤਾਰ ਸਿੰਘ ਧੀਮਾਨ, ਡਾ: ਗੁਰਦੇਵ ਸਿੰਘ ਹੀਰਾ, ਡਾ: ਨੱਛਤਰ ਸਿੰਘ ਮੱਲ੍ਹੀ, ਸ਼੍ਰੀ ਐਸ ਪੀ ਕਰਕਰਾ, ਡਾ: ਮਨੂ ਸ਼ਰਮਾ ਸੋਹਲ, ਡਾ: ਰਮੇਸ਼ ਕੁਮਾਰ ਡਾਇਰੈਕਟਰ ਫਲੋਰੀਕਲਚਰ ਭਾਰਤ ਸਰਕਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਡੀਨ ਬੇਸਿਕ ਸਾਇੰਸਜ਼ ਕਾਲਜ ਡਾ: ਰਾਜਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਰਾਮ ਸਿੰਘ ਕੁਲਾਰ, ਪੰਜਾਬ ਲਲਿਤ ਕਲਾ ਅਕੈਡਮੀ ਦੇ ਪ੍ਰਧਾਨ ਸ: ਰਣਜੋਧ ਸਿੰਘ, ਉੱਘੇ ਪੱਤਰਕਾਰ ਕਸ਼ਮੀਰ ਸਿੰਘ ਚਾਵਲਾ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਵਰਗਾਂ ਦੇ ਪ੍ਰਤੀਨਿਧ ਹਾਜ਼ਰ ਸਨ। ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਆਏ ਜਥੇ ਨੇ ਵਿਰਾਗਮਈ ਕੀਰਤਨ ਕੀਤਾ ਅਤੇ ਟਰੱਸਟ ਵੱਲੋਂ ਸਿਰਪਾਓ ਸ: ਗੁਰਦਿੱਤ ਸਿੰਘ ਕੰਗ ਦੇ ਵੱਡੇ ਸਪੁੱਤਰ ਡਾ: ਮਨਜੀਤ ਸਿੰਘ ਕੰਗ ਨੂੰ ਸੌਪਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>