ਪੰਜਾਬ ਦਾ ਸੱਭਿਆਚਾਰ – ਸਾਵਣ ਦੀਆਂ ਤੀਆਂ

-ਜਸਬੀਰ ਸਿੰਘ ਸੱਗੂ,

ਜਦ ਆਸਮਾਨ ਤੇ ਕਾਲੀਆਂ ਘਟਾਵਾਂ ਛਾਂਦੀਆਂ ਹਨ, ਬੂੰਦਾ ਬਾਂਦੀ ਤੋਂ ਸੁਰੂ ਹੋ ਕੇ ਬਾਰਸ਼ ਤੋਂ ਬਾਅਦ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ ਅਤੇ ਮੋਰ ਮਸਤ ਹੋ ਕੇ ਪੈਲਾ ਪਾਵੇ ਅਤੇ ਐਸੇ ਸੁਹਾਵਣੇ ਮੌਸਮ ਵਿੱਚ ਕੁੜੀਆਂ ਚਿੜੀਆਂ, ਕੁਆਰੀਆਂ ਤੇ ਪੇਕੇ ਆਈਆਂ ਸੱਜ ਵਿਆਹੀਆਂ ਮੁਟਿਆਰਾਂ ਦੀ ਅੱਡੀ ਆਪ ਮੁਹਾਰੇ ਨ¤ਚ ਪੈਂਦੀ ਹੈ। ਇਸ ਨੂੰ ਹੀ ਤਾਂ ਸਾਵਣ ਦੀਆਂ ਤੀਆਂ ਕਿਹਾ ਜਾਂਦਾ ਹੈ। ਬੇਸ਼ਕ ਤੀਆਂ ਦਾ ਲਫਜ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨੂੰ ਕੁਝ ਅਜੀਬ ਜਿਹਾ ਲੱਗੇ ਪ੍ਰੰਤੂ ਪੰਜਾਬ ਦੇ ਪਿੰਡ ਅਜੇ ਵੀ ਪੰਜਾਬੀ ਸਭਿਆਚਾਰ ਆਪਣੇ ਹਿਰਦੇ ਵਿੱਚ ਸੰਭਾਲੀ ਬੈਠੇ ਹਨ। ਅਸਲ ਪੰਜਾਬ ਤਾਂ ਪਿੰਡਾਂ ਵਿੱਚ ਵੱਸਦਾ ਹੈ। ਪੰਜਾਬ ਦੀ ਵਡਿਆਈ ਕਰਦਿਆਂ ਜੋ ਵਿਸ਼ੇਸ਼ਣ ਵਰਤੇ ਜਾਂਦੇ ਹਨ, ਉਹ ਸਭ ਸਾਨੂੰ ਪਿੰਡ ਜਾ ਕੇ ਅਸਾਨੀ ਨਾਲ ਮਿਲ ਜਾਂਦੇ ਹਨ। ਸਾਡੇ ਸਮਾਜ ਵਿੱਚ ਦਿਨੋ ਦਿਨ ਤਰੱਕੀ ਕਰ ਰਹੀ ਸਾਇੰਸ ਨੇ ਮਹੱਤਵਪੂਰਨ ਤਬਦੀਲੀਆਂ ਲਿਆਂਦੀਆਂ ਹਨ ਅਤੇ ਇਸ ਸਾਇੰਸ ਦੇ ਫੈਲਾਅ ਨੇ ਮਨੋਰੰਜਨ ਦੇ ਕਈ ਨਵੇਂ ਸਾਧਨ ਪੈਦਾ ਕਰ ਦਿੱਤੇ ਹਨ, ਜਿਨ੍ਹਾਂ ਨੇ ਸਾਡੇ ਰੀਤੀ-ਰਿਵਾਜ, ਰਹਿਣ-ਸਹਿਣ ਅਤੇ ਸਭਿਆਚਾਰ ਨੂੰ ਬਦਲ ਕੇ ਰੱਖ ਦਿੱਤਾ ਹੈ।

ਕੁੱਝ ਸਾਲਾਂ ਵਿੱਚ ਆਈ ਸਾਇੰਸ ਦੀ ਤਰੱਕੀ ਨਾਲ ਕੰਪਿਊਟਰ ਦਾ ਯੁੱਗ ਆਇਆ ਹੈ ਅਤੇ ਕੰਪਿਊਟਰ ਨੇ ਕਈ ਅਣਹੋਣੇ ਕੰਮ ਕਰਕੇ ਮਿੰਟਾਂ ਵਿੱਚ ਦਿਖਾ ਦਿੱਤੇ ਹਨ। ਇੰਟਰਨੈਟ ਦੀ ਕਾਢ ਨੇ ਦੁਨੀਆਂ ਨੂੰ ਸੁੰਗੇੜ ਕੇ ਇਕ ਘਰ ਦਾ ਰੂਪ ਦੇ ਦਿੱਤਾ ਹੈ। ਅਸੀਂ ਸੱਤ ਸਮੁੰਦਰੋਂ ਪਾਰ ਬੈਠੇ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਆਹਮਣੇ ਸਾਹਮਣੇ ਬੈਠੇ ਗੱਲ ਕਰ ਸਕਦੇ ਹਾਂ। ਇਸ ਵਿਗਿਆਨਕ ਤਰੱਕੀ ਨੇ ਸਾਡੇ ਪੁਰਾਤਨ ਕਲਚਰ ਦੀ ਹੋਂਦ ਵੀ ਖਤਰੇ ਵਿੱਚ ਪਾ ਦਿੱਤੀ ਹੈ। ਪੁੰਗਰਦੀ ਹੋਈ ਨੌਜਵਾਨ ਪੀੜੀ ਨੂੰ ਪੂਰੇ ਪੰਜਾਬੀ ਰਹਿਣ ਸਹਿਣ ਅਤੇ ਸਭਿਆਚਾਰ ਦੀ ਜਾਣਕਾਰੀ ਵੀ ਨਹੀਂ। ਸ਼ਹਿਰਾਂ ਵਿੱਚ ਪੰਜਾਬੀ ਸੱਭਿਆਚਾਰ ਤਾਂ ਕੇਵਲ ਸਟੇਜਾਂ ਤੇ ਕੀਤੇ ਜਾਂਦੇ ਪ੍ਰੋਗਰਾਮਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।

ਸਾਵਣ ਦੇ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ (ਤੀਆਂ) ਵੀ ਵਿਸਰਦਾ ਜਾ ਰਿਹਾ ਹੈ। ਮੈਨੂੰ ਅੱਛੀ ਤਰਾਂ ਯਾਦ ਹੈ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਜਦ ਅਸੀਂ ਨਿੱਕੇ ਹੁੰਦੇ ਸੀ ਤਾਂ ਸਾਡੇ ਗਲੀ ਮੁਹੱਲੇ ਵਿੱਚ ਵੀ ਐਤਵਾਰ ਦੀ ਸ਼ਾਮ ਨੂੰ ਸ਼ਹਿਰ ਦੀਆਂ ਔਰਤਾਂ ਤੇ ਮੁਟਿਆਰਾਂ ਇਕੱਠੀਆਂ ਹੋ ਕੇ ਪੰਜਾਬੀ ਲੋਕ ਨਾਚ ਗਿੱਧਾ ਪਾਇਆ ਕਰਦੀਆਂ ਸਨ, ਸਾਰੇ ਪਾਸੇ ਖੁਸ਼ੀਆਂ ਭਰਿਆ ਮਹੌਲ ਹੁੰਦਾ ਸੀ। ਨਵੇਂ ਵਿਆਹ ਤੋਂ ਬਾਅਦ ਪਹਿਲੇ ਸਾਵਣ ਪੇਕੇ ਆਈਆਂ ਸੱਜ ਵਿਆਹੀਆਂ ਦਾ ਅਲੱਗ ਹੀ ਮਾਣ ਸਤਿਕਾਰ ਹੁੰਦਾ ਸੀ।

ਜਦ ਅਸੀਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਪਣੇ ਨਾਨਕੇ ਪਿੰਡ ਜਾਂਦੇ ਸੀ ਤਾਂ ਛੁੱਟੀਆਂ ਇੰਜ ਸਮਾਪਤ ਹੁੰਦੀਆਂ ਸਨ ਕਿ ਇਕ ਜਾਂ ਦੋ ਤੀਆਂ ਪਿੰਡ ਵਿੱਚ ਹੀ ਵੇਖਣ ਨੂੰ ਮਿਲ ਜਾਂਦੀਆਂ ਸਨ। ਤੀਆਂ ਦਾ ਤਿਉਹਾਰ ਸਾਵਣ ਦੇ ਮਹੀਨੇ ਵਿੱਚ ਆਉਣ ਵਾਲੇ ਐਤਵਾਰ ਨੂੰ ਮਨਾਇਆ ਜਾਂਦਾ ਸੀ। ਪਿੰਡਾਂ ਵਿੱਚ ਪਿੰਡ ਦੇ ਬਾਹਰ ਵਾਰ ਵੱਡੇ ਪਿੱਪਲ ਜਾਂ ਬੋਹੜ ਦੇ ਹੇਠਾਂ ਖੁੱਲੀ ਜਗ੍ਹਾ ਤੇ ਔਰਤਾਂ ਇਕੱਤਰ ਹੋ ਕੇ ਸ਼ਾਮ ਦੇ ਸਮੇਂ ਗਿੱਧਾ ਪਾਉਂਦੀਆਂ ਅਤੇ ਪਿੱਪਲਾਂ, ਬੋਹੜਾਂ ਅਤੇ ਟਾਹਲੀਆਂ ਨਾਲ ਮੋਟੇ ਤੇ ¦ਬੇ ਰੱਸੇ ਬੰਨ ਕੇ ਪੀਂਘਾ ਵੀ ਪਾਈਆਂ ਜਾਂਦੀਆਂ, ਜਿਨ੍ਹਾਂ ਤੇ ਬੈਠ ਕੇ ਮੁਟਿਆਰਾਂ ਪੀਂਘਾ ਠਅਤੇ ਹਾਸਾ ਠੱਠਾ ਕਰਦੀਆਂ ਸਨ ਝੂਟਦੀਆਂ, ਗੀਤ ਬੋਲਦੀਆਂ ਅਤੇ ਹਾਸਾ ਠੱਠਾ ਕਰਦੀਆਂ ਸਨ। ਸਭ ਸਹੇਲੀਆਂ ਮਿਲ ਕੇ ਆਪਣੇ ਦੁੱਖ ਸੁਖ ਵੀ ਸਾਂਝੇ ਕਰਦੀਆਂ ਸਨ। ਸੱਜ ਵਿਆਹੀਆਂ ਆਪਣੇ ਸਹੁਰਿਆਂ ਬਾਰੇ ਆਪਣੀਆਂ ਸਹੇਲੀਆਂ ਨਾਲ ਵਿਚਾਰ ਸਾਂਝੇ ਕਰਦੀਆਂ ਸਨ। ਸਾਡੇ ਲੋਕ ਗੀਤਾਂ ਵਿੱਚ ਵੀ ਕਈ ਬੋਲੀਆਂ ਮਿਲਦੀਆਂ ਹਨ ਜਿਨ੍ਹਾਂ ਰਾਹੀਂ ਮੁਟਿਆਰਾਂ, ਸੱਜ ਵਿਆਹੀਆਂ ਅਤੇ ਔਰਤਾਂ ਆਪਣੈ ਦਿਲ ਦੀ ਅੰਦਰਲੀ ਗੱਲ ਸਭ ਦੇ ਸਾਹਮਣੇ ਬੇਝਿਜਕ ਕਰ ਲੈਂਦੀਆਂ ਸਨ। ਇਸ ਤਰ੍ਹਾਂ ਤੀਆਂ ਦਾ ਤਿਉਹਾਰ ਸਾਡੇ ਪੰਜਾਬ ਦੇ ਕਲਚਰ ਦਾ ਵਿਸ਼ੇਸ਼ ਹਿੱਸਾ ਹੈ, ਜਿਵੇਂ ਕਿ ਬੋਲੀਆਂ ਵਿੱਚ ਜਿਕਰ ਆਉਂਦਾ ਹੈ:
ਸਾਉਣ ਮਹੀਨਾ ਬਾਗੀਂ ਪੀਘਾਂ
ਰਲ ਮਿਲ ਸਖੀਆਂ ਪਾਈਆਂ

ਸਾਉਣ ਮਹੀਨੇ ਮੀਂਹ ਪਿਆ ਪੈਂਦਾ, ਪਿੱਪਲੀ ਪੀਘਾਂ ਪਾਈਆਂ
ਰਲ ਮਿਲ ਸਖੀਆਂ ਪੀਘਾਂ ਝੂਟਣ, ਨੰਨਦਾਂ ਤੇ ਭਰਜਾਈਆਂ।
ਮੈਂ ਵੀ ਮਾਏਂ ਪੀਂਘ ਝੂਟਣੀ, ਅੰਬਰੀ ਪੀਂਘ ਮੈਨੂੰ ਪਾ ਦੇ
ਪੂੜਿਆਂ ਨੂੰ ਜੀਅ ਕਰਦਾ, ਭਾਬੋ ਪੂੜੇ ਪਕਾਦੇ।

ਸੱਸ ਮੇਰੀ ਨੇ ਪੂੜੇ ਬਣਾਏ ਨਾਲ ਬਣਾਈ ਖੀਰ
ਖਾਣ ਪੀਣ ਦਾ ਵੇਲਾ ਹੋਇਆ ਢਿੱਡ ਚ ਪੈ ਗਈ ਪੀੜ
ਰੱਤਾ ਦੇਈ ਜਵੈਨ, ਰੱਤਾ ਦਈ ਜਵੈਨ

ਇਸ ਮਹੀਨੇ ਕਈ ਪੰਰਪਰਾਵਾਂ ਵੀ ਜੁੜੀਆਂ ਹਨ। ਇਹ ਵਰਨਣਯੋਗ ਹੈ ਕਿ ਸਾਵਣ ਮਹੀਨੇ ਵਿੱਚ ਅੰਮ੍ਰਿਤਸਰ ਸਥਿਤ ਦੁਰਗਿਆਨਾ ਮੰਦਿਰ ਵਿਖੇ ਸੱਜ ਵਿਆਹੀਆਂ ਮੁਟਿਆਰਾਂ ਨੂੰ ਸੁਹਾਗ ਦੇ ਕੱਪੜੇ ਪੁਆ ਕੇ ਅਤੇ ਮੇਕਅੱਪ ਦੇ ਨਾਲ ਫੁੱਲਾਂ ਦੇ ਹਾਰਾਂ ਨਾਲ ਸਜਾ ਕੇ ਲਾਲ ਚੁਨੀ ਦੇ ਕੇ ਉਸ ਦੇ ਪਤੀ ਤੇ ਨਾਲ ਪਰਿਵਾਰਕ ਮੈਂਬਰ ਮੱਥਾ ਟਿਕਾਣ ਲੈ ਕੇ ਆਉਂਦੇ ਹਨ ਅਤੇ ਇਥੋਂ ਸਦ ਸੁਹਾਗਣ, ਸੁਖ ਸਾਂਤੀ ਅਤੇ ਪਰਸਪਰ ਪਿਆਰ ਦਾ ਅਸ਼ੀਰਵਾਦ ਲੈ ਕੇ ਜਾਂਦੇ ਹਨ। ਇਹ ਪੰ੍ਰਪਰਾ ਹਿੰਦੂ ਧਰਮ ਵਿੱਚ ਪ੍ਰਚਲਤ ਹੈ ਅਤੇ ਸਾਵਣ ਦੇ ਮਹੀਨੇ ਇਸ ਪ੍ਰੰਪਰਾ ਤਹਿਤ ਦੁਰਗਿਆਨਾ ਮੰਦਰ ਵਿੱਚ ਐਤਵਾਰ ਵਾਲੇ ਦਿਨ ਵਿਸ਼ੇਸ਼ ਰੌਣਕ ਤੇ ਚਹਿਲ ਪਹਿਲ ਦੇਖੀ ਜਾਂਦੀ ਹੈ ਜਦ ਵੱਡੀ ਗਿਣਤੀ ਵਿੱਚ ਪਰਿਵਾਰਾਂ ਵੱਲੋਂ ਇਥੇ ਪਹੁੰਚਕੇ ਸ਼ੁਭ ਅਸੀਸ ਲਈ ਜਾਂਦੀ ਹੈ।
ਗੁਰਬਾਣੀ ਵਿੱਚ ਵੀ ਸਾਵਣ ਮਹੀਨੇ ਦਾ ਵਿਸ਼ੇਸ਼ ਜਿਕਰ ਆਉਂਦਾ ਹੈ। ਗੁਰਬਾਣੀ ਵਿੱਚ ਰਚਿਤ ਬਾਰਹ ਮਾਹਾ ਵਿੱਚ ਦਰਜ ਹੈ ਕਿ ਸੰਮਤ ਦੇਸੀ ਮਹੀਨਿਆਂ ਵਿੱਚ ਇਕ ਮਹੀਨਾ ਸਾਵਣ ਦਾ ਮਹੀਨਾ ਹੁੰਦਾ ਹੈ ਅਤੇ ਇਸ ਮਹੀਨੇ ਨੂੰ ਬਹਾਰ ਦਾ ਮੌਸਮ ਗਿਣਿਆ ਜਾਂਦਾ ਹੈ ਅਤੇ ਗੁਰਬਾਣੀ ਵਿੱਚ ਇਸ ਬਹਾਰ ਦੇ ਮਹੀਨੇ ਪ੍ਰਭੂ ਮਿਲਾਪ ਲਈ ਆਪਣਾ ਮਨ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਪਿਆਰ ਵਿੱਚ ਰੰਗ ਕੇ ਪ੍ਰਭੂ ਸਿਮਰਨ ਤੇ ਜੋਰ ਦਿੱਤਾ ਗਿਆ ਹੈ।
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥

ਸਾਵਣ ਦੇ ਮਹੀਨੇ ਨਿੱਕੀ ਨਿੱਕੀ ਬਰਸਾਤ ਦੀ ਲੱਗੀ ਝੜੀ ਦੌਰਾਨ ਖੀਰ ਤੇ ਪੂੜੇ ਬਣਾ ਕੇ ਖਾਧੇ ਜਾਂਦੇ ਹਨ। ਇਹ ਆਮ ਕਹਾਵਤ ਹੀ ਹੈ ਕਿ ਨਾਨੀ ਘਰ ਜਾਵਾਂਗੇ ਖੀਰ ਪੂੜੇ ਖਾਂਵਾਗੇ ਤੇ ਮੋਟੇ ਹੋ ਕੇ ਆਵਾਂਗੇ। ਨਾਨੀ ਘਰ ਜਾਕੇ ਮਹੀਨੇ ਜਾਂ ਡੇਢ ਮਹੀਨੇ ਵਿੱਚ ਕੋਈ ਮੋਟਾ ਇੰਜ ਹੋ ਸਕਦਾ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਖੁੱਲੀ ਹਵਾ, ਖੁੱਲਾ ਡੁਲਾ ਵਾਤਾਵਰਣ, ਖੁੱਲਾ ਖਾਣਾ- ਪੀਣਾ ਤੇ ਸ਼ੁਧ ਤੇ ਅਸਲੀ ਦੁੱਧ ਘਿਓ, ਦਹੀਂ, ਪਨੀਰ ਮਿਲਣਾ ਹੀ ਤੰਦਰੁਸਤੀ ਦਾ ਰਾਜ ਹੈ, ਜੇਕਰ ਮਨੁੱਖ ਤੰਦਰੁਸਤ ਹੈ ਅਤੇ ਚੰਗਾ ਖਾਂਦਾ-ਪੀਦਾ ਤਾ ਉਸ ਦਾ ਮੋਟਾ ਹੋਣਾ ਸੁਭਾਵਿਕ ਹੈ। ਸਾਡੇ ਗੀਤਾਂ ਤੇ ਬੋਲੀਆਂ ਵਿੱਚ ਵੀ ਪੀਂਘਾ ਦਾ ਵਿਸ਼ੇਸ਼ ਜਿਕਰ ਹੈ। ਅੱਜ ਕੱਲ ਬੇਸ਼ੱਕ ਹਲਵਾਈਆਂ ਤੋ ਬਣੇ ਬਣਾਏ ਪੂੜੇ ਮਿਲ ਜਾਂਦੇ ਹਨ, ਪਰੰਤੂ ਨਾਨਕੇ ਘਰ ਨਾਨੀ, ਮਾਸੀ ਜਾਂ ਮਾਮੀ ਦੇ ਬਣਾਏ ਪੂੜਿਆਂ ਤੇ ਅਸਲੀ ਦੁੱਧ ਦੀ ਬਣੀ ਖੀਰ ਤੇ ਸੁਆਦ ਦਾ ਮੁਕਾਬਲਾ ਨਹੀਂ ਹੋ ਸਕਦਾ।

This entry was posted in ਲੇਖ.

One Response to ਪੰਜਾਬ ਦਾ ਸੱਭਿਆਚਾਰ – ਸਾਵਣ ਦੀਆਂ ਤੀਆਂ

  1. parwinder says:

    koka 22 bhuth vadiaa easy

Leave a Reply to parwinder Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>