ਦੇਸ਼ ਦੀ ਅਨਾਜ ਸੁਰੱਖਿਆ ਦੇ ਨਾਲ ਨਾਲ ਪਾਏਦਾਰ ਖੇਤੀ ਲਈ ਕੁਦਰਤੀ ਸੋਮਿਆਂ ਨੂੰ ਵੀ ਸੰਭਾਲੀਏ-ਡਾ: ਢਿੱਲੋਂ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਅੱਜ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦੀ ਰਾਜ ਪੱਧਰੀ ਦੋ ਰੋਜ਼ਾ ਵਿਚਾਰ ਗੋਸ਼ਟੀ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਵਧਦੀ ਆਬਾਦੀ ਲਈ ਦੇਸ਼ ਦੀ ਅਨਾਜ ਸੁਰੱਖਿਆ ਭਵਿੱਖ ਦੀ ਲੋੜ ਹੈ ਪਰ ਨਾਲ ਹੀ ਪੰਜਾਬ ਨੂੰ ਪਾਏਦਾਰ ਖੇਤੀ ਲਈ ਕੁਦਰਤੀ ਸੋਮਿਆਂ ਦੀ ਸੰਭਾਲ ਵੱਲ ਹੋਰ ਸੁਚੇਤ ਹੋਣਾ ਪਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਦੀ 60 ਫੀ ਸਦੀ ਵਸੋਂ ਖੇਤੀਬਾੜੀ ਤੇ ਨਿਰਭਰ ਹੈ ਪਰ ਖੇਤੀ ਲਈ ਵਿਕਾਸ ਦਰ ਘੱਟ ਰਹੀ ਹੈ ਅਤੇ ਖੇਤੀ ਉਪਜ ਦੇ ਵਾਧੇ ਵਿੱਚ ਵੀ ਬਹੁਤਾ ਵਿਕਾਸ ਨਹੀਂ ਹੋ ਰਿਹਾ। ਉਨ੍ਹਾਂ ਆਖਿਆ ਕਿ ਖੇਤੀ ਸਾਧਨਾਂ ਦਾ ਪੂਰਾ ਲਾਭ ਲੈਣ ਲਈ ਸਾਨੂੰ ਹਰੀ ਖਾਦ ਲਈ ਜੰਤਰ ਤੋਂ ਇਲਾਵਾ ਸਣ ਅਤੇ ਮੂੰਗੀ ਦੀ ਕਾਸ਼ਤ ਵੀ ਵਧਾਉਣੀ ਚਾਹੀਦੀ ਹੈ ਇਵੇਂ ਹੀ ਦੇਸੀ ਰੂੜੀ ਦੀ ਸੰਭਾਲ ਅਤੇ ਵਰਤੋਂ ਉੱਪਰ ਵੀ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪਰਖ਼ ਤੇ ਅਧਾਰਿਤ ਖਾਦਾਂ ਦੀ ਵਰਤੋਂ ਵਧਾਈਏ ਤਾਂ ਜੋ ਖੇਤੀ ਖਰਚੇ ਘਟਾਉਣ ਦੇ ਨਾਲ ਨਾਲ ਜ਼ਮੀਨ ਦਾ ਨੁਕਸਾਨ ਵੀ ਨਾ ਹੋਵੇ। ਉਨ੍ਹਾਂ ਆਖਿਆ ਕਿ ਲੇਜ਼ਰ ਸੁਹਾਗਾ, ਟੈਂਸ਼ੀਓਮੀਟਰ ਵਰਗੀਆਂ ਤਕਨੀਕਾਂ ਹੋਰ ਹਰਮਨ ਪਿਆਰੀਆਂ ਕਰਨ ਦੀ ਲੋੜ ਹੈ ਤਾਂ ਜੋ ਜਲ ਸੋਮਿਆਂ ਦੀ ਬੱਚਤ ਹੋਵੇ। ਡਾ: ਢਿੱਲੋਂ ਨੇ ਆਖਿਆ ਕਿ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵਿੱਚ 40 ਫੀ ਸਦੀ ਟਿਊਬਵੱੇਲ ਸੈਂਟਰੀਫਿਊਗਲ ਤੋਂ ਸਬਮਰਸੀਬਲ ਹੋ ਚੁੱਕੇ ਹਨ ਅਤੇ ਇਕ ਸਬਮਰਸੀਬਲ ਟਿਊਬਵੱੈਲ ਤੇ ਘੱਟੋ ਘੱਟ ਇੱਕ ਲੱਖ ਰੁਪਏ ਖਰਚਾ ਆਉਂਦਾ ਹੈ। ਸਬਮਰਸੀਬਲ ਪੰਪ ਨੂੰ ਬਿਜਲੀ ਵੀ ਵਧੇਰੇ ਚਾਹੀਦੀ ਹੈ। ਇਸ ਲਈ ਅਰਥ ਸਾਸ਼ਤਰ ਵਿਭਾਗ ਨੂੰ ਇਹ ਅੰਕੜੇ ਤਿਆਰ ਕਰਨੇ ਚਾਹੀਦੇ ਹਨ ਕਿ ਪੰਜਾਬੀ ਕਿਸਾਨ ਦੀ ਜੇਬ ਵਿਚੋਂ ਕਿੰਨਾ ਪੈਸਾ ਸਿਰਫ ਜਲ ਸੋਮਿਆਂ ਲਈ ਬਦਲਵਾਂ  ਪ੍ਰਬੰਧ ਕਰਨ ਤੇ ਖਰਚ ਹੋਇਆ ਅਤੇ ਉਸ ਦਾ ਲਾਭ ਕਿਸੇ ਨੂੰ ਵੀ ਨਹੀਂ ਹੋਇਆ। ਡਾ: ਢਿੱਲੋਂ ਨੇ ਆਖਿਆ ਕਿ ਦੇਸ਼ ਦਾ ਅਨਾਜ ਉਤਪਾਦਨ 50 ਮਿਲੀਅਨ ਟਨ ਤੋਂ 241 ਮਿਲੀਅਨ ਟਨ ਹੋ ਗਿਆ ਹੈ ਪਰ ਵਧਦੀ ਆਬਾਦੀ ਕਾਰਨ ਇਹ ਵੀ ਥੋੜ੍ਹਾ ਹੈ।

ਡਾ: ਢਿੱਲੋਂ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਇਸ ਸਾਲ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ‘ਕ੍ਰਿਸ਼ੀ ਕਰਮਨ ਪੁਰਸਕਾਰ’ ਮਿਲਣਾ ਜਿਥੇ ਖੇਤੀਬਾੜੀ ਵਿਭਾਗ ਲਈ ਮਾਣ ਵਾਲੀ ਗੱਲ ਹੈ ਉਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਮਿਹਨਤੀ ਕਿਸਾਨਾਂ ਨੂੰ ਵੀ ਇਸ ਦੀ ਮੁਬਾਰਕਬਾਦ ਦੇਣੀ ਬਣਦੀ ਹੈ। ਡਾ: ਢਿੱਲੋਂ  ਨੇ ਆਖਿਆ ਕਿ ਭਵਿੱਖ ਦੀਆਂ ਪਹਿਲਕਦਮੀਆਂ ਵਿੱਚ ਸਭ ਤੋਂ ਮਹੱਤਵਪੂਰਨ ਬਾਇਓ ਟੈਕਨਾਲੋਜੀ ਤਕਨੀਕਾਂ ਨੂੰ ਵਰਤਣ ਵਾਸਤੇ ਵੱਖ ਵੱਖ ਸੰਸਥਾਵਾਂ ਦੇ ਖੋਜ ਯੰਤਰਾਂ ਅਤੇ ਸੋਚ ਨੂੰ ਇਕਮੁਠ ਕਰਨ ਦੀ ਲੋੜ ਹੈ ਤਾਂ ਜੋ ਸਾਂਝੀਆਂ ਲੋੜਾਂ ਨੂੰ ਸਾਂਝੇ ਯਤਨਾਂ ਨਾਲ ਪੂਰਾ ਕੀਤਾ ਜਾ ਸਕੇ। ਇਸ ਨਾਲ ਹੀ ਅਸੀਂ ਪ੍ਰਾਈਵੇਟ ਸੈਕਟਰ ਦਾ ਮੁਕਾਬਲਾ ਕਰ ਸਕਾਂਗੇ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਯੂਨੀਵਰਸਿਟੀ ਦੇ ਅੱਖਾਂ, ਕੰਨ ਅਤੇ ਨੱਕ ਬਣ ਕੇ ਕੰਮ ਕਰਨ ਤਾਂ ਜੋ ਫੀਲਡ ਵਿੱਚ ਜੋ ਕੁਝ ਉਹ ਵੇਖਦੇ ਹਨ ਉਸ ਦਾ ਪਤਾ ਸਾਨੂੰ ਵੀ ਫੀਡਬੈਕ ਰਾਹੀਂ ਨਾਲੋਂ ਨਾਲ ਮਿਲਦਾ ਰਹੇ। ਇਸ ਨਾਲ ਖੋਜ ਨੂੰ ਵੀ ਦਿਸ਼ਾ ਮਿਲਦੀ ਹੈ। ਉਨ੍ਹਾਂ ਆਦੇਸ਼ ਕੀਤਾ ਕਿ ਬੀ ਐਸ ਸੀ ਖੇਤੀਬਾੜੀ ਦੀ ਪੜ੍ਹਾਈ ਦੌਰਾਨ ਖੇਤੀਬਾੜੀ ਨਾਲ ਸਬੰਧਿਤ ਐਕਟ ਵੀ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣਾਏ ਜਾਣ ਤਾਂ ਜੋ ਇਨ੍ਹਾਂ ਦੀ ਸੁਯੋਗ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਲੀਹ ਤੋਂ ਹਟ ਕੇ ਸੋਚਿਆਂ ਹੀ ਕਈ ਮੁਸੀਬਤਾਂ ਹੱਲ ਹੁੰਦੀਆਂ ਹਨ। ਉਨ੍ਹਾਂ ਆਖਿਆ ਕਿ ਕਿਸੇ ਵੀ ਚੰਗੇ  ਖੋਜ ਅਦਾਰੇ ਦੀ ਵਿਕਸਤ ਕਿਸਮ ਪਰਖ਼ ਉਪਰੰਤ ਸਿਫਾਰਸ਼ ਕਰਨ ਵਿੱਚ ਸਾਨੂੰ ਕੋਈ ਝਿਜਕ ਨਹੀਂ ਰੱਖਣੀ ਚਾਹੀਦੀ ਕਿਉਂਕਿ ਸਾਡਾ ਮਨੋਰਥ ਆਪਣੇ ਕਿਸਾਨਾਂ ਨੂੰ ਵਿਕਾਸ ਲਈ ਰੋਗ ਮੁਕਤ ਅਨਾਜ ਉਤਪਾਦਨ ਦਾ ਤਕਨੀਕੀ ਆਧਾਰ ਪ੍ਰਦਾਨ ਕਰਨਾ ਹੈ। ਡਾ: ਢਿੱਲੋਂ ਨੇ ਆਖਿਆ ਕਿ ਖੇਤੀਬਾੜੀ ਤਕਨਾਲੋਜੀ ਦੇ ਵਿਕਾਸ ਦੇ ਨਾਲ ਨਾਲ ਸਾਨੂੰ ਸਮਾਜਿਕ ਕੁਰੀਤੀਆਂ ਨੂੰ ਵੀ ਨੰਗੀ ਅੱਖ ਨਾਲ ਵੇਖਣਾ ਚਾਹੀਦਾ ਹੈ ਅਤੇ ਉਨ੍ਹਾਂ ਖਿਲਾਫ ਲੋਕ ਲਹਿਰ ਉਸਾਰਨ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਖੇਤੀਬਾੜੀ ਵਿਭਾਗ ਅਤੇ ਪਸਾਰ ਸਿੱਖਿਆ ਕਾਮੇ ਇਸ ਕੰਮ ਵਿੱਚ ਮੁਖ ਰੋਲ ਅਦਾ ਕਰ ਸਕਦੇ ਹਨ। ਡਾ: ਢਿੱਲੋਂ ਨੇ ਆਖਿਆ ਕਿ ਘਰੇਲੂ ਬਗੀਚੀ ਵਿੱਚ ਘਰ ਦੀ ਲੋੜ ਜੋਗੀਆਂ ਸਬਜ਼ੀਆਂ, ਫ਼ਲ ਅਤੇ ਦਾਲਾਂ ਬੀਜਣ ਵੱਲ ਕਿਸਾਨ ਭਾਈਚਾਰੇ ਨੂੰ ਤੋਰਿਆ ਜਾਵੇ ਤਾਂ ਜੋ ਆਤਮ ਨਿਰਭਰਤਾ ਦਾ ਮਾਹੌਲ ਬਣੇ।
ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਨਿਰਦੇਸ਼ਕ ਡਾ: ਬਲਵਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਕ੍ਰਿਸ਼ੀ ਕਰਮਨ ਪੁਰਸਕਾਰ  ਮਿਲਣਾ ਵਿਗਿਆਨੀਆਂ ਖੇਤੀਬਾੜੀ ਵਿਭਾਗ ਦੇ ਸਾਥੀਆਂ ਅਤੇ ਕਿਸਾਨਾਂ ਦੀ ਹਿੰਮਤ ਦਾ ਪ੍ਰਤਾਪ ਹੈ। ਉਨ੍ਹਾਂ ਆਖਿਆ ਕਿ ਅੰਤਰ ਰਾਸ਼ਟਰੀ ਮੰਡੀ ਵਿਚੋਂ ਲਏ ਤੱਤਾਂ ਤੇ ਅਧਾਰਿਤ ਖਾਦਾਂ ਦੀ ਵਰਤੋਂ ਭਵਿੱਖ ਵਿੱਚ ਸੰਕੋਚਵੇਂ ਢੰਗ ਨਾਲ ਕਰਨ ਦੀ ਲੋੜ ਹੈ ਅਤੇ ਬਦਲਵੇਂ ਪ੍ਰਬੰਧ ਲਈ ਆਪਣੀ ਜ਼ਮੀਨ ਦੀ ਸਿਹਤ ਸੁਧਾਰਨੀ ਸਾਡੀ ਵੱਡੀ ਜ਼ਰੂਰਤ ਹੈ। ਉਨ੍ਹਾਂ ਆਖਿਆ ਕਿ 2021 ਤੀਕ ਸਾਨੂੰ ਕੌਮੀ ਪੱਧਰ ਤੇ 280 ਮਿਲੀਅਨ ਟਨ ਅਨਾਜ ਲੋੜੀਂਦਾ ਹੈ ਪਰ ਮੌਸਮੀ ਤਬਦੀਲੀਆਂ ਦੇ ਸਾਹਮਣੇ ਸਾਨੂੰ ਨਵੀਆਂ ਵਿਧੀਆਂ ਵਿਕਸਤ ਕਰਨੀਆਂ ਪੈਣਗੀਆਂ। ਉਨ੍ਹਾਂ ਆਖਿਆ ਕਿ 1988 ਤੋਂ ਬਾਅਦ ਪਿਛਲੇ ਹਫ਼ਤੇ ਹੋਈ ਲਗਾਤਾਰ 12 ਘੰਟੇ ਬਰਸਾਤ ਨੇ ਸਾਡਾ ਸਾਡਾ ਤਾਣਾ ਬਾਣਾ ਹਿਲਾ ਦਿੱਤਾ ਹੈ। ਇਸ ਲਈ ਜਲ ਨਿਕਾਸ ਪ੍ਰਬੰਧ ਅਤੇ ਸਿੰਜਾਈ ਯੋਜਨਾਵਾਂ ਨੂੰ ਵੀ ਨਵੇਂ ਸਿਰਿਉਂ ਨਵੀਆਂ ਮੌਸਮੀ ਲੋੜਾਂ ਮੁਤਾਬਕ ਢਾਲਣਾ ਪਵੇਗਾ। ਉਨ੍ਹਾਂ ਆਖਿਆ ਕਿ ਸਾਲ 2009 ਦੌਰਾਨ ਮਾਰਚ ਮਹੀਨੇ ਵਧੇ ਤਾਪਮਾਨ ਸਦਕਾ ਕਣਕ ਦਾ ਝਾੜ ਘਟਿਆ ਸੀ ਅਤੇ ਮੌਸਮੀ ਬੇਯਕੀਨੀ ਸਾਨੂੰ ਕਿਸੇ ਸਾਲ ਵੀ ਇਮਤਿਹਾਨ ਵਿੱਚ ਪਾ ਸਕਦੀ ਹੈ । ਇਸ ਲਈ ਗਿਆਨ ਅਧਾਰਿਤ ਖੇਤੀ ਦੇ ਨਾਲ ਨਾਲ ਅੰਤਰ ਅਨੁਸਾਸ਼ਨੀ ਪਹੁੰਚ ਵਿਧੀ ਅਪਣਾਉਣੀ ਪਵੇਗੀ। ਉਨ੍ਹਾਂ ਆਖਿਆ ਕਿ ਫ਼ਸਲ ਸੁਰੱਖਿਆ, ਪੋਸਟ ਹਾਰਵੈਸਟ ਤਕਨਾਲੋਜੀ ਅਤੇ ਬਾਇਓ ਟੈਕਨਾਲੋਜੀ ਵਿਧੀਆਂ ਨੂੰ ਅੰਤਰ ਰਾਸ਼ਟਰੀ ਸੰਸਥਾਵਾਂ ਨਾਲ ਕਦਮ ਮਿਲਾਉਣਾ ਪਵੇਗਾ ।

ਯੂਨੀਵਰਸਿਟੀ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਖੋਜ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਣਕ ਦੀ ਐਚ ਡੀ 2967 ਮਧਰੀ ਕਿਸਮ ਵਿਕਸਤ ਕੀਤੀ ਗਈ ਹੈ। ਇਵੇਂ ਹੀ ਡਬਲਯੂ ਐਚ ਡੀ 943 ਕਿਸਮ ਵੀ ਚੰਗਾ ਝਾੜ ਦਿੰਦੀ ਹੈ ਅਤੇ ਪਾਸਤਾ ਤਿਆਰ ਕਰਨ ਵਾਸਤੇ ਗੁਣਕਾਰੀ ਹੈ। ਇਨ੍ਹਾਂ ਦੋਹਾਂ ਕਿਸਮਾਂ ਨੂੰ ਪੰਜਾਬ ਰਾਜ ਕਿਸਮ ਪ੍ਰਵਾਨਗੀ ਕਮੇਟੀ ਦੀ ਸਿਫਾਰਸ਼ ਉਪਰੰਤ ਜਾਰੀ ਕੀਤਾ ਜਾਵੇਗਾ। ਇਵੇਂ ਹੀ ਕਾਬਲੀ ਛੋਲਿਆਂ ਦੀ ਕਿਸਮ ਐਲ 552 ਵਿਕਸਤ ਕੀਤੀ ਗਈ ਹੈ । ਤੋਰੀਏ ਦੀ ਟੀ ਐਲ 17 ਕਿਸਮ ਵੀ 90 ਦਿਨ ਵਿੱਚ ਪੱਕ ਜਾਂਦੀ ਹੈ। ਉਨ੍ਹਾਂ ਆਖਿਆ ਕਿ ਕਣਕ ਦੀ ਮਧਰੀ ਕਿਸਮ ਪੀ ਬੀ ਡਬਲਯੂ 321 ਦਾ ਬੀਜ ਇਸ ਸਾਲ ਕਿਸਾਨ ਮੇਲਿਆਂ ਮੌਕੇ 10-10 ਕਿਲੋ ਦੀਆਂ ਥੈਲੀਆਂ ਵਿੱਚ ਵੰਡਿਆ ਜਾਵੇਗਾ। ਉਨ੍ਹਾਂ ਆਖਿਆ ਕਿ ਗੈਰ-ਪ੍ਰਮਾਣਿਤ ਕਿਸਮਾਂ ਦੀ ਕਾਸ਼ਤ ਨਾਲ ਨਵੇਂ ਕੀੜੇ ਮਕੌੜੇ, ਬੀਮਾਰੀਆਂ ਅਤੇ ਨਦੀਨਾਂ ਦਾ ਵੀ ਵਾਧਾ ਹੋ ਰਿਹਾ ਹੈ।

ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਜਦ ਕਿ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਭਵਿੱਖ ਦੀਆਂ ਖੇਤੀਬਾੜੀ ਪਸਾਰ ਯੋਜਨਾਵਾਂ ਦਾ ਲੇਖਾ ਜੋਖਾ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਕਿਸਾਨ ਮੇਲੇ ਦਾ ਇਸ ਵਾਰ ਮਨੋਰਥ ‘ਧਾਰਤੀ, ਪਾਣੀ, ਪੌਣ ਬਚਾਓ-ਪੁਸ਼ਤਾਂ ਖਾਤਰ ਧਰਮ ਨਿਭਾਓ’ ਰੱਖਿਆ ਗਿਆ ਹੈ। ਇਸ ਦੀ ਪੂਰਤੀ ਲਈ ਕੀਟ ਨਾਸ਼ਕ ਜ਼ਹਿਰਾਂ ਦੀ ਸੰਕੋਚਵੀਂ ਵਰਤੋਂ ਵਾਸਤੇ ਨਰਮਾ ਪੱਟੀ ਅਤੇ ਬਾਸਮਤੀ ਖੇਤਰ ਵਿੱਚ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਸੱਠੀ ਮੂੰਗੀ ਅਧੀਨ ਰਕਬਾ ਵਧਾਇਆ ਜਾ ਰਿਹਾ ਹੈ ਤਾਂ ਜੋ ਜ਼ਮੀਨ ਦੀ ਸਿਹਤ ਬਰਕਰਾਰ ਰਹੇ। ਜਲ ਸੋਮਿਆਂ ਦੀ ਬੱਚਤ ਲਈ ਵੀ ਟੈਂਸ਼ੀਓਮੀਟਰ  ਅਤੇ ਲੇਜ਼ਰ ਸੁਹਾਗੇ ਦੀ ਵਰਤੋਂ ਉੱਪਰ ਵਧੇਰੇ ਬਲ ਦਿੱਤਾ ਜਾ ਰਿਹਾ ਹੈ।

ਖੇਤੀਬਾੜੀ ਵਿਭਾਗ ਤੋਂ ਆਏ ਅਧਿਕਾਰੀਆਂ ਅਤੇ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਖੇਤਾਂ ਵਿੱਚ ਖੜੀਆਂ ਫ਼ਸਲਾਂ ਦਾ ਵੀ ਚੱਕਰ  ਲੁਆਇਆ ਗਿਆ। ਚਾਰਟਾਂ ਦੀ ਮਦਦ ਨਾਲ ਕਣਕ ਝੋਨਾ ਫ਼ਸਲ ਚੱਕਰ ਤੋਂ ਪੈਦਾ ਹੋ ਰਹੀਆਂ ਸਮੱਸਿਆਵਾਂ, ਕਮਾਦ ਵਿੱਚ ਲੋਹਾ ਤੱਤ ਦੀ ਕਮੀ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮੰਚ ਸੰਚਾਲਨ ਡਾ: ਦਲਜੀਤ ਸਿੰਘ ਢਿੱਲੋਂ ਪ੍ਰੋਫੈਸਰ ਪਸਾਰ ਸਿੱਖਿਆ ਨੇ ਕੀਤਾ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>