ਖੇਤੀਬਾੜੀ ਖੋਜ ਕਰਦੇ ਵਿਦਿਆਰਥੀ ਆਪਣਾ ਗਿਆਨ ਮਾਂ ਬੋਲੀ ਪੰਜਾਬੀ ਵਿੱਚ ਵੀ ਲਿਖਿਆ ਕਰਨ-ਡਾ: ਭੁੱਲਰ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਸਵਿਸ ਫੈਡਰਲ ਇੰਸਟੀਚਿਊਟ ਆਫ ਟੈਕਨਾਲੋਜੀ ਜਿਊਰਿਕ ਵਿਖੇ ਵਿਗਿਆਨੀ ਵਜੋਂ ਸੇਵਾ ਨਿਭਾ ਰਹੇ ਡਾ: ਗੁਰਬੀਰ ਸਿੰਘ ਭੁੱਲਰ ਨੇ ਆਪਣੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਥੇ ਤਕਨੀਕੀ ਗਿਆਨ ਦਾ ਸਮੁੰਦਰ ਹੈ ਉਥੇ ਆਤਮ ਵਿਸ਼ਵਾਸ ਦੇਣ ਵਾਲਾ ਉਹ ਮਹਾਨ ਤੀਰਥ ਹੈ ਜਿਥੇ ਆਸਥਾ ਰੱਖਣ ਵਾਲੇ ਵਿਦਿਆਰਥੀ ਵਿਸ਼ਵ ਦੀ ਕੋਈ ਵੀ ਟੀਸੀ ਸਰ ਕਰ ਸਕਦੇ ਹਨ। ਤਰਨਤਾਰਨ ਜ਼ਿਲ੍ਹੇ ਦੇ ਪੱਟੀ ਸ਼ਹਿਰ ਦੇ ਜੰਮਪਲ, ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ ਐਸ ਸੀ ਖੇਤੀਬਾੜੀ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਐਮ ਐਸ ਸੀ ਕਰਕੇ ਸਵਿਟਜ਼ਰਲੈਂਡ ਵਿਖੇ ਪੀ ਐਚ ਡੀ ਕਰਨ ਉਪਰੰਤ ਕਾਰਜਸ਼ੀਲ ਵਿਗਿਆਨੀ ਡਾ: ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਸਵਿਟਜ਼ਰਲੈਂਡ ਦੀ ਸਵਿਸ ਫੈਡਰਲ ਇੰਸਟੀਚਿਊਟ ਆਫ ਟੈਕਨਾਲੋਜੀ ਵਿਖੇ ਪੀ ਐਚ ਡੀ ਦਾ ਥੀਸਿਸ ਪੇਸ਼ ਕਰਨ ਵੇਲੇ ਉਸ ਦਾ ਨਿਚੋੜ ਪੰਜਾਬੀ ਵਿੱਚ ਵੀ ਪੇਸ਼ ਕੀਤਾ ਸੀ ਜਿਸ ਨੂੰ ਅੰਤਰ ਰਾਸ਼ਟਰੀ ਬੋਲੀਆਂ ਦੇ ਗਿਆਤਾ ਅਧਿਆਪਕਾਂ ਨੇ ਰੱਜ ਕੇ ਸਲਾਹਿਆ। ਡਾ: ਭੁੱਲਰ ਨੇ ਦੱਸਿਆ ਕਿ ਯੂਰਪ ਵਿੱਚ ਵਸਦੇ ਲੋਕ ਆਪਣੀ ਮਾਂ ਬੋਲੀ ਨੂੰ  ਪਿਆਰ ਕਰਦੇ ਹਨ ਅਤੇ ਅੰਗਰੇਜ਼ੀ ਦੇ ਨਾਲ ਨਾਲ ਆਪਣੀ ਮਾਂ ਬੋਲੀ ਨੂੰ ਵੀ ਉਨੀ ਹੀ ਮੁਹੱਬਤ ਦਿੰਦੇ ਹਨ  ਪਰ ਅਸੀਂ ਪੰਜਾਬੀ ਸਭ ਤੋਂ ਪਹਿਲਾਂ ਮਾਂ ਬੋਲੀ ਛੱਡਦੇ ਹਾਂ।

ਡਾ: ਭੁੱਲਰ ਨੇ ਦੱਸਿਆ ਕਿ ਬਹੁਤ ਸਾਰੀਆਂ ਯੂਰਪੀਨ ਯੂਨੀਵਰਸਿਟੀਆਂ ਵਿੱਚ ਖੋਜ ਪੱਤਰ ਜਾਂ ਥੀਸਿਸ ਸਥਾਨਿਕ ਭਾਸ਼ਾਵਾਂ ਵਿੱਚ ਲਿਖਿਆ ਜਾਂਦਾ ਹੈ। ਜੇ ਅੰਗਰੇਜ਼ੀ ਵਿੱਚ ਲਿਖਿਆ ਜਾਵੇ ਤਾਂ ਉਸਦਾ ਤੱਤਸਾਰ ਮਾਂ ਬੋਲੀ ਵਿੱਚ ਲਿਖਿਆ ਜਾਂਦਾ ਹੈ। ਉਨ੍ਹਾਂ ਇਥੇ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਖੋਜ ਪ੍ਰਬੰਧ ਨੂੰ ਲਿਖਣ ਉਪਰੰਤ ਇਸ ਦਾ ਪੰਜਾਬੀ ਨਿਚੋੜ ਵੀ ਤਿਆਰ ਕਰਿਆ ਕਰਨ ਤਾਂ ਜੋ ਇਸ ਤੋਂ ਆਮ ਪੰਜਾਬੀ ਵੀ ਲਾਭ ਉਠਾ ਸਕਣ। ਉਨ੍ਹਾਂ ਆਖਿਆ ਕਿ ਇਸ ਨਾਲ ਵਿਦਿਆਰਥੀਆਂ ਦੀ ਕਿਸਾਨਾਂ ਨਾਲ ਸੰਚਾਰ ਯੋਗਤਾ ਸੁਧਰੇਗੀ। ਡਾ: ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਗਿਆਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ, ਯੰਗ ਰਾਈਟਰਜ਼ ਐਸੋਸੀਏਸ਼ਨ ਦੀਆਂ ਪ੍ਰਬੰਧਕੀ ਜਿੰਮੇਂਵਾਰੀ ਨਿਭਾਉਂਦਿਆਂ ਅਤੇ ਆਪਣੇ ਅਧਿਆਪਕਾਂ ਪਾਸੋਂ ਹਾਸਿਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਆਪਣੇ ਪ੍ਰਾਇਮਰੀ ਸਕੂਲ ਅਧਿਆਪਕ ਪ੍ਰੇਮ ਨਾਥ ਸ਼ਰਮਾ ਤੋਂ ਲੈ ਕੇ ਫ਼ਸਲ ਵਿਗਿਆਨ ਵਿਭਾਗ ਦੇ ਅਧਿਆਪਕ ਡਾ: ਤਰਲੋਕ ਸਿੰਘ ਤੀਕ ਉਸ ਨੂੰ ਹਰ ਥਾਂ ਸਮਰਪਿਤ ਭਾਵਨਾ, ਅਨੁਸਾਸ਼ਨ ਅਤੇ ਨਿਰੰਤਰ ਤੁਰਨ ਦਾ ਸੰਦੇਸ਼ ਹੀ ਮਿਲਿਆ ਹੈ ਅਤੇ ਇਸੇ ਕਰਕੇ ਉਹ ਅੱਜ ਸਵਿਟਜ਼ਰਲੈਂਡ ਵਿੱਚ ਵਿਗਿਆਨੀ ਵਜੋਂ ਆਪਣੀ ਪਛਾਣ ਬਣਾ ਰਿਹਾ ਹੈ। ਵਰਨਣਯੋਗ ਗੱਲ ਇਹ ਹੈ ਕਿ ਉਸ ਦੀ ਜੀਵਨ ਸਾਥਣ ਡਾ: ਨਵਰੀਤ ਕੌਰ ਭੁੱਲਰ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚੋਂ ਜੈਨੇਟਿਕਸ ਦੀ ਐਮ ਐਸ ਸੀ ਕਰਨ ਉਪਰੰਤ ਡਾ: ਕੁਲਦੀਪ ਸਿੰਘ ਦੀ ਪ੍ਰੇਰਨਾ ਸਦਕਾ ਜਿਊਰਿਕ ਵਿਖੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪ੍ਰਯੋਗਸ਼ਾਲਾ ਵਿੱਚ ਵਿਗਿਆਨੀ ਵਜੋਂ ਕਾਰਜਸ਼ੀਲ ਹੈ।
ਡਾ: ਗੁਰਬੀਰ ਸਿੰਘ ਭੁੱਲਰ ਨੂੰ ਯੂਨੀਵਰਸਿਟੀ ਦੇ ਸੰਚਾਰ ਕੇਦਰ ਵਿਖੇ ਉਨ੍ਹਾਂ ਦੇ ਪ੍ਰੇਰਨਾ ਸਰੋਤ ਡਾ: ਸੁਰਜੀਤ ਪਾਤਰ ਦਾ ਪੋਸਟਰ ਡਾ: ਜਗਤਾਰ ਸਿੰਘ ਧੀਮਾਨ ਅਪਰ ਨਿਰਦੇਸ਼ਕ ਸੰਚਾਰ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਭੇਂਟ ਕੀਤਾ। ਉਨ੍ਹਾਂ ਨੂੰ ਇਸ ਮੌਕੇ ਯੂਨੀਵਰਸਿਟੀ ਬਾਰੇ ਜਾਣਕਾਰੀ ਪੁਸਤਕ ਤੋਂ ਇਲਾਵਾ ਪੰਜਾਬੀ ਕਵੀ ਤਰਲੋਚਨ ਲੋਚੀ ਦੀਆਂ ਗਾਈਆਂ ਪੰਜਾਬੀ ਗਜ਼ਲਾਂ ਦੀ ਸੀ ਡੀ ‘ਸਰਵਰ’ ਵੀ ਭੇਂਟ ਕੀਤੀ ਗਈ। ਡਾ: ਭੁੱਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਹੋਣ ਸਮੇਂ ਜਿਥੇ ਪੰਜਾਬੀ ਕਵੀ ਵਜੋਂ ਪਛਾਣ ਰੱਖਦੇ ਸਨ ਉਥੇ ਨਾਟਕ ਸਰਗਰਮੀਆਂ ਰਾਹੀਂ ਗਿਆਨ ਵਿਗਿਆਨ ਪਸਾਰ ਲਈ ਵੀ ਡਾ: ਅਨਿਲ ਸ਼ਰਮਾ ਦੀ ਅਗਵਾਈ ਹੇਠ ਨਰਮਾ ਪੱਟੀ ਵਿੱਚ ਕੀਟ ਨਾਸ਼ਕ ਜ਼ਹਿਰਾਂ ਦੀ ਸੰਕੋਚਵੀਂ ਵਰਤੋਂ ਬਾਰੇ ਲੋਕ ਚੇਤਨਾ ਉਸਾਰਨ ਵਾਲੀ ਲਹਿਰ ਦਾ ਮੁੱਖ ਅੰਗ ਰਹੇ ਹਨ।
ਗੁਰਬੀਰ ਭੁੱਲਰ ਦਾ ਧੰਨਵਾਦ ਕਰਦਿਆਂ ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਉਨ੍ਹਾਂ ਦਾ ਸੁਨੇਹਾ ਸਿਰਫ ਪੰਜਾਬ ਵਸਦੇ ਨੌਜਵਾਨ ਵਿਗਿਆਨੀਆਂ ਲਈ ਹੀ ਸਾਰਥਿਕ ਨਹੀਂ ਹੈ ਸਗੋਂ ਸਮੁੱਚੇ ਵਿਸ਼ਵ ਵਿੱਚ ਕਾਰਜਸ਼ੀਲ ਪੰਜਾਬੀ ਮੂਲ ਦੇ ਵਿਗਿਆਨੀਆਂ ਅਤੇ ਤਕਨਾਲੋਜੀ ਵਿਕਾਸ ਵਿੱਚ ਲੱਗੇ ਨੌਜਵਾਨਾਂ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਯਤਨ ਨਾਲ ਪੰਜਾਬੀ ਮਾਂ ਬੋਲੀ ਦਾ ਵੀ ਮੂਲਧਨ ਵਧਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਵਿਦੇਸ਼ਾਂ ਵਿੱਚ ਪੰਜਾਬੀ ਗੁਫ਼ਤਾਰ ਅਤੇ ਪੰਜਾਬੀ ਦਸਤਾਰ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੀ ਵਿਕਾਸ ਮੁਖੀ ਰਫ਼ਤਾਰ ਨੂੰ ਤੇਜ਼ ਕਰਨ ਵਾਲੇ ਇਹੋ ਜਿਹੇ ਸਪੁੱਤਰਾਂ ਦਾ ਜਿੰਨਾਂ ਧੰਨਵਾਦ ਕੀਤਾ ਜਾਵੇ ਥੋੜ੍ਹਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>