ਪਾਕਿਸਤਾਨੀ ਸਿੱਖਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਭਾਰਤ ’ਚ ਹੋ ਰਹੀਆਂ ਬੇਅਦਬੀਆਂ ਖਿਲਾਫ਼ ਲਾਹੌਰ ’ਚ ਭਾਰੀ ਰੋਸ਼ ਮੁਜ਼ਾਹਰਾ

ਲਾਹੌਰ,( ਜੋਗਾ ਸਿੰਘ)-ਭਾਰਤੀ ਪੰਜਾਬ ਦੇ ਜ਼ਿਲਾ ਰੋਪੜ ਦੇ ਪਿੰਡ ਊਧਮਪੁਰ ਨੱਲਾ ਜਿਥੋਂ ਦੇ ਗੁਰਦੁਆਰਾ ਸਾਹਿਬ ਵਿਚੋਂ ਕਿਸੇ ਸ਼ਰਾਰਤੀ ਅਨਸਰ ਨੇ ਸ੍ਰੀ ਗੁਰੂ  ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਤੇ ਦੋ ਦਰਜਨ ਦੇ ਕਰੀਬ ਗੁਟਕੇ ਇਕ ਗੰਦੇ ਵਿਰਾਨ ਖੂਹ ਵਿੱਚ ਸੁੱਟ ਦਿੱਤੇ ਸਨ ਦੇ ਖਿਲਾਫ਼ ਅੱਜ ਪਾਕਿਸਤਾਨ ਦੀਆਂ ਸੰਗਤਾਂ ਨੇ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਰੋਸ਼ ਮੁਜਾਹਰਾ ਕੀਤਾ। ਕਾਫ਼ੀ ਗਿਣਤੀ ਵਿੱਚ ਸੰਗਤਾਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਲਾਹੌਰ ਅਤੇ ਸਿੰਧ ਤੋਂ ਵੀ ਪਹੁੰਚੀਆਂ ਹੋਈਆਂ ਸਨ। ਜਿੱਥੇ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਸਰਕਾਰ ਦੇ ਦਬਾਅ ਪਾਵੇ ਕਿ ਘੱਟ ਗਿਣਤੀ ਸਿੱਖਾਂ ਨਾਲ ਜ਼ੁਲਮ ਨਾ ਕਰੇ।

ਸਿੱਖ ਸੰਗਤਾਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ।ਪੰਜਾਬ ਵਿੱਚ ਹਰ ਤੀਜੇ ਦਿਨ ਕੋਈ ਨਾ ਕੋਈ ਇਹੋ ਜਿਹੀਆਂ ਘਟਨਾਵਾਂ ਦੀਆਂ ਖ਼ਬਰਾਂ ਨੇ ਪਾਕਿਸਤਾਨੀ ਸਿੱਖਾਂ ਦੇ ਮਨਾ ਨੂੰ ਬਹਤ ਠੇਸ ਪਹੁੰਚਾਈ ਹੈ। ਜਿਸ ਦਾ ਸਬੂਤ ਅੱਜ ਪੂਰੇ ਲਾਹੌਰ ਸ਼ਹਿਰ ਨੇ ਦੇਖਿਆ ਕਿ ਪਾਕਿਸਤਾਨੀ ਸਿੱਖਾਂ ਦੇ ਦਿਲ ਇਸ ਮੰਦਭਾਗੀ ਘਟਨਾ ਕਰਕੇ ਕਿੰਨੇ ਗੁੱਸੇ ਵਿੱਚ ਤੇ ਦੁਖੇ ਨੇ। ਇਸ ਮੋਕੇ ਤੇ ਬੋਲਦਿਆਂ ਪੀ.ਐਸ.ਜੀ.ਪੀ.ਸੀ ਦੇ ਪ੍ਰਧਾਨ ਸ੍ਰ. ਸ਼ਾਮ ਸਿੰਘ ਹੋਣਾ ਕਿਹਾ ਕਿ ਭਾਰਤ ਦੀ ਹਕੂਮਤ ਤੇ ਪੰਜਾਬ ਦੀ ਅਕਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੀਆਂ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕੇ।

ਸ੍ਰ. ਮਸਤਾਨ ਸਿੰਘ ਸਾਬਕਾ ਪ੍ਰਧਾਨ (psgpc) ਨੇ ਕਿਹਾ ਕਿ ਭਾਰਤ ਦੇ ਇਕ ਸਿੱਖ ਪ੍ਰਧਾਨ ਮੰਤਰੀ ਦੇ ਹੋਣ ਦਾ ਕੀ ਫਾਇਦਾ ਹੈ ਜੇ ਉਹ ਆਪਣੇ ਇਸ਼ਟ ਗੁਰੂ ਜੀ ਦੀ ਆਨਸ਼ਾਨ ਲਈ ਬੋਲ ਸਕਦੇ।

ਸ੍ਰ. ਬਿਸ਼ਨ ਸਿੰਘ ਸਾਬਕਾ ਪ੍ਰਧਾਨ ਨੇ ਵੀ ਪੁਰਜ਼ੋਰ ਲਫ਼ਜ਼ਾਂ ਨਾਲ ਇਸ ਘਟਨਾ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸ਼੍ਰੌਮਣੀ ਕਮੇਟੀ, ਦਿੱਲੀ ਕਮੇਟੀ ਤੇ ਪੰਥ ਦੀਆਂ ਸਿਰਮੋਰ ਸੰਸਥਾਵਾਂ ਨੂੰ ਇਸ ਮਾਮਲੇ ਨੂੰ ਬੜੀ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਇਸ ਤੋਂ ਵੱਧ ਹੋਰ ਸਾਡੇ ਲਈ ਡੁੱਬ ਕੇ ਮਰਨ ਵਾਲੀ ਗੱਲ ਕੀ ਹੋ ਸਕਦੀ ਹੈ।

ਨੌਜਵਾਨ ਆਗੂ ਸ੍ਰ. ਡਾਕਟਰ ਮਿਮਪਾਲ ਸਿੰਘ ਲਾਹੌਰ ਤੇ ਕਲਿਆਨ ਸਿੰਘ ਹੋਣਾ ਕਿਹਾ ਕਿ ਅਗਰ ਭਾਰਤ ਸਰਕਾਰ ਦੋਸ਼ੀਆਂ ਨੂੰ ਸ਼ਰੇਆਮ ਫ਼ਾਂਸੀ ਨਹੀਂ ਦੇ ਸਕਦੀ ਤਾਂ ਪਾਕਿਸਤਾਨ ਸਿੱਖ ਇਸ ਗੱਲ ਦਾ ਹਿੱਸਾਬ ਲੈਣਗੇ ਅਸੀਂ ਸਭ ਕੁਝ ਬਰਦਾਸ਼ ਕਰ ਸਕਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ।

ਇਸ ਮੌਕੇ ਤੇ ਤਾਰਾ ਸਿੰਘ ਮੈਂਬਰ(psgpc) ਸਿੰਧ, ਤਰਨ ਸਿੰਘ ਮੈਂਬਰ(psgpc) ਸ੍ਰ. ਰਵੇਲ ਸਿੰਘ ਸਾਬਕਾ ਹੈੱਡ ਗ੍ਰੰਥੀ ਸ੍ਰੀ ਨਨਕਾਣਾ ਸਾਹਿਬ ਤੋਂ ਇਲਾਵਾ ਇੰਟਰ ਰਲੀਜੀਅਸ ਪੀਸ ਕੌਂਸਲ (IRPC)  ਦੇ ਜਰਨਲ ਸਕੱਤਰ ਡਾ. ਅਮਿਜ਼ਦ ਚਿਸ਼ਤੀ, ਵਾਈਸ ਚੈਅਰਮੈਨ ਸ੍ਰ. ਜਨਮ ਸਿੰਘ ਨੇ ਵੀ ਅਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕੀਤੇ ਤੇ ਕਿਹਾ ਇਸ ਖਿਤੇ ’ਚ ਅਮਨ ਤਾਂ ਹੀ ਆ ਸਕਦਾ ਹੈ ਜੇ ਇਹੋ ਜਿਹੀ ਘਟਨਾਵਾਂ ਨੂੰ ਭਾਰਤ ਸਰਕਾਰ ਸੰਜੀਦਗੀ ਨਾਲ ਲਵੇ। ਕਦੀ ਸੰਨ ਚੁਰਾਸੀ ਦਾ ਕਤਲੇਆਮ, ਕਦੀ ਗੁਜਰਾਤ ਦੰਗੇ, ਕਦੀ ਬਾਬਰੀ ਮਸਜਿਦ ਤੇ ਕਦੀ ਦਰਬਾਰ ਸਾਹਿਬ  ਤੇ ਕਦੀ ਗਿਰਜੇ ਘਰਾਂ ਤੇ ਹਮਲੇ ਵਾਲੀਆਂ ਗੱਲਾਂ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਅਗਰ ਇੱਕ ਵੀ ਇਹੋ ਜਿਹੇ ਬੰਦੇ ਦੇ ਹੱਥ ਵੱਡ ਦਿੱਤੇ ਜਾਣ ਜਾਂ ਕਿਸੇ ਗਰਾਉਂਡ ’ਚ ਫ਼ਾਸੀ ਦੇ ਦਿੱਤੀ ਜਾਵੇ ਤਾਂ ਇਨ੍ਹਾਂ ਮੰਦਭਾਗੀ ਘਟਨਾਵਾਂ ਤੇ ਜਲਦੀ ਕਾਬੂ ਪਾਇਆ ਜਾ ਸਕਦਾ ਹੈ।

ਪਰ ਭਾਰਤ ਸਰਕਾਰ ਬੇਦੋਸ਼ੇ ਪ੍ਰੋ.ਦਵਿੰਦਰ ਪਾਲ ਸਿੰਘ ਵਰਗਿਆ ਨੂੰ ਤਾਂ ਫ਼ਾਸੀ ’ਤੇ ਟੰਗਣ ਨੂੰ ਝੱਟ ਤਿਆਰ ਹੋ ਜਾਂਦੀ ਹੈ ਪਰ ਇਹੋ ਜਿਹੇ ਮਾਮਲਿਆਂ ’ਚ ਉਨ੍ਹਾਂ ਦੀ ਜਬਾਨ ਨੂੰ ਤਾਲਾ ਲੱਗ ਜਾਂਦਾ ਹੈ। ਸਿੱਖ ਕੌਮ ਦੇ ਲੀਡਰਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਤਾਂ ਕਿ ਦੂਸਰੇ ਦੇਸ਼ਾਂ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਇਹੋ ਜਿਹੀ ਘਟਨਾਵਾਂ ਦੇ ਪੰਜਾਬ ਵਿੱਚ ਹੋ ਜਾਣ ਕਰਕੇ ਮਾਯੂਸ ਨਾ ਹੋਣਾ ਪਵੇ।ਇਸ ਘਟਨਾਂ ਦੇ ਸਬੰਧ ਵਿੱਚ ਪ੍ਰੈੱਸ ਨੋਟ ਵੀ ਜਨਮ ਸਿੰਘ ਵੱਲੋਂ ਜਾਰੀ ਕੀਤਾ ਗਿਆ।
ਸਿੱਖਾਂ ਦੇ ਨਾਲ-2 ਹਿੰਦੂ, ਮੁਸਲਮਾਨ ਅਤੇ ਮਸੀਹ ਭਾਈਚਾਰੇ ਨੇ ਵੀ ਕਾਫੀ ਗਿਣਤੀ ’ਚ ਰੋਸ ਮੁਜਾਹਰੇ ’ਚ ਹਿੱਸਾ ਲਿਆ ਤੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਸੀਂ ਸਾਰੇ ਇਸ ਦੁਖਦਾਈ ਘਟਨਾਂ ਦੇ ਮੌਕੇ ਸਿੱਖ ਕੌਮ ਨਾਲ ਖੜੇ ਹਾਂ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>