ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ

100ਵੇਂ ਜਨਮ ਦਿਵਸ 3 ਸਤੰਬਰ ’ਤੇ ਵਿਸ਼ੇਸ਼

ਸਾਂਝੇ ਪੰਜਾਬ ਨੇ ਪੰਜਾਬੀ ਦੇ ਅਨੇਕਾਂ ਕਵੀ, ਲੇਖਕ, ਗ਼ਜ਼ਲਗੋ ਤੇ ਸ਼ਾਇਰ ਪੈਦਾ ਕੀਤੇ ਹਨ, ਜਿਹਨਾਂ ਨੇ ਪੰਜਾਬੀ ਬੋਲੀ ਦੀ ਤਰੱਕੀ ਤੇ ਨਿਖਾਰ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਕੁਝ ਇੱਕ ਅਣਖੀਲੇ ਲੋਕ ਕਵੀ ਹਨ, ਜਿਹਨਾਂ ਦੀ ਕਵਿਤਾ ਰਹਿੰਦੀ ਦੁਨੀਆਂ ਤੱਕ ਜਿਉਂਦੀ ਰਹੇਗੀ। ਬੋਲੀ ਕਿਉਂਕਿ ਲੋਕਾਂ ਦੇ ਬੁੱਲ੍ਹਾਂ ’ਤੇ ਜਿਊਂਦੀ ਹੈ, ਜਿਹੜੀ ਕਵਿਤਾ ਲੋਕਾਂ ਦੀ ਸਰਲ ਬੋਲੀ ਵਿੱਚ ਲਿਖੀ ਜਾਵੇ, ਉਸਨੂੰ ਲੋਕ ਹਮੇਸ਼ਾਂ ਗੁਣਗੁਣਾਉਂਦੇ ਰਹਿੰਦੇ ਹਨ। ਸਾਂਝੇ ਪੰਜਾਬ ਦਾ ਸ਼੍ਰੀ ਚਿਰਾਗ ਦੀਨ ਦਾਮਨ ਅਜਿਹਾ ਸ਼ਾਇਰ ਹੈ, ਜਿਹੜਾ ਲੋਕਾਂ ਦੀ ਭਾਸ਼ਾ ਪੰਜਾਬੀ ਵਿੱਚ ਲੋਕ ਮਸਲਿਆਂ ਤੇ ਬੜੀ ਸਰਲ ਸ਼ਬਦਾਵਲੀ ਵਿੱਚ ਲਿਖਦਾ ਸੀ ,ਜੋ ਲੋਕਾਂ ਦੇ ਮਨਾਂ ’ਤੇ ਸਿੱਧਾ ਅਸਰ ਕਰਦੀ ਸੀ। ਉਸਨੇ ਆਪਣੀ ਸ਼ਾਇਰੀ ਅਣਖ ਨਾਲ ਕੀਤੀ। ਕਦੇ ਕਿਸੇ ਹਕੂਮਤ ਦੇ ਰਹਿਮੋ-ਕਰਮ ’ਤੇ ਨਹੀਂ ਰਿਹਾ। ਸਗੋਂ ਹਕੂਮਤਾਂ ਦੀਆਂ ਜ਼ੋਰ-ਜ਼ਬਰਦਸਤੀਆਂ ਤੇ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁ¦ਦ ਕਰਦਾ ਰਿਹਾ, ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਹ ਲਾਹੌਰ ਵਿੱਚ ਰਹਿੰਦਾ ਰਿਹਾ। ਉਸਨੂੰ ਅਨੇਕਾਂ ਵਾਰ ਪੰਜਾਬੀ ਵਿੱਚ ਕਵਿਤਾਵਾਂ ਲਿਖਣ ਤੋਂ ਵਰਜਿਆ ਗਿਆ ਪ੍ਰੰਤੂ ਉਹ ਸਿਰਫ ਤੇ ਸਿਰਫ ਪੰਜਾਬੀ ਵਿੱਚ ਹੀ ਕਵਿਤਾਵਾਂ ਲਿਖਦਾ ਰਿਹਾ। ਸ਼੍ਰੀ ਚਿਰਾਗ ਦੀਨ ਦਾਮਨ ਦਾ ਜਨਮ 3 ਸਤੰਬਰ 1911 ਨੂੰ ਕਰੀਮ ਬੀਬੀ ਦੀ ਕੁਖੋਂ ਤੇ ਮੀਆਂ ਮੀਰ ਬਖਸ਼ ਦੇ ਘਰ ਹੋਇਆ। ਮਾਤਾ-ਪਿਤਾ ਦੀ ਦੇਖ ਭਾਲ ਦੀ ਜਿੰਮੇਵਾਰੀ ਚਿਰਾਗ ਦੀਨ ਦੀ ਹੀ ਸੀ ਕਿਉਂਕਿ ਉਸਦਾ ਵੱਡਾ ਭਰਾ ਫੌਤ ਹੋ ਗਿਆ ਸੀ, ਚਿਰਾਗ ਦੀਨ ਨੇ ਮੁਢਲੀ ਦਸਵੀਂ ਤੱਕ ਦੀ ਪੜ੍ਹਾਈ ਦੇਵ ਸਮਾਜ ਸਕੂਲ ਤੋਂ ਪ੍ਰਾਪਤ ਕੀਤੀ। ਉਸਦਾ ਪਿਤਾ ਰੇਲਵੇ ਦੇ ਦਰਜੀ ਖਾਨੇ ਵਿੱਚ ਕੱਪੜੇ ਸਿਊਣ ਦਾ ਕੰਮ ਕਰਦਾ ਸੀ ਪ੍ਰੰਤੂ ਥੋੜੀ ਦੇਰ ਬਾਅਦ ਹੀ ਉਸਦੀ ਨੌਕਰੀ ਚਲੀ ਗਈ ਤਾਂ ਉਸਨੇ ਆਪਣੀ ਦਰਜ਼ੀ ਦੀ ਦੁਕਾਨ ਖੋਲ੍ਹ ਲਈ ਤੇ ਚਿਰਾਗ ਦੀਨ ਵੀ ਪਿਤਾ ਨਾਲ ਪਿਤਾ ਪੁਰਖੀ ਕੰਮ ਕਰਨ ਲੱਗ ਪਿਆ। ਉਸਦੀ ਮਾਤਾ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ। 20ਵੀਂ ਸਦੀ ਦਾ ਚਿਰਾਗ ਦੀਨ ਦਾਮਨ ਜੋ ਕਿ ਬਾਅਦ ਵਿੱਚ ਉਸਤਾਦ ਦਾਮਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਸ਼ਾਹ ਹੁਸੈਨ, ਬੁੱਲੇਸ਼ਾਹ ਅਤੇ ਵਾਰਸ ਸ਼ਾਹ ਤੋਂ ਬਾਅਦ ਪੰਜਾਬੀ ਦਾ ਪਹਿਲਾ ਸੱਚਾ ਸੁੱਚਾ ਤੇ ਅਣਖੀਲਾ ਸ਼ਾਇਰ ਸੀ, ਜਿਸਨੇ ਸਮੁੱਚਾ ਜੀਵਨ ਤੰਗੀਆਂ ਤੁਰਸ਼ੀਆਂ, ਤਲਖੀਆਂ ਤੇ ਆਪਣੀ ਲੁੱਟ-ਖਸੁੱਟ ਵਿੱਚ ਹੰਢਾਇਆ। ਉਹ ਹਕੂਮਤ ਦੀ ਤਾਨਾਸ਼ਾਹੀ, ਜਬਰ ਜ਼ੁਲਮ, ਅਣਮਨੁੱਖੀ ਵਿਵਹਾਰ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਲੜਨ ਵਾਲਾ ਯੋਧਾ ਸੀ। ਉਹ ਜਮਾਂਦਰੂ ਸ਼ਾਇਰ ਸੀ ਜੋ ਸਬਜ਼ੀ ਲੈਣ ਜਾਂਦਾ ਵੀ ਛੋਟੇ-ਮੋਟੇ ਮਿਸਰੇ ਜੋੜਦਾ ਰਹਿੰਦਾ ਸੀ, ਜਿਸ ਤੋਂ ਉਸਦੀ ਬਹਿਰ ਅਤੇ ਕਾਫੀਆ ਦੀ ਰਦੀਫ ਦੀ ਕੁਦਰਤੀ ਸੋਝੀ ਦੀ ਪਕੜ ਦਾ ਪਤਾ ਲੱਗਦਾ ਸੀ:
ਸਬਜ਼ੀ ਲਿਆਓ ਭੱਜ ਕੇ, ਖਾਓ ਸਾਰੇ ਰੱਜ ਕੇ, ਬਾਕੀ ਰੱਖੋ ਕੱਜ ਕੇ।
ਪਾਕਿਸਤਾਨ ਵਿਚ ਬਹੁਤੀ ਉਰਦੂ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ ਪ੍ਰੰਤੂ ਉਹ ਪੰਜਾਬੀ ਬੋਲੀ ਦਾ ਏਡਾ ਵੱਡਾ ਮੁਦਈ ਸੀ ਕਿ ਜਦੋਂ ਉਸਨੂੰ ਪੰਜਾਬੀ ਬੋਲਣ ਤੇ ਲਿਖਣ ਨੂੰ ਰੋਕਿਆ ਗਿਆ ਤਾਂ ਉਸਨੇ ਲਿਖਿਆ:
ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ, ਉਰਦੂ ਵਿੱਚ ਕਿਤਾਬਾਂ ਤੇ ਠਣਦੀ ਰਹੇਗੀ।
ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ, ਮੇਰੀ ਭੁੱਖ ਇਹੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ ਪਏ ਹੋਣ ਪੈਦਾ, ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
ਕਈ ਵਾਰੀ ਉਸਤਾਦ ਦਾਮਨ ਨੂੰ ਕਿਹਾ ਗਿਆ ਕਿ ਪਾਕਿਸਤਾਨ ਵਿੱਚ ਪੰਜਾਬੀ ਦਾ ਕੋਈ ਸਥਾਨ ਨਹੀਂ। ਇਸ ਭਾਸ਼ਾ ਵਿੱਚ ਉਸਦੇ ਲਿਖਣ ਦਾ ਕੋਈ ਲਾਭ ਨਹੀਂ ਕਿਉਂਕਿ ਇਸ ਭਾਸ਼ਾ ਨੂੰ ਪਾਕਿਸਤਾਨ ਵਿਚ ਬਹੁਤੇ ਲੋਕ ਨਾਂ ਹੀ ਬੋਲਦੇ ਹਨ ਤੇ ਨਾਂ ਹੀ ਸਮਝਦੇ ਹਨ ਤਾਂ ਇਸ ਭਾਸ਼ਾ ਵਿਚ ਲਿਖਣ ਦਾ ਕੀ ਫਾਇਦਾ ਹੈ। ਇੱਥੋਂ ਤੱਕ ਉਸਨੂੰ ਪਾਕਿਸਤਾਨ ਛੱਡ ਕੇ ਜਾਣ ਲਈ ਕਿਹਾ ਗਿਆ ਤਾਂ ਉਨ੍ਹਾਂ ਲਿਖਿਆ:
ਮੈਨੂੰ ਕਈਆਂ ਨੇ ਆਖਿਆ ਕਈ ਵਾਰ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ।
ਗੋਦੀ ਜਿਹਦੀ ਵਿੱਚ ਪਲ ਕੇ ਜਵਾਨ ਹੋਇਓਂ, ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ-ਪੰਜਾਬੀ ਈ ਕੂਕਣਾਂ ਏ, ਜਿੱਥੇ ਖਲੋਤਾ ਏ ਥਾਂ ਛੱਡਦੇ।
ਮੈਨੂੰ ਇੰਝ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।
ਬਹੁਤ ਸਾਰੇ ਅਦੀਬਾਂ ਨੇ ਜਦੋਂ ਦਾਮਨ ਨੂੰ ਵਾਰ-ਵਾਰ ਉਰਦੂ ਵਿੱਚ ਲਿਖਣ ਲਈ ਕਿਹਾ ਗਿਆ ਤਾਂ ਉਹਨਾਂ ਲਿਖਿਆ:
ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜੀ ਦਾ,
ਪੁੱਛਦੇ ਹੋ ਮੇਰੇ ਦਿਲ ਦੀ ਬੋਲੀ- ਹਾਂ ਜੀ ਹਾਂ ਪੰਜਾਬੀ ਏ।
ਉਸਤਾਦ ਦਾਮਨ ਨੇ ਪਾਕਿਸਤਾਨ ਰਹਿੰਦਿਆਂ ਕਦੀ ਵੀ ਮੁਸਲਮ ਲੀਗ ਦਾ ਸਾਥ ਨਹੀਂ ਦਿੱਤਾ। ਇਸ ਕਰਕੇ ਉਸਨੂੰ ਕਸ਼ਟ ਵੀ ਝੱਲਣੇ ਪਏ। ਪੰਜਾਬੀ ਭਾਸ਼ਾ ਦਾ ਮੁਦਈ ਹੋਣ ਕਰਕੇ ਉਸਦੀ ਦਰਜੀ ਦੀ ਦੁਕਾਨ ਅਤੇ ਘਰ 1947 ਦੀ ਵੰਡ ਸਮੇਂ ਸਾੜ ਦਿੱਤੇ ਗਏ। ਇਸ ਘਟਨਾ ਤੋਂ ਬਾਅਦ ਉਹ ਸਾਰੀ ਉਮਰ ਮਸੀਤ ਦੇ ਇੱਕ 10×10 ਫੁੱਟ ਦੇ ਕਮਰੇ ਵਿੱਚ ਹੀ ਰਿਹਾ, ਜਿਸ ਵਿੱਚ ਕੋਈ ਰੌਸ਼ਨਦਾਨ ਜਾਂ ਤਾਕੀ ਨਹੀਂ ਸੀ। ਦੰਗਿਆਂ ਦੇ ਇਸ ਦਰਦ ਬਾਰੇ ਉਹ ਲਿਖਦਾ ਹੈ:
ਕਿਸੇ ਤੀਲੀ ਐਸੀ ਲਾਈ ਏ, ਥਾਂ-ਥਾਂ ਅੱਗ ਮਚਾਈ ਏ।
ਪਈ ਸੜਦੀ ਕੁੱਲ ਲੁਕਾਈ ਏ, ਤੇ ਪੈਂਦੀ ਹਾਲ ਦੁਆਈ ਏ।
ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਉਸਤਾਦ ਦਾਮਨ ਨੂੰ ਭਾਰਤ ਦੀ ਆਜ਼ਾਦੀ ਦੇ ਜਸ਼ਨਾਂ ਸਬੰਧੀ ਲਾਲ ਕਿਲੇ ਵਿੱਚ ਕਰਵਾਏ ਗਏ ਮੁਸ਼ਾਇਰੇ ਵਿੱਚ ਬੁਲਵਾਇਆ ਗਿਆ। ਉਸ ਮੁਸ਼ਾਇਰੇ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਜਿੰਦਰ ਪ੍ਰਸ਼ਾਦ ਅਤੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ ਬਿਰਾਜਮਾਨ ਸਨ। ਉਸਤਾਦ ਦਾਮਨ ਨੇ ਆਪਣੀ ਕਵਿਤਾ ਪੜ੍ਹੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਦੋਵੇਂ ਦੇਸ਼ਾਂ ਦੇ ਲੋਕ ਦੁਖੀ ਹਨ, ਭਾਵੇਂ ਉਹ ਇਸ ਨੂੰ ਆਪੋ-ਆਪਣੇ ਦੇਸ਼ ਦੀ ਆਜ਼ਾਦੀ ਦਾ ਨਾਂ ਦੇ ਰਹੇ ਹਨ ਤਾਂ ਪੰਡਤ ਜਵਾਹਰ ਲਾਲ ਨਹਿਰੂ ਏਨੇ ਭਾਵੁਕ ਹੋ ਗਏ ਕਿ ਵੇਖਣ ਵਾਲੇ ਕਹਿੰਦੇ ਹਨ ਕਿ ਉਹ ਭੁਬਾਂ ਮਾਰ ਕੇ ਰੋ ਪਏ ਤੇ ਉਸਤਾਦ ਦਾਮਨ ਨੂੰ ਘੁਟ ਕੇ ਜਫੀ ਪਾ ਲਈ। ਉਹਨਾਂ ਉਸਤਾਦ ਦਾਮਨ ਨੂੰ ਭਾਰਤ ਵਿਚ ਆ ਕੇ ਰਹਿਣ ਲਈ ਕਿਹਾ ਪ੍ਰੰਤੂ ਦਾਮਨ ਨੇ ਇਨਕਾਰ ਕਰਦਿਆਂ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿਚ ਹੀ ਭਾਂਵੇ ਉਸਨੂੰ ਜੇਲ ਵਿਚ ਹੀ ਰਹਿਣਾ ਪਵੇ। ਇਸ ਮੌਕੇ ਤੇ ਉਸ ਵਲੋ ਪੜੀ ਗਈ ਕਵਿਤਾ ਇੰਜ ਹੈ-
ਭਾਵੇਂ ਮੂੰਹਂੋ ਨਾ ਕਹੀਏ ਪਰ ਵਿਚੋਂ ਵਿੱਚੀ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁੱਝ ਉਮੀਦ ਏ ਜਿੰਦਗੀ ਮਿਲ ਜਾਵੇਗੀ, ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।
ਜਿਉਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।
ਉਸਤਾਦ ਦਾਮਨ ਹਮੇਸ਼ਾਂ ਠੇਠ ਪੰਜਾਬੀ ਵਿੱਚ ਟਕੋਰਾਂ ਮਾਰਦਾ ਰਿਹਾ। ਕਾਲਜ ਦੇ ਮੁੰਡੇ-ਕੁੜੀਆਂ ’ਤੇ ਉਸ ਸਮੇਂ ਦੇ ਜ਼ਮਾਨੇ ਵਿੱਚ ਮਾਰਿਆ ਵਿਅੰਗ ਅੱਜ ਵੀ ਢੁਕਦਾ ਹੈ:
ਇਹ ਕਾਲਜ ਏ ਕਿ ਫੈਸ਼ਨ ਦੀ ਫੈਕਟਰੀ ਏ,
ਕੁੜੀਆਂ ਮੁੰਡਿਆਂ ਦੇ ਨਾਲ ਇੰਜ ਫਿਰਨ,
ਜਿਵੇਂ ਅਲਜ਼ੈਬਰੇ ਨਾਲ ਜਮੈਟਰੀ ਏ।
ਅੱਜ ਪੰਜਾਬੀ ਦੁਨੀਂਆਂ ਦੇ ਕੋਨੇ-ਕੋਨੇ ਵਿੱਚ ਪਹੁੰਚਿਆ ਹੋਇਆ ਹੈ। ਉਸ ਜ਼ਮਾਨੇ ਵਿੱਚ ਪੰਜਾਬ ਤੋਂ ਬਾਹਰ ਪੰਜਾਬੀਆਂ ਦੀ ਮੌਜੂਦਗੀ ਦਾ ਜ਼ਿਕਰ ਇਸ ਤਰ੍ਹਾਂ ਕਰ ਰਿਹਾ ਹੈ:
ਬਿਖਰੇ ਵਰਕਿਆਂ ਦੀ ਹੋ ਗਈ ਜਿਲਦ ਬੰਦੀ, ਮੈਂ ਇੱਕ ਖੁੱਲੀ ਕਿਤਾਬ ਨੂੰ ਵੇਖਦਾ ਆਂ।
ਇਹ ਵਿਸਾਖੀ ਦੀਆਂ ਮਿਹਰਬਾਨੀਆਂ ਨੇ, ਬੰਬੇ ਵਿੱਚ ਪੰਜਾਬ ਨੂੰ ਵੇਖਦਾ ਆਂ।
ਉਸਤਾਦ ਦਾਮਨ ਨੂੰ ਸਰਵਪੱਖੀ ਲੇਖਕ ਕਿਹਾ ਜਾ ਸਕਦਾ ਹੈ। ਉਸਨੇ ਫਿਲਮਾਂ ਦੇ ਗੀਤ ਵੀ ਲਿਖੇ। ਉਸਦਾ ਸਭ ਤੋਂ ਹਰਮਨ ਪਿਆਰਾ ਗੀਤ ਲੋਕਾਂ ਦੀ ਜ਼ੁਬਾਨ ’ਤੇ ਚੜਿਆ ਹੋਇਆ ਹੈ:
ਮੈਨੂੰ ਧਰਤੀ ਕਲੀ ਕਰਾ ਦੇ, ਮੈਂ ਨੱਚਾਂਗੀ ਸਾਰੀ ਰਾਤ।
ਉਸਤਾਦ ਦਾਮਨ ਫਕਰ ਕਿਸਮ ਦਾ ਲੋਕ ਕਵੀ ਸੀ, ਉਸਨੇ ਆਪਣੀਆਂ ਕਵਿਤਾਂਵਾ ਦੀ ਆਪ ਕੋਈ ਕਿਤਾਬ ਪ੍ਰਕਾਸ਼ਿਤ ਨਹੀਂ ਕਰਵਾਈ ਸੀ। ਸਾਰੀਆਂ ਕਵਿਤਾਵਾਂ ਉਸਨੂੰ ਮੁੰਹ ਜੁਬਾਨੀ ਯਾਦ ਸੀ। ਉਹ ਹਰ ਰਚਨਾ ਨੂੰ ਉਸਦੀ ਮਾਤ ਭਾਸ਼ਾ ਵਿਚ ਹੀ ਪੜਨਾ ਚਾਹੰਦਾ ਸੀ, ਇਸੇ ਕਰਕੇ ਉਸਨੇ ਬਹੁਤ ਸਾਰੀਆਂ ਭਾਸ਼ਾਵਾਂ ਸਿਖੀਆਂ। ਉਸਨੂੰ ਛੋਟੇ ਜਹੇ ਕਮਰੇ ਵਿਚ ਰਹਿਣ ਕਰਕੇ ਕਈ ਬਿਮਾਰੀਆਂ ਨੇ ਘੇਰ ਲਿਆ ਸੀ। ਫੈਜ ਅਹਿਮਦ ਫੈਜ ਉਸਦਾ ਬੜਾ ਵਡਾ ਉਪਾਸ਼ਕ ਅਤੇ ਦੋਸਤ ਸੀ, ਇਸ ਲਈ ਫੈਜ ਅਹਿਮਦ ਫੈਜ ਨੇ ਆਪਣੇ ਦੋਸਤਾਂ ਮਿਤਰਾਂ ਨਾਲ ਰਲ ਕੇ ਇਕ ਟਰਸਟ ਬਣਾਈ ਤੇ ਉਸ ਟਰਸਟ ਦਾ ਜਿੰਮਾ ਲਗਾਇਆ ਗਿਆ ਕਿ ਉਹ ਉਸਤਾਦ ਦਾਮਨ ਦੀ ਸਿਹਤ ਦਾ ਧਿਆਨ ਰਖੇ ਅਤੇ ਉਸ ਲਈ ਇਕ ਹਵਾਦਾਰ ਘਰ ਬਣਵਾ ਕੇ ਦੇਵੇ ਤੇ ਨਾਲ ਹੀ ਉਸਦੀਆਂ ਸਾਰੀਆਂ ਕਵਿਤਾਵਾਂ ਇਕਠੀਆਂ ਕਰਕੇ ਉਹਨਾਂ ਦੀ ਇਕ ਕਿਤਾਬ ਪ੍ਰਕਾਸ਼ਿਤ ਕੀਤੀ ਜਾਵੇ ਪ੍ਰੰਤੂ ਪ੍ਰਮਾਤਮਾ ਨੂੰ ਇਹ ਸਾਰਾ ਕੁਝ ਮੰਨਜੂਰ ਨਹੀਂ ਸੀ। ਫੈਜ ਅਹਿਮਦ ਫੈਜ ਦੀ ਮੌਤ ਹੋ ਗਈ, ਉਸ ਸਮੇਂ ਉਸਤਾਦ ਦਾਮਨ ਵੀ ਹਸਪਤਾਲ ਵਿਚ ਦਾਖਲ ਸੀ। ਡਾਕਟਰਾਂ ਦੇ ਰੋਕਣ ਦੇ ਬਾਵਜੂਦ ਵੀ ਬਿਮਾਰੀ ਦੀ ਹਾਲਤ ਵਿਚ ਉਸਤਾਦ ਦਾਮਨ ਫੈਜ ਅਹਿਮਦ ਫੈਜ ਦੇ ਜਨਾਜੇ ਵਿਚ ਸ਼ਾਮਲ ਹੋਇਆ। ਇਹ ਵਿਛੋੜਾ ਵੀ ਉਹ ਬਰਦਾਸ਼ਤ ਨਹੀਂ ਕਰ ਸਕਿਆ ਤੇ ਫੈਜ ਅਹਿਮਦ ਫੈਜ ਦੀ ਮੌਤ ਤੋਂ 20 ਦਿਨ ਬਾਅਦ ਉਸਤਾਦ ਦਾਮਨ ਵੀ ਖੁਦਾ ਨੂੰ ਪਿਆਰਾ ਹੋ ਗਿਆ। ਉਦੋਂ ਕਿਸੇ ਵੀ ਪਾਕਿਸਤਾਨੀ ਨੇ ਉਸਦੀ ਖਿਦਮਤ ਨਹੀਂ ਕੀਤੀ, ਬਾਅਦ ਵਿਚ ਉਸਤਾਦ ਦਾਮਨ ਦੀਆਂ ਰਚਨਾਵਾਂ ਉਰਦੂ ਭਾਸ਼ਾ ਵਿਚ ਤਰਜਮਾ ਕਰਕੇ ਪ੍ਰਕਾਸ਼ਿਤ ਕਰਵਾਈਆਂ। ਪੰਜਾਬੀ ਜਗਤ ਵਿਚ ਸ੍ਰੀ ਜੈਤੇਗ ਸਿੰਘ ਆਨੰਤ ਜੋ ਕਿ ਅਦਬੀ ਸੰਗਤ ਕੈਨੇਡਾ ਦਾ ਪ੍ਰਧਾਨ ਹੈ ਨੇ ਉਸਤਾਦ ਦਾਮਨ ਬਾਰੇ ਇਕ ਵਾਰਤਕ ਦੀ ਬਹੁਤ ਖੁਬਸੂਰਤ ਕਿਤਾਬ ਪ੍ਰਕਾਸ਼ਿਤ ਕਰਵਾਈ ਹੈ ਜੋ ਕਿ ਪਾਕਿਸਤਾਨ ਅਤੇ ਕੈਨੇਡਾ ਵਿਚ ਜਾਰੀ ਕੀਤੀ ਗਈ ਹੈ। ਇਹ ਪਾਕਿਸਤਾਨੀ ਪੰਜਾਬੀ ਸ਼ਾਇਰ ਨੂੰ ਅਕੀਦਤ ਦੇ ਫੁਲ ਭੇਂਟ ਕਰਕੇ ਸ੍ਰੀ ਆਨੰਤ ਨੇ ਪੰਜਾਬੀ ਦੀ ਸੇਵਾ ਕੀਤੀ ਹੈ।
ਪਾਕਿਸਤਾਨ ਬਣਨ ਤੋਂ ਹੁਣ ਤੱਕ 65 ਸਾਲਾਂ ਦੇ ਸਮੇਂ ਵਿੱਚ ਪਾਕਿਸਤਾਨ ਵਿੱਚ ਲੋਕਤੰਤਰ ਦੀ ਥਾਂ ਫੌਜੀ ਰਾਜ ਰਿਹਾ ਹੈ। ਇੱਥੋਂ ਤੱਕ ਕਿ ਜਦੋਂ ਲੋਕਤਾਂਤਰਿਕ ਢੰਗ ਰਾਹੀਂ ਚੋਣਾਂ ਵੀ ਹੋਈਆਂ ਤਾਂ ਵੀ ਫੌਜੀ ਜਰਨੈਲਾਂ ਦੀ ਹੀ ਤੂਤੀ ਬੋਲਦੀ ਰਹੀ। ਅਰਥਾਤ ਪਾਲਿਸੀ ਹਮੇਸ਼ਾਂ ਫੌਜ ਦੀ ਹੀ ਚਲਦੀ ਰਹੀ। ਫੌਜੀ ਰਾਜ ’ਤੇ ਵਿਅੰਗ ਕਰਦਾ ਦਾਮਨ ਲਿਖਦਾ ਹੈ:
ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ, ਜਿਧਰ ਦੇਖੋ ਫੌਜਾਂ ਹੀ ਫੌਜਾਂ।
ਇਹ ਕੀ ਕਰੀ ਜਾਨਾ, ਇਹ ਕੀ ਕਰੀ ਜਾਨਾ।
ਕਦੀ ਚੀਨ ਜਾਨਾ, ਕਦੀ ਰੂਸ ਜਾਨਾ, ਕਦੀ ਸ਼ਿਮਲੇ ਜਾਨਾ, ਕਦੀ ਮਰੀ ਜਾਨਾ।
ਜਿਧਰ ਜਾਨਾ ਬਣਕੇ ਜਲੂਸ ਜਾਨਾ, ਉਡਾਈ ਕੌਮ ਦਾ ਫਲੂਸ ਜਾਨਾ।
ਲਈ ਖੇਸ ਜਾਨਾ, ਖਿੱਚੀ ਦਰੀ ਜਾਨਾ, ਇਹ ਕੀ ਕਰੀ ਜਾਨਾ।
ਫੌਜੀ ਹਕੂਮਤ ਨੇ ਅਜਿਹੀਆਂ ਕਵਿਤਾਵਾਂ ਲਿਖਣ ਕਰਕੇ ਉਸ ਉਪਰ ਬੰਬ ਰੱਖਣ ਦੇ ਕੇਸ ਪਾ ਦਿੱਤੇ ਤਾਂ ਉਸਤਾਦ ਦਾਮਨ ਨੇ ਕਿਹਾ ਕਿ ਜੇਕਰ ਮੇਰਾ ਘਰ ਵੱਡਾ ਹੁੰਦਾ ਤਾਂ ਟੈਂਕ ਰੱਖਣ ਦਾ ਕੇਸ ਪਾ ਦਿੱਤਾ ਜਾਂਦਾ। ਇਸੇ ਕਰਕੇ ਉਹ ਲਿਖਦਾ ਹੈ:
ਸਟੇਜ਼ਾਂ ’ਤੇ ਆਈਏ ਸਿਕੰਦਰ ਹੋਈਦਾ ਏ, ਸਟੇਜੋ ਉਤਰ ਕੇ ਕ¦ਦਰ ਹੋਈਦਾ ਏ।
ਉਲਝੇ ਜੋ ਦਾਮਨ ਹਕੂਮਤ ਕਿਸੇ ਨਾਲ, ਬਸ ਏਨਾ ਹੀ ਹੁੰਦਾ, ਅੰਦਰ ਹੋਈਦਾ ਏ।
ਫੌਜੀ ਹਕੂਮਤ ਵੱਲੋਂ ਆਵਾਮ ਨਾਲ ਕੀਤੀਆਂ ਜਾਂਦੀਅ ਜ਼ਿਆਦਤੀਆਂ ਅਤੇ ਧੱਕੇਸ਼ਾਹੀਆਂ ਖਿਲਾਫ ਲਿਖਣ ਤੋਂ ਉਹ ਕਦੇ ਡਰਿਆ ਨਹੀਂ। ਸਗੋਂ ਪਾਕਿਸਤਾਨ ਦੇ ਸਾਰੇ ਫੌਜੀ ਹਾਕਮਾਂ ਨੂੰ ਆੜੇ ਹੱਥੀ ਲੈਂਦਿਆਂ ਉਹ ਲਿਖਦਾ ਹੈ:
ਇੱਕੋ ਬੰਦਾ ਹੈ ਪਾਕਿਸਤਾਨ ਅੰਦਰ, ਹੋਰ ਸੱਭੇ ਰਾਮ ਕਹਾਣੀਆਂ ਨੇ।
ਭਾਵੇਂ ਭੁੱਟੋ ਹੋਵੇ, ਭਾਵੇਂ ਵੱਟੂ ਹੋਵੇ, ਸਦਰ ਆਯੂਬ ਦੀਆਂ ਸੱਭੇ ਵੱਟਵਾਣੀਆਂ ਨੇ।
ਸੁਣਜਾ ਜਾਂਦਿਆ ਜਾਂਦਿਆ ਰਾਹੀਆ, ਗਿਆ ਆਯੂਬ ਤੇ ਫਸ ਗਿਆ ਯਾਹੀਆ।
ਕੰਮਕਾਰ ਬੰਦ ਤੇ ਗਾਓ ਮਾਹੀਆ, ਜਿਓ ਮੇਰੇ ਢੋਲ ਸਿਪਾਹੀਆ।
ਫੌਜੀ ਜਰਨੈਲਾਂ ਦੀਆਂ ਆਪ ਹੂਦਰੀਆਂ ਦਾ ਜ਼ਿਕਰ ਕਰਦਾ ਦਾਮਨ ਲਿਖਦਾ ਹੈ:
ਸਾਡੇ ਮੁਲਕ ਦੇ ਦੋ ਖੁਦਾ, ਲਾ ਇਲਾ ਤੇ ਮਾਰਸ਼ਲ ਲਾਅ,
ਇੱਕ ਰਹਿੰਦਾ ਅਰਸ਼ਾਂ ਉਪਰ, ਦੂਜਾ ਰਹਿੰਦਾ ਫਰਸ਼ਾਂ ਉਤੇ।
ਉਸਦਾ ਨਾਂ ਹੈ ਅੱਲਾ ਮੀਆਂ, ਇਸਦਾ ਨਾਂ ਹੈ ਜਨਰਲ ਜੀਆ।
ਦਾਮਨ ਦੀ ਸ਼ਬਦਾਵਲੀ ਅਤੇ ਤਸਵੀਰਾਂ ਕਮਾਲ ਦੀਆਂ ਹਨ। ਇਹ ਸਾਰੀਆਂ ਤਸਵੀਰਾਂ ਆਮ ਬੰਦੇ ਦੀ ਸਮਝ ਆਉਣ ਵਾਲੀਆਂ ਹਨ। ਫੌਜੀ ਹੁਕਮਰਾਨ ਲੋਕਾਂ ਦੀ ਕੁਛੜ ਬੈਠ ਕੇ ਜਦੋਂ ਮਨਮਰਜ਼ੀਆਂ ਕਰਦੇ ਸਨ ਤਾਂ ਦਾਮਨ ਲਿਖਦਾ ਹੈ:
ਖਾਨਾ ਜੰਗੀ ਤੋਂ ਸਾਨੂੰ ਬਚਾ ਲਿਆ ਹੈ, ਸਦਕੇ ਜਾਵਾਂ ਆਪਣੀ ਆਰਮੀ ਤੋਂ।
ਵਾਂਗ ਐਨਕ ਦੇ ਨੱਕ ਤੇ ਬੈਠ ਕੇ ਦੋਵੇਂ ਕੰਨ ਫੜ ਲਏ ਨੇ ਆਦਮੀ ਦੇ।

ਸਾਬਕਾ ਜਿਲਾ ਲੋਕ ਸੰਪਰਕ ਅਫਸਰ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>