ਨਿਊਜੀਲੈਂਡ ਦੀ ਹਾਈ ਕਮਿਸ਼ਨਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ- ਦਿੱਲੀ ਸਥਿਤ ਨਿਊਜੀਲੈਂਡ ਦੇ ਸਫਾਰਤਖਾਨੇ ਦੀ ਮਾਨਯੋਗ ਹਾਈ ਕਮਿਸ਼ਨਰ ਮੈਡਮ Jan Henderson ਅਤੇ ਉਨ੍ਹਾਂ ਦੇ ਪਤੀ Mr. David Henderson ਅਤੇ ਸਫਾਰਤਖਾਨੇ ਦੀ ਐਜ਼ੂਕੇਸ਼ਨਲ ਕੌਂਸਲਰ ਮੈਡਮ Melanie Chapinan ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਨਿਊਜੀਲੈਂਡ ’ਚ ਨਾਮਵਰ ਵਿਦਿਅਕ ਸੰਸਥਾ ਵਿਨਟੈਕ (WINTEC) ਦੇ ਡਾਇਰੈਕਟਰ (ਇੰਟਰਨੈਸ਼ਨਲ ਰਿਲੇਸ਼ਨਜ਼) ਮਿ: ਸੂਰੀਆ ਪਾਂਡੇ ਅਤੇ ਹਮਿਲਟਨ ’ਚ ਇਮੀਗ੍ਰੇਸ਼ਨ ਕੰਪਨੀ ਪਾਥਵੇ ਦੇ ਡਾਇਰੈਕਟਰ ਮਿ: ਮਾਰਟਿਨ ਕਿੰਗ ਵੀ ਉਨ੍ਹਾਂ ਦੇ ਨਾਲ ਸਨ।

ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਦੌਰਾਨ ਸੂਚਨਾ ਅਧਿਕਾਰੀ ਸ੍ਰ. ਗੁਰਬਚਨ ਸਿੰਘ ਤੇ ਸ੍ਰ. ਦਲਬੀਰ ਸਿੰਘ ਵੱਲੋਂ ਉਨ੍ਹਾਂ ਨੂੰ ਸਿੱਖ ਧਰਮ, ਇਤਿਹਾਸ ਤੇ ਲੰਗਰ ਦੀ ਪ੍ਰਥਾ ਪ੍ਰਤੀ ਦਿੱਤੀ ਜਾਣਕਾਰੀ ’ਚ ਉਨ੍ਹਾਂ ਭਾਰੀ ਦਿਲਚਸਪੀ ਦਿਖਾਈ। ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਮਾਨਯੋਗ ਹਾਈ ਕਮਿਸ਼ਨਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਦੇ ਸੈੱਟ ਨਾਲ ਸਨਮਾਨਿਤ ਕੀਤਾ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿਖਿਆ ਦੇ ਮੌਕੇ ਉਪਲਬੱਧ ਕਰਾਉਣ ਲਈ ਇਸ ਸਾਲ ਜੂਨ ਮਹੀਨੇ ਨਿਊਜ਼ੀਲੈਂਡ ਦੀ ਵਿਦਿਅਕ ਸੰਸਥਾ ਵਿਨਟੈਕ ਨਾਲ ਸਮੌਝਤਾ ਕੀਤਾ ਹੈ ਜਿਸ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਚੋਂ ਇੰਜੀ., ਬਿਜਨੈੱਸ ਸਟੱਡੀਜ਼, ਬੀ.ਬੀ.ਏ., ਬੀ.ਕੋਮ ਅਤੇ ਬੀ.ਏ. ਦੇ ਵਿਦਿਆਰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਦੋ/ਤਿੰਨ ਸਾਲ ਪੜ੍ਹ ਕੇ ਬਾਕੀ ਦਾ ਕੋਰਸ ਨਿਊਜ਼ੀਲੈਂਡ ਵਿਖੇ ਕਰ ਸਕਣਗੇ ਜਿਥੇ ਉਨ੍ਹਾਂ ਨੂੰ ਉਸ ਸੰਸਥਾ ਦੀ ਡਿਗਰੀ ਮਿਲ ਜਾਵੇਗੀ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਪੱਧਰ ਦੀ ਵਿਦਿਆ ਪ੍ਰਾਪਤ ਕਰਨ ਦੇ ਰਾਹ ਖੁਲ੍ਹ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਤਹਿਤ ਵਿਨਟੈਕ ’ਚ ਵਿਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਧੇ ਖਰਚ ’ਤੇ ਰਹਿੰਦੇ ਕੋਰਸ ਮੁਕੰਮਲ ਕਰਨ ਦੇ ਮੌਕੇ ਮਿਲਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਤੋਂ ਪਹਿਲਾਂ ਯੂ.ਕੇ. ਦੀ ਕੈਬਰਿਜ਼ ਯੂਨੀਵਰਸਿਟੀ ਅਤੇ ਟੋਰਾਂਟੋ (ਕੈਨੇਡਾ) ’ਚ ਸ਼ੈਰੀਡਨ ਕਾਲਜ ਨਾਲ ਵੀ ਵਿਦਿਅਕ ਸਮਝੌਤੇ ਕੀਤੇ ਗਏ ਹਨ।

ਇਸ ਮੌਕੇ ਮਾਣਯੋਗ ਹਾਈ ਕਮਿਸ਼ਨਰ ਨੇ ਆਪਣੀ ਅੰਮ੍ਰਿਤਸਰ ਯਾਤਰਾ ਪ੍ਰਤੀ ਭਾਵੁਕ ਹੁੰਦਿਆਂ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਇਸ ਮਹਾਨ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਮੈ ਬਹੁਤ ਹੀ ਅਨੰਦ ਅਤੇ ਸਕੂਨ ਮਹਿਸੂਸ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮਿਲੇ ਮਾਣ ਸਤਿਕਾਰ ਲਈ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਊਜੀਲੈਂਡ ਦੀ ਵਿਦਿਅਕ ਸੰਸਥਾ ਵਿਨਟੈਕ ਨਾਲ ਕੀਤੇ ਵਿਦਿਅਕ ਸਮਝੌਤੇ ਦੀ ਸ਼ਾਲਘਾ ਕੀਤੀ ਅਤੇ ਇਸ ਨੂੰ ਬਹੁਤ ਹੀ ਭਾਵਪੂਰਤ ਅਤੇ ਸ਼ੁਭ-ਸ਼ਗਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੇ ਆਪਸੀ ਸਮਝੌਤੇ ਆਉਣ ਵਾਲੇ ਸਮੇਂ ਜਿਥੇ ਭਾਰਤੀ ਅਤੇ ਨਿਊਜੀਲੈਂਡ ਦੇ ਨੌਜਵਾਨਾ ਲਈ ਲਾਹੇਵੰਦ ਹੋਣਗੇ ਉਥੇ ਇਸ ਨਾਲ ਦੋਹਾਂ ਦੇਸ਼ਾਂ ਦੇ ਆਪਸੀ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਇਸ ਤੋਂ ਪਹਿਲਾਂ ਮਾਣਯੋਗ ਹਾਈ ਕਮਿਸ਼ਨਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਵੀ ਫਤਹ ਸਾਂਝੀ ਕੀਤੀ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਡਾਇਰੈਕਟਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਵਿਨਟੈਕ ਵਿਚ ਕਰਵਾਏ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦੀ ਮੁਕੰਮਲ ਜਾਣਕਾਰੀ ਡਾਇਰੈਕਟੋਰੇਟ ਦੀ  ਵੈਬ ਸਾਈਟ www.desgpc.org ’ਤੇ ਉਪਲਬੱਧ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ੍ਰ. ਤਰਲੋਚਨ ਸਿੰਘ, ਸ੍ਰ. ਮਨਜੀਤ ਸਿੰਘ, ਅਤੇ ਸ੍ਰ. ਸਤਿਬੀਰ ਸਿੰਘ, ਡਾਇਰੈਕਟਰ ਸ੍ਰ. ਰੂਪ ਸਿੰਘ, ਮੀਤ ਸਕੱਤਰ ਸ੍ਰ. ਰਾਮ ਸਿੰਘ ਤੇ ਪਰਮਜੀਤ ਸਿੰਘ, ਮੈਨੇਜਰ ਸ੍ਰ. ਹਰਬੰਸ ਸਿੰਘ ਮੱਲ੍ਹੀ ਅਤੇ ਸ੍ਰ. ਪ੍ਰਤਾਪ ਸਿੰਘ, ਸੂਚਨਾ ਅਧਿਕਾਰੀ ਸ੍ਰ. ਗੁਰਬਚਨ ਸਿੰਘ, ਜਸਵਿੰਦਰ ਸਿੰਘ ਜੱਸੀ ਤੇ ਸ੍ਰ. ਦਲਬੀਰ ਸਿੰਘ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>