ਤਾਇਆ ਵਲੈਤੀਆ ਪਹੁੰਚਿਆਂ ਚੋਣ-ਤਮਾਸ਼ੇ ਵੇਖਣ

ਆਪਣੀ ਆਦਤ ਅਨੁਸਾਰ ਤਾਇਆ ਵਲੈਤੀਆ ਇਸ ਵਾਰ ਫਿਰ ਪੰਜਾਬ ਵਿਚ ਹੋਣ ਵਾਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਚੋਣ-ਤਮਾਸ਼ੇ ਵੇਖਣ ਲਈ ਆਪਣੇ ਪਿੰਡ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਿਆ।  ਬਿਸ਼ਨ ਸਿੰਹੁ ਜਿਹੜਾ ਹੁਣ ਭਾਵੇਂ ਅਮਰੀਕਾ ਵਿਚ ਜਾ ਵੱਸਿਆ ਹੈ ਪਰੰਤੂ ਵਲੈਤ ਵਿਚ ਵੀਹ ਸਾਲ ਕੱਟਣ ਕਰਕੇ ਸਾਰੇ ਲੋਕੀਂ ਅਜੇ ਵੀ ਉਸਨੂੰ ਤਾਇਆ ਵਲੈਤੀਆ ਹੀ ਸੱਦਦੇ ਨੇ। ਜੇਕਰ ਕੋਈ ਬਿਸ਼ਨ ਸਿੰਹੁ ਦੇ ਨਾਮ ਨਾਲ ਆਵਾਜ਼ ਮਾਰ ਦੇਵੇ ਤਾਂ ਤਾਇਆ ਉਤੇ ਥੱਲੇ ਝਾਕਣ ਲੱਗ ਪੈਂਦਾ ਹੈ ਪਰ ਜਦੋਂ ਉਸਨੂੰ ਕੋਈ ਤਾਇਆ ਵਲੈਤੀਆ ਕਹਿਕੇ ‘ਵਾਜ਼ ਮਾਰ ਦੇਵੇ ਤਾਂ ਤਾਏ ਨੂੰ ਜਿਵੇਂ ਚਾਅ ਚੜ੍ਹ ਜਾਂਦਾ ਹੈ।

ਤਾਏ ਦੇ ਚਾਅ ਦੀ ਗੱਲ ਤਾਂ ਬਾਅਦ ਵਿਚ ਕਰਾਂਗੇ ਪਿੰਡ ਦੇ ਨੌਜਵਾਨਾਂ ਸ਼ੀਤੇ ਅਤੇ ਧਰਮੇਂ ਹੋਰਾਂ ਦਾ ਚਾਅ ਤਾਂ ਜਿਵੇਂ ਠਾਠਾਂ ਮਾਰਨ ਲੱਗ ਪੈਂਦਾ ਹੈ। ਇਨ੍ਹਾਂ ਦੀਆਂ ਤਾਂ ਹੁਣ ਵਿਧਾਨਸਭਾ ਚੋਣਾਂ ਤੱਕ ਮੌਜਾਂ ਹੀ ਮੌਜਾਂ ਨੇ। ਪਿੰਡ ਦੇ ਥੜੇ ਤੋਂ ਉੱਠਕੇ ਵਿਧਾਨਸਭਾ ਚੋਣਾਂ ਤੱਕ ਇਨ੍ਹਾਂ ਦੀ ਮਹਿਫ਼ਲ ਹੁਣ ਤਾਏ ਬਿਸ਼ਨੇ ਦੀ ਘਰ ਹੀ ਲੱਗਿਆਂ ਕਰਨੀ ਹੈ। ਰੋਜ਼ਾਨਾਂ ਵਾਂਗ ਅੱਜ ਵੀ ਸ਼ੀਤਾ ਆਪਣੇ ਕੰਮਕਾਰ ਤੋਂ ਵਿਹਲਾ ਹੋਕੇ ਸਭ ਤੋਂ ਪਹਿਲਾਂ ਤਾਏ ਦੀ ਬੈਠਕ ਵਿਚ ਪਹੁੰਚ ਗਿਆ। ਤਾਏ ਨੂੰ ਆਵਾਜ਼ ਮਾਰਦਾ ਹੋਇਆ ਕਹਿਣ ਲੱਗਾ “ਬਈ ਤਾਇਆ ਘਰੇ ਈਂ ਐਂ?” ਤਾਇਆ ਜਿਵੇਂ ਪਹਿਲਾਂ ਹੀ ਆਪਣੀ ਸੈਨਾ ਦੀ ਉਡੀਕ ਵਿਚ ਮੰਜੇ ਅਤੇ ਕੁਰਸੀਆਂ ਰਾਜੇ ਕੋਲੋਂ ਬੈਠਕ ਵਿਚ ਰਖਵਾਕੇ ਤਿਆਰ ਬੈਠਾ ਸੀ। ਸ਼ੀਤੇ ਦੀ ਆਵਾਜ਼ ਦਿੰਦਾ ਹੋਇਆ ਬੋਲਿਆ, “ ਕਿਉਂ ਹੋਰ ਮੈਂ ਚੋਣਾਂ ਦੇ ਨਾਮਜ਼ਦਗ਼ੀ ਪਰਚੇ ਭਰਨ ਲਈ ਸ਼ਹਿਰ ਗਿਆਂ, ਘਰੇ ਈ ਆਂ, ਆਜਾ ਲੰਘ ਆ।”

ਤਾਏ ਦੀ ਕੜਕਵੀਂ ਆਵਾਜ਼ ਸੁਣਕੇ ਸ਼ੀਤੇ ਲੰਮੀ ਲਾਂਘਾਂ ਭਰਦਾ ਤਾਏ ਦੇ ਦਰਬਾਰ ਵਿਚ ਜਾ ਪਹੁੰਚਿਆ ਅਤੇ ਤਾਏ ਦੇ ਗੋਡੀਂ ਹੱਥ ਲਾਉਂਦੇ ਹੋਏ ਜਾ ਫਤਹਿ ਗਜਾਈ। ਸ਼ੀਤੇ ਨੂੰ ਆਪਣੇ ਗੋਡੀਂ ਹੱਥ ਲਾਉਂਦਿਆਂ ਵੇਖਕੇ ਤਾਇਆ ਮਖੌਲ ਕਰਦਾ ਹੋਇਆ ਬੋਲਿਆ, “ਕਿਉਂ ਸ਼ੀਤਿਆ ਅੱਜ ਤਾਂ ਬੜਾ ਵੋਟਾਂ ਵਿਚ ਖੜੇ ਉਮੀਦਵਾਰਾਂ ਵਾਂਗ ਗੋਡੀਂ ਹੱਥ ਲਾ ਲਾ ਮਿਲ ਰਿਹੈਂ? ਕਿਤੇ ਤੇਰਾ ਵੀ ਚੋਣਾਂ ਵਿਚ ਖੜੇ ਹੋਣ ਦਾ ਦਾਅ ਤਾਂ ਨਹੀਂ ਲੱਗ ਗਿਆ?”

ਨਾ ਬਈ ਤਾਇਆ! ਅਸੀਂ ਤਾਂ ਚੋਣਾਂ ਵੇਲੇ ਗੱਫ਼ੇ ਛਕਣ ਵਾਲਿਆਂ ਚੋਂ ਆਂ। ਭਾਵੇਂ ਇਹ ਗੱਫੇ ਇਕ ਪਾਰਟੀ ਵਾਲੇ ਖੁਆ ਦੇਵੇ ਤੇ ਭਾਵੇਂ ਦੂਜੀ ਪਾਰਟੀ ਵਾਲਾ।

ਤੇ ਤੀਜੀ ਪਾਰਟੀ, ਤਾਏ ਨੂੰ ਕਿਉਂ ਭੁੱਲ ਗਿਐਂ ਸ਼ੀਤਿਆ? ਬੈਠਕ ਅੰਦਰ ਵੜਦੇ ਸਾਰ ਹੀ ਮਾਸਟਰ ਧਰਮੇ ਨੇ ਸ਼ੀਤੇ ‘ਤੇ ਹਮਲਾ ਬੋਲ ਦਿੱਤਾ।

ਵੇਖ ਬਈ ਮਾਸਟਰਾ ਤਾਏ ਨਾਲ ਤਾਂ ਸਾਡਾ ਪਿਆਰ ਹੈ। ਇਸ ਲਈ ਇਹਨੂੰ ਅਸੀਂ ਗੱਫ਼ੇ ਨਹੀਂ ਕਹਿ ਸਕਦੇ ਇਹ ਤਾਂ ਤਾਇਆ ਆਪਣੇ ਬੱਚਿਆਂ ਨੂੰ ਪਿਆਰ ਨਾਲ ਖੁਆਉਂਦੈ।

ਸ਼ੀਤੇ ਦੀ ਗੱਲ ਦਾ ਮਤਲਬ ਸਮਝਦਾ ਹੋਇਆ ਤਾਇਆ ਹੱਸਣ ਲੱਗ ਪਿਆ ਅਤੇ ਰਾਜੇ ਨੂੰ ਕਹਿਣ ਲੱਗਾ “ਬਈ ਜਦੋਂ ਸ਼ੀਤਾ ਖਾਣ ਪੀਣ ਦੀ ਗੱਲ ਕਰੇ ਤਾਂ ਪਕੌੜੇ, ਬਿਸਕੁਟਾਂ ਤੇ ਚਾਹ ਠੰਡਾ ਲਿਆਉਣ ਲਈ ਦੇਰ ਨਾਂ ਕਰੀਂ। ਅਮਲੀਆਂ ਵਾਂਗੂੰ ਜੇ ਸ਼ੀਤੇ ਨੂੰ ਇਹ ਚੀਜ਼ਾਂ ਨਾ ਮਿਲੀਆਂ ਤਾਂ ਫਿਰ ਤੇਰੀ ਖ਼ੈਰ ਨਹੀਂ ਊਂ।”

ਤਾਏ ਦੀ ਇਸ ਗੱਲ ਤੋਂ ਖੁਸ਼ ਹੁੰਦਾ ਹੋਇਆ ਸ਼ੀਤਾ ਬੋਲ ਉੱਠਿਆਂ, “ਵਾਹ ਤਾਇਆ ਜਿਉਂਦਾ ਰਹੇਂ ਤੇਰੀਆਂ ਇਨ੍ਹਾਂ ਗੱਲਾਂ ਅਤੇ ਪਾਰਟੀਆਂ ਨੂੰ ਤਾਂ ਅਸੀਂ ਤਰਸਦੇ ਰਹੀਦਾ।

ਬੈਠਕ ਵਿਚ ਵੜਦਾ ਹੋਇਆ ਮਾਸਟਰ ਧਰਮਾ ਵਿਚ ਤਾਏ ਨੂੰ ਫਤਹਿ ਬੁਲਾਕੇ ਕੁਰਸੀ ‘ਤੇ ਜਾ ਬੈਠਿਆ ਅਤੇ ਕੁਝ ਹੀ ਚਿਰ ਵਿਚ ਤਾਏ ਦੀ ਢਾਣੀ ਦੇ ਸਾਰੇ ਸਾਥੀ ਨਿਹਾਲਾ ਅਮਲੀ, ਤੋਤਾ ਦੋਧੀ ਅਤੇ ਕਮਾਲਪੁਰੀਆ ਗੱਪੀ ਆਦਿ ਵੀ ਮਹਿਫ਼ਲ ਵਿਚ ਆਣ ਪਹੁੰਚੇ। ਬੈਠਕ ਵਿਚ ਪਏ, ਸੋਫੇ, ਕੁਰਸੀਆਂ ਅਤੇ ਮੰਜੇ ਪੂਰੀ ਤਰ੍ਹਾਂ ਭਰ ਗਏ ਸਨ। ਤਾਏ ਦੀ ਬੈਠਕ ਵਿਚ ਲੱਗੀ ਮਹਿਫ਼ਲ ਨੂੰ ਵੇਖਕੇ ਚਾਅ ਨਾਲ ਬੋਲਦਾ ਹੋਇਆ ਸ਼ੀਤਾ ਕਹਿਣ ਲੱਗਾ, “ਵੇਖ ਲਾਅ ਤਾਇਆ! ਏਂਨੀ ਸੰਗਤ ਤਾਂ ਕਦੀ ਆਪਣੇ ਗੁਰਦੁਆਰੇ ਵਿਚ ‘ਕੱਠੀ ਨਹੀਂ ਹੋਈ ਜਿੰਨੇ ਲੋਕੀਂ ਤੇਰੀ ਬੈਠਕ ਵਿਚ ਆ ਕੱਠੇ ਹੋਏ ਨੇ।”

“ਹਾਂਹੋਂ ਤਾਂਇਆਂ ਉਥੇ ਭਾਈ ਜੀਂ ਦੀਂਆਂ ਸਿਖਿਆਂਵਾਂ ਕੌਂਣ ਸੁਣੇਂ? ਜਦੋਂ ਵੀ ਕਦੇਂ ਗੁਰਦੁਆਰੇਂ ਅੱਗੋਂ ਲੰਘੀਂਦਾ ਘੇਂਰ ਕੇਂ ਖੜ੍ਹ ਜਾਂਦਾ। ਬੰਸ ਇਕੋਂ  ਈਂ ਭਾਂਸ਼ਣ ਦਿੰਦਾ ਰਹਿੰਦੈਂ ਕੇ ਅਮਲੀਆਂ ਨਸ਼ੇਂ ਛੰਡ ਕੇਂ ਰਬ ਦਾ ਨਾਂ ਲਿਆਂ ਕਰ।” ਸ਼ੀਤੇ ਦੀ ਗੱਲ ਦਾ ਜਵਾਬ ਦਿੰਦਾ ਹੋਇਆ ਨਿਹਾਲਾ ਅਮਲੀ ਕਹਿਣ ਲੱਗਾ।

-’ਤੇ ਤਾਇਆ ਹਾਸੇ ਦੀ ਗੱਲ ਇਹ ਆ ਕਿ ਅਮਲੀ ਨੇ ਤਾਂ ਗੁਰਦੁਆਰੇ ਅੱਗੋਂ ਲੰਘਣਾ ਛੱਡ ਦਿੱਤੈ ਹੁਣ ਜੇਕਰ ਇਹਨੇ ਕਿਤੇ ਸ਼ੰਗਾਰੇ ਹੋਰਾਂ ਨੂੰ ਵੀ ਮਿਲਣ ਜਾਣੈ ਹੁੰਦੈ ਤਾਂ ਇਹ ਬੋਲ੍ਹਿਆਂ ਦੇ ਘਰਾਂ ਥਾਣੀ ਹੁੰਦਾ ਹੋਇਆ ਪੂਰੇ ਪਿੰਡ ਦਾ ਗੇੜਾ ਕੱਢਕੇ ਜਾਂਦਾ।” ਨਿਹਾਲੇ ਨੂੰ ਮਖੌਲ ਕਰਦਾ ਹੋਇਆ ਤੋਤਾ ਦੋਧੀ ਵਿਚੋਂ ਹੀ ਬੋਲ ਉਠਿਆ।

-ਹਾਂਹੋਂ ਤਾਇਆਂ ਇਕ ਤਾਂ ਆਹ ਤੋਤਾਂ ਈਂ ਦੁੱਧ ਦਂੇ ਬਹਾਨੇ ਇੰਹ ਮੇਰੀਂ ਈਂ ਪੈੜ ਨੱਪੀ ਫਿਰਦਾਂ ਈਂ। ਪਿੰਡ ਦੇਂ ਕਿਸੇਂ ਘਰੋਂ ਦੁੱਧ ਚੁਕਣਾ ਭਾਵੇਂ ਇਹਨੂੰ ਭੁੰਲ ਜੇਂ ਪਰ ਇੰਹ ਮੇਰਾਂ ਪੂਰਾਂ ਖਿਆਂਲ ਰੱਖਦਾਂ ਈਂ।” ਤੋਤੇ ਦੇ ਨਹਿਲੇ ‘ਤੇ ਦਹਿਲਾ ਮਾਰਦਾ ਹੋਇਆ ਅਮਲੀ ਫੇਰ ਬੋਲ ਉੱਠਿਆ। ਦੋਵਾਂ ਦੀਆਂ ਗੱਲਾਂ ਸੁਣ ਸੁਣ ਕੇ ਪੂਰੀ ਬੈਠਕ ਵਿਚ ਹਾਸਿਆਂ ਦੀਆਂ ਫੁੱਲ ਝੜੀਆਂ ਚਲ ਰਹੀਆਂ ਸਨ।
ਕਮਾਲਪੁਰੀਏ ਨੇ ਵੀ ਆਪਣਾ ਕਮਾਲ ਵਿਖਾਉਂਦੇ ਹੋਏ ਅਮਲੀ ਨੂੰ ਕਿਹਾ, “ਫੇਰ ਨਿਹਾਲਿਆ ਹੁਣ ਤਾਂ ਵੋਟਾਂ ਦਾ ਸੀਜ਼ਨ ਆਇਆ ਹੋਇਐ ਤੇਰੀਆਂ ਤਾਂ ਪੰਜੇ ਈ ਘਿਓ ‘ਚ ਨੇ। ਦੱਸ ਫਿਰ ਉਮੀਦਵਾਰਾਂ ਨੇ ਨਸ਼ੇ ਪੱਤੇ ਵੰਡਣੇ ਸ਼ੁਰੂ ਕਰ ਦਿੱਤੇ ਨੇ ਕਿ ਨਹੀਂ?”
ਗੱਪੀ ਦੀ ਗੱਲ ਦਾ ਜਵਾਬ ਦਿੰਦਾ ਹੋਇਆ ਤਾਇਆ ਕਹਿਣ ਲੱਗਾ, “ਨਾ ਬਈ ਕਮਾਲਪੁਰੀਆ ਇਹ ਗੁਰਦੁਆਰੇ ਦੀ ਚੋਣਾਂ ਨੇ ਵਿਧਾਨਸਭਾ ਦੀਆਂ ਚੋਣਾਂ ਤਾਂ ਕੁਝ ਮਹੀਨਿਆਂ ਬਾਅਦ ਆਉਣੀਆਂ ਨੇ। ਓਸ ਵੇਲੇ ਨਸਿ਼ਆਂ ਦੇ ਲੰਗਰ ਲੱਗਣਗੇ ਇਸ ਵੇਲੇ ਕਿਥੋਂ?
“ਲੈ ਤਾਇਆ ਤੂੰ ਵੀਂ ਨਾ ਸਾਡਾ ਭੋਲਾ ਤਾਇਆ ਈਂ ਰਿਹੋਂ। ਬਈ ਉਮੀਦਵਾਰ ਭਾਵੇਂ ਜਿਹੜੇ ਮਰਜ਼ੀ ਹੋਣ ਉਨ੍ਹਾਂ ਵੋਟਾਂ ਮੰਗਣ ਲਈ ਤਾਂ ਆਪਣੇ ਪਿੰਡ ਦੇ ਮੋਹਤਬਰ ਲੋਕਾਂ ਨਿਹਾਲੇ ਅਮਲੀ ਵਰਗਿਆਂ ਕੋਲ ਈ ਆਉਣਾ ਏਂ ਨਾ।” ਸ਼ੀਤੇ ਨੇ ਇਕ ਹੋਰ ਫੁਲਝੜੀ ਛਡਦੇ ਹੋਏ ਤਾਏ ਦੀ ਗੱਲ ਦਾ ਜਵਾਬ ਦੇ ਦਿੱਤਾ।

“ਆਹੋ ਤਾਇਆ! ਵੋਟਰਾਂ ਦੀਆਂ ਵੋਟਾਂ ਲੈਣ ਲਈ ਉਮੀਦਵਾਰਾਂ ਨੂੰ ਨਸਿ਼ਆਂ ਦੇ ਲੰਗਰ ਤਾਂ ਲਾਉਣੇ ਈਂ ਪੈਂਦੇ ਨੇ ਨਾ। ਵਿਧਾਨਸਭਾ ਦੀਆਂ ਚੋਣਾਂ ਸਮੇਂ ਖੁਲ੍ਹੇਆਮ ਇਹ ਨਸ਼ੇ ਲੋਕਾਂ ਨੂੰ ਵੰਡੇ ਜਾਂਦੇ ਨੇ ਤਾਂ ਗੁਰਦੁਆਰਾ ਚੋਣਾਂ ਸਮੇਂ ਲੁਕ ਲੁਕਾ ਈ ਸਹੀ। ਜੇ ਉਮੀਦਵਾਰਾਂ ਨੇ ਅਮਲੀਆਂ ਨੂੰ ਨਸ਼ੇ ਨਾ ਵੰਡੇ ਤਾਂ ਫਿਰ ਨਿਹਾਲੇ ਅਮਲੀ ਹੋਰਾਂ ਦੀ ਅੱਖ ਵੋਟਾਂ ਵਾਲੇ ਦਿਨ ਕਿਵੇਂ ਖੁਲ੍ਹਣੀ ਆਂ। ਇਨ੍ਹੇ ਤਾਂ ਉਸ ਦਿਨ ਜਾਣ ਕੇ ਈ ਖੱਚਰਾ ਬਣਕੇ ਸੁੱਤਿਆਂ ਰਹਿਣੈ।” ਧਰਮੇ ਮਾਸਟਰ ਨੇ ਸ਼ੀਤੇ ਦੀ ਗੱਲ ਦੀ ਹਾਮੀ ਭਰਦੇ ਹੋਏ ਕਿਹਾ।
“ਪਰ ਤਾਇਆ! ਉਨ੍ਹਾਂ ਹਲਕਿਆਂ ਵਿਚ ਤਾਂ ਅਮਲੀਆਂ ਨੂੰ ਬੜਾ ਨੁਕਸਾਨ ਹੋਇਆ ਹੋਣੈਂ ਜਿਥੋਂ ਉਮੀਦਵਾਰ ਬਿਨਾਂ ਮੁਕਾਬਲਾ ਈ ਜਿੱਤੀ ਜਾਂਦੇ ਨੇ?” ਤੋਤੇ ਦੋਧੀ ਨੇ ਅਮਲੀਆਂ ਦੇ ਸਿਰ ‘ਤੇ ਬੰਬ ਚਲਾਉਂਦੇ ਹੋਇਆਂ ਕਿਹਾ।

“ਹਾਂ ਮੁੰਡਿਓ! ਇਹ ਗੱਲ ਸਮਝ ਨਹੀਂ ਆਈ ਬਈ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਵੀ ਆਪਣੀਆਂ ਪਾਰਟੀਆਂ ਦੇ ਆਗੂਆਂ ਨੂੰ ਧੋਖਾ ਦੇ ਕੇ ਪਹਿਲਾਂ ਈਂ ਮੋਂਖ ਮਾਰੀ ਜਾਂਦੇ ਨੇ।” ਤਾਏ ਨੇ ਬੈਠਣ ਵਾਲੇ ਉਮੀਦਵਾਰਾਂ ਦੀ ਕਾਇਰਤਾ ਨੂੰ ਵੰਗਾਰਦਿਆਂ ਹੋਇਆਂ ਕਿਹਾ।

“ਨਹੀਂ ਓਏ ਤਾਇਆ! ਤੂੰ ਵੀ ਭੋਲੀਆਂ ਗੱਲਾਂ ਕਰੀ ਜਾਂਦੈਂ। ਉਹ ਉਮੀਦਵਾਰ ਸਿਆਣੇ ਨਿਕਲੇ ਨੇ, ਲੱਗਦੈ ਉਨ੍ਹਾਂ ਨੂੰ ਪਹਿਲਾਂ ਈ ਸੁੱਝ ਗਈ ਹੋਣੀ ਆਂ ਕਿ ਜਿੱਤਣਾ ਜੁੱਤਣਾ ਤਾਂ ਉਨ੍ਹਾਂ ਨੇ ਹੈ ਨ੍ਹੀਂ। ਵੇਖ ਨਾ ਇਕ ਤਾਂ ਚੋਣਾਂ ਵਿਚ ਖੜ੍ਹਣ ਕਰਕੇ ਚੋਣ ਪ੍ਰਚਾਰ ਲਈ ਐਂਵੇਂ ਪੈਸੇ ਬਰਬਾਦ ਕਰਨੇ ਸੀ। ਦੂਜਾ ਇੱਜ਼ਤ ਦਾ ਘਾਣ ਹੋ ਜਾਣਾ ਸੀ। ਹੁਣ ਰਹੇ ਨਾਂ ਸਿਆਣੇ ਵਿਰੋਧੀ ਉਮੀਦਵਾਰ ਕੋਲੋਂ ਕੁਝ ਲੱਖ ਲੈਕੇ ਕਮਾਈ ਵੀ ਕਰ ਲਈ ਅਤੇ ਇਹ ਵੀ ਹੋ ਸਕਦਾ ਕਿਸੇ ਅਹੁਦੇ ਆਦਿ ਦਾ ਲਾਰਾ ਵੀ ਲੱਗ ਗਿਆ ਹੋਵੇ। ਨਾਲੇ ਤਾਇਆ ਚੋਣਾਂ ਮੌਕੇ ਵਿਰੋਧੀਆਂ ਦਾ ਪੈਸਾ ਵੀ ਲੱਗਣਾ ਸੀ ਅਤੇ ਜੇਤੂ ਦਾ ਵੀ ਅਤੇ ਹੁਣ ਜੇਤੂ ਨੇ ਮੇਜ਼ ਹੇਠੋਂ ਪੈਸੇ ਦੇਕੇ ਈ ਰਾਜ਼ੀਨਾਵਾਂ ਕਰ ਲਿਐ।” ਸ਼ੀਤੇ ਨੇ ਪੂਰੀ ਤਫ਼ਸੀਲ ਨਾਲ ਆਪਣੀ ਸਮਝ ਮੁਤਾਬਕ ਗੱਲ ਤਾਏ ਨੂੰ ਸਮਝਾਉਂਦੇ ਹੋਇਆਂ ਕਿਹਾ।

“ਗੱਲ ਤਾਂ ਤੇਰੀ ਪੂਰੀ ਤਰ੍ਹਾਂ ਸੱਚੀ ਲਗਦੀ ਆ ਇਸੇ ਖੁਸ਼ੀ ਵਿਚ ਆਹ ਲੈ ਫੜ ਪੈਸੇ ‘ਤੇ ਰਾਜੇ ਨੂੰ ਨਾਲ ਲਿਜਾ ਕਸ਼ਮੀਰੀ ਦੀ ਹੱਟੀਉਂ ਗਰਮਾ-ਗਰਮ ਪਕੌੜੇ ‘ਤੇ ਸਮੋਸੇ ਫੜ ਲਿਆ। ਬਾਕੀ ਦੀਆਂ ਗੱਲਾਂ ਤਾਂ ਚਲਦੀਆਂ ਹੀ ਰਹਿਣਗੀਆਂ।”

ਤਾਏ ਕੋਲੋਂ ਪੈਸੇ ਫੜਕੇ ਸ਼ੀਤਾ ਕਸ਼ਮੀਰੀ ਦੀ ਹੱਟੀਉਂ ਪਕੌੜਿਆਂ ਅਤੇ ਸਮੋਸਿਆਂ ਦਾ ਪ੍ਰਬੰਧ ਕਰਨ ਲਈ ਛਾਲ੍ਹਾਂ ਮਾਰਦਾ ਹੋਇਆ ਤੁਰ ਪਿਆ।

This entry was posted in ਤਾਇਆ ਵਲੈਤੀਆ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>