ਵਿਮੁਕਤ ਜਾਤੀਆਂ ਭਾਈਚਾਰੇ ਵਲੋਂ ਅਕਾਲੀ ਦਲ ਨੂੰ ਹਰ ਤਰਾਂ ਸਮਰਥਨ ਦੇਣ ਦਾ ਐਲਾਨ

ਅੰਮ੍ਰਿਤਸਰ – ਵਿਮੁਕਤ ਜਾਤੀਆਂ ਵਲੋਂ ਅੱਜ 59 ਵੇਂ ਸੰਪੂਰਨ ਆਜ਼ਾਦੀ ਦਿਵਸ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਿਕ ਗੁਰੂ ਨਾਨਕ ਭਵਨ ਵਿਖੇ ਕੀਤੇ ਗਏ ਆਜ਼ਾਦੀ ਸਮਾਗਮ ਦੌਰਾਨ ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚੇ ਵਿਮੁਕਤ ਜਾਤੀਆਂ ਦੇ ਆਗੂਆਂ ਦੀ ਮੌਜੂਦਗੀ ਵਿੱਚ ਵੱਖ ਵੱਖ ਬੁਲਾਰਿਆਂ ਨੇ ਕਾਂਗਰਸ ਪਾਰਟੀ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿੱਤ ਦੁਆਉਣ ਅਤੇ ਅਕਾਲੀ ਦਲ ਨੂੰ ਹਰ ਤਰਾਂ ਸਮਰਥਨ ਦੇਣ ਦਾ ਐਲਾਨ ਕੀਤਾ।

ਸਾਂਸੀ ਮਲ ਸਾਂਸੀ ਸਮਾਜ ਦੇ ਪ੍ਰਧਾਨ ਤੇ ਵਿਮੁਕਤ ਜਾਤੀਆਂ ਪਲਾਈ ਬੋਰਡ ਦੇ ਉਪ ਚੇਅਰਮੈਨ ਸ: ਮੇਜਰ ਸਿੰਘ ਕਲੇਰ ਦੀ ਅਵਾਈ ਵਿੱਚ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਮੁੱਖ ਸੰਸਦੀ ਸਕੱਤਰ ਤੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ: ਇੰਦਰਬੀਰ ਸਿੰਘ ਬੁਲਾਰੀਆ ਨੇ ਆਜ਼ਾਦੀ ਦਿਵਸ ਦੀ ਜਿੱਥੇ ਸਭ ਨੂੰ ਵਧਾਈ ਦਿੱਤੀ ਉੱਥੇ ਉਹਨਾਂ ਸਭ ਦੇਸ਼ ਭਗਤਾਂ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪ੍ਰਣਾਮ ਕੀਤਾ। ਸਮਾਗਮ ਸੰਬੰਧੀ ਯੂਥ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ਵਿੱਚ ਸ: ਬੁਲਾਰੀਆ ਨੇ ਕਿਹਾ ਕਿ ਬਾਦਲ ਸਰਕਾਰ ਵਿਮੁਕਤ ਜਾਤੀਆਂ ਦੀ ਭਲਾਈ ਲਈ ਹਰ ਤਰਾਂ ਯਤਨਸ਼ੀਲ ਹੈ। ਉਹਨਾਂ ਵਿਮੁਕਤ ਜਾਤੀਆਂ ਭਾਈਚਾਰਾ ਨੂੰ ਸ੍ਵੈਮਾਨ ਅਤੇ ਆਪਣੇ ਹੱਕਾਂ ਹਿਤਾਂ ਲਈ ਜਾਗ੍ਰਿਤ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਤੇ ਵਿਮੁਕਤ ਜਾਤੀਆਂ ਸਾਡੇ ਸਮਾਜ ਦਾ ਅਟੁੱਟ ਅੰਗ ਹਨ। ਗੁਰੂ ਸਾਹਿਬਾਨ ਨੇ ਵੀ ਭਾਰਤੀ ਸਮਾਜ ਵਿੱਚ ਸਦੀਆਂ ਤੋਂ ਚਲ ਰਹੀ ਜਾਤ ਪਾਤ ਦੀ ਇਸ ਅਮਾਨਵੀ ਵੰਡ ਨੂੰ ਜੜੋਂ੍ਹ ਖਤਮ ਕਰਨ ਲਈ ਕਈ ਇਨਕਲਾਬੀ ਯਤਨ ਕੀਤੇ ਹਨ। ਉਹਨਾਂ ਆਜ਼ਾਦੀ ਦੀ ਲੜਾਈ ਦੌਰਾਨ ਵਿਮੁਕਤ ਜਾਤੀਆਂ ਤੇ ਕਬੀਲਿਆਂ ਵਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੀਆਂ ਜਨ ਜਾਤੀਆਂ ਅਤੇ ਕਬੀਲਿਆਂ ਨੇ ਅੰਗਰੇਜ਼ ਹਕੂਮਤ ਦੀ ਈਨ ਨਾ ਮੰਨਦਿਆਂ ਫੌਜੀ ਟਿਕਾਣਿਆਂ ਨੂੰ ਲੁੱਟ ਕੇ ਬਗਾਵਤ ਦਾ ਝੰਡਾ ਬੁ¦ਦ ਕੀਤਾ ਸੀ, ਜਿਸ ਕਰ ਕੇ ਇਹਨਾਂ ਕਬੀਲਿਆਂ ਨੂੰ ਅੰਨ੍ਹਾ ਤਸਦਤ ਅਤੇ ਜ਼ੁਲਮ ਸਹਿਣੇ ਪਏ ਤੇ ਅੰਗਰੇਜ਼ ਹਕੂਮਤ ਨੇ  200 ਦੇ ਕਰੀਬ ਕਬੀਲਿਆਂ ਉੱਤੇ ਸੰਨ 1871 ਵਿੱਚ ‘‘ਜਰਾਇਮ ਪੇਸ਼ਾ ਕਾਨੂੰਨ’’ ਲਗਾ ਕੇ 24 ਸਪੈਸ਼ਲ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਕਬੀਲਿਆਂ ਤੋਂ ਸ਼ਹਿਰੀ ਆਜ਼ਾਦੀ ਖੋਹ ਲਈ ਗਈ ਤੇ ਦੂਜੇ ਦਰਜੇ ਦੇ ਸ਼ਹਿਰੀਆਂ ਨਾਲੋਂ ਵੀ ਵਧ ਘਟੀਆ ਸਲੂਕ ਕੀਤਾ ਜਾਂਦਾ ਰਿਹਾ ਜਿਸ ਕਰਕੇ ਇਹ ਕਬੀਲੇ ਸਮਾਜਿਕ, ਆਰਥਿਕ, ਸਿੱਖਿਆ ਅਤੇ ਰਾਜਨੀਤਿਕ ਪੱਖੋਂ ਬਹੁਤ ਪਛੜ ਗਏ। ਉਹਨਾਂ ਕਾਂਗਰਸ ਪਾਰਟੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਆਜ਼ਾਦੀ ਉਪਰੰਤ ਵੀ ਕਾਂਗਰਸ ਸਰਕਾਰ ਨੇ ਇਨ੍ਹਾਂ ਕਬੀਲਿਆਂ ਤੇ ਅੰਗਰੇਜ਼ਾਂ ਦਾ ਠੋਸਿਆ ਹੋਇਆ ਜਰਾਇਮ ਪੇਸ਼ਾ ਐਕਟ 5 ਸਾਲ 16 ਦਿਨ ਜਿਉਂ ਦਾ ਤਿਉਂ ਜਾਰੀ ਰਖਣਾ ਕਬੀਲਿਆਂ ਦੇ ਲੋਕਾਂ ਨਾਲ ਸੋਚੀ ਸਮਝੀ ਘੋਰ ਬੇਇਨਸਾਫ਼ੀ ਸੀ।

ਉਹਨਾਂ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਵਿਮੁਕਤ ਜਾਤੀਆਂ ਦੇ ਉਥਾਨ ਲਈ ਗੰਭੀਰ ਨਹੀਂ ਹੈ । ਉਹਨਾਂ ਕਿਹਾ ਕਿ ਕਾਂਗਰਸ ਸਰਕਾਰਾਂ ਵੱਲੋਂ ਬਣਾਇਆਂ ਕਮਿਸ਼ਨਾਂ, ਕਮੇਟੀਆਂ ਆਦਿ ਇਹਨਾਂ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਤੋਂ ਸਿਵਾ ਸਿੱਟਾ ਕੁੱਝ ਵੀ ਨਾ ਸਾਬਤ ਹੋਈਆਂ। ਉਹਨਾਂ ਕੇਂਦਰ ਸਰਕਾਰ ਵਲੋਂ ਨੈਸ਼ਨਲ ਕਮਿਸ਼ਨ ਫਾਰ ਡੀਨੋਟੀਫਾਈਡ ਅਤੇ ਨੋਮੈਡਿਕ ਟਰਾਈਬਜ (ਰੇਨਕੇ ਕਮਿਸ਼ਨ) ਵਲੋਂ ਵਿਮੁਕਤ ਜਾਤੀਆਂ ਸੰਬੰਧੀ ਜੁਲਾਈ 2008 ਵਿੱਚ ਦਿੱਤੀ ਗਈ ਰਿਪੋਰਟ ਨੂੰ ਦਬਾਈ ਰੱਖਣ ਦੀ ਵੀ ਸਖ਼ਤ ਨਿੰਦਾ ਕੀਤੀ। ਉਹਨਾਂ ਰੇਨਕੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਤੁਰੰਤ ਲਾਗੂ ਕਰਨ ਦੀ ਵੀ ਮੰਗ ਕੀਤੀ। ਉਹਨਾਂ ਦੱਸਿਆ ਕਿ ਬਾਦਲ ਸਰਕਾਰ ਵਲੋਂ ਵਿਮੁਕਤ ਜਾਤੀਆਂ ਦੇ ਹਿਤਾਂ ਲਈ ਵਿਮੁਕਤ ਜਾਤੀਆਂ ਕਮਿਸ਼ਨ ਕਾਇਮ ਕਰਨ ਅਤੇ ਵਿਮੁਕਤ ਜਾਤੀਆਂ ਭਲਾਈ ਬੋਰਡ ਸਥਾਪਿਤ ਕਰਨ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਮਿਤੀ : 3-5-2010 ਨੂੰ ਪੇਸ਼ ਕੀਤੀ ਖੋਜ ਰਿਪੋਰਟ ਦੇ ਆਧਾਰ ’ਤੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਸਾਂਸੀ, ਬੋਰੀਆ, ਬਰੜ, ਬੰਗਾਲੀ, ਗੰਡੀਲਾ, ਬਾਜੀਗਰ, ਵਣਜਾਰਾ ਅਤੇ ਨੱਟ ਕਬੀਲਿਆਂ ਨੂੰ ਅਨੁਸੂਚਿਤ ਜਨ ਜਾਤੀਆਂ ਦੀ ਲਿਸਟ ਵਿੱਚ ਸ਼ਾਮਿਲ ਕਰਨ ਲਈ ਜ਼ੋਰਦਾਰ ਸਿਫ਼ਾਰਿਸ਼ ਕੀਤੀ ਹੈ । ਇਸ ਮੌਕੇ ਬੋਲਦਿਆਂ  ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ ਅਤੇ ਜਿਲਾ ਪ੍ਰੀਸ਼ਦ ਦੇ ਉਪ ਚੇਅਰਮੈਨ ਗੁਰਵਿੰਦਰਪਾਲ ਸਿੰਘ ਰਣੀਕੇ ਨੇ ਬਾਦਲ ਸਰਕਾਰ ਵਲੋਂ ਵਿਮੁਕਤ ਜਾਤੀਆਂ ਅਤੇ ਦਲਿਤ ਵਰਗ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਵੀ ਖੁੱਲ ਕੇ ਜ਼ਿਕਰ ਕੀਤਾ। ਅਤੇ ਅੱਜ ਤਕ ਕਬੀਲੇ ਘੋਰ ਅਨਿਆਂ ਤੇ ਬੇਇਨਸਾਫ਼ੀ ਦੇ ਸੰਤਾਪ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੇਜਰ ਸਿੰਘ ਕਲੇਰ, ਵਿਮੁਕਤ ਜਾਤੀਆਂ ਡਿਵੈਲਪਮੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਬਾਊ ਸਿੰਘ ਚੰਡਿਆਲਾ ਤੇ ਮੰਗਤ ਰਾਮ ਮਾਹਲਾ ਨੇ ਦੋਸ਼ ਲਾਇਆ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਸਰਕਾਰ ਨੇ ਅੰਗਰੇਜ਼ ਸਰਕਾਰ ਵੱਲੋਂ ਇਹਨਾਂ ਨੂੰ ਦਿੱਤੀਆਂ ਸਹੂਲਤਾਂ ਵੀ ਵਾਪਸ ਲੈ ਕੇ ਇਹਨਾਂ ਦੇ ਵਿਕਾਸ ਦੇ ਰਸਤੇ ਬੰਦ ਕਰ ਦਿੱਤੇ। ਅੰਗਰੇਜ਼ ਸਰਕਾਰ ਨੇ ਕਬੀਲਿਆਂ ਦੇ ਵਿਕਾਸ ਲਈ ‘‘ਜਰਾਇਮ ਪੇਸ਼ਾ ਭਲਾਈ ਵਿਭਾਗ’’ ਖੋਲ੍ਹਿਆ ਸੀ। ਪਰ ਕਾਂਗਰਸ ਸਰਕਾਰ ਨੇ ਇਸ ਵਿਭਾਗ ਨੂੰ ਤੋੜ ਕੇ ਅਨੁਸੂਚਿਤ ਜਾਤੀਆਂ ਭਲਾਈ ਵਿਭਾਗ ਵਿੱਚ ਬਦਲ ਦਿੱਤਾ। ਉਹਨਾਂ ਕਿਹਾ ਕਿ 1950 ਵਿੱਚ ਕਾਂਗਰਸ ਸਰਕਾਰ ਨੇ ਆਇੰਗਰ ਕਮੇਟੀ ਦੀ ਰਿਪੋਰਟ ਦੀ ਉਡੀਕ ਕੀਤੇ ਬਿਨਾਂ ਹੀ ਕਬੀਲਿਆਂ ਨੂੰ ਅਨੁਸੂਚਿਤ ਜਾਤੀਆਂ ਦੀ ਲਿਸਟ ਵਿੱਚ ਸ਼ਾਮਿਲ ਕਰ ਲਿਆ। ਉਹਨਾਂ ਵਿਮੁਕਤ ਜਾਤੀਆਂ ਭਾਈਚਾਰੇ ਵਲੋਂ ਮੁੱਖ ਮਹਿਮਾਨ ਨੂੰ ਇੱਕ ਮੰਗ ਪੱਤਰ ਦਿੰਦਿਆਂ ਹਰ ਸਾਲ 31 ਅਗਸਤ ਨੂੰ ਸਰਕਾਰੀ ਛੁੱਟੀ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ  ਵਿਮੁਕਤ ਜਾਤੀਆਂ ਅਤੇ ਬਾਜੀਗਰ ਭਾਈਚਾਰੇ ਨੂੰ ਮਜ਼੍ਹਬੀ, ਸਿੱਖਾ ਅਤੇ ਬਾਲਮੀਕ ਅਨੁਸੂਚਿਤ ਜਾਤੀ ਖਿਡਾਰੀਆਂ ਅਤੇ ਸਾਬਕਾ ਫੌਜੀਆਂ ਵਿੱਚੋਂ ਜੋ ਸੀਟਾਂ ਖਾਲੀ ਰਹਿਣਗੀਆਂ ਉਨ੍ਹਾਂ ਵਿੱਚੋਂ 2ਫੀਸਦੀ ਵਿਮੁਕਤ ਜਾਤੀਆਂ ਅਤੇ ਬਾਜ਼ੀਗਰਾਂ ਵਿੱਚੋਂ ਭਰੀਆਂ ਜਾਣ, ਸ੍ਰੀ ਰੇਣਕੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਅਤੇ ਪੰਜਾਬ ਸਰਕਾਰ ਵਲੋਂ ਭੇਜੀ ਗਈ ਸਿਫ਼ਾਰਸ਼ ਨੂੰ ਲਾਗੂ ਕਰਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਅਤੇ  ਵਿਮੁਕਤ ਜਾਤੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਰਤੀ ਸਮੇਂ ਵਿਮੁਕਤ ਜਾਤੀਆਂ ਦੇ ਉਮੀਦਵਾਰਾਂ ਨੂੰ ਬੀ.ਏ ਦੀ ਡਿਗਰੀ ਤੋਂ ਛੋਟ ਦੇ ਕੇ 10+2 ਤੱਕ ਭਰਤੀ ਕਰਨ ਦੇ ਹੁਕਮ ਦਿੱਤੇ ਜਾਣ ਦੀ ਮੰਗ ਕੀਤੀ । ਸਮਾਗਮ ਨੂੰ ਮਨੀਸ਼ ਕੁਮਾਰ ਕੌਮੀ ਪ੍ਰਧਾਨ ਕਸ਼ਤਰੀਆ ਕੋਆਰਡੀਨੇਸ਼ਨ ਫਰੰਟ, ਕੰਵਰ ਅਜੈ ਸਿੰਘ ਕੌਮੀ ਪ੍ਰਧਾਨ ਕਸ਼ਤਰੀਆ ਸਭਾ, ਇੰਦੌਰ ਕੁਮਾਰ ਦਿਲੀ, ਮਹੇਸ਼ ਭੱਟ ਮਹਾਰਾਸ਼ਟਰ, ਪ੍ਰੇਮ ਕੁਮਾਰ ਹਿੰਮਤ ਜ¦ਧਰ, ਮਨਜੀਤ ਕੁਮਾਰ ਦਿਲੀ, ਪ੍ਰੇਮ ਕੁਮਾਰ ਉਤਰਾਖੰਡ, ਕੁਲਵੰਤ ਸਿੰਘ ਐਡਵੋਕੇਟ ਦਿਲੀ, ਪ੍ਰੋ ਸਰਚਾਂਦ ਸਿੰਘ ਮੀਡੀਆ ਸਲਾਹਕਾਰ ਯੂਥ ਅਕਾਲੀ ਦਲ, ਮਨਦੀਪ ਸਿੰਘ ਮੰਨਾ, ਅਵਤਾਰ ਸਿੰਘ ਟਰਕਾਂ ਵਾਲਾ, ਸਵਿੰਦਰ ਸਿੰਘ ਕਥੂ¦ਗਲ, ਜੋਗਿੰਦਰ ਸਿੰਘ ਬਾਸਰਕੇ, ਅਜਾਇਬ ਸਿੰਘ ਮਾਹਲਾ, ਮਹਿੰਦਰ ਪਾਲ ਸਿੰਘ ਕੇਲੇ, ਪ੍ਰੇਮ ਸਿੰਘ ਲਾਲਪੁਰਾ, ਕੇਵਲ ਸਿੰਘ ਵੇਈਪੁਰ, ਵੇਦ ਪ੍ਰਕਾਸ਼ ਸਿੰਘ ਪੱਡਾ, ਬਾਊ ਸਿੰਘ ਚੰਡਿਆਲਾ, ਮਲਵਿੰਦਰ ਸਿੰਘ  ਆਦਿ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਉਘੇ ਗਾਇਕਾਂ ਨੇ ਵੀ ਰੰਗ ਬੰਨੀ ਰਖਿਆ। ਇਸ ਮੌਕੇ ਔਰਤਾਂ ਤੇ ਬਜੁਰਗ ਵੀ ਭਾਰੀ ਗਿਣਤੀ ਵਿੱਚ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>