ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ

ਸਤਾਈ ਕੁ ਵਰ੍ਹੇ ਪੁਰਾਣੀ ਗੱਲ ਹੈ। ਮੇਰਾ ਭਾਣਜਾ ਠੀਕ ਨਹੀਂ ਸੀ ਰਹਿੰਦਾ। ਇਸ ਲਈ ਮੇਰੀ ਭੈਣ ਨੇ ਕਿਸੇ ਜੋਤਸ਼ੀ ਤੋਂ ਪੁੱਛ ਲੈਣ ਦੀ ਸਲਾਹ ਕੀਤੀ। ਜੋਤਸ਼ੀ ਜੀ ਨੇ ਇੱਕ ਦਸ ਪੈਸੇ ਦਾ ਸਿੱਕਾ ਮੇਰੀ ਭੈਣ ਦੇ ਹੱਥ ਫੜਾ ਦਿੱਤਾ ਅਤੇ ਮੁੱਠੀ ਬੰਦ ਕਰਨ ਨੂੰ ਕਿਹਾ। ਕੁਝ ਸਮੇਂ ਬਾਅਦ ਹੀ ਸਿੱਕਾ ਗਰਮ ਹੋਣਾ ਸ਼ੁਰੂ ਹੋ ਗਿਆ ਅਤੇ ਉਸ ਵਿੱਚੋਂ ਰਾਖ ਪ੍ਰਗਟ ਹੋਣ ਲੱਗ ਪਈ। ਜੋਤਸ਼ੀ ਜੀ ਭੈਣ ਨੂੰ ਕਹਿਣ ਲੱਗੇ ‘‘ਤੇਰੇ ਪੁੱਤਰ ਨੂੰ ਜੋ ਕੁਝ ਖੁਆਇਆ ਗਿਆ ਸੀ ਉਹ ਹੁਣ ਸਰੀਰ ਵਿਚੋਂ ਬਾਹਰ ਨਿਕਲ ਗਿਆ ਹੈ। ਇਸ ਲਈ ਹੁਣ ਤੇਰਾ ਪੁੱਤਰ ਬਿਲਕੁਲ ਸਦਾ ਲਈ ਠੀਕ ਹੋ ਜਾਵੇਗਾ।’’ ਭੈਣ ਨੇ ਪੰਜਾਹ ਰੁਪਏ ਦਾ ਨੋਟ ਉਸਦੇ ਹੱਥ ਉੱਤੇ ਰੱਖ ਦਿੱਤਾ। ਜੋਤਸ਼ੀ ਚਲਿਆ ਗਿਆ। ਭੈਣ ਨੇ ਸਾਰੇ ਪਰਿਵਾਰ ਨੂੰ ਇਹ ਗੱਲ ਦੱਸੀ ਤੇ ਮੇਰੇ ਕੰਨੀਂ ਵੀ ਇਹ ਪੈ ਗਈ।

ਅਜੀਬ ਵਰਤਾਰਿਆਂ ਦੀ ਜਾਂਚ ਪੜਤਾਲ ਕਰਨਾ ਮੇਰੇ ਸੁਭਾਅ ਵਿੱਚ ਸ਼ਾਮਿਲ ਹੈ। ਮੈਂ ਸਮਝਦਾ ਸੀ ਭੈਣ ਦੇ ਹੱਥ ਵਿੱਚੋਂ ਰਾਖ ਪ੍ਰਗਟ ਹੋਣ ਨਾਲ ਮੇਰਾ ਭਾਣਜਾ ਕਿਵੇਂ ਠੀਕ ਹੋ ਸਕਦਾ ਹੈ? ਸੋ ਮੈਂ ਉਪਰੋਕਤ ਵਰਤਾਰੇ ਨੂੰ ਸਮਝਣ ਲਈ ਉਸਦੀ ਤਹਿ ਤੱਕ ਜਾਣ ਦਾ ਫੈਸਲਾ ਕਰ ਲਿਆ। ਸਕੂਲ ਦਾ ਸਾਇੰਸ ਅਧਿਆਪਕ ਹੋਣ ਕਾਰਨ ਪ੍ਰਯੋਗਸ਼ਾਲਾ ਮੇਰੇ ਸਪੁਰਦ ਸੀ। ਕਿਸੇ ਵੀ ਵਰਤਾਰੇ ਦੀ ਪੜਤਾਲ ਕਰਨ ਲਈ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਘਟਨਾ ਜਿਵੇਂ ਬਿਆਨ ਕੀਤੀ ਗਈ ਹੈ ਹਾਲਤਾਂ ਵੀ ਉਸੇ ਤਰ੍ਹਾਂ ਦੀਆਂ ਬਣਾਈਆਂ ਜਾਣ। ਮੈਂ ਵੀ ਦਸ ਪੈਸੇ ਦਾ ਸਿੱਕਾ ਲਿਆ ਤੇ ਸਾਇੰਸ ਰੂਮ ਵਿਚਲੇ ਰਸਾਇਣਕ ਪਦਾਰਥਾਂ ਨੂੰ ਉਸ ਉਪਰ ਲਾਉਣਾ ਸ਼ੁਰੂ ਕਰ ਦਿੱਤਾ। ਪੰਦਰਾਂ ਵੀਹ ਰਸਾਇਣਕ ਪਦਾਰਥਾਂ ਨੇ ਉਸ ਉਪਰ ਕੋਈ ਵੀ ਕ੍ਰਿਆ ਨਾ ਕੀਤੀ।

ਮੈਂ ਹੋਰ ਰਸਾਇਣਕ ਪਦਾਰਥਾਂ ਦੀ ਪਰਖ ਕੀਤੀ ਤੇ, ਅਚਾਨਕ ਹੀ ਮੈਨੂੰ ਮਹਿਸੂਸ ਹੋਇਆ ਕਿ ਸਿੱਕਾ ਗਰਮ ਹੋਣਾ ਸ਼ੁਰੂ ਹੋ ਗਿਆ। ਮੈਂ ਉਸ ਰਸਾਇਣਕ ਪਦਾਰਥ ਦਾ ਪਤਾ ਲਾ ਲਿਆ ਸੀ। ਇਹ ਪਾਰੇ ਦਾ ਇੱਕ ਰਸਾਇਣ ਸੀ ਜਿਸਨੂੰ ਮਰਕਿਊਰਿਕ ਕਲੋਰਾਈਡ ਕਿਹਾ ਜਾਂਦਾ ਹੈ। ਇਹ ਰਸਾਇਣ ਐਲੀਮੀਨੀਅਮ ਨਾਲ ਕ੍ਰਿਆ ਕਰਕੇ ਐਲੀਮੀਨੀਅਮ ਕਲੋਰਾਈਡ ਬਣਾਉਂਦਾ ਹੈ। ਜੋ ਇੱਕ ਰਾਖ ਦੇ ਰੂਪ ਵਿੱਚ ਸਾਡੇ ਸਾਹਮਣੇ ਹੁੰਦਾ ਹੈ। ਇਹ ਰਸਾਇਣਕ ਕ੍ਰਿਆ ਤਾਪ ਨਿਕਾਸੀ ਰਸਾਇਣਕ ਕ੍ਰਿਆ ਹੁੰਦੀ ਹੈ। ਵਿਗਿਆਨ ਦੇ ਵਿਦਿਆਰਥੀ ਜਾਣਦੇ ਹਨ ਕਿ ਰਸਾਇਣਕ ਕਿਰਿਆਵਾਂ ਦੋ ਕਿਸਮ ਦੀਆਂ ਹੁੰਦੀਆਂ ਹਨ। ਇੱਕ ਤਾਪ ਨਿਕਾਸੀ ਦੂਸਰੀਆਂ ਤਾਪ ਸੋਖੀ ਕਿਰਿਆਵਾਂ ਕਹਾਉਂਦੀਆਂ ਹਨ।

ਤਰਕਸ਼ੀਲ ਸੁਸਾਇਟੀ ਹੋਂਦ ਵਿੱਚ ਆ ਚੁੱਕੀ ਸੀ। ਅਸੀਂ ਸਾਰੇ ਇੱਕ ਦੂਜੇ ਨਾਲ ਆਪਣੇ ਤਜਰਬੇ ਮੀਟਿੰਗਾਂ ਤੇ ਮੀਟਿੰਗਾਂ ਤੋਂ ਬਾਹਰ ਸਾਂਝੇ ਕਰਿਆ ਕਰਦੇ ਸਾਂ ਸਾਡਾ ਵਿਸ਼ਵਾਸ ਸੀ ਕਿ ਜੇ ਅਸੀਂ ਤਰਕਸ਼ੀਲ ਲਹਿਰ ਦੀ ਉਸਾਰੀ ਕਰਨੀ ਹੈ ਤਾਂ ਸਾਨੂੰ ਹਜ਼ਾਰਾਂ ਵਿਅਕਤੀਆਂ ਨੂੰ ਤਰਕਸ਼ੀਲ ਬਣਾਉਣਾ ਪਵੇਗਾ। ਮੀਟਿੰਗ ਵਿੱਚ ਅਸੀਂ ਇਹ ਗੱਲ ਵੀ ਸਾਂਝੀ ਕਰ ਲਈ ਸੀ ਕਿ ਮਰਕਿਊਰਿਕ ਕਲੋਰਾਈਡ ਬਹੁਤ ਹੀ ਜ਼ਹਿਰੀਲਾ ਪਦਾਰਥ ਹੈ ਤੇ ਇਸ ਲਈ ਇਸ ਨੂੰ ਵਰਤਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਲੈਣੇ ਅਤੀ ਜ਼ਰੂਰੀ ਹਨ। ਸਮਾਂ ਬੀਤਦਾ ਗਿਆ। ਵਿਛੋੜਾ ਦੇ ਗਏ ਸਾਧੂ ਸਿੰਘ ਦਰਦ ਸਾਡੀ ਸੁਸਾਇਟੀ ਦੀ ਜਗਰਾਓਂ ਇਕਾਈ ਦੇ ਸਰਗਰਮ ਮੈਂਬਰ ਸਨ। ਇੱਕ ਦਿਨ ਟੀਮ ਸਮੇਤ ਕਿਸੇ ਕੇਸ ਨੂੰ ਹੱਲ ਕਰਨ ਗਏ। ਵਾਪਸ ਆ ਕੇ ਉਨ੍ਹਾਂ ਬੀ. ਐਸ. ਸੀ. ਕਰ ਰਹੀ ਆਪਣੀ ਧੀ ਨੂੰ ਕਿਹਾ ‘‘ਬੇਟੀ ਇਹ ਜ਼ਹਿਰੀਲੀ ਸ਼ੀਸ਼ੀ ਸਾਂਭ ਕੇ ਰੱਖ ਦੇ ਜਦੋਂ ਕਿਤੇ ਕਿਸੇ ਕੇਸ ਤੇ ਦੁਬਾਰਾ ਜਾਣਾ ਹੋਇਆ ਤਾਂ ਮੈਂ ਇਹ ਤੈਥੋਂ ਲੈ ਲਵਾਂਗਾ।’’ ਇਕ ਦਿਨ ਉਸਦੀ ਬੇਟੀ ਕਹਿਣ ਲੱਗੀ, ‘‘ਪਾਪਾ ਆਪਣੇ ਸਾਰੇ ਰਿਸ਼ਤੇਦਾਰ ਐਨੇ ਅਮੀਰ ਕਿਉਂ ਨੇ? ਆਪਾਂ ਗਰੀਬ ਕਿਉਂ ਹਾਂ?’’ ਦਰਦ ਸਾਹਿਬ ਫਿ਼ਲਾਸਫੀ ਦੇ ਵੱਡੇ ਗਿਆਤਾ ਸਨ। ਕਹਿਣ ਲੱਗੇ ‘‘ਬੇਟੀ ਆਪਾਂ ਮਿਹਨਤ ਕਰਨ ਵਿੱਚ ਹੀ ਯਕੀਨ ਰੱਖਦੇ ਹਾਂ। ਮਿਹਨਤ ਦੀ ਕਮਾਈ ਨਾਲੋਂ ਸੁੱਖ ਕਿਸੇ ਹੋਰ ਕਮਾਈ ਵਿੱਚ ਨਹੀਂ ਹੁੰਦਾ।’’ ਇਸ ਗੱਲਬਾਤ ਤੋਂ ਮਹੀਨਾ ਕੁ ਬਾਅਦ ਉਸਦੀ ਧੀ ਹਸਪਤਾਲ ਵਿੱਚ ਜਾ ਕੇ ਮੌਤ ਨੂੰ ਪਿਆਰੀ ਹੋ ਗਈ। ਡਾਕਟਰ ਕਹਿ ਰਹੇ ਸਨ ਕਿ ਮੌਤ ਕਿਸੇ ਜ਼ਹਿਰੀਲੀ ਚੀਜ਼ ਦੇ ਨਿਗਲਣ ਕਾਰਨ ਹੋਈ ਸੀ। ਘਰ ਵਿਚੋਂ ਖਾਲੀ ਸ਼ੀਸ਼ੀ ਤਾਂ ਮਿਲ ਗਈ ਪਰ ਉਸ ਵਿੱਚ ਮਰਕਿਊਰਿਕ ਕਲੋਰਾਈਡ ਗਾਇਬ  ਸੀ। ਸੁਸਾਇਟੀ ਦੇ ਘੇਰਿਆਂ ਤੋਂ ਬਾਹਰ ਤਾਂ ਇਹ ਪਤਾ ਲੱਗਿਆ ਸੀ ਕਿ ਧਰਮਕੋਟ ਇਲਾਕੇ ਦੇ ਇੱਕ ਜੋਤਸ਼ੀ ਦਾ ਭਰਾ ਵੀ ਮਰਕਿਊਰਿਕ ਕਲੋਰਾਈਡ ਖਾਣ ਕਾਰਨ ਚੱਲ ਵਸਿਆ ਸੀ ਪਰ ਸੁਸਾਇਟੀ ਵਿੱਚ ਵਾਪਰਨ ਵਾਲੀ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਸੀ।

ਦੂਜੀ ਘਟਨਾ ਕੁਰਕੁਸ਼ੇਤਰ ਤੋਂ ਅਧਿਆਪਕ ਬਲਵੰਤ ਸਿੰਘ ਜੀ ਨਾਲ ਵਾਪਰੀ। ਮਾਸਟਰ ਬਲਵੰਤ ਸਿੰਘ ਜੀ ਲੱਗਭੱਗ ਪੱਚੀ ਕੁ ਸਾਲਾਂ ਤੋਂ ਤਰਕਸ਼ੀਲ ਸੁਸਾਇਟੀ ਹਰਿਆਣਾ ਨਾਲ ਜੁੜੇ ਹੋਏ ਹਨ। ਲੰਬਾ ਸਮਾਂ ਉਹ ਤਰਕਸ਼ੀਲ ਸੁਸਾਇਟੀ ਹਰਿਆਣਾ ਦੇ ਸੂਬਾ ਪ੍ਰਧਾਨ ਰਹੇ ਹਨ। ਸੋ ਤਰਕਸ਼ੀਲ ਸਰਗਰਮੀਆਂ ਦਾ ਮੁੱਖ ਕੇਂਦਰ ਉਨ੍ਹਾਂ ਦਾ ਘਰ ਹੀ ਰਿਹਾ ਹੈ। ਦੋ ਕੁ ਸਾਲ ਪਹਿਲਾਂ ਮਾਸਟਰ ਬਲਵੰਤ ਦਾ ਮੈਨੂੰ ਫੋਨ ਆਇਆ। ਕਹਿਣ ਲੱਗਿਆ, ‘‘ਮੇਰੇ ਚਾਰ ਸਾਲ ਦੇ ਪੋਤੇ ਨੇ ਮਰਕਿਊਰਿਕ ਕਲੋਰਾਈਡ ਮੂੰਹ ਵਿੱਚ ਪਾ ਲਿਆ ਹੈ। ਹੁਣ ਕੀ ਕੀਤਾ ਜਾਵੇ?’’ ਮੈਂ ਉਸ ਬੱਚੇ ਨੂੰ ਤੁਰੰਤ ਪੀ. ਜੀ. ਆਈ. ਲਿਆਉਣ ਲਈ ਕਿਹਾ। ਕੁਝ ਯਤਨਾਂ ਨਾਲ ਅਸੀਂ ਬੱਚੇ ਨੂੰ ਪੀ. ਜੀ. ਆਈ. ਦਾਖਲ ਕਰਵਾ ਲਿਆ। ਡਾਕਟਰਾਂ ਨੂੰ ਇਹ ਸਮਝਾਉਣ ਲਈ ਤਰਕਸ਼ੀਲ ਕੀ ਹੁੰਦੇ ਹਨ ਤੇ ਇਹ ਮਰਕਿਊਰਿਕ ਕਲੋਰਾਈਡ ਦਾ ਇਸਤੇਮਾਲ ਕਿਉਂ ਕਰਦੇ ਹਨ, ਸਾਨੂੰ ਕਾਫ਼ੀ ਯਤਨ ਕਰਨੇ ਪਏ। ਡਾਕਟਰਾਂ ਨੂੰ ਜਦੋਂ ਖਾਧੇ ਹੋਏ ਜ਼ਹਿਰ ਦੀ ਜਾਣਕਾਰੀ ਹੋ ਜਾਵੇ ਤਾਂ ਉਨ੍ਹਾਂ ਲਈ ਵਿਧੀਪੂਰਣ ਇਲਾਜ ਕਰਨਾ ਵੀ ਸੁਖਾਲਾ ਹੋ ਜਾਂਦਾ ਹੈ।

ਲੱਗਭੱਗ ਪੰਦਰਾਂ ਕੁ ਦਿਨ ਪੀ. ਜੀ. ਆਈ. ਵਿੱਚ ਬਕਾਇਦਾ ਇਲਾਜ ਲੈ ਕੇ ਬੱਚਾ ਸਿਹਤਮੰਦ ਹੋ ਸਕਿਆ। ਬੱਚਿਆਂ ਵਿਚ ਨਵੇਂ ਸੈੱਲਾਂ ਦਾ ਨਿਰਮਾਣ ਤੇਜ਼ੀ ਨਾਲ ਹੁੰਦਾ ਹੈ। ਇਸ ਲਈ ਬੱਚੇ ਦਾ ਕੋਈ ਵੀ ਸਰੀਰਕ ਅੰਗ ਕਿਸੇ ਵੱਡੇ ਨੁਕਸਾਨ ਤੋਂ ਬਚ ਗਿਆ।

- ਮੇਘ ਰਾਜ ਮਿੱਤਰ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>