ਦਾਸਤਾਨ

ਆਖਰੀ ਭਾਗ

ਢਿੱਡ ਦੀ ਭੁੱਖ ਤਾਂ ਜਸਵਿੰਦਰ ਮਾਰ ਲੈਂਦਾ ਸੀ। ਪਰ ਚੰਚਲ ਮਨ ਉਸ ਤੋਂ ਕਾਬੂ ਨਹੀਂ ਹੁੰਦਾ ਸੀ। ਜਦੋਂ ਕਦੇ ਉਬਾਲ ਉੱਠਦੇ ਕੋਈ ਸ਼ਰੀਰਕ ਲੋੜ ਅੰਦਰੋਂ ਹੰਭਲਾ ਮਾਰਦੀ ਤਾਂ ਵੈਸਟ ਬ੍ਰਾਮਿਚ ਤੋਂ ਉਸ ਦੀ ਮੁਹਾਰ ਖੁਦ-ਬ-ਖੁਦ ਰੌਟਨ ਪਾਰਕ ਰੋਡ ਵੱਲ ਮੁੜ ਜਾਂਦੀ ਸੀ। ਉਥੇ ਉਹ ਪੰਜ ਦਸ ਪੌਂਡ ਖੋਟੇ ਕਰ ਕੇ ਟਿੱਕ ਜਾਂਦਾ ਹੁੰਦਾ ਸੀ।
ਇਸੇ ਤਰ੍ਹਾਂ ਵੇਸਵਾਗਮਨੀ ਦੇ ਅੱਡਿਆਂ ਦੀ ਖਾਕ ਛਾਣਦਿਆਂ ਹੀ ਜਸਵਿੰਦਰ ਦੀ ਤਵਾਇਫ ਜੈਨ ਨਾਲ ਮੁਲਾਕਾਤ ਹੋਈ ਸੀ। ਉਹ ਜੈਨ ਦਾ ਪੱਕਾ ਹੀ ਗਾਹਕ ਬਣ ਗਿਆ ਸੀ। ਸੜਕਾਂ ’ਤੇ ਜਣੀ-ਖਣੀ ਤੋਂ ਭਾਅ ਪੁੱਛਦੇ ਫਿਰਨ ਨਾਲੋਂ ਉਹ ਸਿੱਧਾ ਜੈਨ ਦੇ ਬੂਹੇ ਉੱਤੇ ਜਾ ਕੇ ਦਸਤਕ ਕਰ ਦਿੰਦਾ ਸੀ। ਜੈਨ ਸਾਰੀ ਰਾਤ ਰੱਖ ਕੇ ਜਸਵਿੰਦਰ ਨੂੰ ਸਵੇਰ ਨੂੰ ਠੰਡਾ ਸੀਲਾ ਕਰਕੇ ਤੋਰ ਦਿੰਦੀ ਸੀ। ਹੌਲੀ ਹੌਲੀ ਜੈਨ ਨਾਲ ਉਸ ਨੇ ਦੋਸਤਾਨਾ ਤਅੱਲਕਾਤ ਬਣਾ ਲਏ ਸਨ। ਜੈਨ ਨੂੰ ਵੀ ਉਹ ਦਿਲੋਂ ਭਾ ਗਿਆ ਸੀ। ਕੁੱਝ ਅਰਸੇ ਬਾਅਦ ਹੀ ਜੈਨ ਨੇ ਉਸ ਤੋਂ ਇਵਜ਼ਾਨਾ ਵਸੂਲਣਾ ਬੰਦ ਕਰ ਦਿੱਤਾ ਸੀ। ਖੁਸ਼ ਹੋ ਕੇ ਉਹ ਜੈਨ ਕੋਲ ਵਧੇਰੇ ਹਾਜ਼ਰੀਆਂ ਲਵਾਉਣ ਲੱਗ ਪਿਆ ਸੀ।
ਇਸ ਤਰ੍ਹਾਂ ਵਕਤ ਠੁਮਕ-ਠੁਮਕ ਪੱਬ ਧਰਦਾ ਗਿਆ ਸੀ। ਬ੍ਰਹਿਮੰਡ ਵਿੱਚ ਹੁੰਦਿਆਂ ਤਬਦੀਲੀਆਂ ਤੇ ਬਦਲਦੇ ਸਿਤਾਰਿਆਂ ਦੇ ਸੰਗ ਜਸਵਿੰਦਰ ਵੀ ਗਰਦਸ਼ ਕਰਦਾ ਰਿਹਾ ਸੀ। ਘਰ, ਫ਼ੈਕਟਰੀ ਅਤੇ ਜੈਨ, ਇਸ ਤਿਕੋਣ ਵਿੱਚ ਉਸ ਦੀ ਜ਼ਿੰਦਗੀ ਬੀਤਦੀ ਗਈ ਸੀ। ਜਦੋਂ ਤੱਕ ਉਸ ਨੂੰ ਵਿਆਹ ਦੀ ਅਵੱਸ਼ਕਤਾ ਤੇ ਸਾਰਥਕਤਾ ਦਾ ਅਹਿਸਾਸ ਹੋਣ ਲੱਗਾ ਸੀ। ਉਸ ਦੀ ਉਮਰ ਛੱਤੀ ਵਰ੍ਹਿਆਂ ਦੀ ਹੋ ਗਈ ਸੀ।
ਢੱਲਦੀ ਉਮਰ ਨੂੰ ਦੇਖ ਕੇ ਇੱਕ ਦਿਨ ਜਸਵਿੰਦਰ ਨੇ ਇੰਡੀਆ ਫੋਨ ਕਰਕੇ ਫੈਸਲਾ ਸੁਣਾ ਦਿੱਤਾ ਸੀ ਕਿ ਉਹ ਵਿਆਹ ਕਰਵਾਉਣ ਆ ਰਿਹਾ ਹੈ। ਘਰ ਵਾਲੇ ਵੀ ਸਮੇਂ ਦੀ ਨਜ਼ਾਕਤ ਸਮਝ ਗਏ ਸਨ ਬਈ ਹੁਣ ਹੋਰ ਟਾਲਿਆ ਨਹੀਂ ਸੀ ਜਾ ਸਕਦਾ। ਉਹਨਾਂ ਦੇ ਲਗਭਗ ਸਭ ਬਹਾਨੇ ਮੁੱਕ ਗਏ ਸਨ। ਇਸ ਲਈ ਉਹਨਾਂ ਡੱਕਾ ਅੜਾਉਣ ਦੀ ਬਜਾਏ, ਜਸਵਿੰਦਰ ਦਾ ਘਰ ਵਾਪਸ ਪਰਤੇ ਤੋਂ ਖਿੜੇ ਮੱਥੇ ਇਸਤਕਬਾਲ ਕੀਤਾ ਸੀ।
ਜਸਵਿੰਦਰ ਦੇ ਰਿਸ਼ਤੇ ਲਈ ਹਰ ਸੰਭਵ ਉਪਰਾਲੇ ਕੀਤੇ ਗਏ ਸਨ। ਰਿਸ਼ਤੇਦਾਰਾਂ ਤੋਂ ਪੁੱਛ-ਦੱਸ ਕੀਤੀ ਗਈ ਸੀ। ਅਖਬਾਰ ਵਿੱਚ ਮੈਟਰੀਮੋਨੀਅਲ ਤਿੰਨ ਚਾਰ ਹਫ਼ਤੇ ਕਢਵਾਉਣ ਮਗਰੋਂ ਵੀ ਪਹਿਲਾਂ ਵਾਂਗ ਰਿਸ਼ਤੇ ਲਈ ਲੋਕਾਂ ਦੀਆਂ ਪਾਲਾਂ ਨਹੀਂ ਸਨ ਲੱਗੀਆਂ। ਇਸ ਦਾ ਇੱਕ ਕਾਰਨ ਤਾਂ ਜਸਵਿੰਦਰ ਦੀ ਉਮਰ ਵੱਧ ਗਈ ਸੀ। ਦੂਜਾ ਉਸ ਦਾ ਪਹਿਲਾਂ ਤਲਾਕ ਹੋ ਚੁੱਕਿਆ ਸੀ। ਤੀਜੀ ਤੇ ਅਹਿਮ ਗੱਲ ਲੋਕ ਕਾਨੂੰਨਨ ਸਖ਼ਤੀ ਕਰਕੇ ਇੰਗਲੈਂਡ ਨਾਲੋਂ ਕੈਨੇਡਾ, ਅਮੈਰੀਕਾ ਨੂੰ ਤਰਜੀਹ ਦੇਣ ਲੱਗ ਪਏ ਸਨ। ਕਿਉਂਕਿ ਅਗਲਾ ਸੋਚਦਾ ਕੁੜੀ ਦੇ ਵਿਆਹ ਉੱਪਰ ਪੰਜ ਸੱਤ ਲੱਖ ਤਾਂ ਲਾਉਣਾ ਹੀ ਹੈ। ਇੰਗਲੈਂਡ ਤਾਂ ਸਿਰਫ਼ ਕੁੜੀ ਹੀ ਜਾ ਸਕਦੀ ਹੈ। ਕਿਸੇ ਹੋਰ ਪਰਿਵਾਰਕ ਸਦੱਸ ਨੂੰ ਨਹੀਂ ਮੰਗਵਾ ਸਕਦੀ। ਅਮਰੀਕਾ, ਕੈਨੇਡਾ ਤਾਂ ਸਾਰਾ ਟੱਬਰ ਹੀ ਮਗਰੇ ਵਹੀਰਾ ਘੱਤ ਕੇ ਪਹੁੰਚ ਜਾਊ।
ਪਰ ਫਿਰ ਵੀ ਦੂਜੇ ਚੌਥੇ ਦਿਨ ਕੋਈ ਇੱਕੀ ਦੁੱਕੀ ਜ਼ਰੂਰ ਆ ਹਾਜ਼ਰ ਹੁੰਦੀ ਸੀ। ਜਸਵਿੰਦਰ ਦਾ ਛੋਟਾ ਭਾਈ ਉਹਨਾਂ ਵਿੱਚੋਂ ਵੀ ਆਰਥਕ ਪੱਖੋਂ ਕਮਜ਼ੋਰ ਅਸਾਮੀ ਨੂੰ ਬੋਚ ਕੇ ਬਾਹਰੋਂ ਹੀ ਟਰਕਾ ਦਿੰਦਾ ਸੀ।
ਅਖ਼ੀਰ ਜਸਵਿੰਦਰ ਦਾ ਇੱਕ ਗਾਹਕ ਲੱਗ ਹੀ ਗਿਆ ਸੀ। ਉਸ ਦੇ ਮਾਪਿਆਂ ਲਈ ਵੀ ਫਿਰ ਜਾਂਦੇ ਚੋਰ ਦੀ ਲੰਗੋਟੀ ਹੀ ਲਾਹੇ ਦੀ ਸੀ। ਉਹਨਾਂ ਨੇ ਵੀ ਜਸਵਿੰਦਰ ਨੂੰ ਸੋਨੇ ਵਿੱਚ ਤੋਲ ਕੇ ਵੇਚਿਆ ਸੀ। ਇਹ ਦਹੇਜ ਹੀ ਉਹਨਾਂ ਲਈ ਜਸਵਿੰਦਰ ਜ਼ਰੀਏ ਲਈ ਜਾਣ ਵਾਲੀ ਆਖ਼ਰੀ  ਕਿਸ਼ਤ ਸੀ, ਜਿਸ ਨੂੰ ਵਸੂਲਣ ਵਿੱਚ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਸੀ। ਭਾਵੇਂ ਸਕੂਟਰ, ਟੀਵੀ, ਫ਼ਰਿੱਜ ਸਭ ਕੁੱਝ ਸੀ। ਫੇਰ ਵੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਲਾਲਚੀ ਬੰਦੇ ਤਾਂ ਮੁਫਤੀ ਜ਼ਹਿਰ ਮਿਲੇ ਉਹ ਵੀ ਨਹੀਂ ਛੱਡਦੇ। ਸੋਈ ਉਹਨਾਂ ਨੇ ਸੁੱਖ-ਅਰਾਮ ਵਾਲੀ ਹਰ ਚੀਜ਼ ਮੰਗ-ਮੰਗ ਕੇ ਘਰ ਭਰ ਲਿਆ ਸੀ।
ਅਨੰਦ ਕਾਰਜਾਂ ਦੀ ਸਮਾਪਤੀ ਤੱਕ ਜਸਵਿੰਦਰ ਨੂੰ ਯਕੀਨ ਨਹੀਂ ਸੀ ਆਇਆ ਕਿ ਉਸ ਦਾ ਸੱਚੀਂ ਵਿਆਹ ਹੋ ਰਿਹਾ ਸੀ। ਜੋ ਉਸ ਨੇ ਕਦੇ ਤਸੱਵਰ ਕਰਿਆ ਸੀ, ਉਹ ਸਾਖਿਆਤ ਪ੍ਰਾਪਤ ਕਰ ਲਿਆ ਸੀ। ਅੰਗਰੇਜ਼ੀ ਦੀ ਐਮ ਏ ਮੋਰ ਦੇ ਖੰਭ ਵਰਗੀ, ਸੋਹਣੀ ਸੁਨੱਖੀ, ਉਮਰ ਵਿੱਚ ਕਈ ਸਾਲ ਛੋਟੀ ਮੁਟਿਆਰ ਉਸ ਦੀ ਜੀਵਨਸਾਥਣ ਬਣ ਗਈ ਸੀ। ਜਸਵਿੰਦਰ ਦੇ ਚਾਵਾਂ ਦੀ ਕੋਈ ਸੀਮਾ ਨਹੀਂ ਸੀ ਰਹੀ। ਉਸ ਦੇ ਤਾਂ ਯਾਨੀ ਕੋਈ ਅਗਲੇ ਪਿਛਲੇ ਪੁੰਨ ਉੱਘੜ ਆਏ ਸਨ।  ਮੁਕਲਾਵੇ ਵਾਲੀ ਰਾਤ ਲਹੂ ਨਾਲ ਦਾਗਦਾਰ ਹੋਈ ਚਾਦਰ ਦੇਖ ਕੇ ਤਾਂ ਜਸਵਿੰਦਰ ਦੀ ਖੁਸ਼ੀ ਦੂਣ ਸਵਾਈ ਹੋ ਗਈ ਸੀ।
ਖੁਸ਼ਕਿਸਮਤੀ ਨਾਲ ਚਾਰ ਮਹੀਨਿਆਂ ਵਿੱਚ ਹੀ ਕਲਵੰਤ ਜਸਵਿੰਦਰ ਕੋਲ ਇੰਗਲੈਂਡ ਆ ਗਈ ਸੀ। ਜਸਵਿੰਦਰ ਨੂੰ ਛੜਿਆਂ ਦੀ ਬੁਰੀ ਜੂਨ ਹੰਢਾਉਣ ਮਗਰੋਂ ਗ੍ਰਹਿਸਤ ਜੀਵਨ ਅਤਿਅੰਤ ਸੁੱਖਦਾਈ ਜਾਪਦਾ ਸੀ। ਉਸ ਨੂੰ ਵਿੰਗੀਆਂ ਟੇਡੀਆਂ ਰੋਟੀਆਂ ਪਕਾਉਂਦਿਆਂ ਹੱਥ ਜਲਾਉਣ ਤੋਂ ਨਿਜਾਤ ਮਿਲ ਗਈ ਸੀ। ਉਦੋਂ ਤੱਕ ਉਹ ਕੱਚੀਆਂ ਪਿਲੀਆਂ ਮੰਨੀਆਂ ਛਕਦਾ ਅੱਕ ਚੁੱਕਿਆ ਸੀ। ਸਵੇਰੇ ਉੱਠਣ ਸਾਰ ਡਬਲ ਰੋਟੀ ਵਿੱਚ ਕਦੇ ਹਾਮ, ਕਦੇ ਸਲਾਦ, ਕਦੇ ਆਂਡਾ ਆਦਿ ਹਰ ਦਿਨ ਕੁੱਝ ਨਾ ਕੁੱਝ ਵੱਖਰਾ ਮਿਲਣ ਲੱਗ ਪਿਆ ਸੀ। ਕੰਮ ’ਤੇ ਜਾਂਦੇ ਨੂੰ ਪਹਿਨਣ ਲਈ ਧੋਤੇ, ਇਸਤਰੀ ਕੀਤੇ ਕੱਪੜੇ ਤੇ ਪਾਲਸ਼ ਕੀਤੇ ਬੂਟ ਕਲਵੰਤ ਆਪਣੇ ਹੱਥੀਂ ਉਸ ਨੂੰ ਦਿੰਦੀ ਸੀ। ਕਲਵੰਤ ਦੀ ਪਿਆਰ ਅਤੇ ਸੇਵਾ ਨਾਲ ਜਸਵਿੰਦਰ ਦੇ ਮੁਖੜੇ ਉੱਤੇ ਮੁਸਕਾਨਾਂ ਦਾ ਪਰਚਮ ਲਹਿਰਾਉਣ ਲੱਗ ਜਾਂਦਾ ਸੀ। ਸੇਫ਼ਟੀ-ਬੂਟਾਂ ਦੇ ਤਸਮੇ ਬੰਨ੍ਹਦਾ ਹੋਇਆ ਉਹ ਕਲਵੰਤ ਨੂੰ ਸ਼ੀਸ਼ੇ ਵਰਗੀ ਚਮਕਦੀ ਜੁੱਤੀ ਦੇਖ ਕੇ ਮਖੌਲ ਨਾਲ ਆਖ ਦਿੰਦਾ ਸੀ, “ਭਾਗਵਾਨੇ ਮੈਂ ਕਿਹੜਾ ਨੁਮਾਇਸ਼ ਤੇ ਚੱਲਿਆ ਹਾਂ। ਫਾਊਂਡਰੀ ਨੂੰ ਈ ਜਾਣਾ ਹੈ। ਐਵੇਂ ਨਾ ਬਹੁਤਾ ਕਰਿਆ ਕਰ।”
“ਲਉ ਜੀ ਫੇਰ ਵੀ ਕਿਤੇ ਲਿਬੜ ਕੇ ਥੋੜਾ ਜਾਈਦਾ ਹੈ। ਦੇਖਣ ਵਾਲਾ ਕੀ ਕਹੂ?” ਕਲਵੰਤ ਨਜ਼ਰਾਂ ਝੁਕਾ ਕੇ ਨਿਮਰਤਾ ਤੇ ਮੋਹ ਵਿੱਚ ਗੜੁੱਚ ਜੁਆਬ ਦਿਆ ਕਰਦੀ।
ਪੌੜੀਆਂ ਚੜ੍ਹਦੀ ਉਤਰਦੀ ਕਲਵੰਤ ਦੀਆਂ ਝਾਜਰਾਂ ਦਾ ਕਿਸੇ ਰਾਗ ਵਿੱਚ ਵਿਉਂਤਬੱਧ ਸੰਗੀਤ ਸੁਣ ਕੇ ਜਸਵਿੰਦਰ ਦੇ ਮਨ ਵਿੱਚ ਵੀ ਤਰੰਗਾਂ ਪੈਦਾ ਹੋ ਜਾਂਦੀਆਂ ਸਨ। ਰਾਤ ਨੂੰ ਮੰਜੇ ’ਤੇ ਪਏ ਦੀਆਂ ਉਹ ਲੱਤਾਂ ਘੁੱਟਦੀ ਤਾਂ ਵੰਗਾਂ ਦੇ ਛਣਕਾਟੇ ਦੀਆਂ ਲੋਰੀਆਂ ਜਸਵਿੰਦਰ ਨੂੰ ਗੂੜੀ ਤੇ ਸੁੱਖੀ ਨੀਂਦ ਸੁਆ ਦਿੰਦੀਆਂ ਸਨ। ਇਹ ਸਾਰਾ ਕੁੱਝ ਉਹਨੂੰ ਸਵਰਗ ਦਾ ਨਜ਼ਾਰਾ ਹੀ ਲੱਗਦਾ ਸੀ। ਉਸ ਨੂੰ ਜਾਪਦਾ ਸੀ ਜਿਵੇਂ ਸੂਲਾਂ ਦੀ ਸੇਜ ਤੋਂ ਉੱਠ ਕੇ ਉਹ ਹੁਣ ਫੁੱਲਾਂ ਦੇ ਵਿਛਾਉਣੇ ਉੱਪਰ ਆਣ ਪਿਆ ਸੀ। ਵਿਆਹ ਨੇ ਉਹਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਭਰ ਦਿੱਤੀਆਂ ਸਨ। ਕਲਵੰਤ ਨੂੰ ਭੈਣ ਕੋਲ ਪਾਲ ਦੀ ਫ਼ੈਕਟਰੀ ਕੰਮ ਉੱਤੇ ਵਿੱਚ ਲਗਵਾਉਣ ਨਾਲ ਉਹਦੀ ਆਮਦਨ ਵੀ ਵੱਧ ਗਈ ਸੀ। ਉਸ ਨੂੰ ਜੀਵਨ ਦੇ ਅਜਾਈਂ ਗਵਾਏ ਵਰ੍ਹਿਆਂ ਦਾ ਖ਼ਿਆਲ ਕਰਕੇ ਅਫ਼ਸੋਸ ਹੁੰਦਾ ਸੀ। ਗ੍ਰਹਿਸਥ-ਜੀਵਨ ਸਿੱਧ-ਪੱਧਰਾ ਚੱਲਦਾ ਹੋਣ ਕਰਕੇ ਛੇ ਮਹੀਨੇ ਅੱਖ ਦੇ ਫੋਰ ਵਿੱਚ ਹੀ ਲੰਘ ਗਏ ਸਨ।
ਅਚਾਨਕ ਸੱਤਵੇਂ ਮਹੀਨੇ ਤੋਂ ਆਏ ਜਵਾਰਭਾਟੇ ਕਾਰਨ ਉਹਨਾਂ ਦੀ ਵਿਵਾਹਤ ਜ਼ਿੰਦਗੀ ਡਗ-ਮਗਾ ਗਈ ਸੀ। ਬਲੈਂਕ ਫੋਨ ਕਾਲ ਆਉਣੇ ਸ਼ੁਰੂ ਹੋਣ ਨਾਲ ਉਹਨਾਂ ਦੀ ਸਥਿਰ ਹਿਯਾਤੀ ਵਿੱਚ ਉਥਲ-ਪੁੱਥਲ ਆ ਗਈ ਸੀ। ਫੋਨ ਆਉਣ ’ਤੇ ਘੰਟੀ ਖੜਕਦੀ, ਜਸਵਿੰਦਰ ਚੁੱਕ ਕੇ ਗੱਲ ਕਰਨ ਲੱਗਦਾ। ਅੱਗੋਂ ਕੋਈ ਆਵਾਜ਼ ਨਹੀਂ ਸੀ ਆਉਂਦੀ। ਕਈ ਵਾਰ ਇਸੇ ਤਰ੍ਹਾਂ ਹੁੰਦਾ ਰਹਿੰਦਾ ਸੀ। ਵਕਤ ਬੇਵਕਤ ਬਲੈਂਕ ਫੋਨ ਆਉਂਦੇ ਰਹਿੰਦੇ ਸਨ। ਜਸਵਿੰਦਰ ਹੈਲੋ ਹੈਲੋ ਚੀਖਦਾ ਰਹਿੰਦਾ ਸੀ। ਕਈ ਵਾਰੀ ਤਾਂ ਖਿਝ ਕੇ ਗਾਲਾਂ ਵੀ ਕੱਢਦਾ ਸੀ। ਐਨੇ ਨੂੰ ਅਗਲਾ ਫੋਨ ਰੱਖ ਦਿੰਦਾ ਹੁੰਦਾ ਸੀ। ਪਹਿਲੇ ਪਹਿਲ ਤਾਂ ਉਸ ਨੇ ਜ਼ਿਆਦਾ ਧਿਆਨ ਨਹੀਂ ਸੀ ਦਿੱਤਾ ਤੇ ਨੰਬਰ ਬਦਲਵਾ ਲਿਆ ਸੀ।  ਜਸਵਿੰਦਰ ਨੇ ਸਮਝਿਆ ਸੀ ਕਿ ਇਸ ਜਟਿਲ ਸਮੱਸਿਆ ਦਾ ਅਸਾਨੀ ਨਾਲ ਸਮਾਧਾਨ ਹੋ ਗਿਆ ਸੀ। ਮਸਾਂ ਤਿੰਨ ਦਿਨ ਵੀ ਸ਼ਾਤੀ ਨਾਲ ਨਹੀਂ ਸਨ ਗੁਜ਼ਰੇ ਕਿ ਫਿਰ ਉਹੋ ਹੀ ਸਿਲਸਿਲਾ ਸ਼ੁਰੂ ਹੋ ਗਿਆ ਸੀ।  ਬੋਗਸ ਟੈਲੀਫੂਨ ਕਾਲਾਂ ਨੇ ਉਹਨਾਂ ਦੀ ਸ਼ਾਤੀ ਭੰਗ ਕਰ ਦਿੱਤੀ ਸੀ। ਉਹ ਕਾਲ ਆਉਣ ਪਸਚਾਤ ਫੋਨ ’ਤੇ 1471 ਨੰਬਰ ਡਾਇਲ ਕਰਕੇ ਪੈੜ ਨੱਪਣ ਦੀ ਕੋਸ਼ਿਸ਼ ਕਰਦਾ ਸੀ। ਪਰ ਕੋਈ ਸਫਲਤਾ ਉਸ ਦੇ ਹੱਥ ਨਹੀਂ ਲੱਗਦੀ ਸੀ। ਇਸ ਤਰ੍ਹਾਂ ਉਹ ਹਰ ਵਾਰ ਕਾਲਰ ਦੇ ਨੰਬਰ ਦੀ ਸੂਹ ਕੱਢਣ ਵਿੱਚ ਨਾਕਾਮਯਾਬ ਰਿਹਾ ਸੀ। ਰਾਤ-ਬਰਾਤੇ ਜਦੋਂ ਵੀ ਘੰਟੀ ਵੱਜਦੀ ਉਹ ਖੌਫ਼ਜ਼ਦਾ ਹੋਇਆ ਕੁੱਝ ਦੇਰ ਫੋਨ ਵੱਲ ਦੇਖਦਾ ਰਹਿੰਦਾ ਸੀ। ਫਿਰ ਅੱਕ ਕੇ ਰਸੀਵਰ ਚੁੱਕ ਕੇ ਪਾਸੇ ਰੱਖ ਦਿੰਦਾ ਸੀ। ਸਵੇਰੇ ਜਦ ਮੁੜ ਰਸੀਵਰ ਬੇਸ ਯੂਨਿਟ ’ਤੇ ਰੱਖਦਾ ਤਾਂ ਫਿਰ ਘੰਟੀਆਂ ਵੱਜਣ ਲੱਗਦੀਆਂ ਤੇ ਸਾਰੇ ਘਰ ਦੇ ਵਾਤਾਵਰਨ ਨੂੰ ਡਰ ਤੇ ਸ਼ੱਕ ਦੇ ਪਸਾਰੇ ਨਾਲ ਦੂਸ਼ਿਤ ਕਰ ਦਿੰਦੀਆਂ ਸਨ। ਅਖ਼ੀਰ ਉਸ ਨੂੰ ਫੋਨ ਕਟਵਾ ਕੇ ਇਸ ਪੇਚੀਦਾ ਮਸਲੇ ਨੂੰ ਜੜ੍ਹੋਂ ਖ਼ਤਮ ਕਰਨਾ ਪਿਆ ਸੀ।
ਫੋਨ ਤੇ ਗੱਡੀ ਬਿਨਾਂ ਤਾਂ ਪੱਛਮੀ ਮੁਲਖਾਂ ਵਿੱਚ ਬੰਦਾ ਅੱਧਾ ਹੈ!  ਟੈਲੀਫੋਨ ਬਿਨਾਂ ਕਿੱਥੇ ਸਰਦਾ ਹੈ? ਜਸਵਿੰਦਰ ਨੂੰ ਔਖਾ ਹੋ ਕੇ ਦੂਰ-ਸੰਚਾਰ ਯੰਤਰ ਦੁਬਾਰਾ ਲਵਾਉਣਾ ਪਿਆ ਸੀ। ਤੇ ਫਿਰ, ਉਹੀ ਪਹਿਲਾਂ ਵਾਲਾ ਕਜੀਆ ਉਵੇਂ ਦਾ ਉਵੇਂ ਹੀ ਸੀ। ਜਸਵਿੰਦਰ ਨੇ ਪੁਲਿਸ ਅਤੇ ਆਪਣੀ ਟੈਲੀਫੋਨ ਕੰਪਨੀ ਨੂੰ ਵੀ ਕਈ ਜ਼ਬਾਨੀ ਤੇ ਲਿਖਤੀ ਸ਼ਿਕਾਇਤਾਂ ਕੀਤੀਆਂ ਸਨ। ਪਰ ਕੁੱਝ ਨਹੀਂ ਸੀ ਬਣਿਆ। ਉਸ ਦੀ ਫ਼ਰਿਆਦ ਸੁਣਨ ਵਾਲੇ ਸਾਰੇ ਅਵੇਸਲੇ ਹੋਏ ਬੈਠੇ ਸਨ। ਉਸ ਨੂੰ ਕਾਰਵਾਈ ਕਰਨ ਦਾ ਯਕੀਨ ਦੁਆ ਕੇ ਟਰਕਾ ਦਿਆ ਕਰਦੇ ਸਨ।
ਸੰਭਵ ਹੈ ਕਾਲਾਂ ਤੁਹਾਡੇ ਵਤਨ ਇੰਡੀਆ ਜਾਂ ਪਾਕਿਸਤਾਨ ਤੋਂ ਹੋਣ। ਕਿਉਂਕਿ ਅਕਸਰ ਏਸ਼ੀਅਨਾਂ ਦੀਆਂ ਦਰਖਾਸਤਾਂ ਦੀ ਪੜਤਾਲ ਕਰਨ ਪਿੱਛੋਂ ਇਹੀ ਪਤਾ ਲੱਗਦਾ ਹੈ ਕਿ ਫੋਨ ਉਹਨਾਂ ਦੇ ਸਕੇ ਸੰਬੰਧੀਆਂ ਨੇ ਹੀ ਕੀਤੇ ਹੁੰਦੇ ਹਨ ਤੇ ਲਾਈਨਾਂ ਦੀ ਖ਼ਰਾਬੀ ਜਾਂ ਕਿਸੇ ਹੋਰ ਵਜ੍ਹਾ ਕਾਰਨ ਗੱਲ ਨਹੀਂ ਹੋ ਸਕੀ ਹੁੰਦੀ । ਬ੍ਰਿਟਿਸ਼ ਟੈਲੀਕਮ ਦੀ ਨੁਮਾਇਦਾ ਕੁੜੀ ਨੇ ਜਸਵਿੰਦਰ ਦੀ ਸ਼ਿਕਾਇਤ ਸੁਣਨ ਉਪਰੰਤ ਮਸ਼ਵਰਾ ਦਿੱਤਾ ਸੀ।
ਪਰ ਫੇਰ ਨੰਬਰ ਟਰੇਸ ਤਾਂ ਹੋਣਾ ਚਾਹੀਦਾ ਹੈ। ਅੱਗੋਂ ਜਸਵਿੰਦਰ ਨੇ ਖਿੱਝ ਕੇ ਸੁਆਲ ਕਰਿਆ ਸੀ।
“ਨਹੀਂ ਸਰ, ਅੰਤਰਰਾਸ਼ਟਰੀ ਕਾਲਾਂ ਅਸੀਂ ਟਰੇਸ ਨਹੀਂ ਕਰ ਸਕਦੇ।” ਮੁਲਾਜ਼ਮ ਕੁੜੀ ਨੇ ਦ੍ਰਿੜਤਾ, ਤਸੱਲੀ ਅਤੇ ਵਿਸ਼ਵਾਸ ਨਾਲ ਜੁਆਬ ਹਾਜ਼ਰ ਕੀਤਾ ਸੀ।
ਉਸ ਦੀ ਦਲੀਲ ਜਸਵਿੰਦਰ ਦੇ ਦਿਲ ਨੂੰ ਲੱਗ ਗਈ ਸੀ। ਜਸਵਿੰਦਰ ਨੇ ਫ਼ੌਰਨ ਇੰਡੀਆ ਤੋਂ ਪੜਤਾਲ ਕੀਤੀ ਸੀ। ਨਾ ਉਸ ਦੇ ਸਾਹੁਰਿਆਂ ਨੇ ਤੇ ਨਾ ਹੀ ਉਸ ਦੇ ਆਪਣੇ ਪਰਿਵਾਰ ਨੇ ਉਹ ਫੋਨ ਕੀਤੇ ਸਨ।
“ਮੈਨੂੰ ਪਹਿਲਾਂ ਹੀ ਪਤਾ ਸੀ ਇੰਡੀਆ ਵਾਲੇ ਤਾਂ ਸੂਮ ਆ, ਚਿੱਠੀ ਨਹੀਂ ਪਾਉਂਦੇ ਬਈ ਪੈਸੇ ਨਾ ਖਰਚ  ਹੋ ਜਾਣ। ਉਹਨਾਂ ’ਚ ਟੈਲੀਫੂਨ ਕਰਨ ਦਾ ਹੀਆ ਕਿੱਥੋਂ ਪੈ ਜੂ?” ਜਸਵਿੰਦਰ ਦਾ ਮਨ ਪਹਿਲਾਂ ਨਾਲੋਂ ਵੀ ਵਧੇਰੇ ਦੁੱਖੀ ਹੋ ਗਿਆ ਸੀ। ਇੱਕ ਸ਼ੱਕ ਦੀ ਚਿੰਗਾਰੀ ਉਸ ਦੇ ਸੀਨੇ ਵਿੱਚ ਸੁਲਗਣੀ ਸ਼ੁਰੂ ਹੋ ਗਈ ਸੀ। ਕਾਲਾਂ ਦਾ ਉਸ ਨੇ ਕੰਮ ’ਤੇ ਆਪਣੇ ਸਹਾਇਕ ਕਾਮੇ ਕੋਲ ਜ਼ਿਕਰ ਕੀਤਾ ਸੀ,  ਜੋ ਉਸ ਦਾ ਗੁਆਂਢੀ ਵੀ ਸੀ। ਉਸ ਨੇ ਵੀ ਜਸਵਿੰਦਰ ਦੇ ਮਨ ਵਿਚਲੀ ਸ਼ੱਕ ਦੀ ਧੂਣੀ ਨੂੰ ਹਵਾ ਮਾਰ ਕੇ ਹੋਰ ਭਖਾ ਦਿੱਤਾ ਸੀ। ਕਿਧਰੇ ਕੋਈ ਭਰਜਾਈ ’ਤੇ ਟਰਾਈ ਤਾਂ ਨਹੀਂ ਮਾਰਦਾ।
ਇਹ ਗੱਲ ਪੱਕੇ ਤੌਰ ’ਤੇ ਜਸਵਿੰਦਰ ਦੇ ਦਿਮਾਗ ਵਿੱਚ ਘਰ ਕਰ ਗਈ ਸੀ। “ਹਾਂ ਕਿਤੇ ਕਲਵੰਤ ਦਾ ਕੋਈ ਆਸ਼ਕ ਤਾਂ ਨਹੀਂ? ਪਰ ਇੱਥੇ ਤਾਂ ਪਾਲ ਦੀ ਫ਼ੈਕਟਰੀ ਵਿੱਚ ਭੈਣ ਦੀ ਨਿਗਰਾਨੀ ਹੇਠ ਕੰਮ ਕਰਦੀ ਹੈ। ਭੈਣ ਜੀ ਆਪ ਹੀ ਨਾਲ ਲੈ ਕੇ ਜਾਂਦੀ ਹੈ ਤੇ ਉਹੀ ਛੱਡ ਕੇ ਜਾਂਦੀ ਹੈ। ਇਸ ਲਈ ਇੱਥੇ ਕਿਸੇ ਨਾਲ ਟਾਂਕਾ ਜੁੜਨ ਦੀ ਗੁੰਜਾਇਸ਼ ਨਹੀਂ ਹੋ ਸਕਦੀ। – ਹੋ ਸਕਦਾ ਹੈ ਇੰਡੀਆ ਹੋਵੇ। ਉਥੇ ਵੀ ਇੱਥੇ ਵਾਲਾ ਹਾਲ ਹੀ ਹੈ। ਪੜ੍ਹਨ ਕਿਹੜਾ ਜਾਂਦੈ? ਸਕੂਲਾਂ, ਕਾਲਜਾਂ ਵਿੱਚ ਸਭ ਆਸ਼ਕੀ ਕਰਨ ਈ ਜਾਂਦੇ ਆ। – ਹਾਂ ਇਹ ਹੀ ਗੱਲ ਹੋ ਸਕਦੀ ਆ। ਇਹਨੇ ਉਥੇ ਹੀ ਕਿਸੇ ਨਾਲ ਸਾਈਆਂ ਵਧਾਈਆਂ ਲਾਈਆਂ ਹੋਣੀਆਂ ਨੇ।”
ਉਸ ਤੋਂ ਮਗਰੋਂ ਜਦੋਂ ਵੀ ਫੋਨ ਆਉਂਦਾ ਉਹ ਕਲਵੰਤ ਨੂੰ ਚੁੱਕਣ ਲਈ ਆਖਦਾ ਤੇ ਨਾਲ ਹੀ ਆਪ ਵੀ ਦੂਜਾ ਐਕਸਟੈਨਸ਼ਨ ਰਸੀਵਰ ਗੱਲਬਾਤ ਸੁਣਨ ਲਈ ਚੁੱਕ ਲੈਂਦਾ ਸੀ। ਪਰ ਕਲਵੰਤ ਨੂੰ ਵੀ ਕੋਈ ਹੁੰਗਾਰਾ ਨਹੀਂ ਸੀ ਮਿਲਦਾ ਹੁੰਦਾ। ਜਸਵਿੰਦਰ ਦਾ ਫਿਰ ਵੀ ਪਾਰਾ ਚੜ੍ਹ ਜਾਂਦਾ ਸੀ। ਉਹ ਕਲਵੰਤ ਨੂੰ ਕੁੱਟਦਾ ਮਾਰਦਾ ਸੀ। ਉਸ ’ਤੇ ਦੋਸ਼-ਦੂਸ਼ਣ ਲਾਉਂਦਾ ਸੀ। ਅੱਗੋਂ ਕਲਵੰਤ ਉਸਦਿਆਂ ਇਲਜ਼ਾਮਾਂ ਦਾ ਖੰਡਨ ਕਰਦੀ ਹੋਈ, ਮਿੰਨਤਾ ਤਰਲੇ ਕਰਦੀ ਤੇ ਸਹੁੰਆਂ ਖਾਂਦੀ ਰਹਿੰਦੀ ਸੀ। ਪਰ ਉਹ ਕੁੱਝ ਨਹੀਂ ਸੀ ਸੁਣਦਾ ਹੁੰਦਾ। ਉਸ ਨੂੰ ਕੁੱਟ-ਕੁੱਟ ਨਿੱਸਲ ਕਰ ਦਿੰਦਾ ਸੀ ਤੇ ਆਪ ਵੀ ਥੱਕ ਕੇ ਹੱਟ ਜਾਂਦਾ ਸੀ। ਕਲਵੰਤ ਰੋ-ਰਾ ਕੇ ਚੁੱਪ ਕਰ ਜਾਂਦੀ ਸੀ।
ਫਿਰ ਇੱਕ ਦਿਨ ਜਸਵਿੰਦਰ ਨੇ ਉਸ ਨੂੰ ਕੰਮ ਤੋਂ ਹਟਾ ਕੇ ਚੌਵੀ ਘੰਟੇ ਘਰ ਦੀ ਚਾਰ ਦਿਵਾਰੀ ਅੰਦਰ ਨਜ਼ਰਬੰਦ ਰਹਿਣ ਦੀ ਸਜ਼ਾ ਸੁਣਾ ਦਿੱਤੀ ਸੀ। ਉਸ ਨੇ ਕਲਵੰਤ ਨੂੰ ਫੋਨ ਨਾ ਚੁੱਕਣ ਦੀ ਤਾਕੀਦ ਵੀ ਕਰ ਦਿੱਤੀ ਸੀ, “ਹੱਥ ਵੱਢ ਦਿਊਂ ਜੇ ਫੋਨ ਨੂੰ ਹੱਥ ਲਾਇਆ ਤਾਂ।”
ਜਸਵਿੰਦਰ ਦੇ ਵਰਜਣ ਤੋਂ ਬਾਅਦ ਕਦੇ ਵੀ ਕਲਵੰਤ ਨੇ ਫੋਨ ਵੱਲ ਅੱਖ ਕਰਕੇ ਵੀ ਨਹੀਂ ਸੀ ਦੇਖਿਆ।  ਜਸਵਿੰਦਰ ਆਪਣੀ ਗੱਲ ਉੱਤੇ ਹੁੰਦੇ ਅਮਲ ਨੂੰ ਪੜਤਾਲਣ ਲਈ ਆਪ ਕੰਮ ਤੋਂ ਅਕਸਰ ਘਰੇ ਫੋਨ ਕਰਕੇ ਜਾਂਚਦਾ ਰਹਿੰਦਾ ਸੀ।  ਕਲਵੰਤ ਕਦੇ ਫੋਨ ਨਾ ਚੁੱਕਦੀ। ਘੰਟੀਆਂ ਵੱਜ-ਵੱਜ ਹੱਟ ਜਾਂਦੀਆਂ। ਤੇ ਇੰਝ ਜਸਵਿੰਦਰ ਨੂੰ ਤਸੱਲੀ ਹੋ ਜਾਂਦੀ ਸੀ।
ਭਰਿਆ ਪੀਤਾ ਹੋਇਆ ਜਸਵਿੰਦਰ ਕਿਸੇ ਕੋਲ ਦਿਲ ਫਰੋਲਣਾ ਚਾਹੁੰਦਾ ਸੀ। ਉਹ ਲੋਚਦਾ ਸੀ ਕਿ ਕੋਈ ਉਸ ਦਾ ਦੁੱਖ ਸੁੱਖ ਸੁਣੇ। ਮਨ ਹਲਕਾ ਕਰਨ ਲਈ ਇੱਕ ਦਿਨ ਉਸ ਨੇ ਆਪਣੇ ਨਾਲ ਕੰਮ ਕਰਦੇ ਉਸੇ ਹੀ ਸਾਥੀ ਨੂੰ ਆਪਣੀ ਦਰਦ ਕਹਾਣੀ ਦੱਸ ਕੇ ਉਸ ਦੀ ਸਲਾਹ ਮੰਗੀ ਸੀ। ਉਸ ਮਿੱਤਰ ਨੇ ਉਸ ਦੀ ਗੱਲ ਸੁਣ ਕੇ ਉਦੋਂ ਤਾਂ ਹਮਦਰਦੀ ਜਤਾਈ ਸੀ। ਪਰ ਬਾਅਦ ਵਿੱਚ ਸਾਰੀ ਫਾਊਂਡਰੀ ਵਿੱਚ ਢੰਡੋਰਾ ਪਿੱਟ ਕੇ ਜਸਵਿੰਦਰ ਨੂੰ ਕਾਫ਼ੀ ਰੁਸਵਾ ਕੀਤਾ ਸੀ। ਜਸਵਿੰਦਰ ਨੂੰ ਪਰੇਸ਼ਾਨ ਦੇਖ ਕੇ ਤਾਂ ਲੋਕਾਂ ਨੇ ਪਹਿਲਾਂ ਹੀ ਕਿਆਫ਼ੇ ਲਾਏ ਹੋਏ ਸਨ। ਹਰ ਕੋਈ ਉਸ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਲੱਗ ਪਿਆ ਸੀ। ਲੋਕਾਂ ਨੂੰ ਤਾਂ ਜਿਵੇਂ ਮੰਨੋਰੰਜਨ ਲਈ ਅਫ਼ਸਾਨਾ ਮਿਲ ਗਿਆ ਸੀ।  ਫਾਊਂਡਰੀ ਵਿੱਚ ਅਕਸਰ ਲੋਕ ਉਸ ਨੂੰ ਸਿੱਧੇ-ਅਸਿੱਧੇ ਤਰੀਕੇ ਤਾਨੇ-ਤਰਕਾਂ ਕਰਦੇ ਰਹਿੰਦੇ ਸਨ। ਉਹ ਬੇਸ਼ਰਮ ਹੋ ਕੇ ਸਭ ਜਰ ਜਾਂਦਾ ਸੀ।
ਇੱਕ ਦਿਨ ਤਾਂ ਹੱਦ ਹੀ ਹੋ ਗਈ ਸੀ। ਜਦੋਂ ਕਿਸੇ ਨੇ ਜਸਵਿੰਦਰ ਨੂੰ ਜਾਣ ਕੇ ਛੇੜਣ ਲਈ ਟਾਂਚ ਕਰੀ ਸੀ, “ਹੁਸਨ ਵਾਲੇ ਕਬੂਤਰ ਕੀ ਨਸਲ ਹੋਤੇ ਹੈਂ, ਕਭੀ ਇਸ ਕੀ ਬਗਲ ਕਭੀ ਉਸ ਕੀ ਬਗਲ ਹੋਤੇ ਹੈਂ।”
ਬਾਕੀ ਸਾਰੇ ਮਗਰੇ ਦੰਦੀਆਂ ਕੱਢਣ ਲੱਗ ਪਏ ਸਨ। ਇਹ ਸੁਣ ਕੇ ਜਸਵਿੰਦਰ ਨੂੰ ਗੁੱਸਾ ਆ ਗਿਆ ਸੀ। ਪਰ ਉਸ ਨੇ ਅਣਸੁਣਿਆ ਕਰਕੇ ਆਪਣੇ ਆਪ ਨੂੰ ਕਾਬੂ ਵਿੱਚ ਰੱਖਣ ਦਾ ਯਤਨ ਕੀਤਾ ਸੀ।
“ਬਈ ਕਹਿੰਦੇ ਆ ਸੋਹਣੀ ਖਸਮ ਨੂੰ ਸੁੱਤਾ ਪਿਆ ਛੱਡ ਕੇ ਮਹਿਵਾਲ ਦੀ ਬੁੱਕਲ ’ਚ ਜਾ ਬਹਿੰਦੀ ਸੀ।” ਇੱਕ ਹੋਰ ਬੰਦੇ ਨੇ ਘੁੰਮਾ ਫਿਰਾ ਕੇ ਗੱਲ ਕੀਤੀ ਸੀ।
ਜਸਵਿੰਦਰ ਫੇਰ ਵੀ ਖ਼ਾਮੋਸ਼ ਰਹਿ ਕੇ ਗੁੱਸੇ ਨੂੰ ਮਾਰ ਗਿਆ ਸੀ। ਉਹਨੇ ਸਮਝਿਆ ਸੀ ਸ਼ਾਇਦ ਉਹ ਕੋਈ ਹੋਰ ਗੱਲ ਕਰਦੇ ਹੋਣਗੇ।
ਉਹਨਾਂ ਕੋਲ ਹੀ ਖੜ੍ਹੇ ਇੱਕ ਗਾਉਣ ਦੇ ਸ਼ੌਕੀਨ ਮੁੰਡੇ ਨੇ ਸੁਰ ਕੱਢੀ ਸੀ, “ਮੱਕੀ ਦੀ ਰੋਟੀ ਉੱਤੇ ਅੰਬ ਦੀਆਂ ਫਾੜੀਆਂ। ਉਹਨੇ ਸਾਹੁਰੇ ਕੀ ਵਸਣਾ, ਜੀਹਨੇ ਪੇਕੇ ਲਾਈਆਂ ਯਾਰੀਆਂ।”
ਹੁਣ ਤਾਂ ਜਸਵਿੰਦਰ ਨੂੰ ਪੱਕਾ ਹੀ ਯਕੀਨ ਹੋ ਗਿਆ ਸੀ ਕਿ ਉਹ ਉਸ ਨੂੰ ਹੀ ਲਾ ਕੇ ਗੱਲ ਕਰ ਰਹੇ ਸਨ। ਕੁੱਝ ਦੂਰੀ ’ਤੇ ਖੜ੍ਹੇ ਇੱਕ ਹੋਰ ਬਜ਼ੁਰਗ ਨੇ ਗੱਲਬਾਤ ਵਿੱਚ ਸ਼ਿਰਕਤ ਕਰਨ ਲਈ ਕਿਹਾ ਸੀ, “ਮੁੰਡਿਓ ਹਾਣ ਨੂੰ ਹਾਣ ਪਿਆਰਾ ਈ ਹੁੰਦਾ ਐ, ਬਈ।”
ਜਸਵਿੰਦਰ ਰੋਣ ਹਾਕਾ ਹੋ ਗਿਆ ਸੀ। ਇੱਕ ਤਾਂ ਉਹ ਪਹਿਲਾਂ ਹੀ ਪਰੇਸ਼ਾਨ ਸੀ। ਉਤੋਂ ਲੋਕ ਉਸ ਨੂੰ ਚੋਟ-’ਤੇ-ਚੋਟ ਦੇਈ ਜਾ ਰਹੇ ਸਨ। ਸਭ ਸੁਆਦ ਲੈ ਲੈ ਗੱਲਾਂ ਕਰਦੇ ਰਹੇ ਸਨ। ਜਸਵਿੰਦਰ ਨੂੰ ਖ਼ਾਮੋਸ਼ ਦੇਖ ਕੇ ਕੋਈ ਨਾ ਕੋਈ ਸ਼ਿੰਗੜੀ ਛੇੜੀ ਰੱਖਦਾ। ਉਹ ਸਭਨਾਂ ਦੀਆਂ ਗੱਲਾਂ ਸਮਝਦਾ ਹੋਇਆ ਵੀ ਜਾਣ ਕੇ ਅਣਜਾਣ ਬਣਿਆ ਰਿਹਾ ਸੀ। ਉਸ ਦੇ ਨਾਲ ਦੇ ਕਰਿੰਦੇ ਇਹੀ ਸਮਝ ਰਹੇ ਸਨ ਕਿ ਪਰ੍ਹਾਂ ਖੜ੍ਹਾ ਹੋਣ ਕਰਕੇ ਜਸਵਿੰਦਰ ਨੂੰ ਕੁੱਝ ਸੁਣ ਨਹੀਂ ਰਿਹਾ ਸੀ। ਉਹਨਾਂ ਵਿੱਚੋਂ ਹੀ ਇੱਕ ਹੋਰ ਮੀਸਣੇ ਜਿਹੇ ਨੇ ਮਸ਼ਕਰੀ ਕੀਤੀ ਸੀ, “ਉਹਨੇ ਸਹੁਰੀ ਨੇ ਵਲਾਇਤ ਦੇਖ ਕੇ ਹੀ ਖੂਹ ਵਿੱਚ ਛਾਲ ਮਾਰੀ ਐ।”
ਪਾਣੀ ਸਿਰੋਂ ਉੱਚਾ ਚੜ੍ਹਦਾ ਦੇਖ ਕੇ ਜਸਵਿੰਦਰ ਤੋਂ ਬਰਦਾਸ਼ਤ ਨਹੀਂ ਸੀ ਹੋਇਆ ਉਹਨੇ ਉਸ ਬੰਦੇ ਦੇ ਗਲ ਜਾ ਸਾਫਾ ਪਾਇਆ ਸੀ।
“ਖੂਹ ਕਿਹਨੂੰ ਕਹਿੰਨੈਂ ਉਏ?” ਜਸਵਿੰਦਰ ਲੜਨ ’ਤੇ ਉਤਰ ਆਇਆ ਸੀ। ਜਸਵਿੰਦਰ ਨੇ ਉਸ ਸ਼ਖ਼ਸ ਦੇ ਕਈ ਹੂਰੇ ਮਾਰੇ ਸਨ। ਜਸਵਿੰਦਰ ਤੇ ਕਰਤਾਰ ਨੂੰ ਜੱਫੋ-ਜੱਫੀ ਹੋਇਆਂ ਨੂੰ ਜਿਹੜਾ ਛੁਡਾਉਣ ਆਉਂਦਾ ਸੀ, ਜਸਵਿੰਦਰ ਇੱਕ ਅੱਧਾ ਘਸੁੰਨ ਉਹਦੇ ਵੀ ਜੜ ਦਿੰਦਾ ਸੀ। ਕੁੱਝ ਸਮਝਦਾਰਾਂ ਨੇ ਵਿੱਚ ਪੈ ਕੇ ਉਹਨਾਂ ਨੂੰ ਲੜਨੋਂ ਹਟਾ ਦਿੱਤਾ ਸੀ।
“ਸਿਆਣੇ ਕਹਿੰਦੇ ਨੇ ਰਿਸ਼ਤੇ ਬਰਾਬਰ ਵਿੱਚ ਹੀ ਨਿਭਦੇ ਨੇ। ਕਿੱਥੇ ਉਹ ਤੇ ਕਿੱਥੇ ਤੂੰ? ਕੋਈ ਮੇਲ ਏ ਭਲਾਂ?” ਕਰਤਾਰ ਨੇ ਪੱਗ ਨੂੰ ਸੂਤ ਕਰਦਿਆਂ ਕਿਹਾ ਸੀ।
ਜਸਵਿੰਦਰ ਨੂੰ ਦੋ ਤਿੰਨ ਜਾਣਿਆਂ ਨੇ ਫੜਿਆ ਹੋਇਆ ਸੀ। ਗੁੱਸੇ ਕਾਰਨ ਜਸਵਿੰਦਰ ਦਾ ਚਿਹਰਾ ਭੱਖਿਆ ਪਿਆ ਸੀ।
“ਪਹਿਲਾਂ ਜਨਾਨੀ ਤਾਂ ਸਾਂਭ ਲੈ  ਵੱਡਾ ਵੈਲੀ ਬਣਿਆ ਫਿਰਦੈ।” ਕਰਤਾਰ ਨੇ ਫੱਟਿਆ ਝੱਗਾ ਦੇਖ ਕੇ ਆਪਣੀ ਭੜਾਸ ਕੱਢੀ ਸੀ।
ਜਲਦ ਹੀ ਸਾਰੇ ਮੁੜ ਕੇ ਆਪੋਂ ਆਪਣੇ ਕੰਮਾਂ ’ਤੇ ਜਾ ਲੱਗੇ ਸਨ। ਜਿੰਨੇ ਮੂੰਹ ਓਨੀਆਂ ਗੱਲਾਂ । ਜਸਵਿੰਦਰ ਕਿਸ ਕਿਸ ਦੀ ਜ਼ਬਾਨ ਨੂੰ ਫੜਦਾ। ਉਸ ਦੀ ਕਿਸੇ ਨਾਲ ਨਹੀਂ ਬਣਦੀ ਸੀ। ਤੰਗ ਆ ਕੇ ਉਹਨੇ ਘਰ ਦੇ ਨਜ਼ਦੀਕ ਹੀ ਕਿਸੇ ਹੋਰ ਕੱਪੜਿਆਂ ਦੀ ਫ਼ੈਕਟਰੀ ਵਿੱਚ ਕੰਮ ਲੱਭ ਲਿਆ ਸੀ। ਪਰ ਉਸ ਦੀ ਮਾਨਸਿਕ ਦਸ਼ਾ ਵਿੱਚ ਕੋਈ ਸੁਧਾਰ ਨਹੀਂ ਸੀ ਆਇਆ। ਸਗੋਂ ਉਹ ਅੰਦਰੋਂ ਅੰਦਰ ਹੀ ਖੁਰੀ ਜਾ ਰਿਹਾ ਸੀ ਤੇ ਮਰਨ ਦੀ ਯਾਚਨਾ ਕਰਨ ਲੱਗ ਪਿਆ ਸੀ। ਉਸ ਨੂੰ ਆਤਮ- ਗਿਲਾਨੀ,  ਕਲਵੰਤ ਨਾਲ ਘ੍ਰਿਣਾ ਤੇ ਜਮਾਨੇ ਨਾਲ ਨਫ਼ਰਤ ਹੋ ਗਈ ਸੀ। ਪਰੇਸ਼ਾਨੀਆਂ ਦੇ ਭੰਵਰ ਨੇ ਆਪਣੀ ਲਪੇਟ ਵਿੱਚ ਲੈ ਕੇ ਜਸਵਿੰਦਰ ਨੂੰ ਅਲਕੋਹਲ ਡਿਪੈਂਡਨਟ ਬਣਾ ਦਿੱਤਾ ਸੀ। ਉਹ ਬਿਨ ਨਾਗਾ ਸ਼ਰਾਬ, ਸਿਗਰਟਾਂ ਅਤੇ ਹੋਰ ਕਈ ਪ੍ਰਕਾਰ ਦੇ ਨਸ਼ਿਆਂ ਦਾ ਸੇਵਨ ਕਰਨ ਲੱਗ ਪਿਆ ਸੀ।
ਕਲਵੰਤ ਵੱਲ ਦੇਖ ਕੇ ਜਾਂ ਉਸ ਬਾਰੇ ਸੋਚਣ ’ਤੇ ਵੀ ਜਸਵਿੰਦਰ ਦਾ ਦਿਲ ਦੁੱਖੀ ਹੋ ਜਾਂਦਾ ਸੀ। ਜਿਸ ਦੀ ਵਜ੍ਹਾ ਕਰਕੇ ਉਹ ਡਿਪਰੈਸ਼ਨ (ਤਨਾਉ) ਦਾ ਰੋਗੀ ਹੋ ਗਿਆ ਸੀ। ਐਟੀਂਡਿਪਰੈਸਟ, ਟ੍ਰੈਂਕਵਿਲਾਇਜ਼ਰ, ਸਲੀਪਿੰਗ ਪਿੱਲਸ ਉਸ ਦੇ ਜੀਵਨ ਦਾ ਇੱਕ ਹਿੱਸਾ ਬਣ ਗਈਆਂ ਸਨ। ਜਸਵਿੰਦਰ ਦੇ ਮਨ ਵਿਚਲੀਆਂ ਜੀਣ ਦੀਆਂ ਸਭ ਹਸਰਤਾਂ ਦਮ ਤੋੜ ਗਈਆਂ ਸਨ। ਉਹ ਦਿਨਾਂ ਵਿੱਚ ਹੀ ਕੁੱਝ ਦਾ ਕੁੱਝ ਬਣ ਗਿਆ ਸੀ।
ਪੂਰੇ ਦੋ ਮਹੀਨੇ ਤੋਂ ਇਸ ਤਰ੍ਹਾਂ ਚੱਲ ਰਿਹਾ ਸੀ। ਉਹ ਦਿਨ ਰਾਤ ਨਸ਼ੇ ਵਿੱਚ ਧੁੱਤ ਰਹਿੰਦਾ ਸੀ। ਦੋ-ਚੌਂਹ ਦਿਨਾਂ ਦੇ ਵਕਫ਼ੇ ਪਿੱਛੋਂ ਕਲਵੰਤ ਨੂੰ ਛੁਲਕ ਸੁੱਟਦਾ ਸੀ। ਉਹ ਇੱਕ ਦੂਜੇ ਨੂੰ ਬੋਲ-ਬਾਣੀ ਪੱਖੋਂ ਸਦੀਵੀ ਛੇਕਣ ਦਾ ਪ੍ਰਣ ਵੀ ਕਰਦੇ ਸਨ। ਪਰ ਦੋ ਤਿੰਨਾਂ ਦਿਨਾਂ ਪਿੱਛੋਂ ਹੀ ਕੋਈ ਲੋੜ ਉਹਨਾਂ ਵਿੱਚ ਲਫ਼ਜ਼ੀ ਸੰਪਰਕ ਕਾਇਮ ਕਰਵਾ ਦਿੰਦੀ ਸੀ। ਕਲਵੰਤ ਅਜੇ ਬੀਤਿਆ ਭੁੱਲੀ ਵੀ ਨਹੀਂ ਸੀ ਹੁੰਦੀ ਕਿ ਫਿਰ ਇੱਕ ਅੱਧੇ ਦਿਨ ਮਗਰੋਂ ਉਹੀ ਵੱਢ-ਟੁੱਕ ਚਾਲੂ ਹੋ ਜਾਂਦੀ ਸੀ।
ਇਸ ਵਾਰ ਪਹਿਲੀ ਮਰਤਬਾ ਉਹਨਾਂ ਦੇ ਝਗੜੇ ਪਿੱਛੋਂ ਬੋਲਣ-ਚੱਲਣ ਵਿੱਚ ਇੱਕ ਹਫ਼ਤੇ ਦਾ ਅੰਤਰਾਲ ਪਿਆ ਸੀ। ਬਹੁਤੀ ਬਦਨਾਮੀ ਦੇ ਡਰੋਂ ਉਹ ਦੜ ਵੱਟੀ ਬੈਠਾ ਸੀ। ਨਹੀਂ ਤਾਂ ਕਦੋਂ ਦਾ ਗੁੱਤੋਂ ਫੜ ਕੇ ਕਲਵੰਤ ਨੂੰ ਦਰੋਂ ਬਾਹਰ ਕੱਢ ਦਿੰਦਾ। ਬਸ ਉਹ ਤਾਂ ਚੁੱਪਚਾਪ ਕਲਵੰਤ ਦੇ ਘਰ ਛੱਡ ਕੇ ਕਿਸੇ ਨਾਲ ਕਿਤੇ ਚਲੀ ਜਾਣ ਦੀ ਉਡੀਕ ਕਰ ਰਿਹਾ ਸੀ।
ਕਾਫ਼ੀ ਚਿਰ ਹੋ ਗਿਆ ਸੀ ਜਸਵਿੰਦਰ ਨੂੰ ਲੇਟਿਆਂ ਹੋਇਆਂ। ਪਰ ਨੀਂਦ ਉਸ ਦੇ ਨੈਣਾਂ ਦੇ ਕੋਲ ਵੀ ਨਹੀਂ ਸੀ ਭਟਕੀ। ਬੜੇ ਹੀ ਭਲੇ ਬੁਰੇ ਵਿਚਾਰ ਉਸ ਦੇ ਮਨ ਵਿੱਚ ਆ ਰਹੇ ਸਨ। ਉਹ ਜ਼ਿੰਦਗੀ ਤੋਂ ਐਨਾ ਉਕਤਾ ਗਿਆ ਸੀ ਤੇ ਸੋਚਦਾ ਸੀ ਸ਼ੀਸ਼ੀ ਵਿੱਚ ਪਈਆਂ ਗੋਲੀਆਂ ਦਾ ਇੱਕੋ ਫੱਕਾ ਮਾਰ ਕੇ ਜ਼ਿੰਦ ਖਲਾਸੀ ਕਰੇ।
ਜਸਵਿੰਦਰ ਨੂੰ ਪ੍ਰਤੀਤ ਹੋਇਆ ਜਿਵੇਂ ਉਹ ਅੰਦਰੋਂ ਖੋਖਲਾ ਹੋ ਕੇ ਰਹਿ ਗਿਆ ਹੋਵੇ। ਉਸ ਨੂੰ ਲੱਗਿਆ ਜਿਵੇਂ ਉਹ ਆਪਣੀ ਪਹਿਲਾਂ ਵਾਲੀ ਮਰਦਾਨਗੀ ਅਤੇ ਦਰਸ਼ਨੀ ਦਿੱਖ ਨੂੰ ਕਾਇਮ-ਦਾਇਮ ਨਹੀਂ ਸੀ ਰੱਖ ਸਕਿਆ। ਦਿਨ ਭਰ ਵਿੱਚ ਕੀਤੀ ਸਖ਼ਤ ਮੁਸ਼ੱਕਤ ਦੇ ਭੰਨ ਸੁੱਟਣ ਕਾਰਨ ਘਰੇ ਆ ਕੇ ਉਸ ਤੋਂ ਕੁੱਝ ਨਹੀਂ ਸੀ ਕਰ ਹੁੰਦਾ। ਮੰਜੇ ਉਤੇ ਡਿੱਗਦਿਆਂ ਹੀ ਨੀਂਦਰ ਆ ਜਾਂਦੀ ਸੀ। ਸ਼ਾਇਦ ਇਹੀ ਵਜ੍ਹਾ ਹੈ। ਕਲਵੰਤ ਦੇ ਪੁਰਾਣੇ ਇਸ਼ਕ ਦੇ ਦੁਬਾਰਾ ਪਲਪਣ ਦੀ। ਮੈਥੋਂ ਉਹਨੂੰ ਸੰਤੁਸ਼ਟ ਨਹੀਂ ਕਰ ਹੁੰਦਾ। ਇਹ ਸੋਚ ਕੇ ਜਸਵਿੰਦਰ ਦਾ ਮਨ ਐਨਾ ਕੌੜਾ ਹੋ ਗਿਆ, ਜਿਵੇਂ ਉਸ ਨੇ ਅੱਕ ਚੱਬ ਲਿਆ ਹੁੰਦਾ ਹੈ।
ਅਗਲੇ ਹੀ ਪਲ ਉਹਨੇ ਹਿਰਖ ਵਿੱਚ ਸੋਚਿਆ, ਆਤਮਹੱਤਿਆ ਕਰ ਲਵਾਂ ਜਾਂ ਇਹਨੂੰ ਬਦਕਾਰ ਰੰਨ ਨੂੰ ਹੀ ਕਤਲ ਕਰ ਦੇਵਾਂ।
ਕਲਵੰਤ ਵੀ ਬਿਨ ਜਲ ਦੇ ਮੱਛਲੀ ਵਾਂਗ ਤੜਫ਼ੀ ਜਾ ਰਹੀ ਸੀ। ਉਹ ਵੀ ਕਾਫ਼ੀ ਚਿਰ ਤੱਕ ਪਾਸੇ ਮਾਰਦੀ ਰਹੀ। ਚੁੱਪ ਦੀ ਇੱਕ ਮਜ਼ਬੂਤ ਕੰਧ ਉਹਨਾਂ ਨੇ ਆਪਣੇ ਦਰਮਿਆਨ ਉਸਾਰੀ ਹੋਈ ਸੀ। ਇੱਕ ਪਲੰਘ ’ਤੇ ਸਾਂਝੀ ਰਜਾਈ ਵਿੱਚ ਵੀ ਉਹ ਵੱਖੋ-ਵੱਖਰੇ ਹੋਏ ਪਏ ਸਨ।
ਜਸਵਿੰਦਰ ਨੇ ਆਪਣੇ ਅਤੀਤ ’ਤੇ ਉੱਡਦੀ ਨਜ਼ਰ ਮਾਰੀ, “ਇਹ ਦੁਨੀਆਂ ਹੀ ਮਤਲਬ ਦੀ ਹੈ। ਇੱਥੇ ਕੋਈ ਕਿਸੇ ਦਾ ਮਿੱਤ ਨਹੀਂ। ਸਭ ਸਾਲੇ ਗੌਂ ਦੇ ਈ ਯਾਰ ਆ।”
ਪਾਸਾ ਪਰਤ ਕੇ ਜਸਵਿੰਦਰ ਨੇ ਕਲਵੰਤ ਵੱਲ ਦੇਖਿਆ, ਸ਼ਾਇਦ ਉਹ ਸੌਂ ਗਈ ਸੀ। ਸਟਰੀਟ ਲਾਈਟ ਬੈਡਰੂਮ ਦੀ ਖਿੜਕੀ ਤੋਂ ਬਹੁਤੀ ਦੂਰ ਨਹੀਂ ਸੀ। ਭਾਵੇਂ ਪਰਦਿਆਂ ਨੇ ਅੰਦਰ ਆਉਂਦੀ ਰੋਸ਼ਨੀ ਨੂੰ ਮੱਧਮ ਕਰ ਦਿੱਤਾ ਸੀ। ਫਿਰ ਵੀ ਕਮਰਾ ਏਨਾ ਕੁ ਤਾਂ ਪ੍ਰਕਾਸ਼ਮਾਨ ਸੀ ਕਿ ਹਰ ਸ਼ੈਅ ਸਪਸ਼ਟ ਨਜ਼ਰ ਆਉਂਦੀ ਸੀ। ਜਸਵਿੰਦਰ ਕਲਵੰਤ ਦੀ ਤਰਫ਼ ਤੱਕਦਾ ਰਿਹਾ। ਉਹ ਉਸ ਵੱਲ ਪਿੱਠ ਕਰੀ ਪਈ ਸੀ। ਜਸਵਿੰਦਰ ਨੇ ਉਹਦੇ ਤੋਂ ਲਾਹ ਕੇ ਰਜਾਈ ਥੱਲੇ ਕਰ ਦਿੱਤੀ। ਕਲਵੰਤ ਦੇ ਡੂੰਘੇ ਗਲਵੇਂ ਵਾਲਾ ਕਾਮਚੋਲਨਾ ਸੂਟ ਪਹਿਨਿਆਂ ਹੋਇਆ ਸੀ। ਉਹ ਕਲਵੰਤ ਦੀ ਗਰਦਨ ਅਤੇ ਉਸ ਦੇ ਮੌਰਾਂ ਦਾ ਜੋ ਹਿੱਸਾ ਗਲਵੇਂ ਦੀ ਗੋਲ ਕਟਾਈ ਤੋਂ ਬਾਹਰ ਹੋਣ ਕਰਕੇ ਨੰਗਾ ਸੀ, ਉਸ ਨੂੰ ਨਿਗਾਹ ਟਿਕਾ ਕੇ ਦੇਖਣ ਲੱਗਾ। ਉਸ ਨੂੰ ਕਲਵੰਤ ਦੇ ਉਸ ਅਣਢੱਕੇ ਮਾਸ ਵੱਲ ਦੇਖਣਾ ਚੰਗਾ ਲੱਗਣ ਲੱਗਿਆ। ਉਹ ਹੋਰ ਨੀਝ ਨਾਲ ਤੱਕਦਾ ਰਿਹਾ। ਕਲਵੰਤ ਦੀ ਪਿੱਠ ਦਾ ਜੋ ਭਾਗ ਕੱਜਿਆ ਹੋਇਆ ਸੀ, ਉਹ  ਪਹਿਲਾਂ ਅਣਕੱਜਿਆ ਦੇਖਿਆ ਹੋਣ ਕਰਕੇ ਜਸਵਿੰਦਰ ਦੀ ਕਲਪਨਾ ਸ਼ਕਤੀ ਨੇ ਉੱਘਾੜ ਕੇ ਹੂ-ਬ-ਹੂ ਨਗਨ ਰੂਪ ਵਿੱਚ ਉਸ ਦੀਆਂ ਨਜ਼ਰਾਂ ਦੇ ਮੂਹਰੇ ਲੈ ਆਂਦਾ। ਐਨੇ ’ਚ ਹੀ ਜਸਵਿੰਦਰ ਦੇ ਅੰਗਾਂ ਨੇ ਅਵਸਥਾ ਬਦਲਨੀ ਸ਼ੁਰੂ ਕੀਤੀ।
“ਅਜੇ ਤਾਂ ਪੂਰੀ ਗਊ ਅਰਗੀ ਸੀਲ ਆ। ਕੱਲ੍ਹ ਨੂੰ ਜੇ ਛੜਾਂ ਮਾਰੂਗੀ ਤਾਂ ਦੇਖੀ ਜਾਊ। ਹਾਲੇ ਤਾਂ ਮਜ਼ਾ ਲੁੱਟਾਂ। ਹੁਸਨ ਦੀ ਗੰਗਾ ਵਿੱਚ ਗੋਤੇ ਲਾਵਾਂ।” ਜਸਵਿੰਦਰ ਦੇ ਦਿਮਾਗ ਵਿੱਚ ਵਾਸਨਾ ਦੇ ਜਾਗ ਨਾਲ ਮਤਲਬੀ ਸੋਚ ਦੇ ਫੁੱਟ ਜੰਮ ਗਏ। ਉਹ ਕਲਵੰਤ ਦੇ ਕੋਲ ਨੂੰ ਜ਼ਰਾ ਕੁ ਸਰਕਿਆਂ ਤੇ ਕੂਹਣੀ ਦੇ ਬਲ ਉੱਠਿਆ। ਉਹਦਾ ਕੰਬਦਾ ਹੱਥ ਕਲਵੰਤ ਦੀ ਢੂਹੀ ਨੂੰ ਸਹਿਲਾਉਣ ਲੱਗਿਆ। ਕਲਵੰਤ ਦਾ ਪਿੰਡਾ ਬੁਰੀ ਤਰ੍ਹਾਂ ਭੱਖ ਰਿਹਾ ਸੀ। ਇੰਝ ਸੇਕ ਮਾਰਦਾ ਸੀ ਜਿਵੇਂ ਉਸ ਨੂੰ ਸਖ਼ਤ ਤਾਪ ਚੜ੍ਹਿਆ ਹੋਵੇ।
ਕਲਵੰਤ ਨੇ ਊਂਘਦੀ ਹੋਈ ਨੇ ਕਰਵਟ ਬਦਲ ਕੇ ਜਸਵਿੰਦਰ ਵੱਲ ਤੱਕਿਆ। ਖ਼ੌਰੇ ਜਸਵਿੰਦਰ ਦੇ ਛੁਹਣ ਨਾਲ ਉਸ ਨੂੰ ਜਾਗ ਆ ਗਈ ਸੀ ਜਾਂ ਸ਼ਾਇਦ ਉਹ ਸੁੱਤੀ ਹੀ ਨਹੀਂ ਸੀ।
ਹੁਣ ਪਿੱਛੇ ਦੀ ਬਜਾਏ ਜਸਵਿੰਦਰ ਦੇ ਹੱਥ ਉਸ ਦੇ ਅੱਗੇ ’ਤੇ ਗਸ਼ਤ ਕਰਨ ਲੱਗ ਪਏ ਸਨ। ਰਸੀਦੀ ਟਿਕਟ ’ਤੇ ਕਰੇ ਹਸਤਾਖਰਾਂ ਵਾਂਗ ਉਹ ਸਾਰੇ ਦਾ ਸਾਰਾ ਸਿਰ ਤੋਂ ਪੈਰਾਂ ਤੱਕ ਕਲਵੰਤ ਦੇ ਉੱਪਰ ਪਿਆ ਸੀ।  ਕਲਵੰਤ ਜਸਵਿੰਦਰ ਦੇ ਭਾਰ  ਥੱਲੇ ਕੁਚਲੀ ਜਾਂਦੀ ਹੋਈ ਵੀ ਉਸ ਦੇ ਹੁਕਮਾਂ ਦੀ ਤਾਮੀਲ ਕਰੀ ਜਾ ਰਹੀ ਸੀ…।
ਕਾਫ਼ੀ ਦੇਰ ਉਹ ਆਪਣਾ ਜਿਸਮ ਨਿੱਘਾ ਕਰਦਾ ਰਿਹਾ ਤੇ ਕਲਵੰਤ ਸਿਸਕੀਆਂ ਭਰਦੀ ਰਹੀ। ਪਰ੍ਹ ਕੱਟੇ ਪੰਛੀ ਵਾਂਗ ਫੁੜਕਦੀ ਤੇ ਸਹਿਕਦੀ ਰਹੀ । ਅਹਿਲ ਤੇ ਅਬੋਲ ਪਈ ਸਿਗਰਟਾਂ ਤੇ ਸ਼ਰਾਬ ਦੀ ਹੁਬਾੜ ਨੂੰ ਝੱਲਦੀ ਰਹੀ। ਕਲਵੰਤ ਨੂੰ ਰੋਣਾ ਆਉਂਦਾ ਸੀ ਪਰ ਉਹ ਬੁੱਲ੍ਹ ਚਿੱਥ ਕੇ ਮਾਮੋਸ਼ੀ ਨਾਲ ਸਭ ਕੁੱਝ ਜਰਦੀ ਰਹੀ।
ਬਾਹਰ ਮੌਸਲੇਧਾਰ ਮੀਂਹ ਵਰੀ ਜਾ ਰਿਹਾ ਸੀ।… ਬੱਦਲ ਗਰਜੀ ਜਾ ਰਹੇ ਸਨ।… ਬਿਜਲੀ ਲਿਸ਼ਕੀ ਜਾ ਰਹੀ ਸੀ।…
ਹੰਬ-ਹੌਂਕ ਕੇ ਜਸਵਿੰਦਰ ਮੁੜ ਪਹਿਲਾਂ ਦੀ ਤਰ੍ਹਾਂ ਕਲਵੰਤ ਨਾਲੋਂ ਕੁੱਝ ਫ਼ਰਕ ਨਾਲ ਪੈ ਗਿਆ। ਥੱਕਿਆ ਟੁੱਟਿਆ ਹੋਣ ਕਾਰਨ ਉਹ ਛੇਤੀ ਹੀ ਨੀਂਦ ਨਾਲ ਲੁੜਕ ਗਿਆ।
ਗੜਿਆਂ ਦੀ ਮਾਰ ਹੇਠ ਆਉਂਣ ਨਾਲ ਧਰਤੀ ’ਤੇ ਡੱਗੀ ਫਸਲ ਵਾਂਗ ਕਲਵੰਤ ਉੱਥੇ ਬਿਸਤਰੇ ਵਿੱਚ ਭੰਨੀ-ਤੋੜੀ ਨਿਰਜ਼ਿੰਦ ਜਿਹੀ ਹੋ ਕੇ ਉਵੇਂ ਦੀ ਉਵੇਂ ਹੀ ਪਈ ਰਹੀ। ਉਸ ਵਿੱਚ ਉੱਠ ਕੇ ਦੁਬਾਰਾ ਕੱਪੜੇ ਪਹਿਨਣ ਦੀ ਵੀ ਹਿੰਮਤ ਨਹੀਂ ਸੀ। ਉਸ ਦਾ ਬੁਖਾਰ ਹੋਰ ਤੇਜ਼ ਹੁੰਦਾ ਜਾ ਰਿਹਾ ਸੀ।
ਪਹੁ ਫੁਟਾਲਾ ਹੋ ਚੁੱਕਿਆ ਸੀ। ਜਿਸ ਵਕਤ ਕਲਵੰਤ ਰੋਜ਼ ਉੱਠਦੀ ਹੁੰਦੀ ਸੀ। ਉਸੇ ਵੇਲੇ ਹੀ ਉੱਠਣ ਦਾ ਯਤਨ ਕਰਨ ਲੱਗੀ। ਦੇਹ ਕਲਵੰਤ ਦਾ ਸਾਥ ਨਹੀਂ ਸੀ ਦੇ ਰਹੀ। ਪਰ ਕਿਵੇਂ ਨਾ ਕਿਵੇਂ ਉਸ ਨੇ ਹਿੰਮਤ ਜੁਟਾਈ ਤੇ ਸਮੁੱਚੀ ਤਾਕਤ ਲਾ ਕੇ ਉੱਠੀ। ਥੱਲੇ ਰਸੋਈ ਵਿੱਚ ਜਾ ਕੇ ਉਹਨੇ ਜਸਵਿੰਦਰ ਲਈ ਚਾਹ ਅਤੇ ਖਾਣਾ ਤਿਆਰ ਕੀਤਾ।
ਜਸਵਿੰਦਰ ਪੌੜੀਆਂ ਉਤਰ ਰਿਹਾ ਸੀ ਤੇ ਕਲਵੰਤ ਵਾਪਸ ਚੜ੍ਹਨ ਲਈ ਜੱਦੋ-ਜਹਿਦ ਕਰ ਰਹੀ ਸੀ। ਕਲਵੰਤ ਵਿੱਚ ਬਿਲਕੁਲ ਵੀ ਸਤਿਆ ਨਹੀਂ ਸੀ ਰਹੀ। ਸੀੜੀਆਂ ਦੇ ਮੱਧ ਵਿੱਚ ਜਦੋਂ ਉਹ ਦੋਨੋਂ ਇੱਕੋ ਪੌੜੀ ’ਤੇ ਇਕੱਠੇ ਹੋਏ ਤਾਂ ਵਕਫ਼ੇ ਤੋਂ ਲੰਘਦਿਆਂ ਹੋਇਆਂ ਵੀ ਜਸਵਿੰਦਰ ਨੂੰ ਰਾਤ ਵਾਲਾ ਸੇਕ ਕਲਵੰਤ ਦੇ ਪਿੰਡੇ ਚੋਂ ਫਿਰ ਮਹਿਸੂਸ ਹੋਇਆ। ਉਹ ਜਾਣ ਚੁੱਕਿਆ ਸੀ ਕਿ ਕਲਵੰਤ ਨੂੰ ਬੁਖ਼ਾਰ ਚੜ੍ਹਿਆ ਹੋਇਆ ਹੈ। ਪਰ ਫੇਰ ਵੀ ਉਸ ਨੇ ਕੋਈ ਧਿਆਨ ਨਾ ਦਿੱਤਾ।
“ਮਰੇ ਖਪੇ, ਮੈਨੂੰ ਕੀ? ਸਾਲੀ ਨੇ ਉਈਂ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ। ਚੰਗਾ ਰਹਿੰਦਾ ਜੇ ਵਿਆਹ ਨਾ ਕਰਵਾਉਂਦਾ। ਜਿੱਥੇ ਐਨੀ ਬੀਤੀ ਸੀ, ਉੱਥੇ ਹੋਰ ਲੰਘ ਜਾਂਦੀ । ਆਹ ਸਿਆਪਾ ਤਾਂ ਨਾ ਪੈਂਦਾ।” ਇੰਝ ਬੁੜਬੁੜ ਕਰਦਾ ਹੋਇਆ ਕੁਨੈਣ ਖਾਧੀ ਵਾਲਿਆਂ ਵਰਗਾ ਮੂੰਹ ਬਣਾ ਕੇ ਜਸਵਿੰਦਰ ਆਪਣਾ ਰੋਟੀ ਵਾਲਾ ਝੋਲਾ ਚੁੱਕ ਕੇ ਦਰੋਂ ਨਿਕਲ ਗਿਆ।
ਬੂੰਦਾ-ਬੂੰਦੀ ਰਾਤ ਵਾਂਗ ਜਾਰੀ ਸੀ।
ਘਰ ਤੋਂ ਅਜੇ ਉਹ ਕੁੱਝ ਗਜ਼ਾ ਦੀ ਹੀ ਦੂਰੀ ’ਤੇ ਗਿਆ ਸੀ ਕਿ ਇੱਕ ਟੁੱਟੀ ਜਿਹੀ ਸਕੋਡਾ ਕਾਰ ਉਸ ਦੇ ਕੋਲ ਆ ਕੇ ਰੁੱਕੀ। ਉਸ ਨੇ ਕੋਈ ਗੌਰ ਨਾ ਕੀਤੀ ਤੇ ਆਪਣੇ ਧਿਆਨ ਤੁਰਦਾ ਗਿਆ। ਕਾਰ ਦਾ ਹਾਰਨ ਵੱਜਿਆ ਜਸਵਿੰਦਰ ਨੇ ਪਿੱਛੇ ਪਰਤ ਕੇ ਦੇਖਿਆ, ਕਾਰ ਵਿੱਚ ਜੈਨ ਸੀ।
ਜੈਨ ਦੇ ਕਾਰ ਦਾ ਦਰਵਾਜ਼ਾ ਖੋਲ੍ਹਦਿਆਂ ਹੀ ਉਹ ਬਿਨਾਂ ਕੁੱਝ ਪੁੱਛਿਆਂ ਵਿੱਚ ਬੈਠ ਗਿਆ। ਜੈਨ ਨੇ ਜਸਵਿੰਦਰ ਨੂੰ ਬਾਹਾਂ ਵਿੱਚ ਲੈ ਕੇ ਉਸ ਦੇ ਬੁੱਲ੍ਹਾਂ ਤੋਂ ਰਸਮੀ ਜਿਹਾ ਮਿਲਾਪ ਚੁੰਮਣ ਲਿਆ। ਉਹਨੂੰ ਜੈਨ ਦੇ ਅਜਿਹਾ ਕਰਨ ਵਿੱਚੋਂ ਅਪਣੱਤ ਤੇ ਪਿਆਰ ਦਾ ਝਲਕਾਰਾ ਪਿਆ। ਜਸਵਿੰਦਰ ਦਾ ਦਿਲ ਕਰਦਾ ਸੀ ਕਿ ਉਹ ਜੈਨ ਦੇ ਗਲ ਲੱਗ ਕੇ ਰੱਜ-ਰੱਜ ਰੋਵੇ ਤੇ ਨਾਲੇ ਉਸ ਨੂੰ ਆਪਣੇ ਸਾਰੇ ਦੁੱਖ ਦੱਸੇ। ਵਿਆਹ ਤੋਂ ਬਾਅਦ ਤਾਂ ਉਸ ਨੂੰ ਜੈਨ ਦਾ ਖ਼ਿਆਲ ਹੀ ਨਹੀਂ ਸੀ ਆਇਆ।
“ਅੱਜ ਬੜੇ ਚਿਰ ਬਾਅਦ ਮਿਲੇ ਆਂ ।” ਜਸਵਿੰਦਰ ਨੇ ਹੈਰਤ ਨਾਲ ਕਿਹਾ।
“ਮੈਂ ਤਾਂ ਤੈਨੂੰ ਦੋ ਮਹੀਨੇ ਹੋ ਗਏ ਮਿਲਣ ਦੀ ਕੋਸ਼ਿਸ਼ ਕਰਦੀ ਫਿਰਦੀ ਹਾਂ।” ਜੈਨ ਨੇ ਕਾਰ ਦੇ ਵਾਈਪਰ ਤੇਜ਼ ਕਰਦਿਆਂ ਆਪਣਾ ਪੱਖ ਪੇਸ਼ ਕਰਿਆ।
“ਚੱਲ ਝੂਠੀ।” ਜਸਵਿੰਦਰ ਨੂੰ ਯਕੀਨ ਨਾ ਆਇਆ।
“ਨਹੀਂ ਸੱਚੀਂ, ਰੱਬ ਦੀ ਸਹੁੰ। ਦਰਅਸਲ ਮੈਨੂੰ ਤੇਰੇ ਤੱਕ ਇੱਕ ਕੰਮ ਸੀ।” ਜੈਨ ਦੀ ਤੱਕਣੀ ਵਿੱਚ ਸੰਜ਼ੀਦਗੀ ਤੇ ਬੋਲਾਂ ਵਿੱਚ ਝਿਜਕ ਸੀ।
“ਕੰਮ?” ਹੈਰਾਨਕੁਨ ਜਸਵਿੰਦਰ ਉਸ ਵੱਲ ਦੇਖਦਾ ਰਿਹਾ।
ਜੈਨ ਨੇ ਆਪਣੀ ਅਰਜ਼ਦਾਸ਼ਤ ਦਾ ਆਰੰਭ ਕਰਿਆ, “ਹਾਂ ਮੈਨੂੰ ਹਜ਼ਾਰ ਪੌਂਡ ਉਧਾਰ ਚਾਹੀਦਾ ਹੈ। ਮੈਂ ਤੈਨੂੰ ਮੋੜ ਦੇਊਂਗੀ। ਮੇਰੇ ਘਰ ਦੀ ਕੁਰਕੀ ਹੋ ਜਾਣੀ ਨਹੀਂ ਤਾਂ  ਮੈਨੂੰ ਕਿਵੇਂ ਨਾ ਕਿਵੇਂ ਬੰਦੋਬਸਤ ਕਰ ਕੇ ਦੇ । ਮੈਂ ਤੇਰੀ ਪਾਈ-ਪਾਈ ਚੁੱਕਾ ਦੇਊਂਗੀ।” ਜੈਨ ਫਟਾਫਟ ਇੱਕੋ ਸਾਹ ਕਹੀ ਜਾ ਰਹੀ ਸੀ।
“ਅੱਠ ਵੀਕਾਂ ਹੋ ਗਈਆਂ ਮੈਂ ਤੈਨੂੰ ਫੋਨ ਕਰਨ ਦੀ ਟਰਾਈ ਕਰਦੀ ਆਂ। ਪਰ ਹਰ ਵਾਰ ਜਦੋਂ ਤੂੰ ਫੋਨ ਚੁੱਕਦਾ,  ਮੈਂ ਜਕ ਜਾਂਦੀ। ਮੈਨੂੰ ਸੰਸਾ ਹੁੰਦਾ ਕਿ ਤੂੰ  ਮੈਨੂੰ ਕਿਤੇ ਗਲਤ ਈ ਨਾ ਸਮਝੇ। ਮੇਰੇ ਵਿੱਚ ਗੱਲ ਕਰਨ ਦੀ ਹਿੰਮਤ ਨਾ ਪੈਂਦੀ। ਜਦੋਂ ਤੂੰ ਫੋਨ ਵਿੱਚ ਹੈਲੋ-ਹੈਲੋ ਕਰਦਾ ਤਾਂ ਤੇਰੀ ਆਵਾਜ਼ ਵਿਚਲਾ ਰੋਹ ਤੇ ਮੇਰੇ ਮਨ ਵਿੱਚਲਾ ਡਰ ਮੇਰੇ ਹੋਂਠ ਸੀਉਂ ਦਿੰਦਾ।” ਜੈਨ ਗੰਭੀਰ ਜਿਹੀ ਹੋ ਗਈ। ਜੈਨ ਦਾ ਖੱਬਾ ਹੱਥ ਜਸਵਿੰਦਰ ਦੀ ਗੀਚੀ ਵਿੱਚੋਂ ਵੱਧੇ ਹੋਏ ਵਾਲਾ ਨਾਲ ਖੇਲਦਾ ਰਿਹਾ।
“ਤਾਂ ਉਹ ਕਾਲਾਂ ਤੂੰ ਕੀਤੀਆਂ ਸਨ?” ਜਸਵਿੰਦਰ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਨੂੰ ਹਨੇਰੇ ਚੋਂ ਧੋਬੀ-ਪਟੜਾ ਮਾਰ ਕੇ ਚਾਨਣ ਵਿੱਚ ਪਟਕਾ ਕੇ ਸੁੱਟ ਦਿੱਤਾ ਹੋਵੇ।
“ਹਾਂ, ਤੂੰ ਕਿੰਨਾ ਚਿਰ ਹੋ ਗਿਆ ਮੈਨੂੰ ਮਿਲਿਆ ਵੀ ਨਹੀਂ ਸੀ। ਮੈਨੂੰ ਉਂਝ ਵੀ ਤੇਰੀ ਕਮੀ ਮਹਿਸੂਸ ਹੋ ਰਹੀ ਸੀ। ਫਿਰ ਤੇਰਾ ਨੰਬਰ ਬਦਲ ਗਿਆ ਸੀ। ਮੈਂ ਤੇਰੇ ਬਰੱਦਰ-ਇਨ-ਲਾ ਕੀ ਐ ਉਹਦਾ ਨਾਮ…?”
“ਪਾਲ?” ਜਸਵਿੰਦਰ ਨੇ ਹੁੰਗਾਰਾ ਭਰਿਆ।
“ਆਹੋ ਆਹੋ ਪੋਲ ਉਹਦੇ ਤੋਂ ਮਸਾਂ ਤੇਰਾ ਨਵਾਂ ਨੰਬਰ ਲਿਆ। ਉਹ ਤਾਂ ਦਿੰਦਾ ਹੀ ਨਹੀਂ ਸੀ। ਉਹਨੇ ਦੱਸਿਆ ਸੀ ਤੇਰਾ ਵਿਆਹ ਹੋ ਗਿਆ ਹੈ।” ਜੈਨ ਚੁੱਪ ਕਰ ਕੇ ਉਦਾਸ ਹੋ ਗਈ।
“ਜੈਨ ਪਰ ਤੂੰ ਗੱਲ ਕਰੇ ਬਿਨਾਂ ਫੋਨ ਕਿਉਂ ਰੱਖ ਦਿੰਦੀ ਸੀ?” ਜਸਵਿੰਦਰ ਨੂੰ ਸੁਆਲ ਅਹੁੜਿਆ।
“ਮੈਂ ਵੇਸਵਾ ਹਾਂ ਤੇ ਤੂੰ ਇੱਕ ਇਜ਼ਤਦਾਰ ਸ਼ਾਦੀ-ਸ਼ੁਦਾ ਮਰਦ । ਸਾਡੇ ਕੋਲ ਤਾਂ ਲੋਕ ਅੜੇ-ਥੁੜੇ ਨੂੰ ਹੀ ਆਉਂਦੇ ਨੇ। ਮੈਂ ਤਾਂ ਤੈਨੂੰ ਕਦੇ ਗਾਹਕ ਨਹੀਂ ਸੀ ਸਮਝਿਆ। ਤੂੰ ਵੀ ਤਾਂ ਮੈਨੂੰ ਭੁੱਲ ਹੀ ਗਿਆ ਸੀ । ਮੈਂ ਦੋ-ਚਿੱਤੀ ਵਿੱਚ ਸਾਂ, ਤੈਨੂੰ ਮਦਦ ਲਈ ਆਖਾਂ ਜਾਂ ਨਾ । ਦਿਲ ਦੇ ਹੱਥੋਂ ਮਜਬੂਰ ਹੋ ਕੇ ਤੇਰਾ ਨੰਬਰ ਘੁੰਮਾ ਲੈਂਦੀ ਸੀ ਫਿਰ ਦਿਮਾਗ ਵਿੱਚ ਆਉਂਦਾ ਸੀ ਤੂੰ ਇਤਰਾਜ਼ ਨਾ ਕਰ ਜਾਵੇ ਤੇ ਫੋਨ ਰੱਖ ਦਿੰਦੀ ਸੀ। ਮੇਰੇ ਵਿੱਚ ਹੁਣ ਪਹਿਲਾਂ ਵਾਲੀ ਕਸ਼ਿਸ਼ ਨ੍ਹੀਂ ਰਹੀ ਨਾ। ਇਸ ਲਈ ਹੁਣ ਕੋਈ ਮਾਲਦਾਰ ਗਾਹਕ ਹੱਥ ਨਹੀਂ ਲੱਗਦਾ। ਕਾਫ਼ੀ ਮੰਦਾ ਪੈ ਗਿਆ ਹੈ। ਹੁਣ ਤੂੰ ਹੀ ਮੇਰਾ ਸਹਾਰਾ ਹੈਂ। ਮੈਂ ਘਰ ਦੀਆਂ ਕਿਸ਼ਤਾਂ ਦੇਣੀਆਂ ਹਨ…।” ਜੈਨ ਨਿਰਅੰਤਰ ਬੋਲੀ ਜਾ ਰਹੀ ਸੀ।
“ਪਰ ਤੇਰਾ ਨੰਬਰ ਕਿਉਂ ਨ੍ਹੀਂ ਕਦੇ ਟਰੇਸ ਹੋਇਆ?”
“ਉਅ… ਉਹ ਤਾਂ ਮੈਂ ਫੋਨ-ਬੌਕਸ ਚੋਂ ਨੰਬਰ ਘੁੰਮਾਉਣ ਤੋਂ ਪਹਿਲਾਂ 141 ਨੰਬਰ ਨੱਪ ਲੈਂਦੀ ਹੁੰਦੀ ਸੀ ਨਾ।” ਜੈਨ ਨੇ ਇੰਕਾਸਾਫ ਕੀਤਾ।
“ਹੁਣ ਤਾਂ ਮੇਰੇ ਕੰਮ ਦਾ ਟੈਮ ਹੋ ਗਿਆ ਹੈ। ਮੈਂ ਤੈਨੂੰ ਸ਼ਾਮ ਨੂੰ ਤੇਰੇ ਘਰੇ ਹੀ ਮਿਲਾਂਗਾ।” ਜਸਵਿੰਦਰ ਨੇ ਸੀਟ ਬੈਲਟ ਖੋਲ੍ਹੀ।
“ਚੰਗਾ ਜ਼ਰੂਰ ਆਈਂ । ਮੈਂ ਤੈਨੂੰ ਉਡੀਕਾਂਗੀ।” ਜੈਨ ਨੇ ਕਾਰ ਸਟਾਰਟ ਕੀਤੀ।
“ਹਾਂ… ਹਾਂ ਅਵੱਸ਼।” ਜਸਵਿੰਦਰ ਨੇ ਯਕੀਨ ਦੁਆਇਆ।
ਜੈਨ ਨੇ ਗੱਡੀ ਚੋਂ ਉਤਰਨ ਲੱਗੇ ਜਸਵਿੰਦਰ ਦੀ ਬਾਂਹ ਫੜ ਕੇ ਤਿੰਨ ਸੌ ਪੈਂਹਠਾਂ ਦੇ ਭੱਥੇ ਵਿੱਚੋਂ ਇੱਕ ਤੀਰ ਛੱਡਿਆ। ਜੇਜ਼,(ਉਹ ਜਸ ਸ਼ਬਦ ਦੇ ਇਸੇ ਅੰਗਰੇਜ਼ੀ ਰੂਪ ਦੀ ਵਰਤੋਂ ਕਰਕੇ ਸੰਬੋਧਨ ਕਰਿਆ ਕਰਦੀ ਸੀ) ਮੈਂ ਤੈਨੂੰ ਇੰਤਹਾ ਪਿਆਰ ਕਰਦੀ ਹਾਂ! ਸੀ ਯਾਅ (ਫਿਰ ਮਿਲਾਂਗੇ)।”
“ਯੈਅ, ਸੀ ਯੂ।”
ਜੈਨ ਜਸਵਿੰਦਰ ਨੂੰ ਫ਼ੈਕਟਰੀ ਮੂਹਰੇ ਉਤਾਰ ਕੇ ਚਲੀ ਗਈ। ਜਸਵਿੰਦਰ ਨੇ ਕਾਰ ਦੀ ਹੁੰਮਸ ਵਿੱਚੋਂ ਨਿਕਲ ਕੇ ਤਾਜ਼ੀ ਹਵਾ ਵਿੱਚ ਇੱਕ ਡੂੰਘਾ ਸਾਹ ਲਿਆ।
“ਹੂੰ! ਝੂਠ ਬੋਲਦੀ ਐ। ਕਿਸ਼ਤਾਂ ਤਾਂ ਇਹਦੀਆਂ ਸੋਸ਼ਲ ਸਕਿਉਰਟੀ ਦਿੰਦੀ ਐ । ਮੈਨੂੰ ਚਾਰਦੀ ਐ । ਐਨੇ ਸਾਲ ਜਿਹੜਾ ਮੁਖਤੀ ਮੜ ਕੁਟਾਉਂਦੀ ਰਹੀ ਹੈ। ਉਹ ਪੈਸੇ ਨਿਚੋੜਨ ਨੂੰ ਫਿਰਦੀ ਐ। – ਜੈਨੀ,  ਹੁਣ ਨਾ ਮੈਂ ਤੇਰੇ ਹੱਥ ਆ ਗਿਆ।” ਜਸਵਿੰਦਰ ਜੈਨ ਦੀ ਕਾਰ ਦੇ ਅੱਖੋਂ ਓਝਲ ਹੋਣ ਤੱਕ ਉਸ ਨੂੰ ਖੜ੍ਹਾ ਦੇਖਦਾ ਰਿਹਾ ਤੇ ਸ਼ੈਤਾਨੀ ਹਾਸਾ ਹੱਸਦਾ ਰਿਹਾ।
ਮੀਂਹ ਥੰਮ ਚੁੱਕਿਆ ਸੀ। ਬਾਰਸ਼ ਪਿੱਛੋਂ ਨਿਖਰੇ ਨਿੰਬਲ ਆਸਮਾਨ ਵਾਂਗ ਜਸਵਿੰਦਰ ਦਾ ਜ਼ਿਹਨ ਵੀ ਸਾਫ਼-ਸ਼ਫਾਫ ਹੋ ਗਿਆ ਸੀ। ਯਕਦਮ ਉਸ ਨੂੰ ਕਲਵੰਤ ਦਾ ਖਿਆਲ ਆਇਆ।
“ਕਿੱਡਾ ਵੱਡਾ ਪਾਪ ਕੀਤਾ ਐ ਮੈਂ। ਐਵੇਂ ਵਿਚਾਰੀ ਉੱਤੇ ਅਤਿਆਚਾਰ ਕਰਦਾ ਰਿਹਾ । ਧੰਨ ਹੈ ਉਹ ਜਿਹੜੀ ਬਿਨਾਂ ਚੂੰ-ਚਾਂ ਕੀਤਿਆਂ ਜਰਦੀ ਰਹੀ।” ਜਸਵਿੰਦਰ ਨੂੰ ਕਲਵੰਤ ’ਤੇ ਤਰਸ ਆਇਆ।
ਉਹਨੇ ਘੜੀ ’ਤੇ ਸਮਾਂ ਦੇਖਿਆ, “ਅਜੇ ਅੱਠ ਵੱਜਣ ਵਿੱਚ ਇੱਕ ਮਿੰਟ ਰਹਿੰਦਾ ਸੀ। ਨੌ ਵਜੇ ਖੁੱਲ੍ਹੇਗੀ ਡਾਕਟਰ ਦੀ ਸਰਜਰੀ ਤਾਂ ਨਾਲ ਲੈ ਜਾ ਕੇ ਦਵਾਈ ਦਿਵਾਉਂ ਹਾਂ।”
ਫ਼ੈਕਟਰੀ ਜਾਣ ਦੀ ਬਜਾਏ ਉਹ ਘਰ ਵੱਲ ਮੁੜ ਪਿਆ।
“ਲੋਕਾਂ ਨੇ ਮੇਰੇ ਲਈ ਕੀ ਕੀਤਾ ਸੀ, ਜਿਹੜਾ ਮੈਂ ਉਹਨਾਂ ਦੇ ਮਗਰ ਲਗ ਗਿਆ। ਅਵਾਮ ਨੇ ਤਾਂ ਰਾਮਚੰਦਰ ਨੂੰ ਵੀ ਉਂਗਲ ਲਾ ਕੇ ਸੀਤਾ ਨੂੰ ਘਰੋਂ ਕੱਢਵਾ ਦਿੱਤਾ ਸੀ। ਮੈਨੂੰ ਪਤਾ ਸੀ ਕਿ ਮੇਰਾ ਸ਼ੱਕ ਬੇ-ਬੁਨਿਆਦ ਸੀ। ਗਲਤੀ ਮੇਰੀ ਹੀ ਹੈ ਕਿਉਂ ਮੈਂ ਦੁਨੀਆਂ ਪਿੱਛੇ ਲੱਗ ਕੇ ਆਪਣਾ ਘਰ ਬਰਬਾਦ ਕਰਨ ਲੱਗਿਆ ਸੀ। ਕਿਉਂ ਬੀਵੀ ਦੀ ਫ਼ਰਮਾਂਬਰਦਾਰੀ ’ਤੇ ਸ਼ੱਕ ਕੀਤਾ। ਲੱਭਦੀ ਏ ਅੱਜ ਦੇ ਜ਼ਮਾਨੇ ਵਿੱਚ ਇਹੋ ਜਿਹੀ ਭਲੀ ਮਾਣਸ ਜਨਾਨੀ? – ਡੁੱਲੇ ਬੇਰਾਂ ਦਾ ਅਜੇ ਵੀ ਕੁੱਝ ਨਹੀਂ ਵਿਗੜਿਆ। ਅਜੇ ਵੀ ਸਾਂਭੇ ਜਾ ਸਕਦੇ ਨੇ। ਚਲੋ ਦੇਰ ਆਇਦ ਦਰੁਸਤ ਆਇਦ। – ਹਰ ਕੋਈ ਗ਼ਰਜ਼ ਪੂਰੀ ਕਰਨ ਲਈ ਮੈਨੂੰ ਵਰਤ ਦਾ ਰਿਹਾ ਸੀ। ਇੱਕ ਇਹ ਹੀ ਹੈ ਜਿਹੜੀ ਨਿਸ਼ਕਾਮ ਸੇਵਾ ਕਰਦੀ ਹੈ। ਜੁੱਤੀਆਂ ਖਾਹ ਕੇ ਵੀ ਧਰਮ ਨਿਭਾਈ ਜਾ ਰਹੀ ਹੈ। ਪਤੀ ਪਰਮੇਸ਼ਰ ਸਮਝ ਕੇ ਮੈਨੂੰ ਪੂਜਦੀ ਹੈ।” ਜਸਵਿੰਦਰ ਨੂੰ ਆਪਣੇ ਮਨ ਨਾਲ ਗੱਲਾਂ ਕਰਕੇ ਇੱਕ ਰੂਹਾਨੀ ਸਕੂਨ ਹਾਸਲ ਹੋਇਆ। ਉਸ ਨੂੰ ਸਮਝ ਆ ਗਈ ਸੀ ਕਿ ਹੁਣ ਤੱਕ ਜਿੰਨੇ ਵੀ ਦੁੱਖ ਉਸ ਨੇ ਭੋਗੇ ਸਨ ਉਹ ਸਭ ਸਵੈ-ਸਿਰਜੇ ਹੋਏ ਹੀ ਸਨ। ਕਿੰਨਾ ਸਰਲ ਸੀ ਇਹਨਾਂ ਤੋਂ ਨਿਵਰਤ ਹੋਣਾ। ਪਰ ਉਹ ਤਾਂ ਮੱਕੜੀ ਵਾਂਗੂੰ ਖੁਦ ਹੀ ਆਪਣੇ ਬੁਣੇ ਜਾਲੇ ਵਿੱਚ ਫਸ ਗਿਆ ਸੀ। ਉਸ ਜਾਲੇ ਵਿੱਚ ਜੋ  ਕਿ ਉਸ ਨੇ ਆਪਣੀ ਸੁਰੱਖਿਆ ਲਈ ਬੁਣਿਆ ਹੁੰਦਾ ਹੈ।
ਹੁਣ ਉਸ ਦੇ ਮੁਖੜੇ ’ਤੇ ਇੱਕ ਵਖਰਾ ਹੀ ਨੂਰ ਝਲਕ ਰਿਹਾ ਸੀ, ਜਿਵੇਂ ਉਸ ਨੂੰ ਦੁਨੀਆਵੀ ਦੁੱਖਾਂ ਤੋਂ ਨਿਜਾਤ ਪਾਉਣ ਦਾ ਮੰਤਰ ਮਿਲ ਗਿਆ ਹੁੰਦਾ ਹੈ, “ਸੱਤੇ ਦਿਨ ਲੇਖੇ ਦੇਣੇ ਆ ਕਿਸੇ ਦੇ। ਐਵੇਂ ਡੰਗਰਾਂ ਆਂਗੂੰ ਟੁੱਟ ਟੁੱਟ ਮਰੀ ਜਾਣਾ। ਮਾਨਸ ਜਨਮ ਕਿਤੇ ਥਿਆਉਂਦੈ? ਐਂ ਕਰਦਾਂ ਅੱਜ ਤੋਂ ਉਵਰਟਾਈਮ ਬੰਦ। ਪਰਿਵਾਰ ਨੂੰ ਵੀ ਵਕਤ ਦੇਣਾ ਚਾਹੀਦਾ ਹੈ। ਦਿਮਾਗ ਅਤੇ ਸ਼ਰੀਰ ਵੀ ਅਰਾਮ ਦੀ ਮੰਗ ਕਰਦੇ ਹਨ। ਚੱਲ ਕੇ ਪਹਿਲਾਂ ਰਾਜ਼ੀਨਾਮਾ ਕਰਦਾਂ। ਮਾਫ਼ੀ ਮੰਗ ਕੇ ਭੁੱਲ ਬਖਸ਼ਾਉਂਦਾਂ। ਐਵੇਂ ਰਾਈ ਦਾ ਪਹਾੜ ਬਣਾ ਰੱਖਿਆ ਸੀ। – ਜਸਵਿੰਦਰ ਸਿਆਂ। ਔਰਤ ਕੁੱਟ ਮਾਰ ਘੂਰ ਕੇ ਕਾਬੂ ਨਹੀਂ ਰੱਖੀ ਜਾ ਸਕਦੀ। ਸਗੋਂ ਉਹਤੋਂ ਪਿਆਰ ਨਾਲ ਭਾਵੇਂ ਸਾਰੀ ਉਮਰ ਗੁਲਾਮੀ ਕਰਵਾ ਲਓ। ਡਰਾ, ਧਮਕਾ ਕੇ ਤਾਂ ਉਸ ਦੇ ਅੰਦਰ ਨਫ਼ਰਤ ਹੀ ਪੈਂਦਾ ਹੁੰਦੀ ਹੈ ਮੁਹੱਬਤ ਨਹੀਂ।” ਇੰਜ ਉਹ ਆਪਣੇ ਆਪ ਨੂੰ ਮੱਤਾਂ ਦਿੰਦਾ ਤੁਰਿਆ ਗਿਆ। ਉਹ ਉਸ ਵੇਲੇ ਨੂੰ ਕੋਸ ਰਿਹਾ ਸੀ, ਜਦੋਂ ਉਸ ਨੇ ਕਲਵੰਤ ਨੂੰ ਬੇਵਫ਼ਾ ਗਰਦਾਨਿਆ ਸੀ। ਹੁਣ ਜਿਵੇਂ ਜਸਵਿੰਦਰ ਦੇ ਮਨ ਤੋਂ ਮਣਾਂ-ਮੂੰਹੀਂ ਬੋਝ ਲਹਿ ਗਿਆ ਸੀ। ਰਸਤੇ ਵਿੱਚ ਇੱਕ ਜਗ੍ਹਾ ਰੁੱਕ ਕੇ ਉਹਨੇ ਜੇਬ ਵਿੱਚੋਂ ਕੱਢ ਕੇ ਲੱਸਟਰਾਲ ਦੀਆਂ ਗੋਲੀਆਂ ਦਾ ਪੱਤਾ, ਲਾਈਟਰ ਤੇ ਸਿਗਰਟਾਂ ਦੀ ਡੱਬੀ ਕੂੜੇਦਾਨ ਵਿੱਚ ਸੁੱਟ ਦਿੱਤੇ। ਹੁਣ ਉਹ ਚੌਦਾਂ ਵਰ੍ਹੇ ਪਹਿਲਾਂ ਵਾਂਗ ਜਵਾਨ, ਤੰਦਰੁਸਤ ਤੇ ਤਕੜਾ ਮਹਿਸੂਸ ਕਰ ਰਿਹਾ ਸੀ। ਉਸ ਵਿੱਚ ਜੀਵਨ ਨਾਲ ਦੁਬਾਰਾ ਸੰਘਰਸ਼ ਕਰਨ ਦਾ ਉਤਸ਼ਾਹ ਪੈਦਾ ਹੋ ਗਿਆ ਸੀ। ਜਿਉਂ ਜਿਉਂ ਉਹ ਘਰ ਦੇ ਨੇੜੇ ਆਉਂਦਾ ਜਾਂਦਾ ਤਿਉਂ ਤਿਉਂ ਉਹਦੇ ਕਦਮ ਹੋਰ ਗਤੀ ਫੜਦੇ ਜਾਂਦੇ।
ਅਸਮਾਨ ਤੇ ਤਿੱਖੀ ਧੁੱਪ ਵੰਡਦਾ ਸੂਰਜ ਚਮਕ ਰਿਹਾ ਸੀ।

This entry was posted in ਕਹਾਣੀਆਂ.

2 Responses to ਦਾਸਤਾਨ

  1. Jass jasbir says:

    Very nice bro padh k inj lga jive leel life dekh riha hova yani koi film dekh riha hova bahot hi khoobsurat tareeke nal dassya tusi apni es soch nu..
    Ik guzarish aa k es de end vich ghar baithi kulwant da haal dsna c k oh aje v bukhar vich bina koi dawai laye jswindr da hi intejar krdi aa osde moh pijje bollan layi ossde mithe pyar bhare 2 bola layi tras rahi hundi aa..
    Bahot khoobsurat dhang nal darshaya tusi apni doonghi soch nu..
    Very nice ji..

  2. Thanks for your compliments Jasbir ji.

Leave a Reply to Jass jasbir Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>