ਮਾਰੂਥਲ ਦਾ ਸ਼ੇਰ: ਉਮਰ-ਅਲ-ਮੁਖਤਾਰ

(ਐਡਵੋਕੇਟ ਜਸਪਾਲ ਸਿੰਘ ਮੰਝਪੁਰ),

ਜਿੰਦਗੀ, ਅਣਖ ਤੇ ਇੱਜ਼ਤ ਲਈ ਸੰਘਰਸ਼ ਕਰਨ ਵਾਲਿਆਂ ਵਿਚ ਬਹੁਤ ਸਾਂਝਾਂ ਹੁੰਦੀਆ ਹਨ। ਉਹਨਾਂ ਵਿਚ ਨਿਸ਼ਾਨਿਆਂ ਪ੍ਰਤੀ ਤਨਦੇਹੀ, ਕੁਰਬਾਨੀ ਦਾ ਜਜਬਾ, ਸੰਘਰਸ਼ ਦੀਆਂ ਨੀਤੀਆਂ, ਆਦਰਸ਼ਕ ਜੀਵਨ, ਨੈਤਿਕ ਕਦਰਾਂ-ਕੀਮਤਾਂ ਅਤੇ ਹੋਰ ਬੜਾ ਕੁਝ ਸਾਂਝਾ ਹੁੰਦਾ ਹੈ।ਮੈਂ ਪਿਛਲੇ 10 ਕੁ ਸਾਲਾਂ ਤੋਂ ਸਿੱਖ ਸੰਘਰਸ਼ ਨਾਲ ਕਿਸੇ ਨਾ ਕਿਸੇ ਰੂਪ ਨਾਲ ਜੁੜਿਆ ਹਾਂ। ਦੁਨੀਆਂ ਵਿਚ ਚੱਲੇ ਜਾਂ ਚੱਲ ਰਹੇ ਸੰਘਰਸ਼ਾਂ  ਤੇ ਸੰਘਰਸ਼ਸ਼ੀਲਾਂ ਨਾਲ ਕਈ ਵਾਰ ਬੜੀ ਡੂੰਘੀ ਸਾਂਝ ਬਣ ਜਾਂਦੀ ਹੈ ਅਤੇ ਭਾਵੇਂ ਤੁਸੀ ਉਸ ਵਿਚ ਸ਼ਾਮਲ ਨਾ ਵੀ ਹੋਵੋ ਤਾਂ ਵੀ ਉਸ ਨੂੰ ਪੜ੍ਹ ਕੇ ਦੇਖ ਕੇ ਉਸ ਨਾਲ ਜਜਬਾਤੀ ਤੌਰ ‘ਤੇ ਕੋਈ ਸਾਂਝ
ਜਿਹੀ ਬਣ ਜਾਂਦੀ ਹੈ। ਅਜਿਹੀ ਹੀ ਇਕ ਸਾਂਝ ਬਣੀ ਲਿਬੀਆ ਦੇ ਸੰਘਰਸ਼ਸ਼ੀਲ ਉਮਰ-ਉਲ-ਮੁਖਤਾਰ ਨਾਲ।
ਉਮਰ ਮੁਖਤਾਰ  1862 ਵਿਚ ਅਪਰੀਕੀ ਮਹਾਂਦੀਪ ਦੇ ਅਜੋਕੇ ਲੀਬੀਆ ਦੇ ਸਿਰੇਨਾਇਕਾ ਵਿਚ ਤੁਬਰਕ ਨਜ਼ਦੀਕ ਪਿੰਡ ਜੰਜ਼ੌਰ ਦੇ ਮਨੀਫਾ ਕਬੀਲੇ ਵਿਚ ਜੰਮਿਆ ਤੇ ਉਹ ਮਦਰੱਸੇ ਵਿਚ ਅਧਿਆਪਕ ਸੀ ਅਤੇ ਬੱਚਿਆ ਨੂੰ ਪੜ੍ਹਾਉਂਦਾ ਹੋਇਆ ਜਿੰਦਗੀ ਦੇ ਗੁੱਝੇ ਭੇਦ ਸਮਝਾਉਂਦਾ ਤੇ ਸੰਘਰਸ਼ ਲਈ ਤਿਆਰ ਕਰਦਾ।ਉਸਨੇ 1911 ਤੋਂ ਲੈ ਕੇ 1931 ਤੱਕ 20 ਸਾਲ ਇਟਲੀ ਦੇ ਤਾਨਾਸ਼ਾਹ ਰਾਜ ਪ੍ਰਬੰਧ ਵਿਰੁੱਧ ਸੰਘਰਸ਼ ਚਲਾਇਆ ਅਤੇ ਅੰਤ ਉਸਨੂੰ ਫਾਂਸੀ ਚਾੜ੍ਹ ਦਿੱਤਾ ਗਿਆ।10 ਫਰਵਰੀ
1947 ਨੂੰ ਇਟਲੀ ਵਾਲੇ ਲੀਬੀਆ ਨੂੰ ਛੱਡ ਕੇ ਭੱਜ ਗਏ ਅਤੇ ਲੰਮੇ ਸੰਘਰਸ਼ ਤੋਂ ਬਾਅਦ ਯੂ. ਐੱਨ.ਓ ਤੋਂ ਮਾਨਤਾ ਮਿਲਣ ਉਪਰੰਤ 24 ਦਸੰਬਰ 1951  ਨੂੰ ਲੀਬੀਆ ਨੇ ਆਪਣੇ ਆਪ ਨੂੰ ਅਜ਼ਾਦ ਦੇਸ਼ “ਯੁਨਾਈਟਡ ਕਿੰਗਡਮ ਆਫ ਲੀਬੀਆ” ਐਲਾਨਿਆ।ਅੱਜ ਲੀਬੀਆ ਦੇ 10 ਦਿਨਾਰ ਦੇ ਨੋਟ ਉੱਤੇ ਉਮਰ ਮੁਖਤਾਰ ਦੀ ਫੋਟੋ ਦੇਖੀ ਜਾ ਸਕਦੀ ਹੈ।
ਉਮਰ ਮੁਖਤਾਰ ਫਿਲਮ ਵਿਚ ਜੋ ਜੋ ਸਾਂਝਾਂ ਮੈਨੂੰ ਸਿੱਖ ਸੰਘਰਸ਼ ਨਾਲ ਲੱਗੀਆ ਉਹ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਗੁਰੀਲਾ ਜੰਗ
ਉਮਰ ਮੁਖਤਾਰ ਵਲੋਂ ਆਪਣੇ ਥੋੜੇ ਜਿਹੇ ਜੁਝਾਰੂਆਂ ਨਾਲ ਇਟਲੀ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਗਿਆ ਅਤੇ ਜਦੋਂ ਉਹ ਗੁਰੀਲਾ ਜੰਗ ਦੁਆਰਾ ਦੁਸ਼ਮਣਾਂ ਨੂੰ ਭਾਂਜ ਦਿੰਦਾ ਹੈ ਤਾਂ ਇੰਝ ਲੱਗਦਾ ਹੈ ਕਿ 18ਵੀਂ ਸਦੀ ਵਿਚ ਖ਼ਾਲਸੇ ਨੇ ਵੀ ਇੰਝ ਹੀ ਅਹਿਮਦ ਸ਼ਾਹ ਅਬਦਾਲੀ ਤੇ ਹੋਰਨਾਂ ਨੂੰ ਸੋਧਿਆ ਹੋਵੇਗਾ।ਉਮਰ ਮੁਖਤਾਰ ਦੀਆਂ ਜੰਗੀ ਨੀਤੀਆਂ ਤੇ ਸਹਿਜ ਅਵਸਥਾ
ਦੇਖਣ ਵਾਲੇ ਨੂੰ ਹੈਰਾਨ ਕਰ ਦਿੰਦੀ ਹੈ ਅਤੇ ਮੁਸੋਲਿਨੀ ਦਾ ਵੱਡਾ ਜਾਲਮ ਜਨਰਲ ਰੋਡਾਲਫੋ ਗਾਜ਼ਿਆਨੀ ਜੋ ਕਿ ‘ਫੈਜ਼ਾਨ ਦੇ ਬੁੱਚੜ’ ਦੇ ਨਾਮ ਨਾਲ ਮਸ਼ਹੂਰ ਸੀ, ਦੀ ਵੀ ਜੀਭ ਦੰਦਾਂ ਥੱਲੇ ਆ ਜਾਂਦੀ ਹੈ।
ਨੈਤਿਕ ਕਦਰਾਂ-ਕੀਮਤਾਂ
ਕਿਸੇ ਸੰਘਰਸ਼ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਬਣਾਈ ਰੱਖਣਾ ਬੜਾ ਹੀ ਲਾਜ਼ਮੀ ਪਰ ਔਖਾ ਹੁੰਦਾ ਹੈ। ਖ਼ਾਲਸਾ ਪੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਹਿਤ ਬਖਸ਼ੀ ਅਤੇ ਜੰਗੀ ਸਮੇਂ ਦੌਰਾਨ ਵੀ ਕਦਰਾਂਕੀਮਤਾਂ ਬਣਾਈ ਰੱਖਣ ਦੀ ਸਖਤ ਹਦਾਇਤ ਕੀਤੀ ਜਿਵੇ ਕਿ ਕਾਜ਼ੀ ਨੂਰ ਮੁਹੰਮਦ ਵੀ ਆਪਣੀਆਂ ਲਿਖਤਾਂ ਵਿਚ ਲਿਖਦਾ ਹੈ ਕਿ ਖ਼ਾਲਸਾ ਕਿਸੇ ਭੱਜੇ ਜਾਂਦੇ ਉੱਤੇ
ਵਾਰ ਨਹੀਂ ਕਰਦਾ ਅਤੇ ਦੁਸ਼ਮਣ ਦੀ ਬਹੂ-ਬੇਟੀ ਦਾ ਆਪਣੀ ਮਾਂ-ਭੈਣ-ਧੀ ਵਾਂਗ ਹੀ ਸਤਿਕਾਰ ਕਰਦਾ ਹੈ ਅਤੇ ਇਸੇ ਤਰ੍ਹਾਂ ਹੀ ਪਿਛਲੇ ਸਮੇਂ ਦੌਰਾਨ ਚੱਲੇ ਸਿੱਖ ਸੰਘਰਸ਼ ਵਿਚ ਵੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਤੇ ਹੋਰਨਾਂ ਦੇ ਉੱਚ ਚਰਿੱਤਰ ਦੀਆਂ ਗਥਾਵਾਂ ਸੁਣਨ ਨੂੰ ਮਿਲੀਆਂ ਹਨ। ਉਮਰ ਮੁਖਤਾਰ ਜਦੋਂ ਇਕ ਥਾਂ ਇਟਲੀ ਦੇ ਫੌਜੀਆਂ ਨੂੰ ਸੋਧਦਾ ਹੈ ਤਾਂ ਉਸ ਸਮੇਂ
ਜੰਗ ਤੋਂ ਬਾਦ ਇਕ ਮੁੱਛ ਫੁੱਟ ਫੌਜੀ ਅਫਸਰ ਬਚ ਜਾਂਦਾ ਹੈ ਅਤੇ ਨਿਹੱਥਾ ਹੋ ਜਾਂਦਾ ਹੈ ਜਦੋਂ ਉਮਰ ਮੁਖਤਾਰ ਦਾ ਇਕ ਸਾਥੀ ਉਸ ਅੱਲੜ ਫੌਜੀ ਨੂੰ ਮਾਰਨ ਲੱਗਦਾ ਹੈ ਅਤੇ ਫੌਜੀ ਗੱਡੀ ਉੱਤੇ ਲੱਗਾ ਇਟਲੀ ਦਾ ਝੰਡਾ ਪਾੜਨ ਲੱਗਦਾ ਹੈ ਪਰ ਉਮਰ ਮੁਖਤਾਰ ਉਸਨੂੰ ਰੋਕ ਦਿੰਦਾ ਹੈ ਕਿ ਅਸੀਂ ਨਿਹੱਥਿਆਂ ਉੱਤੇ ਗੋਲੀ ਨਹੀਂ ਚਲਾਉਣੀ ਅਤੇ ਕਿਸੇ ਦੇ ਝੰਡੇ ਦੀ ਬੇਅਦਬੀ ਨਹੀਂ
ਕਰਨੀ ਤਾਂ ਜੁਝਾਰੂ ਕਹਿੰਦੇ ਹਨ ਕਿ ਇਟਾਲੀਅਨ ਸਾਡੇ ਨਾਲ ਇਸੇ ਤਰ੍ਹਾਂ ਹੀ ਕਰਦੇ ਹਨ ਤਾਂ ਉਮਰ ਮੁਖਤਾਰ ਦਾ ਜਵਾਬ ਕਿ “ਉਹ ਸਾਡੇ ਅਧਿਆਪਕ ਨਹੀਂ ਹਨ ਕਿ ਅਸੀਂ ਉਹਨਾਂ ਤੋਂ ਸਿੱਖੀਏ” ਦਿਲ ਨੂੰ ਧੂਹ ਪਾਉਂਦਾ ਹੈ ਤੇ ਇਤਿਹਾਸ ਵਿਚਲੇ ਉਸ ਵਾਕੇ ਨੂੰ ਯਾਦ ਕਰਾਉਂਦਾ ਹੈ ਜਦੋਂ ਦਮਦਮਾ ਸਾਹਿਬ ਦੀ ਧਰਤੀ ’ਤੇ ਭਾਈ ਡੱਲੇ ਨੇ ਦਸ਼ਮੇਸ਼ ਪਿਤਾ ਨੂੰ ਸਵਾਲ ਕੀਤਾ ਸੀ ਕਿ ਜਦੋਂ ਮੁਗ਼ਲ ਸਾਡੀਆਂ ਔਰਤਾਂ ਬੱਚਿਆਂ ਨਾਲ ਵਧੀਕੀਆਂ ਕਰਦੇ ਹਾਂ ਤਾਂ ਅਸੀਂ ਕਿਉਂ ਨਾ ਕਰੀਏ? ਤਾਂ ਗੁਰੂ ਸਾਹਿਬ ਨੇ
ਜਵਾਬ ਦਿੱਤਾ ‘ਮੋਹਿ ਨੀਚਨ ਕੀ ਰੀਸ ਨਾਹੀ’ ਤੇ ਵਰਤਮਾਨ ਇਤਿਹਾਸ ਵਿਚ ਜੂਨ ਤੇ ਨਵੰਬਰ 1984 ਵਿਚ ਸਿੱਖਾਂ ਦੀ ਕੀਤੀ ਬੇਪੱਤੀ ਦਾ ਬਦਲਾ ਸਿੱਖਾਂ ਨੇ ਗਲਤ ਢੰਗ ਨਾਲ ਨਹੀਂ ਸਗੋਂ ਨੈਤਿਕ ਕਦਰਾਂ-ਕੀਮਤਾਂ ਦੀ ਰੌਸ਼ਨੀ ਵਿਚ ਹੀ ਲਿਆ ਹੈ। ਕੌਮ ਨੂੰ ਭਾਰਤੀ ਝਮਡਾ ਸਾੜਨ ਨਾਲੋਂ ਵੱਧ ਤਰਜੀਹ ਖਾਲਸਈ ਨਿਸ਼ਾਨ ਸਾਹਿਬਦਿੱਲੀ ਦੇ ਲਾਲ ਕਿਲ੍ਹੇ ਉੱਤੇ ਝੁਲਾਉਣ ਬਾਰੇ ਸੰਘਰਸ਼ ਕਰਨ ਲਈ ਦੇਣੀ ਬਣਦੀ ਹੈ।
ਸਰਕਾਰੀ ਜਬਰ
ਮੁਸੋਲਿਨੀ ਦੀਆਂ ਫੌਜਾਂ ਵਲੋਂ ਉਮਰ ਮੁਖਤਾਰ ਦੇ ਸਮਰਥਕਾਂ ਨਾਲ ਕੀਤਾ ਜਾਂਦਾ ਜਬਰ ਦੇਖ ਕੇ ਲੱਗਾ ਜਿਵੇਂ ਇਹ ਸਾਰਾ ਕੁਝ ਸਾਡੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਹੋਵੇ। ਜਦੋਂ ਮੁਸੋਲਿਨੀ ਵਲੋਂ ਉਮਰ ਮੁਖਤਾਰ ਨੂੰ ਖਤਮ ਕਰਨ ਲਈ ਕਈ ਜਨਰਲ ਭੇਜੇ ਗਏ ਤਾਂ ਉਹ ਹਾਰਾਂ ਖਾ ਖਾ ਕੇ ਮਰ-ਖਪ ਗਏ।ਅੰਤ ਵਿਚ ਮੁਸੋਲਿਨੀ ‘ਫੈਜ਼ਾਨ ਦੇ ਬੁੱਚੜ’ ਦੇ ਨਾਮ ਨਾਲ ਮਸ਼ਹੂਰ ਜਨਰਲ ਰੋਡਾਲਫੋ ਗਾਜ਼ਿਆਨੀ ਨੂੰ ਸੰਘਰਸ਼ ਨੂੰ ਕੁਚਲਣ ਲਈ ਭੇਜਦਾ ਹੈ ਜਿਸਨੂੰ ਕਿ ਆਪਣੀ ਨਿਯੁਕਤੀ ਵਾਲੇ ਹੀ ਦਿਨ ਵੱਡੇ ਨੁਕਸਾਨ ਝੱਲਣੇ ਪੈਂਦੇ ਹਨ। ਉਸ ਉਪਰੰਤ ਉਹ ਉਸੇ ਤਰ੍ਹਾਂ ਦੀ ਨੀਤੀ ਲਾਗੂ ਕਰਦਾ ਹੈ ਜਿਸ ਤਰ੍ਹਾਂ ਕਿ ਹਰ ਜ਼ਾਲਮ ਸਰਕਾਰ ਆਪਣੇ ਬਾਗੀਆਂ ਪ੍ਰਤੀ ਅਪਣਾਉਂਦੀ ਹੈ। ਉਹ ਉਹਨਾਂ ਲੋਕਾਂ ਉੱਤੇ ਜੁਲਮਾਂ ਦੇ ਦੌਰ ਚਲਾਉਂਦਾ ਹੈ ਜੋ ਉਮਰ ਮੁਖਤਾਰ ਅਤੇ ਉਸਦੇ ਸਾਥੀ ਜੁਝਾਰੂਆਂ ਨੂੰ ਅੰਨ-ਪਾਣੀ ਤੇ ਆਸਰਾ ਦਿੰਦੇ ਹਨ। ਇਹ ਜੁਲਮੀ-ਦੌਰ ਦੇਖਦਿਆਂ ਲੱਗਦਾ ਹੈ ਕਿ ਭਾਰਤ ਸਰਕਾਰ ਵਲੋਂ ਵੀ ਸਿੱਖ ਸੰਘਰਸ਼ ਨੂੰ ਕੁਚਲਣ ਲਈ ਅਜਿਹੀਆਂ ਹੀ ਘਟੀਆ ਨੀਤੀਆਂ ਅਪਣਾਈਆਂ ਗਈਆਂ ਜਿਹਨਾਂ ਦਾ ਕਾਫੀ ਵਰਣਨ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਸੁਖਦੇਵ ਸਿੰਘ ਸੁੱਖਾ ਨੇ ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਭਾਰਤੀ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿਚ ਕੀਤਾ ਸੀ। ਜਿਵੇਂ ਕਿ ਧੀਆਂਭੈਣਾਂ ਦੀ ਬੇਪੱਤੀ, ਘਰਾਂ ਦਾ ਉਜਾੜਾ, ਅਨਾਜ ਤੇ ਖੇਤਾਂ ਨੂੰ ਅੱਗਾਂ, ਪਾਣੀ ਦੇ ਖੂਹਾਂ ਵਿਚ ਸੀਮੈਂਟ ਭਰਨਾ ਅਤੇ ਸਭ ਤੋਂ ਵੱਧ ਕੇ ਨੌਜਵਾਨਾਂ ਨੂੰ ਲਾਇਨਾਂ ਵਿਚ ਖਵੇ ਕਰਕੇ ਗੋਲੀਆਂ ਮਾਰਨੀਆਂ, ਤਸ਼ੱਦਦ ਕਰਨਾ ਅਦਿ ਅਦਿ…। ਫਿਲਮ ਵਿਚ ਗਾਜ਼ਿਆਨੀ ਜਦੋਂ ਕਹਿੰਦਾ ਹੈ ਕਿ ਸਾਡੀ ਜੰਗ ਉਮਰ ਮੁਖਤਾਰ ਜਾਂ ਉਸਦੇ 200 ਕੁ ਸਾਥੀਆਂ ਨਾਲ ਨਹੀਂ ਸਗੋਂ ਪੂਰੀ ਵਸੋਂ ਨਾਲ ਹੈ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਜਾਲਮਾਂ ਲਈ ਬਾਗੀਆਂ ਨਾਲੋਂ ਉਹਨਾਂ ਨੂੰ ਸਹਾਰਾ ਦੇਣ ਵਾਲੇ ਵੱਧ ਦੋਸ਼ੀ ਹੁੰਦੇ ਹਨ ਜਿਵੇਂ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਛੋਟੇ ਸਾਹਿਬਜਾਦਿਆਂ ਨੂੰ ਦੁੱਧ ਛਕਾਉਣ ਵਾਲੇ ਭਾਈ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਣੇ ਕੋਹਲੂ ਵਿਚ ਪੀੜ ਦਿੱਤਾ ਗਿਆ ਸੀ।
ਲੋਕ ਹਮਇਤ
ਉਮਰ ਮੁਖਤਾਰ ਦੀ ਦ੍ਰਿੜਤਾ, ਹੌਸਲੇ ਅਤੇ ਲੰਮੇ ਸੰਘਰਸ਼ ਦੀ ਵਡਿਆਈ ਉਸਦੇ ਲੋਕਾਂ ਨੂੰ ਜਾਂਦੀ ਹੈ ਕਿਉਂਕਿ ਕਿਸੇ ਸੰਘਰਸ਼ ਨੂੰ ਕਰਨ ਲਈ ਉੱਥੋਂ ਦੇ ਵਾਸੀ ਕਿੰਨੇ ਕੁ ਤਿਆਰ ਹਨ ਇਹ ਗੱਲ ਸੰਘਰਸ਼ ਦੇ ਸਮੇਂ ਨੂੰ ਤਹਿ ਕਰਦੀ ਹੈ। ਉਮਰ ਮੁਖਤਾਰ ਦਾ ਸਾਥ ਉਸਦੇ ਲੋਕਾਂ ਨੇ ਬਹੁਤ ਦਿੱਤਾ।ਲੋਕ ਮਰਨਾ ਤਾਂ ਪਰਵਾਣ ਕਰ ਲੈਂਦੇ ਸਨ ਪਰ ਕੋਈ ਵੀ ਵਿਅਕਤੀ ਉਸਦੀ ਸੂਹ ਫੋਜਾਂ ਨੂੰ ਨਹੀਂ ਸੀ ਦਿੰਦਾ।ਜਦੋਂ ਜਾਲਮ ਗਾਜ਼ਿਆਨੀ ਲੱਖਾਂ ਲੋਕਾਂ ਨੂੰ ਘਰੋਂ ਬੇ-ਘਰ ਕਰਕੇ ਕੈਂਪਾਂ ਵਿਚ ਲੈ ਆਉਂਦਾ ਹੈ ਤਾਂ ਬੱਚੇ, ਬੁੱਢੇ ਤੇ ਔਰਤਾਂ ਬਿਮਾਰੀ ਦੀ ਹਾਲਤ, ਰਹਿਣ ਦੀਆਂ ਅਤਿ ਘਟੀਆ ਹਾਲਤਾਂ ਦੇ ਬਾਵਜੂਦ ਵੀ ਆਪਣੀ ਰੋਟੀ ਵਿਚੋਂ ਕੁਝ ਹਿੱਸਾ ਉਮਰ ਮੁਖਤਾਰ ਤੇ ਉਸਦੇ ਸਾਥੀਆਂ ਲਈ ਕੱਢਦੇ ਸਨ ਭਾਵੇਂ ਕਿ ਇਸ ਬਦਲੇ ਉਹਨਾਂ ਨੂੰ ਫਾਂਸੀ ਵੀ ਚੜ੍ਹਨਾ ਪੈਂਦਾ ਸੀ ਜਿਹਾ ਕਿ ਅਲ਼ੀ ਦੀ ਮਾਂ ਨੂੰ ਵੀ ਫਾਂਸੀ ਚੜਾ ਦਿੱਤਾ ਜਾਂਦਾ ਹੈ।
ਸੰਘਰਸ਼ ਅੱਵਲ
ਇਤਿਹਾਸ,   ਸਿਆਸਤ ਤੇ  ਕਾਨੂੰਨ ਦਾ ਵਿਦਿਆਰਥੀ ਹੋਣ ਕਾਰਨ ਪਤਾ ਲੱਗਦਾ ਹੈ ਕਿ ਜਦੋਂ ਸਰਕਾਰਾਂ ਖਿਲਾਫ ਹਥਿਆਰਬੰਦ ਸੰਘਰਸ਼ ਚੱਲਦਾ ਹੈ ਤਾਂ ਕਈ ਵੱਡੇ ਝਟਕਿਆਂ ਤੋਂ ਬਾਦ ਸਰਕਾਰਾਂ ਟੇਬਲ ਉੱਤੇ ਗੱਲ ਮੁਕਾਉਣ ਲਈ ਆ ਜਾਂਦੀਆਂ ਹਨ ਅਤੇ ਸਿਧਾਂਤ ਮੁਤਾਬਕ ਕਿਸੇ ਵੀ ਦੋ ਧਿਰੀ ਸੰਧੀ ਵਿਚ ਇਕ ਅਸਵਾਰ ਹੁੰਦਾ ਹੈ ਅਤੇ ਇਕ ਘੋੜਾ। ਧਰਮ ਯੁੱਧ ਮੋਰਚੇ ਨੇ ਭਾਰਤ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆ ਸਨ ਪਰ ਟੇਬਲ ਉੱਤੇ ਗੱਲਬਾਤ ਕਰਨ ਵਾਲਿਆਂ ਨੇ ਕੌਮੀ ਹਿੱਤਾਂ ਦੀ ਥਾਂ ਆਪਣੇ ਨਿੱਜ ਨੂੰ ਅੱਗੇ ਰੱਖ ਲਿਆ। ਟੇਬਲ ਟਾਕ ਵਿਚ ਮੁਹਾਰਤ ਉਮਰ ਮੁਖਤਾਰ ਵਿਚ ਦੇਖਣ ਨੂੰ ਮਿਲੀ। ਜਦੋਂ ਉਮਰ ਮੁਖਤਾਰ ਨੇ ਇਟਾਲੀਅਨ ਫੌਜਾਂ ਨੂੰ ਧੂੜਾਂ ਚਟਾ ਦਿੱਤੀਆਂ ਤਾਂ ਜਨਰਲ ਗਾਜ਼ਿਆਨੀ ਨੂੰ ਸਮੁੰਦਰੀ ਜਹਾਜਾਂ ਰਾਹੀਂ ਤੋਪਾਂ-ਟੈਂਕਾਂ ਮੰਗਵਾਉਣ ਲਈ ਸਮਾਂ ਚਾਹੀਦਾ ਸੀ ਤਾਂ ਉਸਨੇ ਗੱਲਬਾਤ ਦੀ ਪੇਸ਼ਕਸ਼ ਕੀਤੀ। ਭਾਵੇਂ ਕਿ ਜਾਲਮ ਤੇ ਬਦਨੀਤੀ ਵਾਲਿਆਂ ਨਾਲ ਗੱਲਬਾਤ ਸਿਰੇ ਤਾਂ ਨਹੀਂ ਚੜ੍ਹੀ ਪਰ ਜਿਸ ਤਰ੍ਹਾਂ ਉਮਰ ਮੁਖਤਾਰ ਵਲੋਂ ਆਪਣਾ ਕੇਸ ਤੇ ਅਹਿਮ ਹੱਕ ਦੁਸ਼ਮਣ ਸਾਹਮਣੇ ਰੱਖੇ ਜਾਂਦੇ ਹਨ ਉਹ ਬਹੁਤ ਹੀ ਕਾਬਿਲੇ-ਤਾਰੀਫ ਹੈ। ਉਹਨਾਂ ਵਲੋਂ ਸਭ ਤੋਂ ਪਹਿਲੀ ਗੱਲ ਕੀਤੀ ਜਾਂਦੀ ਹੈ ਕਿ ਮਦਰੱਸੇ ਚਲਾਉਣ ਦਾ ਹੱਕ ਸਾਨੂੰ ਹੋਣਾ ਚਾਹੀਦਾ ਹੈ ਕਿਉਂਕਿ ਹਰ ਸਿਆਣਾ ਆਗੂ ਜਾਣਦਾ ਹੈ ਕਿ ਜਿੰਨਾ ਚਿਰ ਸਿੱਖਿਆ ਦੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥ ਵਿਚ ਹੈ ਤਾਂ ਸੰਘਰਸ਼ ਨੂੰ ਜਿੰਨਾਂ ਚਿਰ ਮਰਜ਼ੀ ਚਲਾਇਆ ਜਾ ਸਕਦਾ ਹੈ ਅਤੇ
ਸੰਘਰਸ਼ ਦੀ ਵਾਗਡੋਰ ਵੀ ਅਗਲੀ ਪੀੜੀ ਦੇ ਹੱਥਾਂ ਵਿਚ ਸੰਭਾਲੀ ਜਾ ਸਕਦੀ ਹੈ।
ਸੰਘਰਸ਼ ਦੇ ਵਾਰਸ
ਕਿਸੇ ਸੰਘਰਸ਼ ਵਿਚ ਲਗਾਤਾਰਤਾ ਬਣਾਈ ਰੱਖਣ ਲਈ ਉਸਦੇ ਵਾਰਸ ਕਾਇਮ ਕਰਨੇ ਬਹੁਤ ਜਰੂਰੀ ਹੁੰਦਾ ਹਨ ਅਤੇ ਉਮਰ ਮੁਖਤਾਰ ਨੂੰ ਇਸ ਗੱਲ ਦਾ ਬਾਖੂਬੀ ਪਤਾ ਹੁੰਦਾ ਹੈ। ਇਸੇ ਲਈ ਜਦੋਂ ਇਕ ਜੰਗ ਨੂੰ ਜਿੱਤਣ ਤੋਂ ਬਾਦ ਉਹ ਆਪਣੇ ਕੈਂਪ ਵਿਚ ਵਾਪਸ ਪਰਤਦੇ ਹਨ ਤਾਂ ਇਕ ਛੋਟਾ ਬੱਚਾ ਅਲੀ ਆਪਣੀ ਮਾਂ ਨਾਲ ਆਪਣੇ ਪਿਤਾ ਨੂੰ ਲੱਭਦਾ ਹੈ ਤਾਂ ਉਹਨਾਂ ਨੂੰ ਆਪਣਾ ਘੋੜਾ ਖਾਲੀ ਵਾਪਸ ਪਰਤਿਆ ਨਜ਼ਰੀ ਆਉਂਦਾ
ਹੈ ਜਿਸ ਤੋਂ ਔਰਤ ਨੂੰ ਪਤਾ ਲੱਗ ਜਾਂਦਾ ਹੈ ਕਿ ਉਸਦਾ ਪਤੀ ਜੰਗ ਵਿਚ ਕੰਮ ਆ ਗਿਆ ਹੈ ਪਰ ਉਹ ਤਸਦੀਕੀ ਲਈ ਉਮਰ ਮੁਖਤਾਰ ਕੋਲ ਆਉਂਦੀ ਹੈ ਤਾਂ ਉਮਰ ਕਹਿੰਦਾ ਹੈ ਕਿ ਮੈਂ ਕੇਵਲ ਉਸਦੀ ਕੁਰਾਨ ਹੀ ਵਾਪਸ ਲਿਆਇਆ ਹਾਂ ਉਹ ਅਲੀ ਨੂੰ ਕਹਿੰਦਾ ਹੈ ਕਿ ਇਹ ਕੁਰਾਨ ਹੁਣ ਉਸਦੀ ਹੈ ਅਤੇ ਉਹ ਆਪਣੀ ਮਾਂ ਨੂੰ ਕਹੇ ਕਿ ਉਹ ਕੁਰਾਨ ਨੂੰ ਅਲੀ ਲਈ ਸਾਂਭ ਕੇ ਰੱਖੇ।ਭਾਵ ਆਪਣੇ ਪਿਤਾ ਵਾਲਾ ਸੰਘਰਸ਼ ਹੁਣ ਤੂੰ ਅੱਗੇ ਜਾਰੀ ਰੱਖਣਾ ਹੈ।
ਮੁਖਤਾਰ ਦੀ ਸ਼ਹਾਦਤ
ਉਮਰ ਮੁਖਤਾਰ ਆਪਣੇ ਲੋਕਾਂ ਦੇ ਹੱਕਾਂ ਲਈ ਜਾਲਮ ਇਟਾਲੀਅਨ ਸਰਕਾਰ ਨਾਲ 20 ਸਾਲ ਤੱਕ ਜੂਝਿਆ ਪਰ ਅੰਤ 11 ਸਤੰਬਰ 1931 ਨੂੰ ਉਸ ਨੂੰ ਜੰਗ ਦੇ ਮੈਦਾਨ ਵਿਚੋਂ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਟਲੀ ਨੇ ਉਮਰ ਮੁਖਤਾਰ ਦੀ ਗ੍ਰਿਫਤਾਰੀ ਨੂੰ ਬੜੀ ਵੱਡੀ ਜਿੱਤ ਦਰਸਾਇਆ।3 ਦਿਨ ਉਮਰ ਮੁਖਤਾਰ ਖਿਲਾਫ ਮੁਕੱਦਮਾ ਚੱਲਿਆ ਤੇ 14 ਸਤੰਬਰ 1931 ਨੂੰ ਅਦਲਾਤ ਨੇ ਉਸਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਉਮਰ ਮੁਖਤਾਰ ਨੂੰ 16 ਸਤੰਬਰ 1931 ਨੂੰ ਲਿਬੀਆ ਦੇ ਸ਼ਹਿਰ ਬੈੱਨਗਾਜ਼ੀ ਨਜ਼ਦੀਕ ਸੌਲੂਕਉਨ ਦੇ ਤਸੀਹਾ ਕੈਂਪ ਵਿਚ ਉਸਦੇ ਲੋਕਾਂ ਸਾਹਮਣੇ ਫਾਂਸੀ ਦੇ ਦਿੱਤੀ ਗਈ।ਉਮਰ ਮੁਖਤਾਰ ਫਿਲਮ ਵਿਚ ਉਸਦੀ ਫਾਂਸੀ ਦਾ ਦ੍ਰਿਸ਼ ਬਾ-ਕਮਾਲ ਦਿਖਾਇਆ ਗਿਆ ਹੈ ਜਿਸ ਵਿਚ ਸਭ ਤੋਂ ਵੱਡੀ ਤੇ ਭਾਵਕ ਗੱਲ ਕਿ ਜਦੋਂ ਉਮਰ ਮੁਖਤਾਰ ਨੂੰ ਫਾਂਸੀ ਦੇਣ ਲੱਗਦੇ ਹਨ ਤਾਂ ਉਹ ਕੁਰਾਨ ਵਿਚੋਂ ਕੁਝ ਆਇਤਾਂ ਪੜ੍ਹਨ ਤੋਂ ਬਾਦ ਛੋਟੇ ਬੱਚੇ ਅਲੀ ਵੱਲ ਵੇਖਦਾ ਹੈ ਅਤੇ ਦੋਨੇ ਇਕ ਦੂਜੇ ਵੱਲ ਦੇਖ ਕੇ ਹੱਸਦੇ ਹਨ ਤਾਂ ਉਸੇ ਵੇਲੇ ਜੱਲਾਦ ਉਸ ਕੋਲੋ ਕੁਰਾਨ ਲੈ ਕੇ ਉਸਦੇ ਹੱਥ ਪਿੱਛੇ ਵੱਲ ਬੰਨ ਦਿੰਦੇ ਹਨ ਪਰ ਉਮਰ ਮੁਖਤਾਰ ਦੀ ਐਨਕ ਉਸਦੇ ਹੱਥਾਂ ਵਿਚ ਹੀ ਰਹਿ ਜਾਂਦੀ ਹੈ ਅਤੇ ਜਦੋਂ ਜੱਲਾਦ ਉਸ ਦੇ ਗਲ ਵਿਚ ਰੱਸਾ ਪਾ ਕੇ ਹੇਠੋਂ ਫੱਟਾ ਪੈਰਾਂ ਨਾਲ ਕੱਢ ਦਿੰਦੇ ਹਨ ਤਾਂ ਉਹ ਐਨਕ ਉਮਰ ਦੇ ਹੱਥੋਂ ਹੇਠਾਂ ਡਿੱਗ ਜਾਂਦੀ ਹੈ ਤਾਂ ਅਲੀ ਦੇਖ ਲੈਂਦਾ ਹੈ। ਜਾਲਮ ਉਸੇ ਵੇਲੇ ਉਮਰ ਦੀ ਦੇਹ ਨੂੰ ਲੈ ਜਾਂਦੇ ਹਨ  ਅਤੇ ਡਿੱਗੀ ਹੋਈ ਐਨਕ ਅਲੀ ਚੁੱਕ ਕੇ ਸਾਂਭ ਲੈਂਦਾ ਹੈ ਜੋ ਕਿ ਚਿੰਨ ਹੁੰਦਾ ਹੈ ਕਿ ਸੰਘਰਸ਼ ਜਾਰੀ ਰਹੇਗਾ ਅਜ਼ਾਦੀ ਮਿਲਣ ਤੱਕ, ਜਿਹਾ ਕਿ ਉਮਰਮੁਖਤਾਰ ਕਹਿੰਦਾ ਹੈ ਕਿ:
ਅਸੀਂ ਅੱਲਾਹ ਤੋਂ ਆਏ ਹਾਂ
ਅਤੇ ਅੱਲਾਹ ਕੋਲ ਹੀ ਜਾਣਾ ਹੈ,
ਅਸੀਂ ਕਦੇ ਵੀ ਸਮਰਪਣ ਨਹੀਂ ਕਰਾਂਗੇ,
ਅਸੀਂ ਜਿੱਤਾਂਗੇ ਜਾਂ ਮਰਾਂਗੇ।
ਸਾਡਾ ਸੰਘਰਸ਼ ਚੱਲਦਾ ਰਹੇਗਾ।
ਅਸੀਂ ਲੜਾਂਗੇ,
ਸਾਡੀਆਂ ਅਗਲੀਆਂ ਪੀੜੀਆਂ,
ਤੇ ਉਸ ਤੋਂ ਵੀ ਅਗਲੀਆਂ
ਮੰਜਿਲੇ ਮਕਸੂਦ ਦੀ ਪ੍ਰਾਪਤੀ ਤੱਕ
ਸੰਘਰਸ਼ ਕਰਦੀਆਂ ਰਹਿਣਗੀਆਂ
-0-

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>