ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਬਾਰੇ ਭੰਬਲਭੂਸਾ

ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਲਈ ਸਹਿਜਧਾਰੀ ਸਿੱਖਾਂ ਨੂੰ ਵੋਟ ਬਹਾਲ ਕਰਨ ਵਾਲਾਂ ਭੰਵਲ ਭੂਸਾ ਦੂਰ ਹੋ ਗਿਆ ਹੈ। ਪਰ ਹੁਣ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਬਾਰੇ ਇਕ ਨਵਾਂ ਵਾਦ ਵਿਵਾਦ ਸ਼ੁਰੂ ਹੋ ਗਿਆ ਹੈ। “ਸਹਿਜਧਾਰੀ ਸਿੱਖ” ਦੀ ਪਰਿਭਾਸ਼ਾ ਬਾਰੇ ਕੋਈ ਕਾਨੂਨੀ ਜਾਂ ਸੰਵਿਧਾਨਿਕ ਸਪਸ਼ਟਤਾ ਨਹੀਂ ਹੈ।

ਪ੍ਰਸਿੱਧ ਪੰਥਕ ਵਿਦਵਾਨ ਭਾਈ  ਕਾਹਨ ਸਿੰਘ ਨਾਭਾ ਰਚਿਤ “ਨਹਾਬ ਕੋਸ਼” ਅਨੁਸਾਰ ਇਸ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ,  “ ਸਹਜ (ਗਯਾਨ) ਧਾਰਨ ਵਾਲਾ, ਸੁਖਾਲੀ ਧਾਰਣ ਵਾਲਾ, ਸੌਖੀ ਰੀਤ ਅੰਗੀਕਾਰ ਕਰਨ ਵਾਲਾ, ਸਿੱਖਾਂ ਦਾ ਇਕ ਅੰਗ ਜੋ ਖੰਡੇ ਦਾ ਅੰਮ੍ਰਿਤ ਪਾਨ ਨਹੀ ਕਰਦਾ ਅਤੇ ਕੱਛ ਕ੍ਰਿਪਾਨ ਦੀ ਰਹਿਤ ਨਹੀਂ ਰਖਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਆਪਣਾ ਧਰਮਪੂਜਯ ਨਹੀਂ ਮੰਨਦਾ।”  ਉਨ੍ਹਾਂ ਹੇਠਾਂ ਫੁਟ-ਨੋਟ ਵਿਚ ਲਿਖਦੇ ਹਂ, “ਪੰਜਾਬ ਤੇ ਸਿੰਧ ਵਿਚ ਸਹਿਜਧਾਰੀ ਬਹੁਤ ਗਿਣਤੀ ਵਿਚ ਹਨ, ਖਾਸਕਰ ਸਿੰਧ ਦੇ ਸਹਿਜਧਾਰੀ ਬੜੇ ਪ੍ਰੇਮੀ ਤੇ ਸ਼ਰਧਾਲੂ ਹਨ। ਜੋ ਸਿੰਘ ਸਹਿਜਧਾਰੀਆਂ ਨੂੰ ਨਫ਼ਰਤ ਦੀ ਨਿਹਾਹ ਨਾਲ ਦੇਖਦੇ ਹਨ, ਉਹ ਸਿੱਖ ਧਰਮ ਤੋਂ ਅੰਝਾਣ ਹਨ।”

ਜਾਪਦਾ ਹੈ ਕਿ ਗੁਰਦੁਆਰਾ ਐਕਟ 1925 ਅਬੁਸਾਰ ਸਿੱਖਾਂ ਅਤੇ ਸਹਿਜਧਾਰੀ ਸਿੱਖਾਂ ਨੂੰ ਪਹਿਲਾਂ ਤਂ ਹੀ  ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਸੀ। ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸਿਤ ਪ੍ਰਸਿੱਧ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਦੁਆਰਾ ਲਿਖੀ ਗਈ ਪੁਸਤਕ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ” ਅਨੁਸਾਰ ਸਾਲ 1939 ਦੋਰਾਨ ਹੋਈਆਂ ਗੁਰਦੁਆਰਾ ਜਨਰਲ ਚੋਣਾਂ ਦੋਰਾਨ ਜ਼ਿਲਾ ਮੁਲਤਾਨ (ਹੁਣ ਪਾਕਿਸਤਾਨ) ਤੋਂ ਭਾਈ ਖੁਸ਼ੀ ਰਾਮ, ਕਮਿਸ਼ਨ ਏਜੰਟ, ਖਾਨੇਵਾਲ ਸ਼੍ਰੋਮਣੀ ਕਮੇਟੀ ਲਈ ਮੈਂਬਰ ਚੁਣੇ ਗਏ ਸਨ। ਹੁਣ ਤਕ ਦੇ ਇਤਿਹਾਸ ਵਿਚ ਉਹੋ ਇਕੌ ਇਕ ਸਹਿਜਧਾਰੀ ਸਿੱਖ ਹਨ, ਜੋ ਇਸ ਧਾਰਮਿਕ ਸੰਸਥਾ ਦੇ ਮੈਂਬਰ ਚੁਣੇ ਗਏ। ਗੁਰਦੁਆਰਾ ਐਕਟ ਅਨੁਸਾਰ ਚੁਣੇ ਹੋਏ ਮੈਂਬਰ 15 ਮੈਂਬਰ ਕੋ-ਆਪਟ ਕਰਦੇ ਹਨ ਤਾਂ ਜੋ ਸਿੱਖ ਵਿਦਵਾਨਾਂ, ਸੰਪਰਦਾਵਾਂ ਤੇ ਪੰਜਾਬ ਤੋਂ ਬਾਹਰਲੇ ਸਿੱਖਾਂ ਨੂੰ ਯੋਗ ਪ੍ਰਤੀਨਿਧਤਾ ਦਿਤੀ ਜਾ ਸਕੇ। ਹੁਣ ਤਕ ਕੋਈ ਵੀ ਸਹਿਜਧਾਰੀ ਸਿੱਖ ਕੋਆਪਟ ਨਹੀਂ ਕੀਤਾ ਗਿਆ।

ਇਸ ਪੱਤਰਕਾਰ ਨੇ ਦਸ ਕੁ ਸਾਲ ਪਹਿਲਾਂ ਗੁਰਦੁਆਰਾ ਐਕਟ-1925 ਦੀ ਸੋਧੀ ਗਈ ਐਡੀਸ਼ਨ ਦਾ ਬਹੁਤ ਬਾਰੀਕੀ ਨਾਲ ਅਧਿਐਨ ਕੀਤਾ ਸੀ, ਜਿਥੋਂ ਤਕ ਮੈਨੂੰ ਯਾਦ ਹੈ, ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਕੁਝ ਇਸ ਤਰਾਂ ਕੀਤੀ ਗਈ ਸੀ:-

“ ਸਹਿਜਧਾਰੀ ਸਿਖ ਉਹ ਹੈ ਜੋ ਦਸ ਗੁਰੂ ਸਾਹਿਬਾਨ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਆਸਥਾ ਰਖਦਾ ਹੈ, ਜੋ ਆਪਣੇ ਪਰਿਵਾਰ ਦੇ ਸਾਰੇ ਕਾਰਜ (ਜਨਮ ਤੋਂ ਮਰਨ ਤਕ) ਸਿੱਖ ਰਿਵਾਇਤਾਂ ਅਨੁਸਾਰ ਕਰਦਾ ਹੈ, ਜੋ ਕਿਸੇ ਵੀ ਰੂਪ ਵਿਚ ਤੰਬਾਕੂ ਦਾ ਸੇਵਨ ਨਹੀਂ ਕਰਦਾ, ਕੁਠਾ (ਹਲਾਲ  ਮਾਸ) ਨਹੀਂ ਖਾਂਦਾ ਤੇ ਸ਼ਰਾਬ ਨਹੀਂ ਪੀਂਦਾ, ਜਿਸ ਨੂੰ ਮੂਲ ਮੰਤਰ ਕੰਠ (ਜ਼ਬਾਨੀ) ਯਾਦ ਹੈ, ਅਤੇ ਜਿਸ ਦਾ ਹੋਰ ਕੋਈ ਧਰਮ ਨਹੀਂ ਹੈ।”

ਗੁਰਦੁਆਰਾ ਸੂਧਾਰ ਲਹਿਰ 1920 ਵਿਚ ਸ਼ੁਰੂ ਹੋਈ। ਉਸ ਸਮੇ ਤਕ ਹਿੰਦੂ ਤੇ ਸਿੱਖ ਇਕੋ ਹੀ ਸਮਝੇ ਜਾਂਦੇ ਸਨ। ਹਿੰਦੂਆਂ ਨੰ ਸਿੱਖੀ (ਸਿੱਖ ਧਰਮ) ਦੀ ਪਨੀਰੀ ਸਮਝਿਆ ਜਾਂਦਾ ਸੀ। ਅਕਸਰ ਹਿੰਦੂ ਪਰਿਵਾਰ ਆਪਣੇ ਵੱਡੇ ਪੁੱਤਰ ਨੂੰ ਸਿੱਖ ਬਣਾ ਦਿੰਦੇ ਸਨ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਹਜ਼ਾਰਾਂ ਹੀ ਹਿੰਦੂ ਅੰਮ੍ਰਿਤਪਾਨ ਕਰਕੇ ਸਿੰਘ ਸਜ ਗਏ। ਉਨ੍ਹਾਂ ਦਿਨਾਂ ਦੌਰਾਨ ਅੰਮ੍ਰਿਤਸਰ ਦੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ (ਸ਼ਾਇਦ ਮਿਸਟਰ ਮੂਨ) ਨੇ ਪੰਜਾਬ ਸਰਕਾਰ ਨੂੰ ਭੇਜੀ ਆਪਣੀ ਇਕ ਰੀਪੋਰਟ ਵਿਚ ਲਿਖਿਆ ਸੀ, “ਮੈਂ ਜਦੋਂ ਆਪਣੇ ਕਿਸੇ ਦੌਰੇ ਤੋਂ ਵਾਪਸ ਆਉਂਦਾ ਹਾ ਤਾਂ ਦੇਖਦਾ ਹਾ ਕਿ ਰਾਮ ਲਾਲ ਰਾਮ ਸਿੰਘ ਬਣ ਚੁਕਾ ਹੁੰਦਾ ਹੈ ਤੇ ਲਾਲ ਚੰਦ ਲਾਲ ਸਿੰਘ ਬਣ ਕੇ ਬੈਠਾ ਹੁੰਦਾ ਹੈ।” ਇਹ ਵੀ ਇਕ ਹਕੀਕਤ ਹੈ ਕਿ ਗੁਰਦੁਆਰਾ ਐਕਟ ਪਾਸ ਤੋਂ ਪਹਿਲਾਂ ਬਹੁਤੇ ਗੁਰਦੁਆਰਿਆਂ ਦਾ ਪ੍ਰਬੰਧ ਹਿੰਦੂ ਮਹੰਤਾਂ ਤੇ ਪੁਜਾਰੀਆਂ ਦੇ ਹੱਥ ਹੁੰਦਾ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ-ਪਰਵਾਨਿਤ “ਸਿੱਖ ਰਹਿਤ ਮਰਯਾਦਾ” ਸਾਲ 1945 ਦੌਰਾਨ ਜਾਰੀ ਕੀਤੀ ਗਈ, ਜਿਸ ਵਿਚ “ਸਿੱਖ” ਤੇ “ਅੰਮ੍ਰਿਤਧਾਰੀ” ਜਾਂ “ਪਤਿਤ ਸਿੱਖ” ਬਾਰੇ ਤਾਂ ਪਰਿਭਾਸ਼ਾ ਦਿਤੀ ਗਈ ਹੈ, ਪਰ ਸਹਿਜਧਾਰੀ ਸਿੱਖ ਬਾਰੇ ਕੋਈ ਜ਼ਿਕਰ ਨਹੀਂ ਹੈ।

ਸ਼੍ਰੋਮਣੀ ਅਕਾਲੀ ਦਲ ਦਾ ਜੋ ਸਭ ਤੋਂ ਪਹਿਲਾ ਸੰਵਿਧਾਨ ਹੈ (ਬਾਦਲ ਸਾਹਿਬ ਨੇ 1996 ਵਿਚ ਬਹੁਤ ਸੋਧਾਂ ਕਰਕੇ ਇਸ ਨੂੰ ਇਸ ਦਾ ਸਾਰਾ ਰੂਪ ਬਦਲ  ਦਿਤਾ ਸੀ), ਅਨੁਸਾਰ ਇਸ ਦੀ ਮੈਂਬਰਸ਼ਿਪ ਲੈਣ ਲਈ ਕਿਸੇ ਵੀ ਵਿਅਕਤੀ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੁੰਦਾ ਸੀ। ਵੈਸੇ ਜੂਨ 1984 ਤਕ ਇਸ ਪਾਰਟੀ ਦਾ “ਸਹਿਜਧਾਰੀ ਸਿੱਖ ਵਿੰਗ” ਹੁੰਦਾ ਸੀ, ਜਿਸ ਦੇ ਆਖਰੀ ਪ੍ਰਧਾਨ ਡਾ. ਮੋਹਨ ਲਾਲ ਸਾਂਡਲ ਹੁੰਦੇ ਸਨ, ਜਿਨ੍ਹਾਂ ਨੇ ਭਵੇਂ ਦਾੜ੍ਹੀ ਕੇਸ਼ ਨਹੀਂ ਰਖੇ ਸਨ, ਪਰ ਸਿਰ ‘ਤੇ ਹਰ ਸਮੇਂ ਦਸਤਾਰ ਸਜਾਕੇ ਰਖਦੇ ਸਨ। ਉਨ੍ਹਾ ਦਾ ਕਲਿਨਕ ਸ਼੍ਰੋਮਣੀ ਕਮੇਟੀ ਦਫਤਰ ਦੇ ਨੇੜੇ ਹੀ ਸੀ ਜਿਥੇ ਇਸ ਪੱਤਰਕਾਰ ਨੂੰ ਅਨੇਕਾਂ ਵਾਰੀ ਜਾਣ ਦਾ ਮੌਕਾ ਲਗਾ ਸੀ। ਉਹ ਆਪਣੇ ਸਾਰੇ ਪਰਿਵਾਰਿਕ ਕਾਰਜ ਸਿੱਖ ਰਿਵਾਇਤਾਂ (ਰੀਤੀ ਰਿਵਾਜ) ਅਨੁਸਾਰ ਕਰਦੇ ਸਨ। ਸਾਕਾ ਨੀਲਾ ਤਾਰਾ ਪਿਛੋਂ ਅਕਾਲੀ ਦਲ ਨੇ ਸਹਿਜਧਾਰੀ ਵਿੰਗ ਸੁਰਜੀਤ ਨਹੀਂ ਕੀਤਾ।

ਸਾਲ 1996 ਦੀਆਂ ਗੁਰਦੁਆਰਾ ਚੋਣਾਂ ਸਮੇਂ ਜੋ ਵੋਟਰ ਬਣ ਜਾਣ ਲਈ ਫਾਰਮ ਸੀ, ਉਹ ਇਸ ਤਰ੍ਹਾਂ ਸੀ:-

ਫਾਰਮ -1 ੳ (ਸਜਿਧਾਰੀ ਸਿੱਖਾਂ ਲਈ)

ਮੈਂ……………ਪੁਤਰ/ਪਤਨੀ/ਪੁਤਰੀ…………… ਉਮਰ………ਦਾ ਨਿਵਾਸੀ  ਇਹ ਬਿਆਨ ਕਰਦਾ/ਕਰਦੀ ਹਾਂ: ਕਿ….

ਮੈਂ ਇਕ ਸਹਿਜਧਾਰੀ ਸਿੱਖ ਹਾਂ ਅਤੇ ਮੈਂ…..
(ੳ) ਸਿੱਖ  ਰਵਾਇਤਾ ਦੀ ਪਾਲਨਾ ਕਰਦਾ/ਕਰਦੀ ਹਾਂ।
(ਅ) ਕਿਸੇ ਵੀ ਰੂਪ ਵਿਚ ਧੂਮਰਪਾਨ ਨਹੀਂ ਕਰਦਾ/ਕਰਦੀ ਹਾਂ। ਅਤੇ ਨਾ ਹੀ ਕੁਠਾ )ਹਲਾਲ ਮਾਸ) ਦਾ ਪਰਯੋਗ ਕਰਦਾ/ਕਰਦੀ ਹਾਂ।
(ੲ) ਸ਼ਰਾਬ ਨਹੀਂ ਪੀਂਦਾ/ਪੀਦੀ ਹਾਂ
*(ਸ)ਪਤਿਤ ਨਹੀਂ ਹਾਂ।
(ਹ) ਮੂਲ ਮੰਤਰ ਦਾ ਪਾਠ ਕਰ ਸਕਦਾ ਹਾਂ/ਸਲਦੀ ਹਾਂ।

ਹਸਤਾਖਰ/ਨਿਸ਼ਾਨ ਅੰਗੂਠਾ

*ਪਤਿਤ ਦਾ ਅਰਥ ਅਜੇਹਾ ਵਿਅਕਤੀ ਹੈ ਜਿਹੜਾ ਕੇਸ਼ਧਾਰੀ ਸਿੱਖ ਹੁੰਦੇ ਹੋਏ, ਆਪਣੀ ਦਾੜ੍ਹੀ ਬਨਾਉਂਦਾ ਹੈ ਜਾਂ ਕੇਸ ਕਤਰਦਾ/ਕਤਰਦੀ ਹੈ। ਜਾ ਜਿਹੜਾ ਅੰਮ੍ਰਿਤ ਛਕਣ ਮਗਰੋਂ ਚਹੁ ਕੁਰਿਹਤਾ ਵਿਚੋਂ ਇਕ ਜਾਂ ਵਧੀਕ ਕੁਰਹਿਤ ਕਰਦਾ /ਕਰਦੀ ਹੈ।”

ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਲਈ ਜੇਕਰ ਕੋਈ ਸਹਿਜਧਾਰੀ ਸਿੱਖ ਵੀਜ਼ਾ ਲੈਣ ਲਈ ਅਪਲਾਈ ਕਰਦਾ ਹੈ, ਉਸ ਨੂੰ ਵੀ ਅਜੇਹਾ ਹੀ ਇਹ ਹਲਫੀਆ ਬਿਆਨ ਨਾਲ ਲਗਾਉਣਾ ਪੈਂਦਾ ਹੈ।

ਉਪਰੋਕਤ ਤਥਾਂ ਤੋਂ ਵੀ “ਸਹਿਜਧਾਰੀ ਸਿੱਖ” ਦੀ ਪਰਿਭਾਸ਼ਾ ਬਾਰੇ ਬਹੁਤੀ ਸਪਸ਼ਟਾ ਨਹੀਂ ਹੁੰਦੀ। ਕਈ ਵਿਦਵਾਨ ਕਹਿੰਦੇ ਹਨ ਕਿ “ਕੋਈ ਸਹਿਜਧਾਰੀ ਸਿੱਖ ਨਹੀਂ ਹੁੰਦਾ, ਸਿੱਖ ਇਕ ਸਿੱਖ ਹੁੰਦਾ ਹੈ ਜਾਂ ਪਤਿਤ ਸਿੱਖ ਹੁੰਦਾ ਹੈ।” ਪ੍ਰਮੁਖ ਸਿੱਖ ਸੰਸਥਾਵਾਂ, ਸਾਰੇ ਅਕਾਲੀ ਧੜਿਆਂ, ਵਿਦਵਾਨਾ ਤੇ ਡਾ. ਪਰਮਜੀਤ ਸਿੰਘ ਰਾਣੂ ਸਮੇਤ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਅਖਵਾਉਣ ਵਲਿਆਂ ਨੂੰ ਬੈਠ ਕੇ ਖੁਲ੍ਹੇ ਮਿਲ ਨਾਲ ਵਿਚਾਰ ਵਿਟਾਂਦਰਾ ਕਰਨਾਂ ਚਾਹੀਦਾ ਹੈ ਅਤੇ ਇਸ ਬਾਰੇ ਕੋਈ ਸਰਬ-ਪਰਵਾਨਿਤ ਫੈਸਲਾ ਕਰਨਾ ਚਾਹੀਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>