ਲੁਧਿਆਣਾ:- ਸਤੰਬਰ ਮਹੀਨੇ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਜਾਣਕਾਰੀ ਦੇਣ ਹਿਤ ਕਰਵਾਏ ਜਾਂਦੇ ਕਿਸਾਨ ਮੇਲਿਆਂ ਦੀ ਲੜੀ ’ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਲਾਚੌਰ ਨੇੜੇ ਸਥਿਤ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਪਹਿਲੇ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੱਕੀ ਵਿਗਿਆਨੀ ਡਾ: ਅਮਰਜੀਤ ਸਿੰਘ ਖਹਿਰਾ ਨੇ ਕਿਹਾ ਕਿ ਕਿਸਾਨ ਅਤੇ ਵਿਗਿਆਨੀਆਂ ਦੀ ਨੇੜਤਾ ਅਤੇ ਆਪਸੀ ਵਿਚਾਰ ਵਟਾਂਦਰਾ ਹੀ ਖੇਤੀ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਕਾਇਮ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਵੀ ਮਹੱਤਵਪੂਰਨ ਹੈ। ਇਲਾਕੇ ਦੇ ਕਿਸਾਨਾਂ ਦੇ ਭਰਵਂੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਖਹਿਰਾ ਨੇ ਕਿਹਾ ਕਿ ਕੰਢੀ ਖੇਤਰ ਪੰਜਾਬ ਦੇ 10 ਪ੍ਰਤੀਸ਼ਤ ਖੇਤਰ ਵਿੱਚ ਫੈਲਿਆ ਹੋਇਆ ਹੈ ਪਰ ਇਸ ਖੇਤਰ ਦੇ ਸੰਪੂਰਨ ਵਿਕਾਸ ਵੱਲ ਹੋਰ ਵਧੇਰੇ ਧਿਆਨ ਦੇਣ ਦੀ ਸਖਤ ਜ਼ਰੂਰਤ ਹੈ। ਉਨ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਘਰੇਲੂ ਪੱਧਰ ਤੇ ਨਵੀਂ ਤਕਨਾਲੋਜੀ ਅਪਣਾਉਣ ਲਈ ਵੀ ਕਿਸਾਨਾਂ ਨੂੰ ਪ੍ਰੇਰਿਆ। ਡਾ: ਖਹਿਰਾ ਨੇ ਕਿਹਾ ਕਿ ਕੇਂਦਰ ਦੇ ਖੇਤੀ ਵਿਗਿਆਨੀਆਂ ਨੇ ਬਾਗਬਾਨੀ, ਬਰਾਨੀ ਖੇਤੀ, ਖੇਤੀ ਸਹਾਇਕ ਧੰਦੇ ਅਤੇ ਖੇਤੀ ਸਬੰਧੀ ਹੋਰ ਖੇਤਰਾਂ ’ਚ ਵਿਸ਼ੇਸ਼ ਸਿਫ਼ਾਰਸਾਂ ਕੀਤੀਆਂ ਹਨ ਜੋ ਇਸ ਇਲਾਕੇ ਲਈ ਫਾਇਦੇਮੰਦ ਹਨ। ਡਾ: ਖਹਿਰਾ ਨੇ ਕਿਹਾ ਕਿ ਭਾਵੇਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਮੇਤ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਸੇਵਾ ਨਿਭਾ ਚੁੱਕਾ ਹਾਂ ਪ੍ਰੰਤੂ ਉਨ੍ਹਾਂ ਨੂੰ ਇਸ ਗੱਲ ਦਾ ਹਮੇਸ਼ਾਂ ਮਾਣ ਰਹੇਗਾ ਕਿ ਉਹ ਇਸ ਯੂਨੀਵਰਸਿਟੀ ਵਿਚੋਂ ਪੜ੍ਹੇ ਹਨ ਜਿਸ ਨਾਤੇ ਇਹ ਯੂਨੀਵਰਸਿਟੀ ਉਨ੍ਹਾਂ ਲਈ ਮਾਂ ਸਮਾਨ ਹੈ ਅਤੇ ਮੈਂ ਇਸ ਦੀ ਚੜ੍ਹਦੀ ਕਲਾ ਲਈ ਹਰ ਯਤਨ ਕਰਦਾ ਰਹਾਂਗਾ। ਉਨ੍ਹਾਂ ਯੂਨੀਵਰਸਿਟੀ ਦੇ ਅਮਾਨਤੀ ਫੰਡ ਲਈ ਨਿੱਜੀ ਤੌਰ ਤੇ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਮੀਨ ਦਾ ਖੋਰਾ ਇਸ ਇਲਾਕੇ ਦੀ ਮੁੱਖ ਸਮੱਸਿਆ ਹੈ ਅਤੇ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਪਾਣੀ ਦੀ ਸੁਚੱਜੀ ਵਰਤੋਂ ਅਤੇ ਇਸ ਖੋਰੇ ਨੂੰ ਰੋਕਣ ਸੰਬੰਧੀ ਖੋਜ ਜਾਰੀ ਹੈ। ਡਾ: ਢਿੱਲੋਂ ਨੇ ਕਿਹਾ ਕਿ ਇਸ ਖੇਤਰ ਵਿੱਚ ਮੱਕਈ ਅਤੇ ਕਣਕ ਦੀ ਖੇਤੀ ਤੋਂ ਇਲਾਵਾ ਫ਼ਲਦਾਰ ਫ਼ਸਲਾਂ ਜਿਵੇਂ ਅੰਬ, ਪਹਾੜੀ ਨਿੰਬੂ, ਅਮਰੂਦ, ਬੇਰ ਅਤੇ ਆਂਵਲੇ ਦੀ ਖੇਤੀ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰਖਦਿਆਂ ਇਸ ਕੇਂਦਰ ਦੀ 30 ਸਾਲ ਪਹਿਲਾਂ ਸਥਾਪਨਾ ਕੀਤੀ ਗਈ ਸੀ ਜਿਸ ਸਦਕਾ ਇਸ ਕੇਂਦਰ ਵੱਲੋਂ ਕੀਤੀਆਂ ਸਿਫਾਰਸ਼ਾਂ ਕਾਰਨ ਹੀ ਇਸ ਇਹਲਾਕੇ ਦਾ ਵਿਕਾਸ ਸੰਭਵ ਹੋਇਆ ਹੈ। ਡਾ: ਢਿੱਲੋਂ ਨੇ ਕਿਹਾ ਕਿ ਖੇਤੀ ਉੱਚ ਤਕਨੀਕੀ ਖੇਤੀ ਦਾ ਰੂਪ ਅਖਤਿਆਰ ਕਰ ਚੁੱਕੀ ਹੈ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਸੰਪਰਕ ਜ਼ਰੂਰ ਰੱਖਿਆ ਕਰੋ। ਡਾ: ਢਿੱਲੋਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਖੇਤੀ ਸਾਹਿਤ ਪੜ੍ਹਨ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਖੇਤੀ ਵਿਗਿਆਨੀਆਂ ਨਾਲ ਲਗਾਤਾਰ ਸੰਪਰਕ ਰੱਖਣ ਦੀ ਆਦਤ ਬਣਾਉਣ ਤਾਂ ਕਿ ਨਵੀਂ ਤਕਨੀਕੀ ਜਾਣਕਾਰੀ ਉਨ੍ਹਾਂ ਨੂੰ ਮਿਲਦੀ ਰਹੇ। ਖੇਤੀ ਖਰਚਿਆਂ ਨੂੰ ਘਟਾਉਣ ਤੇ ਜ਼ੋਰ ਦਿੰਦਿਆਂ ਡਾ: ਢਿੱਲੋਂ ਨੇ ਕਿਹਾ ਕਿ ਕੀੜੇਮਾਰ ਜ਼ਹਿਰਾਂ, ਖਾਦਾਂ ਅਤੇ ਹੋਰ ਖੇਤੀ ਵਸਤਾਂ ਦੀ ਵਰਤੋਂ ਖੇਤੀ ਵਿਗਿਆਨੀਆਂ ਦੀ ਸਿਫ਼ਾਰਸ਼ ਮੁਤਾਬਕ ਹੀ ਕਰਨ। ਇਸ ਮੌਕੇ ਤੇ ਅਗਾਂਹਵਧੂ ਕਿਸਾਨ ਸ: ਭੁਪਿੰਦਰ ਸਿੰਘ ਮਾਨ ਸਾਬਕਾ ਮੈਂਬਰ ਰਾਜ ਸਭਾ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਜ਼ਿਲ੍ਹੇ ਵਿੱਚ ਖੋਲ੍ਹੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਸਕੀਮ ਦੇ ਵਿਗਿਆਨੀਆ ਨਾਲ ਰਾਬਤਾ ਰੱਖਣਾ ਚਾਹੀਦਾ ਹੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਚੱਲਣ ਨਾਲ ਖੇਤੀ ਦਾ ਧੰਦਾ ਲਾਹੇਵੰਦ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਦੀਆਂ ਮੁੱਢਲੀਆਂ ਲਾਗਤਾਂ ਵਿੱਚ ਕਟੌਤੀ ਲਿਆਉਂਦੀ ਬਹੁਤ ਜ਼ਰੂਰੀ ਹੈ ਜਿਸ ਲਈ ਜ਼ਰੂਰਤ ਅਨੁਸਾਰ ਹੀ ਮੁੱਢਲੀਆਂ ਲਾਗਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਚੱਕਰ ਵਿੱਚ ਤਬਦੀਲੀਆਂ ਲਿਆ, ਦਾਲਾਂ ਦੀ ਕਾਸ਼ਤ, ਜਾਨਵਰ ਪਾਲਣ ਅਤੇ ਹੋਰ ਖੇਤੀ ਸਹਾਇਕ ਧੰਦੇ ਅਪਨਾਉਣ ਨਾਲ ਹੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਵੱਖ ਵੱਖ ਖੇਤਰਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਖੋਜ ਬਾਰੇ ਚਾਨਣਾ ਪਾਇਆ। ਡਾ: ਗੋਸਲ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਰੂਰਤਾਂ ਅਨੁਸਾਰ ਹੀ ਖੇਤੀਬਾੜੀ ਯੂਨੀਵਰਸਿਟੀ ਦੀ ਖੋਜ ਉਲੀਕੀ ਜਾਂਦੀ ਹੈ। ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਸਹਿਕਾਰੀ ਪੱਧਰ ਤੇ ਪਿੰਡਾਂ ਵਿੱਚ ਖੇਤੀ ਸਾਹਿਤ ਲਈ ਲਾਇਬ੍ਰੇਰੀਆਂ ਉਸਾਰਨ ਵੱਲ ਤੁਰਨਾ ਚਾਹੀਦਾ ਹੈ ਜਿਸ ਲਈ ਯੂਨੀਵਰਸਿਟੀ ਵੱਲੋਂ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦਿੱਤਾ ਜਾਵੇਗਾ। ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਨਿਰਦੇਸ਼ਕ ਡਾ: ਸੁਭਾਸ਼ ਚੰਦਰ ਸ਼ਰਮਾ ਨੇ ਕੇਂਦਰ ਵੱਲੋਂ ਕੀਤੀ ਜਾ ਰਹੀ ਖੋਜ ਅਤੇ ਉਸ ਦੇ ਪਸਾਰੇ ਸੰਬੰਧੀ ਕੀਤੇ ਜਾ ਰਹੇ ਉਦਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਡਾ: ਸ਼ਰਮਾ ਨੇ ਦੱਸਿਆ ਕਿ ਕਿਸਾਨਾਂ ਦੀ ਭਲਾਈ ਲਈ ਪਿਛਲੇ ਕੁਝ ਸਮੇਂ ਦੌਰਾਨ ਕੁਝ ਅੰਤਰ ਰਾਸ਼ਟਰੀ ਸੰਸਥਾਵਾਂ ਵੱਲੋਂ ਇਸ ਖੇਤਰ ਵਿੱਚ ਪ੍ਰੋਜੈਕਟ ਚਲਾਏ ਜਾ ਰਹੇ ਹਨ। ਮੰਚ ਸੰਚਾਲਨ ਡਾ: ਨਿਰਮਲ ਜੌੜਾ ਨੇ ਕੀਤਾ। ਮੇਲੇ ਦੌਰਾਨ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਮੁੱਖ ਪੰਡਾਲ ਵਿੱਚ ਯੂਨੀਵਰਸਿਟੀ ਤੋਂ ਆਏ ਵਿਸ਼ਾ ਵਸਤੂ ਮਾਹਿਰਾਂ ਨੇ ਵੱਖ ਵੱਖ ਫ਼ਸਲਾਂ ਅਤੇ ਤਕਨੀਕਾਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ, ਜਿਸ ਦੌਰਾਨ ਡਾ: ਸਤਿੰਦਰਪਾਲ ਸਿੰਘ ਬਰਾੜ, ਡਾ: ਕੁਲਬੀਰ ਸਿੰਘ, ਡਾ: ਸੁਰਜੀਤ ਸਿੰਘ, ਡਾ; ਗੁਰਬਖਸ਼ ਸਿੰਘ ਕਾਹਲੋਂ, ਡਾ: ਠਾਕੁਰ ਸਿੰਘ,ਡਾ: ਦੇਵਿੰਦਰਜੀਤ ਸਿੰਘ ਬੈਨੀਪਾਲ, ਡਾ: ਜਗਦੇਵ ਸਿੰਘ ਕੁਲਾਰ, ਡਾ: ਹਰਸ਼ਰਨ ਕੌਰ ਗਿੱਲ ਤੇ ਡਾ: ਚੰਦਰ ਮੋਹਨ ਨੇ ਵੱਖ ਵੱਖ ਵਿਧੀਆਂ ਤੇ ਤਕਨੀਕੀ ਜਾਣਕਾਰੀ ਦਿੱਤੀ। ਮੇਲੇ ਦੌਰਾਨ ਵੱਖ ਵੱਖ ਫ਼ਸਲਾਂ ਦਾ ਬੀਜ ਪ੍ਰਾਪਤ ਕਰਨ ਲਈ ਕਿਸਾਨਾਂ ਦਾ ਪਾਰੀ ਇਕੱਠ ਦੇਖਿਆ ਗਿਆ, ਜਿਸ ਸੰਬੰਧੀ ਡਾ: ਹਰਵਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਵਾਰ ਕਣਕ, ਦਾਲਾਂ ਅਤੇ ਸਬਜ਼ੀਆਂ ਦੇ ਬੀਜ ਦਿੱਤੇ ਗਏ ਅਤੇ ਖਾਸ ਤੌਰ ਕਣਕ ਦੇ ਨਵੇਂ ਬੀਜ ਪੀ ਬੀ ਡਬਲਯੂ 621 ਵਿੱਚ ਰੁਚੀ ਦਿਖਾਈ। ਮੇਲੇ ਦੇ ਦੌਰਾਨ ਫ਼ਸਲ ਪੈਦਾਵਾਰ ਮੁਕਾਬਲੇ ਦੇ ਜੇਤੂਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। ਇਸ ਮੌਕੇ ਰੱਤੇਵਾਲ ਕਾਲਜ ਅਤੇ ਗੁਰ ਸੇਵਾ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਸਭਿਆਚਾਰ ਪ੍ਰੋਗਾਰਮ ਪੇਸ਼ ਕੀਤੇ। ਫ਼ਸਲ ਉਤਪਾਦਨ, ਸਟਾਲ ਪ੍ਰਦਰਸ਼ਨੀ ਅਤੇ ਸਮਾਜ ਸੇਵੀ ਗਰੁੱਪਾਂ ਦੇ ਮੁਕਾਬਲੇ ਵਿੱਚ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗ
ਛੋਟੀ ਕਿਰਸਾਨੀ ਲਈ ਲੋੜਵੰਦੀ ਤਕਨਾਲੋਜੀ ਵਿਕਸਤ ਕਰੋ-ਡਾ:ਖਹਿਰਾ
This entry was posted in ਖੇਤੀਬਾੜੀ.