ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ)- ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸਿਖਸ ਫਾਰ ਜਸਟਿਸ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਸ੍ਰੋਮਣੀ ਅਕਾਲੀ ਦਲ (ਬਾਦਲ) ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ ਜਿਸ ਵਿਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਦੀ ਮੌਤ ਦੀ ਸਜ਼ਾ ਰੱਦ ਕਰਨ ਲਈ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਇਕ ਮਤਾ ਪਾਸ ਕਰਕੇ ਸਿਖਾਂ ਦੀਆਂ ਭਾਵਨਾਵਾਂ ਦੇ ਮੰਗਾਂ ਦੀ ਕਦਰ ਕੀਤੀ ਜਾਵੇ।
ਹਾਲ ਵਿਚ ਹੀ ਤਾਮਿਲ ਨਾਡੂ ਵਿਧਾਨ ਸਭਾ ਵਿਚ ਮੁਖ ਮੰਤਰੀ ਜੈਲਲਿਤਾ ਵਲੋਂ ਇਕ ਮਤਾ ਪਾਸ ਕਰਕੇ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਕਿ ਤਾਮਿਲ ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਰਾਜੀਵ ਦੇ ਕਾਤਲਾਂ ਮੁਰੂਗਨ, ਸੰਥਨ ਤੇ ਪੈਰਾਰੀਵਲਨ ਦੀ ਮੌਤ ਦੀ ਸਜ਼ਾ ਰੱਦ ਕੀਤੀ ਜਾਵੇ। ਇਸੇ ਤਰਾਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁਲਾ ਨੇ ਐਲਾਨ ਕੀਤਾ ਹੈ ਕਿ ਅਫਜਲ ਗੁਰੂ ਦੀ ਮੌਤ ਦੀ ਸਜ਼ਾ ਰੱਦ ਕਰਨ ਬਾਰੇ ਜੰਮੂ ਕਸ਼ਮੀਰ ਵਿਧਾਨ ਵਿਚ ਮਤੇ ਦਾ ਸਮਰਥਨ ਕਰਨਗੇ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਕਿਨੀ ਮੰਦਭਾਗੀ ਗਲ ਹੈ ਕਿ ਬਹੁਮਤ ਵਿਚ ਹੁੰਦਿਆਂ ਮੁਖ ਮੰਤਰੀ ਬਾਦਲ ਪ੍ਰੋਫੈਸਰ ਭੁਲਰ ਨੂੰ ਬਚਾਉਣ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਲਿਆਉਣ ਵਿਚ ਨਾਕਾਮ ਰਹੇ ਹਨ। ਪੀਰ ਮੁਹੰਮਦ ਨੇ ਪੁਛਿਆ ਕਿ ਜੇਕਰ ਅਫਜਲ ਗੁਰੂ ਤੇ ਮੁਰੂਗਨ ਨੂੰ ਉਨ੍ਹਾਂ ਦੀ ਮੌਤ ਦੀ ਸਜ਼ਾ ਰੱਦ ਕਰਨ ਵਿਚ ਉਨ੍ਹਾਂ ਦੀਆਂ ਵਿਧਾਨ ਸਭਾਵਾਂ ਦਾ ਸਮਰਥਨ ਪ੍ਰਾਪਤ ਹੈ ਤਾਂ ਪ੍ਰੋਫੈਸਰ ਭੁਲਰ ਨੂੰ ਕਿਉਂ ਨਹੀਂ? ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਇਸ ਤੋਂ ਇਹ ਜਾਹਿਰ ਹੁੰਦਾ ਹੈ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਛਡਕੇ ਭਾਰਤ ਵਿਚ ਹਰ ਰਾਜ ਦੀਆਂ ਸਰਕਾਰਾਂ ਆਪਣੇ ਲੋਕਾਂ ਤੇ ਹਲਕਿਆਂ ਦੀਆਂ ਇਛਾਵਾਂ ਤੇ ਭਾਵਨਾਵਾਂ ਦੀਆਂ ਕਦਰ ਕਰਦੀਆਂ ਹਨ।
ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਨੇ ਹਮੇਸ਼ਾ ਸਿਖਾਂ ਨੂੰ ਇਨਸਾਫ ਦਿਵਾਉਣ ਦੇ ਮੁੱਦੇ ’ਤੇ ਪੰਜਾਬ ਵਿਚ ਚੋਣਾਂ ਜਿੱਤੀਆਂ ਹਨ ਤੇ ਆਪਣੇ ਹੀ ਚੋਣ ਮੈਨੀਫੈਸਟੋ ਦੇ ਉਲਟ ਜਾਕੇ ਹਰੇਕ ਵਾਰ ਧੋਖਾ ਦਿੱਤਾ ਹੈ। ਪ੍ਰੋਫੈਸਰ ਭੁਲਰ ਦੇ ਮੁੱਦੇ ’ਤੇ ਪੰਜਾਬ ਵਿਧਾਨ ਵਿਧਾਨ ਸਭਾ, ਜਿਥੇ ਸ੍ਰੋਮਣੀ ਅਕਾਲੀ ਦਲ (ਬਾਦਲ) ਬਹੁਮਤ ਵਿਚ ਹੈ, ਵਿਚ ਮਤਾ ਪਾਸ ਕਰਨ ਦੀ ਬਜਾਏ ਮੁੱਖ ਮੰਤਰੀ ਬਾਦਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲ ਪਹੁੰਚ ਕਰਕੇ ਇਕ ਵਾਰ ਫਿਰ ਸਿਖਾਂ ਨਾਲ ਧੋਖਾ ਕਰ ਰਹੇ ਹਨ ਕਿਉਂਕਿ ਪ੍ਰ੍ਰਧਾਨ ਮੰਤਰੀ ਕੋਲ ਪ੍ਰੋਫੈਸਰ ਭੁਲਰ ਦੀ ਸਜ਼ਾ ਮੁਆਫ ਕਰਨ ਲਈ ਕੋਈ ਸਵਿਧਾਨਕ ਅਧਿਕਾਰ ਨਹੀਂ ਹਨ।
ਪੀਰ ਮੁਹੰਮਦ ਨੇ ਐਲਾਨ ਕੀਤਾ ਕਿ ਜੇਕਰ ਉਹ ਸ੍ਰੋਮਣੀ ਕਮੇਟੀ ਚੋਣਾਂ ਜਿਤ ਗਏ ਤਾਂ ਉਹ ਸ੍ਰੋਮਣੀ ਕਮੇਟੀ ਵਿਚ ਪ੍ਰੋਫੈਸਰ ਭੁਲਰ ਦੇ ਹਕ ਵਿਚ ਮਤਾ ਲਿਆਉਣਗੇ ਤੇ ਭੁਲਰ ਦੀ ਸਜ਼ਾ ਮੁਆਫੀ ਲਈ ਮਤਾ ਪਾਸ ਕਰ ਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਵਾਸਤੇ ਪੰਜਾਬ ਸਰਕਾਰ ’ਤੇ ਦਬਾਅ ਪਾਉਣ ਲਈ ਜਨਤਕ ਲਹਿਰ ਦੀ ਸ਼ੁਰੂਆਤ ਕਰਨਗੇ।
12 ਦਸੰਬਰ 2011 ਨੂੰ ਸਿਖਸ ਫਾਰ ਜਸਟਿਸ ਹੋਰ ਗੈਰ ਸਰਕਾਰੀ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਸਮਰਥਨ ਨਾਲ ਜਨੇਵਾ ਸਵਿਟਜਰਲੈਂਡ ਸਥਿਤ ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਨਵੇਨਥਮ ਪਿਲੇ ਕੋਲ ਇਕ ਪਟੀਸ਼ਨ ਦਾਇਰ ਕਰੇਗੀ ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਦੀ ਫਾਂਸੀ ਰੋਕਣ ਲਈ ਭਾਰਤ ਸਰਕਾਰ ’ਤੇ ਦਬਾਅ ਪਾਉਣ ਲਈ ਫੌਰੀ ਦਖਲ ਦਿੱਤਾ ਜਾਵੇ।