ਸਾਨੂੰ ਵੀ ਗੁਰਦੁਆਰਾ ਈ ਪਵਾ ਦੇਅ ਤਾਇਆ

ਰੋਜ਼ਾਨਾ ਵਾਂਗ ਤਾਏ ਦੀ ਬੈਠਕ ਵਿਚ ਹੌਲੀ ਹੌਲੀ ਸ਼ੀਤੇ ਹੋਰਾਂ ਦੀ ਮੰਡਲੀ ਦੇ ਸਾਰੇ ਲੋਕ ਪਹੁੰਚਣ ਲੱਗ ਪਏ। ਤਾਇਆ ਆਪਣੇ ਸਿੰਘਾਸਨ ‘ਤੇ ਬਿਰਾਜਮਾਨ ਹੋਇਆ ਬੈਠਾ ਸੀ। ਇਸ ਮਹਿਫ਼ਲ ਵਿਚ ਅਜੇ ਸ਼ੀਤਾ ਗੈਰ ਹਾਜ਼ਰ ਸੀ। ਤਾਇਆ ਕਰਮੇ ਨੂੰ ਪੁੱਛਣ ਲੱਗਾ, “ਕਿਉਂ ਬਈ ਕਰਮਿਆਂ ਕੀ ਗੱਲ ਅੱਜ ਸ਼ੀਤਾ ਨਹੀਂ ਦੀਹਦਾ?”

“ਓ ਤਾਇਆ! ਕੀ ਦੱਸੀਏ ਅੱਜ ਕੱਲ ਸ਼ੀਤਾ ਵੀ ਲੀਡਰ ਬਣਿਆਂ ਫਿਰਦੈ।” ਕਰਮੇ ਦੇ ਜਵਾਬ ਦੇਣੋਂ ਪਹਿਲਾਂ ਈ ਕਮਾਲਪੁਰੀਆ ਗੱਪੀ ਬੋਲ ਪਿਆ।

“ਮੈਂ ਖਿਆ ਤਾਇਆ ਗੱਲ ਤਾਂ ਭਾਵੇਂ ਗੱਪੀ ਦੀ ਸੱਚੀ ਈ ਆ ਪਰ ਇਹਦੇ ਨਾਂਅ ਅੱਗੇ ਗੱਪੀ ਲਗਿਆ ਹੋਣ ਕਰਕੇ ਇਹਦੀ ਗੱਲ ਨੂੰ ਕਿਸੇ ਨੇ ਸੱਚ ਨਈਂ ਊਂ ਮੰਨਣਾ।” ਕਰਮਾ ਵੀ ਗੱਪੀ ਦੀ ਗੱਲ ਨਾਲ ਗੱਲ ਜੋੜਦਾ ਹੋਇਆ ਕਹਿਣ ਲੱਗਾ।

-ਓਏ ਮੁੰਡਿਓ! ਇਹ ਤਾਂ ਦੱਸੋ ਕਿ ਸ਼ੀਤਾ ਲੀਡਰ ਕਿਵੇਂ ਹੋ ਗਿਆ?

“ਗੱਲ ਕੀ ਹੋਣੀ ਆਂ ਤਾਇਆ ਸ਼ੀਤੇ ਦੀ ਭੂਆ ਦਾ ਮੁੰਡਾ ਵੀ ਇਸ ਵਾਰ ਅਜ਼ਾਦ ਉਮੀਦਵਾਰ ਵਜੋਂ ਗੁਰਦੁਆਰਾ ਚੋਣਾਂ ਵਿਚ ਆਪਣੀ ਕਿਸਮਤ ਅਜ਼ਮਾਈ ਕਰ ਰਿਹੈ। ਇਸ ਲਈ ਉਹਨੇ ਕਿਸੇ ਕੰਮ ਲਈ ਸੱਦਿਆ ਸੀ। ਸ਼ੀਤਾ ਤਾਂ ਕਹਿੰਦਾ ਸੀ ਕਿ ਛੇਤੀ ਮੁੜ ਆਊਗਾ ਪਰ ਹੁਣ ਤਾਂ ਸੂਰਜ ਸਿਰ ‘ਤੇ ਚੜ੍ਹ ਆਇਐ।” ਕਰਮੇ ਨੇ ਤਾਏ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ।

ਤਾਏ ਨੇ ਮਾਸਟਰ ਧਰਮੇ ਵੱਲ ਨਿਗਾਹ ਘੁੰਮਾਉਂਦੇ ਹੋਏ ਕਿਹਾ, “ਬਈ ਮਾਸਟਰ ਧਰਮ ਸਿੰਹਾਂ ਤੂੰ ਈਂ ਕੁਝ ਦੱਸ ਤੇਰੀ ਅਖ਼ਬਾਰ ਕੀ ਕਹਿੰਦੀ ਆ? ਬਈ ਮਾਸਟਰ ਜਗੀਰ ਸਿੰਹੁ ਦੇ ਦੋ ਕੁ ਹਫ਼ਤਿਆਂ ਲਈ ਦਿੱਲੀ ਜਾਣ ਦਾ ਸਾਨੂੰ ਆਹ ਬੜਾ ਘਾਟਾ ਪਿਐ।”

ਅਜੇ ਤਾਇਆ ਮਾਸਟਰ ਧਰਮ ਸਿੰਹੁ ਨੂੰ ਮੁਖਾਤਬ ਹੋ ਹੀ ਰਿਹਾ ਸੀ ਕਿ ਸ਼ੀਤੇ ਨੇ ਉੱਚੀ ਆਵਾਜ਼ ਨਾਲ ਆਣ ਸਾਰਿਆਂ ਨੂੰ ਫਤਹਿ ਗਜਾਈ। ਸ਼ੀਤੇ ਨੂੰ ਵੇਖਕੇ ਜਿਵੇਂ ਤਾਏ ਸਮੇਤ ਬੈਠਕ ਵਿਚ ਬੈਠੇ ਸਾਰਿਆਂ ਦੇ ਚਿਹਰੇ ‘ਤੇ ਰੌਣਕ ਆ ਗਈ ਹੋਵੇ। ਸ਼ੀਤੇ ਬਿਨਾਂ ਜਿਵੇਂ ਮਹਿਫ਼ਲ ਕੁਝ ਠੰਡੀ ਠੰਡੀ ਲੱਗ ਰਹੀ ਸੀ। ਤਾਏ ਨੇ ਵੀ ਗਰਮਜੋਸ਼ੀ ਨਾਲ ਸ਼ੀਤੇ ਦੀ ਫਤਹਿ ਦਾ ਜਵਾਬ ਦਿੰਦੇ ਹੋਏ ਕਿਹਾ, “ਓਏ ਨਿਕੰਮਿਆਂ! ਕਿਥੇ ਚਲਾ ਗਿਆ ਸੀ। ਇਥੇ ਤਾਂ ਜਿਵੇਂ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਵਾਂਗੂੰ ਕੁਝ ਖਾਣ ਨੂੰ ਈਂ ਜੀਅ ਨਹੀਂ ਸੀ ਕਰ ਰਿਹਾ।”

“ ਆਹੋ ਤੁਹਾਨੂੰ ਬੁੜਿਆਂ ਨੂੰ ਹੁਣ ਭੁੱਖ ਹੜਤਾਲ ਤੋਂ ਬਿਨਾਂ ਕੁਝ ਸੁਝਦਾ ਈ ਨਹੀਂ।” ਤਾਏ ਦੀ ਗੱਲ ਦਾ ਜਵਾਬ ਦਿੰਦੇ ਹੋਏ ਸ਼ੀਤਾ ਆਪਣੇ ਹਸਾਉਣੇ ਅੰਦਾਜ਼ ਵਿਚ ਬੋਲ ਉਠਿਆ।

“ਓਏ! ਬੁੱਢਾ ਹੋਊ ਤੇਰਾ ਪਿਓ। ਮੈਨੂੰ ਬੁੱਢਾ ਕਿਹਾ ਤਾਂ ਏਸ ਖੂੰਡੇ ਨਾਲ ਤੇਰੀਆਂ ਲੱਤਾਂ ਛਾਂਗ ਕੇ ਨਾ ਰੱਖ ਦਿਆਂ ਤਾਂ ਆਖੀਂ।” ਤਾਏ ਨੇ ਸ਼ੀਤੇ ਦੇ ਮਖੌਲ ਦਾ ਜਵਾਬ ਦਿੰਦੇ ਹੋਏ ਕਿਹਾ। “ਭਾਵੇਂ ਤੇਰਾ ਪਿਓ ਮੇਰੇ ਵੱਡੇ ਮੁੰਡੇ ਰਣਧੀਰ ਦਾ ਈ ਹਾਣੀ ਆਂ।”

“ਓ ਤਾਇਆ! ਏਥੇ ਵਾਲ ਚਿੱਟੇ ਹੁੰਦਿਆਂ ਕਿਹੜਾ ਚਿਰ ਲਗਦੈ ਅੱਧੇ ਵਾਲ ਤਾਂ ਇਨ੍ਹਾਂ ਬੈਂਕ ਵਾਲਿਆਂ ਨੂੰ ਵੇਖਕੇ ਚਿੱਟੇ ਹੋਏ ਰਹਿੰਦੇ ਨੇ।”

“ਚੱਲ ਸ਼ੀਤਿਆ ਕੋਈ ਖ਼ਬਰ ਸਾਰ ਦੱਸ ਤੇਰੀਆਂ ਗੁਰਦੁਆਰਿਆਂ ਦੀ ਚੋਣਾਂ ਕੀ ਕਹਿੰਦੀਆਂ ਨੇ।” ਤਾਏ ਨੇ ਗੱਲ ਬਦਲਦੇ ਹੋਏ ਕਿਹਾ।

“ਤਾਇਆ! ਮੈਨੂੰ ਕੀ ਪੁਛਦੈਂ ਆਹ ਨਿਹਾਲੇ ਅਮਲੀ ਤੋਂ ਪੁੱਛ ਜਿਹੜਾ ਅੱਜ ਕੱਲ ਪੱਬਾਂ ਭਾਰ ਹੋਇਆ ਕਦੀ ਬੋਲਿਆਂ ਦੀ ਹਵੇਲੀ ‘ਚ ਵੜਿਆ ਹੁੰਦੈ ‘ਤੇ ਕਦੀ ਰਸਾਲਦਾਰਾਂ ਦੀ ਕੋਠੀ ਦੇ ਗੇੜੇ ਮਾਰਦਾ ਫਿਰਦੈ। ਅੱਜ ਕੱਲ ਤਾਂ ਤਾਇਆ ਨਿਹਾਲੇ ਦੀਆਂ ਮੌਜਾਂ ਲੱਗੀਆਂ ਹੋਈਆਂ ਨੇ। ਬੱਸ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਵੋਟਾਂ ਪਾਉਣ ਦਾ ਲਾਰਾ ਲਾਕੇ ਸਮਾਧ ਵਾਲੇ ਬਾਬੇ ਵਾਂਗੂੰ ਪੁੱਤ ਵੰਡੀ ਜਾਂਦੈ। ਨਾਲੇ ਵਿਚੋਂ ਵਿਚੋਂ ਤਾਈ ਨਸੀਬੋ ਦੀ ਗਲੀ ਅੱਗਿਉਂ ਵੀ ਖੰਘੂਰਾ ਮਾਰੇ ਲੰਘਣਾ ਵੀ ਨਹੀਂ ਭੁੱਲਦਾ।” ਤਾਏ ਦੀ ਗੱਲ ਦਾ ਜਵਾਬ ਦਿੰਦੇ ਹੋਏ ਸ਼ੀਤੇ ਨੇ ਆਪਣੇ ਅੰਦਾਜ਼ ਵਿਚ ਕਿਹਾ।

“ਓਂਏਂ ਸ਼ੀਂਤਿਆਂ! ਆਂਹ ਲੈਕਸ਼ਨਾਂ ਈ ਤਾਂ ਹੁੰਦੀਐਂ ਜਦੋਂ ਸਾਨੂੰ ਆਪਣੇਂ ਨੂੰਹਾਂ ਪੁੱਤਾਂ ਅੱਗੇ ਮਾਵੇਂ ਤੇਂ ਨਸਿ਼ਆਂ ਲਈ ਹੱਥ ਨਹੀਂ ਅੱਡਣੇ ਪੈਂਦੇਂ। ਨਾਲੇਂ ਗੁਰਦੁਆਰਿਆਂ ਦੀ ਲੈਕਸ਼ਨਾਂ ਵੇਲੇਂ ਅਸੀਂ ਸਿੱਧਿਆਂ ਨਸ਼ੇਂ ਪੱਤੇਂ ਨਹੀਂ ਲੈਂਦੇਂ। ਏਹਨਾਂ ਲੈਕਸ਼ਨਾਂ ‘ਚ ਸਾਨੂੰ ਨਕਦ ਨਰਾਇਣ ਈਂ ਮਿਲਦੈਂ। ਕੁਝ ਨਸਿਆਂ ਲਈਂ ਵਰਤ ਲਈਂਦੈਂ ‘ਤੇ ਬਾਕੀਂ ਮਾੜੇ ਸਮਿਆਂ ਲਈ ਬਚਾ ਕੇਂ ਰੱਖ ਲਈਂਦੈਂ। ਪੰਰ ਕੰਜਰਾਂ ਆਹ ਨਸੀਬੋਂ ਵਾਲੀ ਗੱਲ ਮੈਨੂੰ ਕੁਝ ਚੰਗੀਂ ਨਈਂ ਊਂ ਲੱਗੀਂ।” ਸ਼ੀਤੇ ਦੀ ਗੱਲ ‘ਤੇ ਰੋਸ ਪ੍ਰਗਟਾਉਂਦਾ ਹੋਇਆ ਨਿਹਾਲਾ ਅਮਲੀ ਬੋਲਿਆ।

“ਚੱਲ ਅਮਲੀਆ! ਗੁੱਸਾ ਨਾ ਕਰ ਮੈਂ ਬੰਤੋਂ ਤਾਈ ਦਾ ਨਾਮ ਲੈਣਾ ਭੁੱਲ ਗਿਆ ਸਾਂ।” ਸ਼ੀਤੇ ਦੀ ਗੱਲ ਸੁਣਦੇ ਸਾਰ ਹੀ ਸਾਰੀ ਬੈਠਕ ਵਿਚ ਹਾਸੇ ਦੀਆਂ ਫੁੱਲ ਝੜੀਆਂ ਖਿੜ ਗਈਆਂ।

“ਅੱਛਾ ਮੁੰਡਿਓ! ਦੱਸੋ ਫਿਰ ਅੱਜ ਦੀ ਕੋਈ ਤਾਜ਼ਾ ਖ਼ਬਰ ਜਿਹਦੇ ਨਾਲ ਰੂਹ ਖੁਸ਼ ਹੋ ਜਾਵੇ।” ਤਾਏ ਨੇ ਗੱਲ ਨੂੰ ਬਦਲਦੇ ਹੋਇਆਂ ਕਿਹਾ।

“ਓ ਗੱਲ ਕੀ ਦੱਸੀਏ ਤਾਇਆ! ਆਹ ਕੱਲ੍ਹ ਖ਼ਬਰ ਆਈ ਆ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਪਣੀ ਗੱਡੀ ਨੂੰ 9 ਹਜ਼ਾਰ ਰੁਪਏ ਦਾ ਰੋਜ਼ ਤੇਲ ਪੁਆਉਂਦਾ ਈ ਤੇ ਪੰਜਾਂ ਸਾਲਾਂ ਵਿਚ ਉਹਦੀ ਕਾਰ 1 ਕਰੋੜ 64 ਲੱਖ ਰੁਪਏ ਦਾ ਪਟਰੌਲ ਪੀ ਚੁੱਕੀ ਊ।” ਤਾਏ ਨੂੰ ਤਾਜ਼ਾ ਖ਼ਬਰ ਸੁਣਾਉਂਦਾ ਹੋਇਆ ਸ਼ੀਤਾ ਬੋਲਿਆ।

“ਪਰ ਤਾਇਆ! ਇਥੇ ਇਕ ਗੱਲ ਤਾਂ ਸਾਫ਼ ਹੈ ਕਿ ਦੋ ਧਿਰਾਂ ‘ਚੋਂ ਇਕ ਧਿਰ ਜਾਂ ਫਿਰ ਦੋਵੇਂ ਧਿਰਾਂ ਦੀ ਤਾਂ ਇਥੇ ਬੱਲੇ ਬੱਲੇ ਹੋ ਹੀ ਗਈ ਹੋਣੀ ਹੈ।” ਮਾਸਟਰ ਧਰਮੇ ਨੇ ਇਕ ਬੁਝਾਰਤ ਜਿਹੀ ਸਾਰਿਆਂ ਸਾਹਮਣੇ ਪਾ ਦਿੱਤੀ।

“ਬਈ ਮਾਸਟਰਾ! ਮੈਨੂੰ ਇਹ ਸਮਝ ਨਹੀਂ ਆਈ ਇਕ ਆਹ ਇਕ ਤੇ ਦੋ ਧਿਰਾਂ ਵਾਲੀ ਬੁਝਾਰਤ ਤੂੰ ਕੀ ਪਾਈ ਆ। ਮੈਨੂੰ ਤਾਂ ਸਿਰਫ ਇੰਨਾ ਹੀ ਸਮਝ ਆਇਆ ਕਿ ਜੇ ਇਹ ਪਟਰੌਲ ‘ਚੋਂ ਵੀ ਮਲਾਈ ਕੱਢੀ ਜਾਂਦੇ ਨੇ ਤਾਂ ਫਿਰ ਬਾਕੀ ਕੰਮਾਂ ਦੀ ਕੀ ਹਾਲਤ ਹੋਣੀ ਆਂ।” ਸ਼ੀਤੇ ਨੇ ਸਿੱਧੇ ਤੌਰ ‘ਤੇ ਆਪਣੀ ਗੱਲ ਮਾਸਟਰ ਦੇ ਸਾਹਮਣੇ ਰੱਖਦੇ ਹੋਏ ਕਿਹਾ।

“ਵੇਖ ਸ਼ੀਤਿਆ! ਇਕ ਤਾਂ ਇਹ ਕਿ ਜਿਹੜੇ ਤੇਲ ਲੋਕੀਂ ਭਰਵਾਂਉਂਦੇ ਰਹੇ ਨੇ ਜਾਂ ਤਾਂ ਉਨ੍ਹਾਂ ਦੀ ਬੱਲੇ ਬੱਲੇ ਹੋ ਗਈ। ਜਿਹੜੇ ਪ੍ਰਧਾਨ ਦੀ ਕਾਰ ਦੇ ਨਾਲ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਵੀ ਭਰਵਾਈ ਗਏ। ਦੂਜਾ ਇਹ ਕਿ ਜਿਹੜੇ ਪਟਰੌਲ ਪੰਪ ਤੋਂ ਇਹ ਤੇਲ ਭਰਵਾਉਂਦੇ ਰਹੇ ਨੇ ਘਟੋ ਘੱਟ ਉਸ ਪਟਰੌਲ ਪੰਪ ਵਾਲੇ ਨੇ ਤਾਂ ਇਕ ਕਰੋੜ 64 ਲੱਖ ਦਾ ਤੇਲ ਵੇਚਕੇ ਨਵੇਂ ਪਟਰੌਲ ਪੰਪ  ਪਾ ਈ ਲਏ ਹੋਣੇ ਨੇ। ਤੀਜਾ ਇਹ ਵੀ ਹੋ ਸਕਦਾ ਹੈ ਕਿ ਇਸ ਸੌਦੇ ਵਿਚ ਦੋਵੇਂ ਹੀ ਧਿਰਾਂ ਦੀਆਂ ਮੌਜਾਂ ਲੱਗ ਗਈਆਂ ਹੋਣ।” ਮਾਸਟਰ ਧਰਮ ਸਿੰਹੁ ਨੇ ਆਪਣੇ ਹਿਸਾਬ ਦੇ ਜਮ੍ਹਾਂ ਘਟਾ ਨੂੰ ਪੇਸ਼ ਕਰਦੇ ਹੋਏ ਸਾਰੀ ਗੱਲ ਦਾ ਨਿਚੋੜ ਕੱਢ ਕੇ ਸਾਰਿਆਂ ਸਾਹਮਣੇ ਰੱਖਦੇ ਹੋਏ ਕਿਹਾ।

“ਪਰ ਮਾਸਟਰਾ! ਇਥੇ ਤੇਰਾ ਹਿਸਾਬ ਕਿਤਾਬ ਵੀ ਠੀਕ ਆ। ਦੂਜਾ ਇਹ ਵੀ ਸੁਣਿਐਂ ਇਕ ਸਾਡੇ ਪ੍ਰਧਾਨ ਸਾਹਿਬ ਵੀ ਕਾਫ਼ੀ ਪੜ੍ਹੇ ਲਿਖੇ ਨੇ ਕੀ ਉਨ੍ਹਾਂ ਨੂੰ ਵੀ ਇਹ ਹਿਸਾਬ ਸਮਝ ਨਹੀਂ ਆਇਆ ਕਿ ਉਨ੍ਹਾਂ ਦੀਆਂ ਕਾਰਾਂ ਹਵਾਈ ਜਹਾਜ਼ ਵਾਂਗੂ ਤੇਲ ਕਿਵੇਂ ਪੀ ਰਹੀਆਂ ਨੇ।” ਗੱਪੀ ਨੇ ਆਪਣਾ ਦਿਮਾਗ਼ ਲੜਾਉਂਦੇ ਹੋਏ ਕਿਹਾ।

ਮਾਸਟਰ ਦੀ ਗੱਲ ਸੁਣਦੇ ਸਾਰ ਈ ਬਾਬਾ ਮਿਲਖਾ ਸਿੰਹੁ ਕੰਨਾਂ ਨੂੰ ਹੱਥ ਲਾਉਂਦਾ ਹੋਇਆ ਬੋਲ ਪਿਆ, “ਬਈ ਸ਼ੀਤਿਆ ਇਹ ਪ੍ਰਧਾਨ ਕੀ ਨਾਂਅ ਈ ਓਹਦਾ… ਹਾਂ ਸੱਚ ਮੱਕੜ ਇਹ ਕਾਰ ‘ਤੇ ਬਹਿਕੇ ਸਫ਼ਰ ਕਰਦੈ ਕਿ ਕਿਸੇ ਲੰਮੇ ਰੂਟ ਦੀ ਬੱਸ ‘ਤੇ ਚੜ੍ਹ ਕੇ ਆਪਣਾ ਅਮਲਾ ਫੈਲਾ ਨਾਲ ਲੈਕੇ ਦਿੱਲੀ ਆਪਣੇ ਦਿੱਲੀ ਦੇ ਪ੍ਰਧਾਨ ਭਰਾ ਸਰਨੇ ਨੂੰ ਮਿਲਣ ਲਈ ਗੇੜੀਆਂ ਮਾਰਦੈ? ਜਿਥੋਂ ਤੱਕ ਮੈਨੂੰ ਲੱਗਦੈ ਇੰਨਾ ਖਰਚਾ ਤਾਂ ਦਿੱਲੀ ਦੇ ਰੂਟ ‘ਤੇ ਚੱਲਣ ਵਾਲੀ ਬੱਸ ਦਾ ਵੀ ਨਹੀਂ ਆਉਂਦਾ ਹੋਣੈ।”

ਬਾਬੇ ਮਿਲਖਾ ਸਿੰਹੁ ਦੀ ਗੱਲ ਸੁਣਕੇ ਸਾਰੀ ਬੈਠਕ ਵਿਚ ਹਾਸੇ ਦੇ ਪਟਾਕੇ ਪਾਟਣੇ ਸ਼ੁਰੂ ਹੋ ਗਏ। “ਲੈ ਬਈ ਬਾਬਾ! ਅੱਜ ਤਾਂ ਤੂੰ ਸ਼ੀਤੇ ਦੀਆਂ ਫੁੱਲ ਝੜੀਆਂ ਨੂੰ ਪਿੱਛੇ ਛੱਡਕੇ ਹਾਸਿਆਂ ਦਾ ਪੂਰਾ ਬੰਬ ਈ ਡੇਗ ਦਿੱਤਾ ਈ।” ਬਾਬੇ ਮਿਲਖਾ ਸਿੰਘ ਦੀ ਗੱਲ ਸੁਣਕੇ ਹੱਥ ‘ਤੇ ਹੱਥ ਮਾਰਕੇ ਹੱਸਾ ਹੋਇਆ ਕਮਾਲਪੁਰੀਆ ਗੱਪੀ ਵਿਚੋਂ ਈ ਬੋਲ ਉਠਿਆ।

“ਵੇਖੋ ਮੁੰਡਿਓ! ਇਹ ਹਾਸੇ ਦੀ ਗੱਲ ਨਹੀਂ ਇਹ ਤਾਂ ਸਗੋਂ ਸ਼ਰਮ ਵਾਲੀ ਗੱਲ ਆ ਕਿ ਸਾਡੇ ਇਹ ਲੀਡਰ ਸੰਗਤ ਦੀ ਦਸਾਂ ਨੌਂਹਾਂ ਦੀ ਕਮਾਈ ਚੋਂ ਇਕ-ਇਕ ਰੁਪਏ ਵਜੋਂ ‘ਕੱਠੇ ਹੋਈ ਗੁਰੂ ਕੀ ਗੋਲਕ ਦੇ ਪੈਸੇ ਨੂੰ ਵੀ ਨਹੀਂ ਬਖ਼ਸ਼ ਰਹੇ। ਸਾਨੂੰ ਚਾਹੀਦੈ ਕਿ ਇਨ੍ਹਾਂ ਇਲੈਕਸ਼ਨਾਂ ਵਿਚ ਇਹਨਾਂ ਸਾਰੇ ਲੀਡਰਾਂ ਤੋਂ ਵਾਅਦਾ ਲਈਏ ਕਿ ਗੁਰੂ ਕੀ ਗੋਲਕ ਦੀ ਦੁਰਵਰਤੋਂ ਨਹੀਂ ਕਰਨ ਦਿਆਂਗੇ। ਨਹੀਂ ਤਾਂ ਅਸੀਂ ਵੋਟਾਂ ਦਾ ਬਾਈਕਾਟ ਕਰਾਂਗੇ।” ਤਾਏ ਨੇ ਆਪਣੀ ਸੂਝ ਭਰੀ ਸਲਾਹ ਦਿੰਦੇ ਹੋਏ ਕਿਹਾ।

“ਓ ਤਾਇਆ! ਇਹ ਵਾਦੇ ਵੂਦੇ ਤਾਂ ਕਹਿਣ ਦੀਆਂ ਗੱਲਾਂ ਨੇ। ਇਹ ਤਾਂ ਜੂਨ ’84 ਵੇਲੇ ਅਕਾਲ ਤਖ਼ਤ ‘ਤੇ ਮਰ ਮਿਟਣ ਦੀਆਂ ਸੌਂਹਾਂ ਖਾਣ ਤੋਂ ਬਾਅਦ ਪੁਲਸ ਦੀਆਂ ਗੱਡੀਆਂ ਵਿਚ ਜਾ ਬੈਠੇ ਸੀ। ਆਹ ਤਾਂ ਛੋਟੀਆਂ ਮੋਟੀਆਂ ਗੱਲਾਂ ਨੇ। ਹਾਂ ਜੇ ਤੂੰ ਸਾਡੇ ‘ਤੇ ਭਲਾ ਕਰਨਾ ਈ ਚਾਹੁੰਦੈਂ ਤਾਂ ਸਾਨੂੰ ਵੀ ਇਕ ਨਿੱਕਾ ਜਿਹਾ ਗੁਰਦੁਆਰਾ ਪੁਆ ਦੇ। ਜਿਹਦੀ ਕਮਾਈ ਇੰਨੀ ਕੁ ਹੋਵੇ ਕਿ 9 ਹਜ਼ਾਰ ਰੁਪਏ ਦਾ ਪਟਰੌਲ ਤਾਂ ਨਹੀਂ ਪਰ 90 ਕੁ ਰੁਪਏ ਦੇ ਪਟਰੌਲ ਦਾ ਖਰਚ ਨਿਕਲ ਸਕਦਾ ਹੋਵੇ ਤੇ ਆਪਣੀ ਇਸ ਮੰਡਲੀ ਲਈ ਦਿਨੇ ਦੇਸੀ ਘਿਓ ਦੀ ਦਾਲ ਸਬਜ਼ੀ ਨਾਲ ਰੋਟੀ ਅਤੇ ਸ਼ਾਮੀਂ ਦੇਸੀ ਘਿਓ ਦੇ ਲੰਗਰ ਦਾ ਪ੍ਰਬੰਧ ਹੋ ਸਕਦਾ ਹੋਵੇ। ਫਿਰ ਸਾਡੀ ਸ਼ਾਨ ਵੇਖੀਂ ਜੇ ਇਨ੍ਹਾਂ ਲੀਡਰਾਂ ਤੋਂ ਇਕ ਰੱਤੀ ਵੀ ਘੱਟ ਹੋਈ ਤਾਂ।” ਸ਼ੀਤੇ ਦੀ ਗੱਲ ਸੁਣ ਫਿਰ ਤੋਂ ਬੈਠਕ ਵਿਚ ਹਾਸਾ ਖਿਲਰ ਗਿਆ।

ਇਸ ਹਾਸੇ ਦੇ ਵਿਚ ਈ ਸ਼ੀਤੇ ਨੇ ਤਾਏ ਨੂੰ ਕਿਹਾ, “ਚੱਲ ਤਾਇਆ! ਆਹ ਗੁਰਦੁਆਰੇ ਵਾਲੀ ਗੱਲ ਬਾਰੇ ਆਪਾਂ ਆ ਕੇ ਸੋਚਦੇ ਆਂ ਪਹਿਲਾਂ ਕੱਢ ਕੁਝ ਪੈਸੇ ‘ਤੇ ਮੈਂ ਜਾਕੇ ਲਿਆਵਾਂ ਕਸ਼ਮੀਰੀ ਦੀ ਹੱਟੀਉਂ ਜਲੇਬੀਆਂ ‘ਤੇ ਪਕੌੜੇ। ਸੌਂਹ ਨਿਹਾਲੇ ਅਮਲੀ ਦੀ ਜਦੋਂ ਮੈਂ ਉਹਦੀ ਹੱਟੀ ਅਗਿਉਂ ਨਿਕਲ ਰਿਹਾ ਸੀ ਤਾਂ ਬੜੀ ਸੋਹਣੀ ਮਹਿਕ ਆ ਰਹੀ ਸੀ।

“ਓਏ ਕੰਜਰਾਂ! ਸੌਂਹ ਖਾਣ ਨੂੰ ਬੰਸ ਮੈਂ ਈਂ ਮਿਲਿਆਂ ਸਾਂ ਤੈਨੂੰ।” ਅਮਲੀ ਦੀ ਆਵਾਜ਼ ਦੇ ਨਾਲ ਈ ਫਿਰ ਬੈਠਕ ਵਿਚ ਹਾਸੇ ਖਿਲਰ ਗਏ ਅਤੇ ਸ਼ੀਤੇ ਤਾਏ ਕੋਲੋਂ ਨੋਟ ਫੜਕੇ ਛਾਲਾਂ ਮਾਰਦਾ ਹੋਇਆ ਕਸ਼ਮੀਰੀ ਦੀ ਹੱਟੀ ਨੂੰ ਹੋ ਤੁਰਿਆ।

This entry was posted in ਤਾਇਆ ਵਲੈਤੀਆ.

One Response to ਸਾਨੂੰ ਵੀ ਗੁਰਦੁਆਰਾ ਈ ਪਵਾ ਦੇਅ ਤਾਇਆ

  1. jaswinder says:

    sanu vee saada yaar mila de taiya ,galti ho gayie hun maaf kar de taiya.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>