ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਚਾਰ ਚੋਣ ਹਲਕਿਆਂ ਦਾ ਦੌਰਾ ਕਰਦਿਆਂ ਸਿੱਖ ਸੰਗਤਾਂ ਨੂੰ ਪੰਥ ਦੁਸ਼ਮਣ ਤਾਕਤਾਂ ਨੂੰ ਪਛਾੜ ਦੇਣ ਦਾ ਸਦਾ ਦਿੱਤਾ ਅਤੇ ਦਾਅਵੇ ਨਾਲ ਕਿਹਾ ਕਿ ਇਹ ਚੋਣਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਭਵਿੱਖ ਤਹਿ ਕਰਨਗੀਆਂ ਤੇ ਸੈਮੀਫਾਈਨਲ ਸਾਬਤ ਹੋਣਗੀਆਂ। ਉਹਨਾਂ ਕਿਹਾ ਕਿ ਲੋਕਾਂ ਦਾ ਇਸ ਵਾਰ ਮਿਲਣ ਵਾਲਾ ਫਤਵਾ ਸਾਬਤ ਕਰੇਗਾ ਕਿ ਅਗਲੀ ਸਰਕਾਰ ਕਿਸ ਦੀ ਹੋਵੇਗੀ। ਰੈਲੀਆਂ ਸੰਬੰਧੀ ਯੂਥ ਅਕਾਲੀ ਦਲ ਦੇ ਮੀਡੀਆ ਅਡਵਾਇਜਰ ਪ੍ਰੋ: ਸਰਚਾਂਦ ਸਿੰਘ ਵਲੋਂ ਦਿਤੀ ਗਈ ਜਾਣਾਰੀ ਵਿਚ ਅਜਨਾਲਾ ਵਿਖੇ ਗੁਰੂ ਕੇ ਬਾਗ ਤੋਂ ਉਮੀਦਵਾਰ ਬੀਬੀ ਸਵਰਨ ਕੌਰ ਤੇੜਾ ਅਤੇ ਅਜਨਾਲਾ ਹਲਕੇ ਤੋਂ ਅਕਾਲੀ ਉਮੀਦਵਾਰ ਅਮਰੀਕ ਸਿੰਘ ਵਿਛੋਆ ਦੇ ਹੱਕ ਵਿੱਚ ਕੀਤੀ ਗਈ ਚੋਣ ਰੈਲੀ ਨੂੰ ਸੰਬੋਧਨ ਸੰਬੋਧਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਚੋਣਾਂ ਅਕਾਲੀ ਦਲ ਬਨਾਮ ਕਾਂਗਰਸ ਹਨ । ਉਹਨਾਂ ਕਿਹਾ ਕਿ ਅਖੌਤੀ ਪੰਥਕ ਮੋਰਚਾ ਕਾਂਗਰਸ ਦਾ ਹੀ ਪਿੱਠੂ ਹੈ। ਉਹਨਾਂ ਦਾਅਵਾ ਕੀਤਾ ਕਿ ਅਕਾਲੀ ਦਲ ਤੇ ਸੰਤ ਸਮਾਜ 170 ਸੀਟਾਂ ’ਤੇ ਸ਼ਾਨਦਾਰ ਇਤਿਹਾਸਕ ਜਿੱਤ ਦਰਜ ਕਰਾਏਗਾ। ਉਹਨਾਂ ਕਿਹਾ ਕਿ ਕਾਂਗਰਸ ਨੇ ਕਦੀ ਵੀ ਸਿੱਖ ਹਿਤਾਂ ਨਾਲ ਇਨਸਾਫ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਘਰੋ ਨਹੀਂ ਨਿਕਲਦਾ ਤੇ ਸ: ਪ੍ਰਕਾਸ਼ ਸਿੰਘ ਬਾਦਲ ਹਮੇਸ਼ਾਂ ਹੀ ਸੰਗਤਾਂ ਵਿੱਚ ਵਿਚਰਦੇ ਹਨ ਤੇ ਲੋਕਾਂ ਦੇ ਦੁਖ ਸੁਖ ਵਿੱਚ ਸਦਾ ਹਿੱਸਾ ਲੈਂਦੇ ਹਨ।
ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਹਾਰਿਆ ਹੋਇਆ ਤੇ ਬੌਖਲਾਇਆ ਮਹਾਰਾਜਾ ਕਰਾਰ ਦਿੰਦਿਆਂ ਕਿਹਾ ਕਿ ਜਿਵੇਂ ਇਕ ਹਾਰਿਆ ਹੋਇਆ ਰਾਜਾ ਆਪਣੇ ਰਾਜ ਨੂੰ ਤਬਾਹ ਕਰ ਦਿੰਦਾ ਹੈ ਉਸੇ ਤਰ੍ਹਾਂ ਇਹ ਮਹਾਰਾਜਾ ਵੀ ਪੰਜਾਬ ਨੂੰ ਤਬਾਹ ਕਰਨ ’ਤੇ ਤੁਲਿਆ ਹੋਇਆ ਹੈ। ਸ. ਬਾਦਲ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਜਿੱਥੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਕੁਮਾਰੀ ਸ਼ੈਲਜਾ ਨੂੰ ਮਿਲ ਕੇ ਉਸ ਪ੍ਰੋਜੈਕਟ ਨੂੰ ਰੋਕਣ ਲਈ ਕਿਹਾ ਜਿਸ ਤਹਿਤ ਸੂਬੇ ਦੇ 50 ਕਸਬਿਆਂ ਨੂੰ ਸੀਵਰੇਜ, ਜਲ ਸਪਲਾਈ, ਸੜਕਾਂ ਤੇ ਸਟਰੀਟ ਲਾਈਟਾਂ ਮੁਹੱਈਆ ਕੀਤਾ ਜਾਣਾ ਹੈ ਉਥੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਨਜ਼ੂਰ ਕਰਵਾਏ ਸਾਰੇ ਨਵੇਂ ਵਿਕਾਸ ਕਾਰਜ਼ਾਂ ਨੂੰ ਰੁਕਵਾਉਣ ਲਈ ਕੈਪਟਨ ਸਬੰਧਤ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰਨ ’ਚ ਰੁੱਝੇ ਹੋਏ ਹਨ।
ਸਬੰਧਤ ਤੱਥਾਂ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਾਲ ਵਿਚ ਹੀ ਕੇਂਦਰੀ ਮੰਤਰੀ ਸ੍ਰੀਮਤੀ ਸ਼ੈਲਜਾ ਤੋਂ ਪੰਜਾਬ ਦੇ 50 ਦੇ ਕਰੀਬ ਕਸਬਿਆਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਨ ਲਈ 750 ਕਰੋੜ ਰੁਪਏ ਦਾ ਇਕ ਪ੍ਰੋਜੈਕਟ ਮਨਜ਼ੂਰ ਕਰਵਾਇਆ ਗਿਆ ਸੀ ਅਤੇ ਇਸ ਸਬੰਧ ਵਿਚ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ ਲੋੜੀਂਦੀ ਕਾਰਵਾਈ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਹਦਾਇਤ ਕਰਨ।
ਸ਼੍ਰੋਮਣੀ ਅਕਾਲੀ ਦਲ-ਸੰਤ ਸਮਾਜ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਾਂਝੇ ਉਮੀਦਵਾਰਾਂ ਦੇ ਹੱਕ ’ਚ ਹੋਈਆਂ ਰਿਕਾਰਡ ਤੋੜ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਗਾਮੀ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਹੋਣ ਵਾਲੀ ਦੁਰਦਸ਼ਾ ਨੂੰ ਕੰਧ ’ਤੇ ਲਿਖਿਆ ਸਾਫ ਪੜ੍ਹ ਲਿਆ ਹੈ ਅਤੇ ਹੁਣ ਉਹ ਅਕਾਲੀ-ਭਾਜਪਾ ਸਰਕਾਰ ਵੱਲੋਂ ਰਾਜ ਲਈ ਲਿਆਂਦੇ ਜਾਣ ਵਾਲੇ ਨਵੇਂ ਪ੍ਰੋਜੈਕਟਾਂ ਨੂੰ ਰੁਕਵਾਉਣ ਲਈ ਸਬੰਧਤ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਪਹਿਲਾਂ ਆਪਣੇ ਰਾਜਕਾਲ ਦੌਰਾਨ ਬਠਿੰਡਾ ਰਿਫਾਇਨਰੀ ਦਾ ਕੰਮ ਰੁਕਵਾਈ ਰੱਖਿਆ ਅਤੇ ਪੰਜ ਸਾਲ ਤੱਕ ਇਕ ਵੀ ਯੂਨਿਟ ਬਿਜਲੀ ਪੈਦਾ ਕਰਨ ’ਚ ਅਸਫਲ ਰਹਿਣ ਉਪਰੰਤ ਹੁਣ ਉਹ ਅਕਾਲੀ-ਭਾਜਪਾ ਸਰਕਾਰ ਵੱਲੋਂ ਆਰੰਭੇ ਗਏ ਬਿਜਲੀ ਪ੍ਰੋਜੈਕਟਾਂ ਦੇ ਕੰਮ ’ਚ ਰੁਕਾਵਟ ਪਾਉਣ ਲਈ ਤਰਲੋਮੱਛੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਸੂਬੇ ’ਚ ਵਿਕਾਸ ਦਾ ਨਵਾਂ ਦੌਰ ਸ਼ੁਰੂ ਕੀਤਾ ਹੈ ਅਤੇ ਲੋਕ ਇਸ ਦੌਰ ਨੂੰ ਅੱਗੇ ਲਿਜਾਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਪੂਰਾ ਸਮੱਰਥਨ ਦੇ ਰਹੇ ਹਨ।
ਸ. ਬਾਦਲ ਨੇ ਕਿਹਾ ਕਿ ਪੰਜਾਬ ’ਚ ਬੀਤੇ ਚਾਰ ਸਾਲਾਂ ਤੋਂ ਤੇਜੀ ਨਾਲ ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਕੈਪਟਨ ਅਮਰਿੰਦਰ ਸਿੰਘ ਲਈ ਹੌਊਆ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦੇ ਤੇਜੀ ਨਾਲ ਮੁਕੰਮਲ ਹੋਣ ਦੀ ਗਵਾਹੀ ਭਰਦਿਆਂ ਬਹੁਤ ਤਕਲੀਫ ਹੋ ਰਹੀ ਹੈ ਅਤੇ ਉਹ ਚੱਲ ਰਹੇ ਪ੍ਰੋਜੈਕਟਾਂ ਨੂੰ ਰੋਕਣ ਲਈ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ।
ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਗਾਮੀ ਵਿਧਾਨ ਸਭਾ ਚੋਣਾਂ ਵਿਕਾਸ ਤੇ ਪ੍ਰਸ਼ਾਸਕੀ ਸੁਧਾਰਾਂ ਨੂੰ ਮੁੱਦਾ ਬਣਾ ਕੇ ਲੜੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਹਾਲਤ ’ਚ ਨਹੀਂ ਹਨ ਕਿ ਉਹ ਇਸ ਮੁੱਦੇ ਦਾ ਟਾਕਰਾ ਕਰ ਸਕਣ, ਇਸ ਦੇ ਚੱਲਦਿਆਂ ਹੀ ਉਹ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਮਿਲ ਕੇ ਚੱਲ ਰਹੇ ਪ੍ਰੋਜੈਕਟਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੇਕਰ ਅਮਰਿੰਦਰ ਨੂੰ ਪੰਜਾਬ ਦੀ ਇੰਨੀ ਹੀ ਫਿਕਰ ਹੈ ਤਾਂ ਉਸ ਨੂੰ ਆਪਣੇ ਸਾਥੀ ਸੰਸਦ ਮੈਂਬਰਾਂ ਨਾਲ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਤੱਕ ਪਹੁੰਚ ਕਰਕੇ ਕੇਂਦਰੀ ਕਰਾਂ ਵਿਚ ਪੰਜਾਬ ਦੇ ਹਿੱਸੇ ਨੂੰ ਮਹਿਜ 1.2 ਫੀਸਦੀ ਤੋਂ ਵਧਾ ਕੇ ਘੱਟੋਘਟ 50 ਫੀਸਦੀ ਕਰਨ ਦੀ ਵਕਾਲਤ ਕਰਨੀ ਚਾਹੀਦੀ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਦੋਂ ਕਿਉਂ ਚੁੱਪ ਰਹੇ ਜਦੋਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਨਾਲ ਮਤਰਈ ਮਾਂ ਵਾਲਾ ਸਲੂਕ ਕਰਦਿਆਂ ਦੇਸ਼ ਭਰ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ 70000 ਕਰੋੜ ਰੁਪਏ ਦੇ ਪ੍ਰੋਜਕਟ ’ਚੋਂ ਸੂਬੇ ਦੇ ਕਿਸਾਨਾਂ ਦੀ ਝੋਲੀ ’ਚ ਇਕ ਫੀਸਦੀ ਤੋਂ ਵੀ ਘੱਟ ਪਾਇਆ।ਉਹਨਾਂ ਕਿਹਾ ਕਿ ਅਗਲੇ ਇੱਕ ਡੇਢ ਸਾਲ ਤੋਂ ਪੰਜਾਬ ਬਿਜਲੀ ਪੱਖੋਂ ਆਤਮਨਿਰਭਰ ਹੋਣ ਜਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਤਿਹਾਸਕ ਗੁਰਧਾਮ ਜ਼ੁਲਮ ਖ਼ਿਲਾਫ਼ ਜੂਝਣ ਲਈ ਪ੍ਰੇਰਨਾ ਸਰੋਤ ਹਨ । ਉਹਨਾਂ ਕਿਹਾ ਕਿ ਸਦੀਆਂ ਤੱਕ ਮੁਗਲ ਹਕੂਮਤਾਂ ਅਤੇ ਅੰਗਰੇਜ਼ ਸਿੱਖ ਗੁਰਧਾਮਾਂ ’ਤੇ ਕਬਜ਼ੇ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰਦੀਆਂ ਰਹੀਆਂ , ਇਹੀ ਕੁੱਝ ਹੁਣ ਕਾਂਗਰਸ ਪਾਰਟੀ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਸ਼੍ਰੋਮਣੀ ਕਮੇਟੀ ਤੋੜ ਕੇ ਦਿਲੀ ਕਮੇਟੀ ਬਣਾਈ ਤੇ ਹੁਣ ਹਰਿਆਣਾ ਦੇ ਗੁਰਧਾਮ ਸ਼੍ਰੋਮਣੀ ਕਮੇਟੀ ਤੋਂ ਵੱਖ ਕਰਨ ਦੀਆਂ ਸਾਜ਼ਿਸ਼ਾਂ ਵਿੱਚ ਲੀਨ ਹਨ। ਉਹਨਾਂ ਦੱਸਿਆ ਕਿ 1954 ਵਿੱਚ ਕਾਂਗਰਸ ਨੇ ਕਮੇਟੀ ਚੋਣਾਂ ਵਿੱਚ ਖ਼ਾਲਸਾ ਦਲ ਦੇ ਨਾਮ ਨਾਲ ਹਿੱਸਾ ਲਿਆ ਤੇ 132 ਸੀਟਾਂ ਵਿੱਚੋਂ ਸਿਰਫ਼ 3 ਤੇ ਹੀ ਸਬਰ ਕਰਨਾ ਪਿਆ। ਇਸੇ ਤਰਾਂ 1960 ਵਿੱਚ ਕਾਂਗਰਸ ਦੇ ਪਿੱਠੂ ਸਾਧ ਸੰਗਤ ਬੋਰਡ ਨੇ 136 ਵਿੱਚੋਂ 5 ਸੀਟਾਂ ਵੀ ਜਿੱਤਿਆਂ । ਉਹਨਾਂ ਕਿਹਾ ਕਿ ਇਸ ਵਾਰ ਵੀ ਕਾਂਗਰਸ ਦੇ ਪਿੱਠੂ ਅਖੌਤੀ ਪੰਥਕ ਮੋਰਚੇ ਨੂੰ ਸਿੱਖ ਸੰਗਤਾਂ ਤੋਂ ਮੂੰਹ ਦੀ ਖਾਣੀ ਪਵੇਗੀ । ਸਹਿਜਧਾਰੀ ਮਸਲੇ ਨੂੰ ਕਾਂਗਰਸ ਦੇ ਦੇਣ ਦੱਸਦਿਆਂ ਉਹਨਾਂ ਕਿਹਾ ਕਿ ਨਮੋਸ਼ੀ ਜਨਕ ਹਾਰ ਤੋਂ ਬਚਨ ਲਈ ਕੈਪਟਨ ਅਮਰਿੰਦਰ ਸਿੰਘ, ਪਰਮਜੀਤ ਸਿੰਘ ਸਰਨਾ ਅਤੇ ਰਵੀਇੰਦਰ ਸਿੰਘ ਵਰਗੇ ਚੋਣਾਂ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਹਨ। ਉਹਨਾਂ ਇਹ ਵੀ ਕਿਹਾ ਕਿ ਜਿਵੇਂ ਅਹਿਮਦ ਸ਼ਾਹ ਅਬਦਾਲੀ ਤੇ ਮਸੇ ਰੰਘੜ ਵਰਗਿਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਉਵੇਂ ਹੀ ਇੰਦਰਾ ਗਾਂਧੀ ਨੇ ਵੀ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਗੁਸਤਾਖੀ ਕੀਤੀ। ਉਹਨਾਂ ਕਿਹਾ ਕਿ ਸਿੱਖਾਂ ਨੇ ਦੇਸ਼ ਲਈ ਅਥਾਹ ਕੁਰਬਾਨੀਆਂ ਦਿੱਤਿਆਂ ਪਰ ਕਾਂਗਰਸ ਸਿੱਖਾਂ ਨੂੰ ਲਿਤਾੜਨ ਵਿੱਚ ਹੀ ਮਸਰੂਫ਼ ਰਿਹਾ। ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਕੋਈ ਸਜ਼ਾ ਨਾ ਦੇਣ ਦੀ ਉਹਨਾਂ ਸਖ਼ਤ ਅਲੋਚਨਾ ਕੀਤੀ। ਸ: ਮਜੀਠੀਆ ਨੇ ਕਾਂਗਰਸ ਪਾਰਟੀ ਅਤੇ ਕੇਂਦਰ ਸਰਕਾਰਾਂ ਵੱਲੋਂ ਪੰਜਾਬ ਅਤੇ ਸਿੱਖ ਭਾਈਚਾਰੇ ਨਾਲ ਕੀਤੇ ਜਾ ਰਹੇ ਵਿਤਕਰਿਆਂ ’ਤੇ ਵਿਸਥਾਰ ਪੂਰਵਕ ਰੌਸ਼ਨੀ ਪਾਈ । ਰੈਲੀ ਨੂੰ ਲੋਕ ਸਭਾ ਮੈਂਬਰ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਡਾ: ਰਤਨ ਸਿੰਘ ਅਜਨਾਲਾ ਤੇ ਵਿਧਾਇਕ ਅਮਰਪਾਲ ਸਿੰਘ ਬੌਣੀ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਸ: ਸੁਖਬੀਰ ਸਿੰਘ ਬਾਦਲ ਅਤੇ ਸ: ਮਜੀਠੀਆ ਨੇ ਚੁਗਾਵਾਂ ਹਲਕੇ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਭਿਟੇਵਡ ਦੇ ਹੱਕ ਵਿੱਚ ਚੁਗਾਵਾਂ ਵਿਖੇ ਰੈਲੀ ਨੂੰ ਸੰਬੋਧਨ ਕੀਤਾ। ਉਪਰੰਤ ਉਹਨਾਂ ਵੇਰਕਾ ਹਲਕੇ ਤੋਂ ਉਮੀਦਵਾਰ ਗੁਰਵਿੰਦਰ ਪਾਲ ਸਿੰਘ ਲਾਲੀ ਰਣੀਕੇ ਅਤੇ ਜਨਰਲ ਲਈ ਉਮੀਦਵਾਰ ਮੰਗਵਿੰਦਰ ਸਿੰਘ ਖਾਪੜਖੇੜੀ ਦੇ ਹੱਕ ਵਿੱਚ ਪਿੰਡ ਲੁਹਾਰਕਾ ਵਿਖੇ ਅਤੇ ਫਿਰ ਅੰਮ੍ਰਿਤਸਰ ਪੱਛਮੀ ਤੋਂ ਸ: ਬਾਵਾ ਸਿੰਘ ਗੁਮਾਨ ਪੁਰਾ ਅਤੇ ਬੀਬੀ ਕਿਰਨ ਜੋਤ ਕੌਰ ਦੇ ਹੱਕ ਵਿੱਚ ਛੇਹਾਰਟਾ ਵਿਖੇ ਵਿਸ਼ਾਲ ਚੋਣ ਰੈਲੀਆਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਨਾਲ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ, ਚੇਅਰਮੈਨ ਵੀਰ ਸਿੰਘ ਲੋਪੋਕੇ, ਸ: ਰਾਮ ਸਿੰਘ, ਬਿੱਟੂ ਔਲਖ ਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।