ਐਡੀਲੇਡ ਵਿਖੇ ਬੱਬੂ ਮਾਨ ਨੇ ਖੁਦ ਵੀ ਆਨੰਦ ਉਠਾਇਆ ਆਪਣੀ ਗਾਇਕੀ ਤੇ ਭੰਗੜੇ ਦਾ

ਐਡੀਲੇਡ, (ਰਿਸ਼ੀ ਗੁਲਾਟੀ)- ਉਂਝ ਤਾਂ ਪੂਰੀ ਦੁਨੀਆਂ ‘ਚ ਹੀ ਪੰਜਾਬੀ ਬੜੇ ਪੁਰਾਣੇ ਵਸਦੇ ਹਨ ਤੇ ਆਸਟ੍ਰੇਲੀਆ ‘ਚ ਵੀ ਪੁਰਾਣੇ ਪੰਜਾਬੀਆਂ ‘ਚੋਂ ਪੂਰਨ ਸਿੰਘ ਦਾ ਨਾਮ ਮੋਹਰੀ ਹੈ, ਜੋ ਕਿ 1899 ‘ਚ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ ।  ਪਰ ਬਹੁਤਾਤ ਦੀ ਗੱਲ ਕਰਦਿਆਂ ਜੇਕਰ ਮੋਟੇ ਤੌਰ ‘ਤੇ ਨਿਗ੍ਹਾ ਮਾਰੀ ਜਾਏ ਤਾਂ ਆਸਟ੍ਰੇਲੀਆ ‘ਚ ਪੰਜਾਬੀਆਂ ਦੀ ਅਜੇ ਪਹਿਲੀ ਪੀੜ੍ਹੀ ਆਈ ਹੈ । ਖਾਸ ਤੌਰ ‘ਤੇ ਐਡੀਲੇਡ ਜਿਹੇ ਇਲਾਕੇ ‘ਚ ਪਿਛਲੇ ਕਰੀਬ 5-6 ਸਾਲਾਂ ਤੋਂ ਹੀ ਰੰਗ-ਬਿਰੰਗੀਆਂ ਪੱਗਾਂ ਨਜ਼ਰ ਆਉਣ ਲੱਗੀਆਂ ਹਨ । ਹੁਣ ਜਾਪਦਾ ਹੈ ਕਿ ਇਹ ਪੀੜ੍ਹੀ ਵੀ ਔਖੀ ਵਿਦੇਸ਼ੀ ਜਿੰਦਗੀ ‘ਚ ਸੈੱਟ ਹੋਣ ਲੱਗ ਪਈ ਹੈ, ਕਿਉਂ ਜੋ ਪੰਜਾਬੀ ਕਲਾਕਾਰਾਂ ਦੇ ਤਕਰੀਬਨ ਸਭ ਸ਼ੋਅ ਭਰੇ ਭਰੇ ਨਜ਼ਰ ਆਉਣ ਲੱਗ ਪਏ ਹਨ । ਹਾਲਾਂਕਿ ਇਨ੍ਹੀਂ ਦਿਨੀਂ ਬਹੁਤ ਸਾਰੇ ਕਲਾਕਾਰ ਪੰਜਾਬ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਤੇ ਆਏ ਹੋਏ ਹਨ ਤੇ ਇਹ ਸ਼ੋਅ ਬੜੀ ਜਲਦੀ ਜਲਦੀ ਕਰਵਾਏ ਜਾ ਰਹੇ ਹਨ, ਪਰ ਫਿਰ ਵੀ ਹਰ ਪੰਜਾਬੀ ਹਰ ਸ਼ੋਅ ਦੇਖਣਾ ਲੋਚਦਾ ਹੈ ।

ਇਸੇ ਲੜੀ ਦੌਰਾਨ ਹਰਮਨ ਪਿਆਰੇ ਪੰਜਾਬੀ ਗਾਇਕ ਬੱਬੂ ਮਾਨ ਦਾ ਸ਼ੋਅ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਸਾਊਥ ਆਸਟ੍ਰੇਲੀਅਨ ਡਵੈਲਪਰ ਤੇ ਸੈਲਫੋਰਡ ਕਾਲਜ ਵੱਲੋਂ ਅਤਿ-ਆਧੁਨਿਕ ਐਡੀਲੇਡ ਇੰਟਰਟੇਨਮੈਂਟ ਸੈਂਟਰ ਵਿਖੇ ਕਰਵਾਇਆ ਗਿਆ । ਇਸ ਹਾਲ ‘ਚ ਹੋਣ ਵਾਲਾ ਇਹ ਅੱਜ ਤੱਕ ਦਾ ਪਹਿਲਾ ਪੰਜਾਬੀ ਸ਼ੋਅ ਸੀ । ਜਦੋਂ ਬੱਬੂ ਮਾਨ ਚਿੱਟੇ ਕੁੜਤੇ ਪਜਾਮੇ ‘ਚ ਲਾਲ ਪੱਗ ਬੰਨੀ ਸਟੇਜ ‘ਤੇ ਆਇਆ ਤਾਂ ਹਾਲ ਸੀਟੀਆਂ, ਤਾੜੀਆਂ ਤੇ ਖੁਸ਼ੀ ਭਰੀਆਂ ਕੂਕਾਂ ਨਾਲ਼ ਗੂੰਜ ਉੱਠਿਆ । ਉਸਨੇ ਸਟੇਜ ‘ਤੇ ਮੌਜੂਦ ਸੰਗੀਤਕਾਰਾਂ ਨੂੰ ਪ੍ਰਸਾਦ ਵੰਡਣ ਤੇ ਜੈਕਾਰਾ ਬੁਲਾਉਣ ਤੋਂ ਬਾਅਦ ਆਪਣੇ ਮਕਬੂਲ ਧਾਰਮਿਕ ਗੀਤ “ਅੱਜ ਸੰਗਰਾਂਦ ਹੈ” ਨਾਲ਼ ਸ਼ੁਰੂਆਤ ਕੀਤੀ ਤੇ ਮੁੜ “ਸਰਦਾਰ” ਗੀਤ ਨਾਲ਼ ਪ੍ਰੋਗਰਾਮ ਅੱਗੇ ਵਧਾਇਆ । ਇਸਤੋਂ ਪਹਿਲਾਂ ਸੈਲਫੋਰਡ ਕਾਲਜ ਦੇ ਸੀ ਈ ਓ ਆਸ਼ੀਸ਼ ਗੋਇਲ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਤੇ ਰਿਟਾਇਰਡ ਮੇਜਰ ਜਨਰਲ ਵਿਕਰਮ ਮਦਾਨ ਨੇ ਮੁੱਖ ਮਹਿਮਾਨ ਸਾਊਥ ਆਸਟ੍ਰੇਲੀਆ ਦੇ ਖਜ਼ਾਨਚੀ, ਰੋਜ਼ਗਾਰ ਤੇ ਅਗਲੇਰੀ ਸਿੱਖਿਆ ਮੰਤਰੀ ਜੈੱਕ ਸਨੇਲਿੰਗ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ । ਮੁੱਖ ਮਹਿਮਾਨ ਨੇ ਕਿਹਾ ਕਿ ਸਾਊਥ ਆਸਟ੍ਰੇਲੀਆ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਸੁਰੱਖਿਅਤ ਜਗ੍ਹਾ ਹੈ ਤੇ ੳਨ੍ਹਾਂ ਦੀ ਸਰਕਾਰ ਫੈਡਰਲ ਗੌਰਮਿੰਟ ਨਾਲ਼ ਵਿਦਿਆਰਥੀਆਂ ਦੇ ਮੁੱਦਿਆਂ ‘ਤੇ ਹੋਰ ਗੱਲਬਾਤ ਕਰੇਗੀ ।

ਬੱਬੂ ਮਾਨ ਨੇ ਸਾਰਾ ਸਮਾਂ ਸਟੇਜ ਬੰਨੀ ਰੱਖੀ । ਆਪਣੀ ਗਾਇਕੀ ਤੇ ਭੰਗੜੇ ਦਾ ਖੁਦ ਵੀ ਆਨੰਦ ਉਠਾਉਣ ਦੇ ਨਾਲ਼ ਨਾਲ਼ ਕੁਝ ਪਲਾਂ ਦੀਆਂ ਚੁਟਕੀਆਂ ਵੀ ਲਈਆਂ । ਇੱਕ ਵਿਦੇਸ਼ੀ ਜੰਮਪਲ ਪੰਜਾਬੀ ਦਰਸ਼ਕ ਨੇ “ਸਾਉਣ ਦੀ ਝੜੀ” ਗੀਤ ਸੁਣਨ ਲਈ ਪਰਚੀ ‘ਤੇ ਲਿਖ ਭੇਜਿਆ “ਸੋਹਨ ਦੀ ਚੜੀ ਸੁਨਾ ਦੋ ਪਿਆਰਿਓ” ਤਾਂ ਮਾਨ ਨੇ ਚੁਟਕੀ ਲਈ “ਵਾਹ ਬਈ ! ਮਾਂ ਬੋਲੀ ਪੰਜਾਬੀ ਦੇ ਸ਼ੇਰੋ !” ਵਿਆਹਾਂ ‘ਚ ਸ਼ਰਾਬੀ ਦਰਸ਼ਕਾਂ ਦੀ ਹਾਲਤ ਉਸ ਇੰਝ ਬਿਆਨ ਕੀਤੀ ਕਿ ਦੋ-ਚਾਰ ਗੀਤ ਸੁਣਾ ਦਿਓ, ਮੁੜ ਦਰਸ਼ਕ ਜੈਨਰੇਟਰ ਦੀ ਆਵਾਜ਼ ‘ਤੇ ਹੀ ਨੱਚੀ ਜਾਂਦੇ ਹਨ । ਉਸਨੇ ਆਉਣ ਵਾਲੀ ਪੰਜਾਬੀ ਫਿਲਮ “ਹੀਰੋ ਹਿਟਲਰ ਇਨ ਲਵ” ਦੇ ਗੀਤਾਂ ਦੇ ਕੁਝ ਅੰਤਰੇ ਵੀ ਦਰਸ਼ਕਾਂ ਨਾਲ਼ ਸਾਂਝੇ ਕੀਤੇ ।

ਹਾਲਾਂਕਿ ਸ਼ੁਰੂਆਤ ‘ਚ ਦਰਸ਼ਕ ਕੁਝ ਘੱਟ ਨਜ਼ਰ ਆਏ ਪਰ ਕਰੀਬ ਅੱਧੇ ਘੰਟੇ ਬਾਅਦ ਹਾਲ ਪੂਰਾ ਭਰ ਗਿਆ ਤੇ ਇਸ ਪ੍ਰੋਗਰਾਮ ਦੀ ਸਫ਼ਲਤਾ ਦਾ ਅੰਦਾਜ਼ਾ ਪ੍ਰਬੰਧਕਾਂ ਬੌਬੀ ਗਿੱਲ, ਸੌਰਭ ਅਗਰਵਾਲ, ਜਸਦੀਪ ਢੀਂਡਸਾ ਤੇ ਸਨੀ ਮੱਲੀ ਦੇ ਚਿਹਰਿਆਂ ‘ਤੇ ਆਏ ਖੇੜੇ ਤੋਂ ਲਗਾਇਆ ਜਾ ਸਕਦਾ ਸੀ । ਪਰਿਵਾਰਾਂ ਨੇ ਵੀ ਇਸ ਪ੍ਰੋਗਰਾਮ ਦਾ ਖੂਬ ਆਨੰਦ ਉਠਾਇਆ ਤੇ ਉਨ੍ਹਾਂ ਦੁਆਰਾ ਪਾਇਆ ਭੰਗੜਾ ਇਸ ਗੱਲ ਦੀ ਗਵਾਹੀ ਸੀ । ਪ੍ਰੋਗਰਾਮ ਦੇ ਦੌਰਾਨ ਐਡੀਲੇਡ ਦੇ ਗਾਇਕ ਜੱਗੀ ਰੰਧਾਵਾ ਨੇ ਵੀ ਇੱਕ ਗੀਤ ਪੇਸ਼ ਕੀਤਾ, ਜੋ ਕਿ ਬੱਬੂ ਮਾਨ ਵੱਲੋਂ ਵੀ ਸਰਾਹਿਆ ਗਿਆ । ਇਸ ਪ੍ਰੋਗਰਾਮ ‘ਚ ਸਿ਼ਰਕਤ ਕਰਨ ਵਾਲਿਆਂ ‘ਚ ਅਮਰੀਕ ਸਿੰਘ ਥਾਂਦੀ, ਮਿੰਟੂ ਬਰਾੜ, ਪਰਮਜੀਤ ਸਿੰਘ, ਸੁਮਿਤ ਟੰਡਨ, ਜਗਤਾਰ ਸਿੰਘ ਨਾਗਰੀ, ਰਣਜੀਤ ਸਿੰਘ ਥਿੰਦ, ਸੁਲੱਖਣ ਸਿੰਘ ਸਹੋਤਾ, ਮੋਹਣ ਨਾਗਰਾ, ਪ੍ਰਦੀਪ ਤਾਂਗਲੀ, , ਸੁਖਵਿੰਦਰ ਸਿੰਘ, ਨਿੰਦਾ ਅਰਕ ਤੇ ਨਰਿੰਦਰ ਬੈਂਸ ਆਦਿ ਤੋਂ ਇਲਾਵਾ ਸਾਊਥ ਆਸਟ੍ਰੇਲੀਆ ਦਾ ਮਸ਼ਹੂਰ ਫੁੱਟਬਾਲ ਕਲੱਬ “ਪੰਜਾਬ ਲਾਇਨਜ਼” ਦੇ ਸਭ ਮੈਂਬਰ ਸ਼ਾਮਲ ਸਨ । ਇਸ ਪ੍ਰੋਗਰਾਮ ‘ਚ ਸਿ਼ਰਕਤ ਕਰ ਰਹੇ ਆਸਟ੍ਰੇਲੀਆਈ ਨਾਗਰਿਕ ਡੌਨ ਗੋਲਡਸਮਿੱਥ ਦਾ ਵੀ ਜਿ਼ਕਰ ਕਰਨਾ ਬਣਦਾ ਹੈ, ਜੋ ਕਿ ਸਿੱਖੀ ਤੋਂ ਇਸ ਕਦਰ ਪ੍ਰਭਾਵਿਤ ਹੈ ਕਿ ਉਹ ਹਮੇਸ਼ਾ ਆਪਣੇ ਸਿਰ ਤੇ ਦਸਤਾਰ ਸਜਾ ਕੇ ਰੱਖਦਾ ਹੈ ਤੇ ਨਿੱਜੀ ਜਿੰਦਗੀ ‘ਚ ਵੀ ਉਸਨੂੰ ਪੰਜਾਬੀ ਪਹਿਰਾਵੇ ‘ਚ ਦੇਖਿਆ ਜਾ ਸਕਦਾ ਹੈ । ਉਸਨੇ ਆਪਣਾ ਪੰਜਾਬੀ ਨਾਮ ਦਵਿੰਦਰ ਡੌਨ ਗੋਲਡਸਮਿੱਥ ਸਿੰਘ ਰੱਖਿਆ ਹੋਇਆ ਹੈ ਤੇ ਹਰ ਪ੍ਰੋਗਰਾਮ ‘ਚ ਸਿਰਕਤ ਕਰਦਾ ਹੈ ।

ਇੱਕ ਦਰਸ਼ਕ ਦੁਆਰਾ ਸਟੇਜ ‘ਤੇ ਚੜ੍ਹਨ ਦੀ ਕੋਸਿਸ਼ ਨੇ ਦਾਲ ‘ਚ ਕੋਕੜੂ ਦਾ ਕੰਮ ਕੀਤਾ ਪਰ ਬੱਬੂ ਮਾਨ ਨੇ ਬੜੀ ਸੂਝ ਬੂਝ ਨਾਲ਼ ਇਸ ਸਥਿਤੀ ਨੂੰ ਪਲਾਂ ‘ਚ ਹੀ ਸੰਭਾਲ ਲਿਆ । ਵਿਚਾਰਨ ਦੀ ਲੋੜ ਹੈ ਕਿ ਵਿਦੇਸ਼ੀ ਯੂਨੀਵਰਸਿਟੀਆਂ ‘ਚ ਪੜ੍ਹ ਲਿਖ ਕੇ ਤੇ ਏਨੇ ਅਗਾਂਹਵਧੂ ਮੁਲਕਾਂ ‘ਚ ਵਰ੍ਹਿਆਂ ਬੱਧੀ ਵਿਚਰਨ ਦੇ ਬਾਵਜੂਦ ਹੋਰਨਾਂ ਲਈ ਪ੍ਰੇਸ਼ਾਨੀਆਂ ਖੜੀਆਂ ਕਰਨਾ ਕਿੰਨ੍ਹਾਂ ਕੁ ਜਾਇਜ਼ ਹੈ ?

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>