ਮੋਦੀ ਦਾ ‘ਉਪਵਾਸ ਡਰਾਮਾ’

ਮੋਦੀ ਵਲੋਂ ਰੱਖਿਆ ਗਿਆ ਤਿੰਨ ਦਿਨਾਂ ਦਾ ਉਪਵਾਸ ਇਕ ਸਿਆਸੀ ਡਰਾਮੇ ਤੋਂ ਵੱਧ ਕੁਝ ਵੀ ਵਿਖਾਈ ਨਹੀਂ ਦਿੰਦਾ।  ਮੌਜੂਦਾ ਸਮੇਂ ਮੋਦੀ ਦਾ ਕੇਸ ਉੱਚ ਅਦਾਲਤ ਤੋਂ ਹੇਠਲੀ ਅਦਾਲਤ ਦੇ ਹਵਾਲੇ ਕਰਨ ਤੋਂ ਬਾਅਦ ਉਸਨੇ ਇਕ ਵਾਰ ਫਿਰ ਤੋਂ ਗੁਜਰਾਤ ਵਿਚ ਬੈਠੇ ਮੁਸਲਮਾਨ ਵਿਰੋਧੀਆਂ ਦੀ ਖੁਸ਼ੀ ਹਾਸਲ ਕਰਨ ਦੀ ਹੀ ਇਕ ਕੋਸਿਸ਼ ਕੀਤੀ ਲਗਦੀ ਹੈ। ਉਸਦੀ ਇਸ ਹਰਕਤ ਤੋਂ ਇਹ ਗੱਲ ਵੀ ਸਾਬਤ ਹੁੰਦੀ ਲਗਦੀ ਹੈ ਕਿ ਉਹ ਅੰਨਾ ਹਜ਼ਾਰੇ ਦੀ ਅਨਸ਼ਨ ਵਾਲੇ ਪਾਖੰਡ ਤੋਂ ਵੀ ਕਾਫ਼ੀ ਪ੍ਰਭਾਵਤ ਹੋਇਆ ਲਗਦਾ ਹੈ।  ਉਸਦੀ ਇਸ ਹਰਕਤ ਤੋਂ ਤਾਂ ਇੰਜ ਲਗਦਾ ਹੈ ਕਿ ਕਾਂਗਰਸ ਵਲੋਂ ਭਾਜਪਾ ‘ਤੇ ਜਿਹੜਾ ਇਲਜ਼ਾਮ ਲਾਇਆ ਗਿਆ ਸੀ ਕਿ ਭਾਜਪਾ ਨੇ ਅੰਨਾ ਹਜ਼ਾਰੇ ਦੀ ਅਨਸ਼ਨ ਵੇਲੇ ਮਦਦ ਕੀਤੀ ਹੈ, ਉਹ ਠੀਕ ਹੀ ਸੀ। ਇਸ ਨਜ਼ਰੀਏ ਨਾਲ ਮੋਦੀ ਦਾ ਇਹ ਉਪਵਾਸ ਇਕ ਸਿਆਸੀ ਪ੍ਰਾਪੇਗੰਡੇ ਤੋਂ ਵੱਧ ਹੋਰ ਕੁਝ ਵੀ ਨਹੀਂ ਲਗਦਾ।

ਜੇਕਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਇਸ ਤੋਂ ਇਨਕਾਰ ਕਰਦੇ ਹਨ ਤਾਂ ਇਸਦੇ ਪਿੱਛੇ ਮੋਦੀ ਦਾ ਲੁਕਿਆ ਹੋਇਆ ਡਰ ਵੀ ਕੰਮ ਕਰਦਾ ਦਿੱਸ ਰਿਹਾ ਹੈ। ਉਸਨੂੰ ਪਤਾ ਸੀ ਕਿ ਉਸਨੇ ਗੁਜਰਾਤ ਵਿਚ ਮੁਸਲਮਾਨ ਵਿਰੋਧੀ ਦੰਗਿਆਂ ਵਿਚ ਪੁਲਿਸ ਅਤੇ ਆਪਣੇ ਭਾਜਪਾਈ ਵਰਕਰਾਂ ਨੂੰ ਖੁਲ੍ਹੀ ਛੁੱਟੀ ਦਿੱਤੀ ਹੋਈ ਸੀ ਅਤੇ ਹੋ ਸਕਦਾ ਹੈ ਕਿ ਅੰਦਰੋ ਅੰਦਰ ਹੀ ਉਸਨੂੰ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਦਾ ਡਰ ਨਾ ਸਤਾ ਰਿਹਾ ਹੋਵੇ। ਜੇਕਰ ਅਦਾਲਤ ਵਲੋਂ ਮੋਦੀ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਤਾਂ ਉਸਦਾ ਰਾਜਨੀਤਕ ਕੈਰੀਅਰ ਪੂਰੀ ਤਰ੍ਹਾਂ ਤਬਾਹ ਹੋ ਜਾਣਾ ਸੀ ਅਤੇ ਉਸਦੀ ਆਪਣੇ ਸਿਆਸੀ ਕੈਰੀਅਰ ਨੂੰ ਬਨਾਉਣ ਲਈ ਕੀਤੀ ਗਈ ਸਾਰੀ ਮੇਹਨਤ ਮਿੱਟੀ ਵਿਚ ਰੁੱਲ ਜਾਣੀ ਸੀ। ਹੋ ਸਕਦਾ ਹੈ ਕਿ ਇਸੇ ਹੀ ਕੈਰੀਅਰ ਦੀ ਸਲਾਮਤੀ ਲਈ ਮੋਦੀ ਵਲੋਂ ਕੋਈ ਸੁਖਣਾ ਜਾਂ ਮੰਨਤ ਮੰਨੀ ਗਈ ਹੋਵੇ ਕਿ ਜੇਕਰ ਮੈਂ ਆਪਣੇ ਦੰਗਿਆਂ ਵਾਲੇ ਕੇਸ ਚੋਂ ਬਚ ਗਿਆ ਤਾਂ ਮੈਂ ਤਿੰਨ ਦਿਨਾਂ ਤੱਕ ਕਿਸੇ ਦੇਵੀ ਦੇਵਤੇ ਦੇ ਸਨਮੁੱਖ ਉਪਵਾਸ ਰੱਖਾਂਗਾ। ਜੇਕਰ ਇੰਜ ਨਹੀਂ ਤਾਂ ਇਹ ਸੌ ਫ਼ੀਸਦੀ ਮੋਦੀ ਵਲੋਂ ਆਪਣੇ ਭਾਜਪਾਈ ਵਰਕਰਾਂ ਦੀ ਹਮਦਰਦੀ ਬਟੋਰਨ ਅਤੇ ਮੀਡੀਆ ਵਿਚ ਛਾਉਣ  ਤੋਂ ਵੱਧ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ।

ਇਥੇ ਇਕ ਗੱਲ ਇਹ ਵੀ ਸਮਝ ਨਹੀਂ ਆ ਰਹੀ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹੜਾ ਮਾਅਰਕਾ ਮਾਰ ਲਿਆ ਹੈ ਜਿਸਦੀ ਵਧਾਈ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਉਸਨੂੰ ਮਿਲਣ ਲਈ ਗਏ ਹਨ ਮੋਦੀ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹੇ ਹਨ। ਜੇਕਰ ਸ: ਬਾਦਲ ਨੂੰ ਇਹ ਡਰ ਹੈ ਕਿ ਕਿਤੇ ਮੋਦੀ ਸੰਤ ਫਤਹਿ ਸਿੰਘ ਮਰਨ ਵਰਤ ਵਾਂਗੂੰ ਆਪਣਾ ਉਪਵਾਸ ਵਿਚੇ ਹੀ ਨਾ ਤੋੜ ਦੇਣ ਤਾਂ ਸ: ਬਾਦਲ ਨੂੰ ਮੋਦੀ ਨੂੰ ਹੱਲਾ ਸ਼ੇਰੀ ਦੇਣ ਲਈ ਖੁਦ ਵੀ ਤਿੰਨ ਦਿਨਾਂ ਤੱਕ ਉਪਵਾਸ ਜਾਂ ਭੁੱਖ ਹੜਤਾਲ ਰੱਖਦੇ ਹੋਏ ਉਸਦਾ ਪੰਜਾਬ ਵਿਚ ਬੈਠਿਆਂ ਹੀ ਸਾਥ ਦੇਣਾ ਚਾਹੀਦਾ ਸੀ। ਮੌਜੂਦਾ ਸਮੇਂ ਪੰਜਾਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਸ: ਬਾਦਲ ਵਲੋਂ ਪੰਜਾਬ ਨੂੰ ਛੱਡਕੇ ਗੁਜਰਾਤ ਜਾਣ ਦੀ ਖੇਡ ਕੁਝ ਸਮਝ ਵਿਚ ਨਹੀਂ ਆਈ। ਕਿਉਂਕਿ ਜਦੋਂ ਅੰਨਾ ਹਜ਼ਾਰੇ ਵਲੋਂ ਮਰਨ ਵਰਤ ਜਾਂ ਅਨਸ਼ਨ ਰੱਖਿਆ ਗਿਆ ਸੀ ਤਾਂ ਉਸ ਵੇਲੇ ਬਾਦਲ ਦਲ ਵਲੋਂ ਪੰਜਾਬ ਵਿਚ ਬੈਠਿਆਂ ਹੋਇਆਂ ਹੀ ਅੰਨਾ ਦੀ ਹਿਮਾਇਤ ਕਰਨ ਦਾ ਬਿਆਨ ਦਾਗ਼ ਦਿੱਤਾ ਗਿਆ ਸੀ। ਫਿਰ ਇਸ ਵੇਲੇ ਐਸਜੀਪੀਸੀ ਦੀਆਂ ਚੋਣਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ, ਮੋਦੀ ਨੂੰ ਹੱਲਾ ਸ਼ੇਰੀ ਦੇਣ ਲਈ ਗੁਜਰਾਤ ਜਾਣ ਦੀ ਗੱਲ ਸਮਝ ਵਿਚ ਨਹੀਂ ਆ ਰਹੀ? ਕਿਤੇ ਇਹ ਤਾਂ ਨਹੀਂ ਕਿ ਅਮਰੀਕਾ ਵਲੋਂ ਮੋਦੀ ਦੇ ਭਾਜਪਾ ਵਲੋਂ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਦੀ ਗੱਲ ਸੁਣਕੇ ਸ: ਬਾਦਲ ਅਡਵਾਨੀ ਦਾ ਸਾਥ ਛੱਡਕੇ ਹੁਣ ਮੋਦੀ ਦਾ ਪੱਲਾ ਫੜਣ ਲਈ ਪਹੁੰਚ ਗਏ ਹਨ।
ਮੋਦੀ ਵਲੋਂ ਉਪਵਾਸ ਰੱਖਕੇ ਮੀਡੀਆ ਵਿਚ ਆਉਣ ਦਾ ਇਕ ਵੱਡਾ ਕਾਰਨ ਇਹ ਵੀ ਲੱਗਦਾ ਹੈ ਕਿ ਪਿਛਲੇ ਦਿਨੀਂ ਅਮਰੀਕਾ ਵਲੋਂ ਮੋਦੀ ਨੂੰ ਭਾਜਪਾ ਵਲੋਂ ਭਾਰਤ ਦੇ ਭਵਿੱਖਤ ਪ੍ਰਧਾਨ ਮੰਤਰੀ ਬਣਨ ਦੀ ਗੱਲ ਵੀ ਕਹਿ ਦਿੱਤੀ ਗਈ ਹੈ। ਹੋ ਸਕਦਾ ਹੈ ਕਿ ਮੋਦੀ ਵਲੋਂ ਇਹ ਪ੍ਰਾਪੇਗੰਡਾ ਇਸ ਬਿਆਨ ਉਪਰ ਮੋਹਰ ਲਾਉਣ ਦਾ ਢੰਗ ਹੋਵੇ। ਕਿਉਂਕਿ ਪਿਛਲੀਆਂ ਚੋਣਾਂ ਸਮੇਂ ਆਪਣੇ ਆਪ ਨੂੰ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਣਦਾ ਵੇਖਣ ਦੇ ਸੁਪਨੇ ਵੇਖਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਵੀ ਮੋਦੀ ਦੇ ਪ੍ਰਧਾਨ ਮੰਤਰੀ ਹੋਣ ਦੀ ਦਾਵੇਦਾਰੀ ਦੀ ਹਿਮਾਇਤ ਕੀਤੀ ਗਈ ਹੈ। ਇਕ ਹਫ਼ਤੇ ਵਿਚ ਹੀ ਮੋਦੀ ਨੂੰ ਮਿਲੀ ਇਹ ਦੋਹਰੀ ਖੁਸ਼ੀ ਹੈ ਅਤੇ ਕਈ ਵਾਰ ਜਦੋਂ ਬਹੁਤੀ ਖੁਸ਼ੀ ਮਿਲਦੀ ਹੈ ਤਾਂ ਉਸਨੂੰ ਪ੍ਰਗਟਾਉਣ ਲਈ ਲੋਕੀਂ ਕੋਈ ਨਾ ਕੋਈ ਵੱਖਰਾ ਢੰਗ ਅਪਨਾ ਲੈਂਦੇ ਹਨ। ਮੋਦੀ ਵਿਚ ਇਕ ਸਿਆਸੀ ਲੀਡਰ ਵਜੋਂ ਭਾਵੇਂ ਅਨੇਕਾਂ ਬੁਰਾਈਆਂ ਹੋਣ ਪਰ ਉਸਨੇ ਆਪਣੇ ਸੂਬੇ ਦੀ ਤਰੱਕੀ ਲਈ ਜਿਹੜੇ ਕਦਮ ਚੁੱਕੇ ਹਨ ਉਨ੍ਹਾਂ ਕਰਕੇ ਗੁਜਰਾਤ ਵਿਚ ਉਸਨੂੰ ਕਾਫ਼ੀ ਸਨਮਾਨ ਹਾਸਲ ਹੈ। ਜਿੱਥੇ ਪੰਜਾਬ ਭਾਰਤ ਦਾ ਪਹਿਲੇ ਨੰਬਰ ਦਾ ਸੂਬਾ ਹੋਣ ਦਾ ਮਾਣ ਗੁਆਕੇ ਹੇਠਾਂ ਵੱਲ ਜਾ ਰਿਹਾ ਹੈ ਉਥੇ ਗੁਜਰਾਤ ਭਾਰਤ ਦੇ ਆਮ ਜਿਹੇ ਸੂਬਿਆਂ ਦੀ ਲਾਇਨ ਚੋਂ ਉੱਠਕੇ ਮੋਹਰੀ ਕਤਾਰ ਵਿਚ ਆ ਰਿਹਾ ਹੈ। ਇਸ ਲਈ ਮੋਦੀ ਵਲੋਂ ਮੌਜੂਦਾ ਸਮੇਂ ਆਪਣੀ ਦਾਵੇਦਾਰੀ ਨੂੰ ਪੱਕਿਆਂ ਕਰਨ ਦਾ ਇਸਤੋਂ ਵੱਡਾ ਹੋਰ ਕੋਈ ਕਾਰਨ ਲੱਭਣਾ ਬਹੁਤ ਹੀ ਔਖਾ ਲੱਗਦਾ ਹੈ। ਇਥੇ ਇਹ ਵੀ ਹੋ ਸਕਦਾ ਹੈ ਕਿ ਮੋਦੀ ਦੇ ਉਪਵਾਸ ਦੇ ਬਹਾਨੇ ਸ: ਬਾਦਲ ਆਪਣੇ ਭਾਜਪਾਈ ਮਿੱਤਰ ਪਾਸੋਂ ਮੋਹਰੀ ਕਤਾਰ ਵਿੱਚ ਆਉਣ ਵਾਲੇ ਸੂਬੇ ਦਾ ਰਾਜ਼ ਪੁੱਛਣ ਲਈ ਹੀ ਗੁਜਰਾਤ ਜਾ ਰਹੇ ਹੋਣ?

ਇਹ ਤਾਂ ਰਹੀ ਹਾਸੇ ਮਖੌਲ ਦੀ ਗੱਲ ਪਰੰਤੂ ਮੌਜੂਦਾ ਸਮੇਂ ਭਾਜਪਾ ਦੇ ਕੋਲ ਮੋਦੀ ਤੋਂ ਕਾਬਲ ਕੋਈ ਲੀਡਰ ਹੈ ਵੀ ਨਹੀਂ। ਘੱਟਗਿਣਤੀ ਲਈ ਜਿਥੇ ਭਾਜਪਾ ਦੀ ਸੋਚ ਪੂਰਨ ਤੌਰ ‘ਤੇ ਨਕਾਰਾਤਮਕ ਹੈ ਉਥੇ ਮੋਦੀ ਦੀ ਸੋਚ ਵੀ ਪੂਰਨ ਤੌਰ ‘ਤੇ ਫਿਰਕੂ ਹੈ ਜਿਸਦਾ ਪ੍ਰਮਾਣ ਗੁਜਰਾਤ ਵਿਚ ਕਰਾਏ ਗਏ ਮੁਸਲਮਾਨ ਵਿਰੋਧੀ ਫਿਰਕੂ ਦੰਗੇ ਅਤੇ ਆਪਣੇ ਪਹਿਲੇ ਸ਼ਾਸਨ ਕਾਲ ਵੇਲੇ ਮੋਦੀ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਵਰਤੀ ਗਈ ਸਿੱਖ ਵਿਰੋਧੀ ਟਿੱਪਣੀ ਹਨ। ਇਸ ਲਈ ਭਾਜਪਾ ਦੀ ਸੋਚ ‘ਤੇ ਘੱਟਗਿਣਤੀਆਂ ਵਿਰੋਧੀ ਸੋਚ ਦੇ ਧਾਰਣੀ ਨਰਿੰਦਰ ਮੋਦੀ ਦੀ ਇਹ ਦਾਵੇਦਾਰੀ ਸਹੀ ਵੀ ਲਗਦੀ ਹੈ। ਸੁਸ਼ਮਾ ਸਵਰਾਜ ਵਲੋਂ ਕਈ ਵਾਰ ਅਜਿਹੇ ਬਿਆਨ ਦਿੱਤੇ ਜਾਂਦੇ ਰਹੇ ਹਨ ਜਿਹੜੇ ਭਾਜਪਾ ਨੂੰ ਅਨੇਕਾਂ ਵਾਰ ਹਾਸੋਹੀਣੀ ਹਾਲਤ ਵਿਚ ਪਹੁੰਚਾਣ ਦਾ ਕਾਰਨ ਬਣਦੇ ਰਹੇ ਹਨ, ਜਿਵੇਂ ਕਿ ਰਾਜਘਾਟ ‘ਤੇ ਜਾਕੇ ਨੱਚਣ ਵਾਲਾ ਕਾਰਾ। ਅਡਵਾਨੀ ਵੈਸੇ ਹੀ ਬੁੱਢਾ ਹੋ ਚੁੱਕਾ ਹੈ। ਜਿਸ ਕਰਕੇ ਮੋਦੀ ਵਲੋਂ ਸਰਕਾਰੀ ਖਰਚੇ ਉਪਰ ਉਪਵਾਸ ਕਰਨ ਦਾ ਡਰਾਮਾ ਰਚਾਕੇ ਕੀਤਾ ਜਾ ਰਿਹਾ ਇਹ ਪ੍ਰਚਾਰ ਪੂਰਨ ਤੌਰ ‘ਤੇ ਸਿਆਸੀ ਲੱਗਦਾ ਹੈ। ਮੌਜੂਦਾ ਸਮੇਂ ਹੋਰਨਾਂ ਪਾਰਟੀਆਂ ਦੇ ਲੀਡਰਾਂ ਦੀ ਵੀ ਇਹੀ ਰਾਏ ਹੈ ਕਿ ਮੋਦੀ ਆਪਣੇ ਸਿਆਸੀ ਜੀਵਨ ਨੂੰ ਨਵੀਂ ਰੂਪ ਰੇਖਾ ਦੇਣ ਲਈ ਹੁਣ ਤੋਂ ਹੀ ਰੁੱਝ ਗਿਆ ਹੈ। ਕਿਉਂਕਿ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਵਾਲੀ ਸੋਚ ਨੇ ਉਸਦੀ ਦੀ ਮਹਾਨ ਬਣਨ ਦੀ ਲਾਲਸਾ ਨੂੰ ਜਾਗਰਤ ਕਰ ਦਿੱਤਾ ਹੈ।

ਇਥੇ ਮੋਦੀ ਨੂੰ ਇਹ ਵੀ ਧਿਆਨ ਵਿਚ ਰੱਖ ਲੈਣਾ ਚਾਹੀਦਾ ਹੈ ਕਿ ਅਡਵਾਨੀ ਅਤੇ ਸੋਨੀਆਂ ਗਾਂਧੀ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦੀ ਸੋਚ ਨੂੰ ਕੁਦਰਤ ਨੇ ਆਪਣਾ ਰੰਗ ਵਿਖਾਉਂਦੇ ਹੋਏ ਕਿਵੇਂ ਠੱਲ ਪਾ ਦਿੱਤੀ ਸੀ। ਇਨ੍ਹਾਂ ਦੋਹਾਂ ਦੇ ਪ੍ਰਧਾਨ ਮੰਤਰੀ ਬਣਨ ਦੀ ਲਾਲਸਾ ਵਿਚੇ ਹੀ ਧਰੀ ਰਹਿ ਗਈ ਸੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਤਾਜ ਕਿਸੇ ਲਿਸਟ ਵਿਚ ਵੀ ਸ਼ਾਮਲ ਨਾ ਹੋਣ ਵਾਲੇ ਡਾਕਟਰ ਮਨਮੋਹਨ ਸਿੰਘ ਦੇ ਸਿਰ ‘ਤੇ ਧਰਿਆ ਗਿਆ ਸੀ। ਬਾਕੀ, ਉਪਰ ਵਾਲੇ ਦੀ ਖੇਡ ਅਤੇ ਰੰਗਾਂ ਦਾ ਕਿਸੇ ਨੂੰ ਵੀ ਪਤਾ ਨਹੀਂ ਕਿ ਉਹ ਕਿਸ ਦੇ ਭਵਿੱਖ ਲਈ ਕੀ ਸੋਚੀ ਬੈਠਾ ਹੈ?

This entry was posted in ਸੰਪਾਦਕੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>