ਸਹਿਜਧਾਰੀ ਸਿਖ ਵੋਟਰਾਂ ਦਾ ਮੁੱਦਾ

ਸਹਿਜਧਾਰੀ ਸਿਖ ਵੋਟਰਾਂ ਦਾ ਮੁੱਦਾ ਉਛਾਲਣਾ ਅਕਾਲੀ ਦਲ ਬਾਦਲ ਲਈ ਮਹਿੰਗਾ ਪੈ ਸਕਦਾ ਹੈ। ਹੁਣ ਤੱਕ ਅਕਾਲੀ ਦਲ ਨੂੰ ਸਿਖਾਂ ਦੀ ਪਾਰਲੀਮੈਂਟ ਅਰਥਾਤ ਐਸ.ਜੀ.ਪੀ.ਸੀ ਦੀਆਂ ਚੋਣਾਂ ਦਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੋਣਾ ਸ਼ੁਭ ਸ਼ਗਨ ਸਮਝਿਆ ਜਾਂਦਾ ਸੀ। ਪ੍ਰੰਤੂ ਅਚਾਨਕ ਹਾਈ ਕੋਰਟ ਵਿਚ ਕੇਂਦਰ ਦੇ ਕਾਨੂੰਨ ਮੰਤਰਾਲੇ ਵਲੋਂ ਨਾਮਜਦ ਵਕੀਲ ਸ੍ਰੀ ਹਰਭਗਵਾਨ ਸਿੰਘ ਵਲੋਂ ਦਿਤੇ ਬਿਆਨ ਅਤੇ ਗ੍ਰਹਿ ਮੰਤਰੀ ਭਾਰਤ ਸਰਕਾਰ ਸ੍ਰੀ ਪੀ.ਚਿੰਤਬਰਮ ਵਲੋਂ ਲੋਕ ਸਭਾ ਵਿਚ ਬਿਆਨ ਦੇ ਕੇ ਸ੍ਰੀ ਹਰਭਗਵਾਨ ਸਿੰਘ ਦੇ ਬਿਆਨ ਤੋਂ ਕਿਨਾਰਾਕਸ਼ੀ ਕਰਨ ਤੋਂ ਬਾਅਦ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਅਕਾਲੀ ਦਲ ਬਾਦਲ ਨੂੰ ਇਕ ਬੜਾ ਹੀ ਮਹੱਤਵਪੂਰਨ ਮੁਦਾ ਕਾਂਗਰਸ ਪਾਰਟੀ ਤੇ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਲਈ ਮਿਲ ਗਿਆ ਹੈ। ਅਕਾਲੀ ਦਲ ਕਟੜ ਸਿਖ ਵੋਟਰਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਖੇਡਕੇ ਇਸਦਾ ਲਾਭ ਪਾਰਟੀ ਵਿਚ ਸਿਖਾਂ ਦਾ ਹਮਦਰਦ ਹੋਣ ਦਾ ਲਾਭ ਉਠਾਵੇਗਾ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਜਿਸ ਨੂੰ ਕਾਂਗਰਸ ਪਾਰਟੀ ਵਿਚ ਸਿਖਾਂ ਦਾ ਹਮਦਰਦ ਗਿਣਿਆਂ ਜਾਂਦਾ ਸੀ, ਤੇ ਜਿਸਨੇ ਅਕਾਲੀ ਦਲ ਦੀਆਂ ਸਿਖ ਵੋਟਾਂ ਦੇ ਗੜ ਵਿਚ ਸਨ੍ਹ ਵੀ ਲਾਇਆ ਸੀ, ਵਲੋਂ ਸਹਿਜਧਾਰੀ ਸਿਖਾਂ ਦੀ ਐਸ.ਜੀ.ਪੀ.ਸੀ ਚੋਣਾਂ ਵਿਚ ਵੋਟਾਂ ਪਾਉਣ ਦੇ ਅਧਿਕਾਰੀ ਦੀ  ਵਕਾਲਤ ਕਰਨ ਨਾਲ ਪਾਸਾ ਹੀ ਪੁਠਾ ਪੈ ਗਿਆ ਹੈ। ਅਕਾਲੀ ਦਲ ਸਮਝਦਾ ਸੀ ਕਿ ਐਸ.ਜੀ.ਪੀ.ਸੀ ਚੋਣਾਂ ਕਰਕੇ ਉਹ ਆਪਣੀ ਵੋਟ ਬੈਂਕ ਨੂੰ ਸਰਗਰਮ ਕਰ ਲੈਂਣਗੇ ਤੇ ਨਾਲ ਪਾਰਟੀ ਦਾ ਸਾਰਾ ਕੇਡਰ ਵੀ ਸਰਗਰਮ ਹੋ ਜਾਵੇਗਾ। ਅਸਲ ਵਿਚ ਇਹਨਾਂ ਵੋਟਾਂ ਵਿਚ ਸਹਿਜਧਾਰੀ ਸਿਖਾਂ ਦੀ ਸ਼ਮੂਲੀਅਤ ਨਾ ਹੋਣ ਕਰਕੇ ਅਕਾਲੀ ਦਲ ਦੇ ਵੋਟਰਾਂ ਦਾ ਅਧਾ ਹਿਸਾ ਹੀ ਇਹਨਾਂ ਚੋਣਾਂ ਵਿਚ ਹਿਸਾ ਲਵੇਗਾ।  ਪੰਜਾਬ ਵਿਚ ਲਗਪਗ ਡੇਢ ਕਰੋੜ ਵੋਟਰ ਹਨ। ਐਸ.ਜੀ.ਪੀ.ਸੀ ਦੇ ਸਿਰਫ 56 ਲੱਖ ਵੋਟਰ ਹਨ। ਇਸ ਦਾ ਮਤਲਬ ਇਹ ਹੋਇਆ ਕਿ ਕੁੱਲ ਵੋਟਰਾਂ ਵਿਚੋਂ ਤੀਜਾ ਹਿੱਸਾ ਵੋਟਰ ਹੀ ਇਹਨਾਂ ਚੋਣਾਂ ਵਿਚ ਹਿਸਾ ਲੈ ਸਕਣਗੇ। ਅਕਾਲੀ ਦਲ ਬਾਦਲ ਨੇ ਆਪਣੀ ਪਾਰਟੀ ਵਿਚ ਹਿੰਦੂਆਂ ਅਤੇ ਕਲੀਨ ਸ਼ੇਵਨ ਸਿਖਾਂ ਨੂੰ ਵੀ ਪ੍ਰਤੀਨਿਧਤਾ ਦੇਣੀ ਸ਼ੁਰੂ ਕੀਤੀ ਸੀ। ਅਕਾਲੀ ਦਲ ਬਾਦਲ ਦੇ ਨਵਨਿਯੁਕਤ ਯੂਥ ਵਿੰਗ ਦੇ ਢਾਂਚੇ ਵਿਚ ਤਾਂ ਬਹੁਤ ਸਾਰੇ ਹਿੰਦੂਆਂ ਅਤੇ ਕਲੀਨ ਸ਼ੇਵਨ ਸਿਖਾਂ ਨੂੰ ਪ੍ਰਤੀਨਿਧਤਾ ਦਿਤੀ ਸੀ। ਪ੍ਰੰਤੂ ਅਕਾਲੀ ਦਲ ਬਾਦਲ ਵਲੋਂ ਐਸ.ਜੀ.ਪੀ.ਸੀ ਚੋਣਾਂ ਵਿਚ ਸਹਿਜਧਾਰੀ ਸਿਖਾਂ ਦੇ ਵੋਟ ਪਾਉਣ ਦੇ ਹੱਕ ਦਾ ਵਿਰੋਧ ਕਰਕੇ ਆਪਣੇਂ ਪੈਰੀਂ ਆਪ ਕੁਹਾੜਾ ਮਾਰ ਲਿਆ ਗਿਆ ਹੈ। ਜਿਹੜਾ ਅਕਾਲੀ ਦਲ ਬਾਦਲ ਆਪਣੇ ਆਪ ਤੇ ਧਰਮ ਨਿਰਪੱਖ ਪਾਰਟੀ ਹੋਣ ਦਾ ਮਖੌਟਾ ਪਾ ਰਿਹਾ ਸੀ ਹੁਣ ਉਸਦਾ ਇਹ ਢਕਵੰਜ ਵੀ ਨੰਗਾ ਹੋ ਗਿਆ ਹੈ। ਅਕਾਲੀ ਦਲ ਬਾਦਲ ਦੇ ਇਸ ਫੈਸਲੇ ਨਾਲ ਉਹਨਾਂ ਨਾਲ ਜੁੜ ਰਿਹਾ ਹਿੰਦੂ ਤੇ ਸਹਿਜਧਾਰੀ ਸਿੱਖ ਵੀ ਹੁਣ ਆਪਣੇ ਪੈਰ ਪਿਛੇ ਨੂੰ ਖਿਚ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 2007 ਵਿਚ ਕਿਹਾ ਜਾਂਦਾ ਹੈ ਕਿ ਕਾਂਗਰਸ ਪਾਰਟੀ ਨੂੰ ਸ਼ਹਿਰੀ ਹਲਕਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪਰੋ ਸਿੱਖ ਏਜੰਡੇ ਕਰਕੇ ਹਾਰ ਦਾ ਮੂੰਹ ਵੇਖਣਾ ਪਿਆ ਸੀ। ਅਕਾਲੀ ਦਲ ਬਾਦਲ ਨੇ 2007 ਵਿਚ 48 ਤੇ ਕਾਂਗਰਸ ਨੇ 44 ਸੀਟਾਂ ਜਿਤੀਆਂ ਸਨ। ਬਹੁਤੀਆਂ ਸ਼ਹਿਰੀ ਸੀਟਾਂ ਵਿਚੋਂ ਬੀ.ਜੇ.ਪੀ 19 ਸੀਟਾਂ ਜਿਤ ਗਈ ਸੀ, ਜਿਸ ਕਰਕੇ ਸ੍ਰੀ ਬਾਦਲ ਦੀ ਸਰਕਾਰ ਬਣ ਗਈ ਸੀ। ਅਕਾਲੀ ਦਲ ਬਾਦਲ ਨੇ ਸਹਿਜਧਾਰੀ ਸਿਖਾਂ ਨੂੰ ਅਣਡਿਠ ਕਰਕੇ ਬੀ.ਜੇ.ਪੀ ਦੇ ਭਵਿਖ ਤੇ ਸਵਾਲੀਆ ਨਿਸ਼ਾਨ  ਲਗਾ ਦਿਤਾ ਹੈ। ਇਸਦਾ ਸਿਧਾ ਨੁਕਸਾਨ ਅਕਾਲੀ ਦਲ ਨੂੰ ਵੀ ਹੋਵੇਗਾ ਕਿਉਕਿ ਉਹਨਾਂ ਦੀ ਸਰਕਾਰ ਬਾਰੇ ਵੀ ਅਨਿਸਚਿਤਤਾ ਬਣ ਗਈ ਹੈ। ਸ੍ਰੀ ਬਾਦਲ ਦੇ ਇਸ ਕਦਮ ਤੋਂ ਬੀ.ਜੇ.ਪੀ ਵੀ ਅੰਦਰਖਾਤੇ ਬੜੀ ਦੁਖੀ ਹੈ। ਅਕਾਲੀ ਦਲ ਬਾਦਲ ਵਲੋਂ ਪ੍ਰੋ ਦਵਿੰਦਰ ਸਿੰਘ ਭੁਲਰ ਨੂੰ ਵੀ ਮਾਫੀ ਦੇਣ ਦਾ ਵਿਧਾਨ ਸਭਾ ਵਿਚ ਮਤਾ ਪਾਉਣ ਤੇ ਬੀ.ਜੇ.ਪੀ ਨੇ ਇਸਦਾ ਵਿਰੋਧ ਕਰਨ ਦਾ ਫੈਸਲਾ ਕਰ ਲਿਆ ਹੈ। ਇਕ ਪਾਸੇ ਸ੍ਰੀ ਬਾਦਲ ਦੀ ਅਗਵਾਈ ਵਾਲੀ ਸਾਂਝੀ ਪੰਜਾਬ ਸਰਕਾਰ ਪ੍ਰੋ ਦਵਿੰਦਰ ਸਿੰਘ ਭੁਲਰ ਨੂੰ ਅਤਵਾਦੀ ਕਹਿਕੇ ਕੇਂਦਰ ਸਰਕਾਰ ਨੂੰ ਐਫੀਡੈਵਿਟ ਦੇ ਰਹੀ ਹੈ ਦੂਜੇ ਪਾਸੇ ਉਸਦੀ ਫਾਂਸੀ ਦੀ ਸਜਾ ਦੀ ਮਾਫੀ ਦੀ ਗਲ ਕਰ ਰਹੀ ਹੈ। ਅਕਾਲੀ ਦਲ ਦੀ ਇਸ ਦੋਗਲੀ ਨੀਤੀ ਨੇ ਜਿਥੇ ਬੀ.ਜੇ.ਪੀ ਨੂੰ ਨਰਾਜ ਕੀਤਾ ਹੈ ਉਥੇ ਪੰਜਾਬ ਦੇ ਵੋਟਰ ਵੀ ਹੁਣ ਦੁਵਿਧਾ ਵਿਚ ਪੈ ਗਏ ਹਨ। ਐਸ.ਜੀ.ਪੀ.ਸੀ ਚੋਣਾਂ  ਵਿਚ ਜਿਤ ਪ੍ਰਾਪਤ ਕਰਨੀ ਤਾਂ ਹੁਣ ਅਕਾਲੀ ਦਲ ਲਈ ਫਤਵਾ ਸਾਬਤ ਨਹੀਂ ਹੋਵੇਗੀ ਕਿਉਕਿ ਇਹ ਚੋਣਾਂ ਤਾਂ ਅਸਲ ਵਿਚ ਅਕਾਲੀ ਦਲ ਦੇ ਵਖ ਵਖ ਧੜਿਆਂ ਵਿਚ ਸੁਪਰੀਮੇਸੀ ਦੇ ਲਈ ਲੜੀਆਂ ਜਾ ਰਹੀਆਂ ਹਨ। ਕਾਂਗਰਸ ਪਾਰਟੀ ਦਾ ਤਾਂ ਸਿਧੇ ਤੌਰ ਤੇ ਇਹਨਾਂ ਚੋਣਾਂ ਨਾਲ ਕੋਈ ਸੰਬੰਧ ਨਹੀਂ ਕਿਉਂਕਿ ਕਾਂਗਰਸ ਪਾਰਟੀ ਤਾਂ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿਕੇ ਇਹਨਾਂ ਚੋਣਾਂ ਵਿਚ ਹਿਸਾ ਨਹੀਂ ਲੈ ਰਹੀ। ਕਾਂਗਰਸੀ ਸਿਖ ਵੋਟਰ ਤਾਂ ਆਟੇ ਵਿਚ ਲੂਣ ਦੇ ਬਰਾਬਰ ਹਨ। ਇਹਨਾਂ ਦੀਆਂ ਵੋਟਾਂ ਨਾਲ ਕੋਈ ਬਹੁਤਾ ਫਰਕ ਨਹੀਂ ਪਵੇਗਾ। ਅਕਾਲੀ ਦਲ ਦੇ ਦੂਜੇ ਧੜਿਆਂ ਦੇ ਬਹੁਤ ਸਾਰੇ ਉਮੀਦਵਾਰਾਂ ਨੂੰ ਤਾਂ ਅਕਾਲੀ ਦਲ ਬਾਦਲ ਨੇ ਆਪਣੀ ਸਰਕਾਰੀ ਤਾਕਤ ਨਾਲ ਜਾਂ ਤਾਂ ਤੋੜ ਲਿਆ ਹੈ ਜਾਂ ਉਹਨਾਂ ਦੇ ਨਾਮਜਦਗੀ ਪੇਪਰ ਰੱਦ ਕਰਵਾ ਦਿਤੇ ਹਨ। ਬਾਕੀ ਰਹਿੰਦਿਆਂ ਤੇ ਸਰਕਾਰੀ ਜਬਰ ਦਾ ਦੌਰ ਚਲਾਇਆ ਹੈ। ਅਕਾਲੀ ਦਲ ਦੇ ਬਾਕੀ ਸਾਰੇ ਧੜੇ ਆਪਣੀ ਹੳਮੈਂ ਕਰਕੇ ਇਕ ਪਲੈਟਫੋਰਮ ਤੇ ਇਕਠੇ ਨਹੀਂ ਹੋ ਸਕੇ, ਜੇਕਰ ਉਹ ਇਕ ਮੰਚ ਤੇ ਇਕੱਠੇ ਹੋ ਜਾਂਦੇ ਤਾਂ ਅਕਾਲੀ ਦਲ ਬਾਦਲ ਲਈ ਚੈ¦ਜ ਹੋ ਸਕਦਾ ਸੀ, ਹੁਣ ਤਾਂ ਇਕ ਕਿਸਮ ਨਾਲ ਇਹ ਇਕ ਪਾਸੜ ਹੀ ਸ਼ੋਅ ਸੀ। ਹੁਣ ਤਾਂ ਸਿਖ ਵੋਟਰ ਸਰਕਾਰ ਦੀ ਧੌਂਸ ਤੋਂ ਡਰਦੇ ਬਾਦਲ ਦਲ ਨੂੰ ਵੋਟਾਂ ਪਾ ਦੇਣਗੇ ਪ੍ਰੰਤੂ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਹਨਾਂ ਦੀ ਗਰੰਟੀ ਨਹੀਂ ਲਈ ਜਾ ਸਕਦੀ। ਬਦਲੇ ਦੀ ਭਾਵਨਾ ਦਾ ਪ੍ਰਗਟਾਵਾ ਸਿਖ ਵੋਟਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਜਰੂਰ ਕਰਨਗੇ ਕਿਉਕਿ ਹੁਣ ਤਾਂ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਦੇ ਖੁਸਣ ਦਾ ਡਰ ਖਾਈ ਜਾ ਰਿਹਾ ਹੈ। ਇਹਨਾਂ ਘਟਨਾਵਾਂ ਨੇ ਬਾਦਲ ਦਲ ਦੀ ਨੀਂਦ ਉਡਾ ਦਿਤੀ ਹੈ। ਵਿਧਾਨ ਸਭਾ ਦੀਆਂ ਚੋਣਾਂ ਤਾਂ ਦੋਹਾਂ ਪਾਰਟੀਆਂ ਵਲੋਂ ਉਮੀਦਵਾਰਾਂ ਦੀ ਚੋਣ ਤੋਂ ਬਾਅਦ ਹੀ ਪਤਾ ਲਗੇਗਾ ਕਿ ਕਿੰਨੇ ਬਾਗੀ ਕਿਸ ਪਾਰਟੀ ਦੇ ਮੈਦਾਨ ਵਿਚ ਉਤਰਨਗੇ ਤਾਂ ਹੀ ਅਸਲੀ ਸਥਿਤੀ ਸਾਹਮਣੇ ਆਵੇਗੀ। ਉਪਰੋਕਤ ਚਰਚਾ ਤੋਂ ਇਹ ਸਿਟਾ ਨਿਕਲਦਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਇਕ ਕਿਸਮ ਨਾਲ ਮਹਾਭਾਰਤ ਦਾ ਯੁਧ ਹੀ ਸਾਬਤ ਹੋਣਗੀਆਂ ਕਿਉਕਿ ਅਕਾਲੀ ਦਲ ਬਾਦਲ ਦੀ ਦੋਹਰੀ ਨੀਤੀ ਅਤੇ ਕਾਂਗਰਸ ਪਾਰਟੀ ਦੀ ਧਰਮ ਨਿਰਪਖ ਨੀਤੀ ਦੇ ਨਤੀਜੇ ਕਿਨੇ ਕੁ ਸਾਰਥਕ ਹੋਣਗੇ ਇਹ ਤਾਂ ਸਮਾਂ ਹੀ ਦਸੇਗਾ ਪੰ੍ਰਤੂ ਐਸ.ਜੀ.ਪੀ.ਸੀ ਦੀਆਂ ਚੋਣਾਂ ਦਾ ਅਕਾਲੀ ਦਲ ਨੂੰ ਲਾਭ ਹੁੰਦਾ ਅਜੇ ਤੱਕ ਤਾਂ ਨਜਰ ਨਹੀਂ ਆ ਰਿਹਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>