ਕੀ ਧਰਮ ਵਿਗਿਆਨ ਤੋਂ ਉੱਪਰ ਹੈ?

ਉਹ ਧਰਮ ਨੂੰ ਵਿਗਿਆਨ ਤੋਂ ਉੱਪਰ ਵਿਖਾਉਣ ਦਾ ਯਤਨ ਕਰਦਾ ਹੈ। ਅਸਲ ਵਿੱਚ ਇਹ ਅਸਲੀਅਤ ਨਹੀਂ। ਕੀ ਧਰਮ ਤੇ ਵਿਗਿਆਨ ਦਾ ਰਸਤਾ ਇਕੋ ਹੀ ਹੈ? ਸਮੁੱਚੇ ਬ੍ਰਹਿਮੰਡ ਵਿਚ ਅਰਬਾਂ ਰਹੱਸ ਹਨ। ਇੱਥੇ ਹਰ ਜਗ੍ਹਾ ਰਹੱਸਾਂ ਨਾਲ ਭਰਿਆ ਪਿਆ ਹੈ। ਵਿਗਿਆਨ ਇਨ੍ਹਾਂ ਰਹੱਸਾਂ ਤੋਂ ਪਰਦਾ ਉਠਾਉਣ ਦਾ ਯਤਨ ਕਰ ਰਿਹਾ ਹੈ ਅਤੇ ਬਹੁਤ ਸਾਰੇ ਰਹੱਸਾਂ ਤੋਂ ਪਰਦੇ ਲਾਹ ਵੀ ਦਿੱਤੇ ਗਏ ਹਨ। ਰਹਿੰਦਿਆਂ ਦੇ ਆਉਣ ਵਾਲੀਆਂ ਕੁਝ ਸਦੀਆਂ ਵਿਚ ਲਹਿ ਜਾਣੇ ਹਨ। ਇਹ ਤਾਂ ਵਿਗਿਆਨ ਦਾ ਰਸਤਾ ਹੈ।

ਪਰ ਧਰਮ ਦਾ ਰਸਤਾ ਲੋਕਾਂ ਦੇ ਸਿਰਾਂ ਤੇ ਠੀਕਰੇ ਮੂਧੇ ਮਾਰਨਾ ਹੈ। ਉਹ ਕਿਸੇ ਕਿਸਮ ਦੇ ਰਹੱਸ ਤੋਂ ਪਰਦੇ ਲਾਉਣ ਦੇ ਵਿਰੋਧੀ ਹਨ। ਬਹੁਤ ਸਾਰੇ ਧਰਮਾਂ ਵਿੱਚ ਤਾਂ ਤਰਕਸ਼ੀਲਾਂ ਦੇ ਲਿਟਰੇਚਰ ਨੂੰ ਪੜ੍ਹਨ ਤੇ ਹੀ ਪਾਬੰਦੀ ਲਾਈ ਹੋਈ ਹੈ। ਸਲਮਾਨ ਰਸਦੀ ਅਤੇ ਤਸਲੀਮਾ ਵਰਗੇ ਤਰਕਸ਼ੀਲ ਲੇਖਕਾਂ ਦੀਆਂ ਕਿਤਾਬਾਂ ਉੱਤੇ ਪਾਬੰਦੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਚਾਰਲਸ ਡਾਰਵਿਨ ਦੀ ਕਿਤਾਬ ‘ਜੀਵਾਂ ਦੀ ਉਤਪਤੀ’ ਲਗਭਗ ਅੱਸੀ ਵਰ੍ਹੇ ਇਸਾਈਆਂ ਵਲੋਂ ਪਾਬੰਦੀ ਦਾ ਸ਼ਿਕਾਰ ਰਹੀ ਹੈ।
ਪੰਜਾਬ ਦੀ ਅਕਾਲੀ ਬੀ. ਜੇ. ਪੀ. ਸਰਕਾਰ ਨੇ ਤਰਕਸ਼ੀਲ ਕਿਤਾਬਾਂ ਤੇ ਪਾਬੰਦੀ ਲਾਉਣ ਦਾ ਅਸਫਲ ਯਤਨ ਕੀਤਾ ਹੈ। ਵਿਗਿਆਨਕ ਖੋਜਾਂ ਕਰਨ ਵਾਲੇ ਵੀ ਧਾਰਮਿਕ ਆਗੂਆਂ ਦੇ ਤਸੀਹਿਆਂ ਦਾ ਸ਼ਿਕਾਰ ਹੁੰਦੇ ਰਹੇ ਹਨ। ਸਰੀਰ ਦੀ ਚੀਰ-ਫਾੜ ਵਿਗਿਆਨ ਦੇ ਮੋਢੀ ਵਾਸਲੀਅਸ ਨੂੰ ਆਪਣੀ ਮਾਂ ਦੇ ਮ੍ਰਿਤਕ ਸਰੀਰ ਦੀ ਚੀਰ-ਫਾੜ ਕਾਰਨ ਉਸਨੂੰ ਸਜਾ ਦੇ ਤੌਰ ਤੇ ਧਾਰਮਿਕ ਯਾਤਰਾ ਤੇ ਭੇਜ ਦਿੱਤਾ ਗਿਆ। ਜਿਸ ਕਾਰਨ ਉਸੇ ਯਾਤਰਾ ਦੌਰਾਨ ਉਸ ਦੀ ਮੌਤ ਹੋ ਗਈ। ਵਿਲੀਅਮ ਹਾਰਵੇ ਦਾ ਹਸਰ ਵੀ ਕਿਸੇ ਤੋਂ ਭੁੱਲਿਆ ਨਹੀਂ। ਕਦੇ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਭੇਂਟ ਕੀਤਾ ਜਾਂਦਾ ਹੈ। ਕਦੇ ਗਲੈਲੀਉ ਨੂੰ ਮੌਤ ਦੀ ਸਜਾ ਸੁਣਾਈ ਜਾਂਦੀ ਹੈ। ਇਹ ਕੋਈ ਇਕੱਲੀ ਜਾਂ ਦੋ ਘਟਨਾਵਾਂ ਦਾ ਸਿਲਸਿਲਾ ਨਹੀਂ। ਸਗੋਂ ਦੁਨੀਆਂ ਦਾ ਇਤਿਹਾਸ ਅਜਿਹੇ ਧਾਰਮਿਕ ਜ਼ੁਲਮਾਂ ਤੇ ਜਲੂਸਾਂ ਤੇ ਬੰਦਸਾਂ ਨਾਲ ਭਰਿਆ ਪਿਆ ਹੈ। ਜਿੰਨੀਆਂ ਲੜਾਈਆਂ ਧਰਮ ਦੇ ਨਾਂ ਤੇ ਲੜੀਆਂ ਗਈਆਂ ਤੇ ਮਾਰੇ ਗਏ ਵਿਅਕਤੀਆਂ ਦਾ ਜ਼ਿਕਰ ਅਜਿਹੇ ਲੇਖਕ ਕਦੇ ਨਹੀਂ ਕਰਦੇ ਅਤੇ ਨਾ ਹੀ ਕਰਨਗੇ। ਸੋ ਧਰਮ ਦਾ ਮੁਖ ਉਦੇਸ਼ ਮਨੁੱਖੀ ਤਰੱਕੀ ਦੇ ਰਾਹ ਵਿਚ ਰੋੜਾ ਬਣਨਾ ਹੈ ਅਤੇ ਵਿਗਿਆਨ ਦਾ ਰਾਸਤਾ ਸਮੁੱਚੀ ਮਨੁੱਖ ਜਾਤੀ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਅੱਜ ਜੋ ਸੁਖ ਸਹੂਲਤਾਂ ਮਨੁੱਖ ਜਾਤੀ ਮਾਨ ਰਹੀ ਹੈ ਉਹ ਇੱਕ ਸਦੀ ਪਹਿਲਾਂ ਮਹਾਰਾਜਾ ਪਟਿਆਲਾ ਦੇ ਬਜੁਰਗਾਂ ਕੋਲ ਵੀ ਨਹੀਂ ਸਨ। ਅੱਜ ਜੇ ਸਾਡੇ ਦੇਸ਼ ਦੇ ਬਹੁ ਸੰਮਤੀ ਲੋਕ ਗਰੀਬੀ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਹਨ ਤਾਂ ਉਨ੍ਹਾਂ ਦੇ ਪਛੜੇਪਣ ਦਾ ਕਾਰਨ ਵੀ ਜਦੋਂ ਫਰੋਲੇ ਜਾਣਗੇ ਤਾਂ ਧਰਮ ਦਾ ਰੋੜਾ ਹੀ ਇਨ੍ਹਾਂ ਪਿੱਛੇ ਇੱਕ ਕਾਰਨ ਹੋਵੇਗਾ।

ਕੀ ਵਿਗਿਆਨ ਧਰਮ ਦੀ ਦੇਣ ਹੈ ਜਾਂ ਵਿਗਿਆਨ ਦਾ ਰਾਸਤਾ ਧਰਮ ਤੋਂ ਸ਼ੁਰੂ ਹੁੰਦਾ ਹੈ?

ਇਹ ਅਸਲੀਅਤ ਹੈ ਕਿ ਦੁਨੀਆਂ ਦੀਆਂ ਬਹੁਤੀਆਂ ਪ੍ਰਾਚੀਨ ਖੋਜਾਂ ਬੋਧੀਆਂ ਦੀ ਧਰਤੀ ਤੇ ਹੋਈਆਂ ਸਨ ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਬੁੱਧ ਧਰਮ ਭਾਰੂ ਰਿਹਾ ਹੈ ਅਤੇ ਬੁੱਧ ਧਰਮ ਦਾ ਯਕੀਨ ਰੱਬ ਵਿਚ ਨਹੀਂ ਹੈ। ਧਰਮ ਤਾਂ ਭੂਤਾਂ ਪ੍ਰੇਤਾਂ, ਕਰਾਮਾਤੀ ਸ਼ਕਤੀਆਂ, ਮੰਦਰਾਂ ਮਸਜਿਦਾਂ ਦੀ ਸ਼ਕਤੀ, ਆਤਮਾ, ਪ੍ਰਮਾਤਮਾ ਪੁਨਰ ਜਨਮ ਵਰਗੇ ਸਵਰਗਾਂ, ਨਰਕਾਂ, ਜਮਦੂਤਾਂ, ਜੂਨੀਆਂ, ਆਵਾਗਮਨ ਆਦਿ ਦੀਆਂ ਗੱਲਾਂ ਕਰਕੇ ਲੋਕਾਈ ਨੂੰ ਗੁੰਮਰਾਹ ਕਰਦਾ ਹੈ। ਇਸ ਲਈ ਨਾ ਤਾਂ ਵਿਗਿਆਨ ਦਾ ਕੋਈ ਰਾਸਤਾ ਧਰਮ ਤੋਂ ਨਿਕਲਦਾ ਹੈ ਤੇ ਨਾ ਹੀ ਧਰਮ ਤੋਂ ਸ਼ੁਰੂ ਹੁੰਦਾ ਹੈ। ਧਰਮ ਤਾਂ ਮਨੁੱਖ ਜਾਤੀ ਨੂੰ ਡੂੰਘੀਆਂ ਖੱਡਾਂ ਵਿਚ ਲਿਜਾਣ ਦਾ ਯਤਨ ਕਰਦਾ ਹੈ ਜਦ ਕਿ ਵਿਗਿਆਨਕ ਰਾਕਟਾਂ ਰਾਹੀ ਚੰਦਰਮਾ ਤਾਰਿਆਂ ਤੇ ਲੈ ਜਾਣ ਲਈ ਯਤਨਸ਼ੀਲ ਹੈ। ਮੈਂ ਇੱਕ ਤਰਕਸ਼ੀਲ ਹਾਂ ਜਿਸਨੇ ਲਗਭੱਗ ਸਾਰੀ ਜ਼ਿੰਦਗੀ ਕਿਸੇ ਧਰਮ ਤੋਂ ਬਗੈਰ ਪੂਰੀ ਵਧੀਆ ਢੰਗ ਨਾਲ ਲੰਘਾਈ ਹੈ। ਕੀ ਕੋਈ ਧਾਰਮਿਕ ਵਿਅਕਤੀ ਜਾਂ ਗੁਣਹੀਣ ਇਹ ਦਾਅਵਾ ਕਰ ਸਕਦਾ ਹੈ ਕਿ ਆਪਣੀ ਜ਼ਿੰਦਗੀ ਵਿਚ ਕਿਸੇ ਵੀ ਵਿਗਿਆਨਕ ਢੰਗ ਨਾਲ ਬਣੀ ਚੀਜ਼ ਦਾ ਇਸਤੇਮਾਲ ਨਹੀਂ ਕਰੇਗਾ। ਸੋ ਵਿਗਿਆਨ ਧਰਤੀ ਤੇ ਮੌਜੂਦ ਹਰੇਕ ਵਿਅਕਤੀ ਦੇ ਜੀਵਨ ਦਾ ਇੱਕ ਅੰਗ ਹੈ। ਪਰ ਦੁਨੀਆਂ ਦੀ ਅੱਧੀ ਆਬਾਦੀ ਧਰਮ ਤੋਂ ਬਗੈਰ ਜ਼ਿੰਦਗੀ ਜਿਉਂ ਰਹੀ ਹੈ। ਇਹ ਕਹਿਣਾ ਕਿ ਵਿਗਿਆਨ ਜਿਥੋਂ ਸ਼ੁਰੂ ਹੁੰਦਾ ਹੈ ਉਥੋਂ ਅਧਿਆਤਮ ਸ਼ੁਰੂ ਹੁੰਦਾ ਹੈ ਵੀ ਗਲਤ ਹੈ ਕਿਉਂਕਿ ਵਿਗਿਆਨ ਚੇਤਨਸ਼ੀਲ ਮਨਾਂ ਵਿਚ ਸਦਾ ਸੀ, ਸਦਾ ਹੈ, ਸਦਾ ਰਹੂਗਾ ਇਸਦਾ ਮਤਲਬ ਇਹ ਹੋਇਆ ਕਿ ਅਧਿਆਤਮ ਕਦੇ ਨਹੀਂ ਸੀ, ਨਾ ਹੈ, ਨਾ ਇਹ ਹੋਵੇਗਾ। ਅਸਲ ਵਿਚ ਦੁਨੀਆਂ ਤੇ ਮੌਜੂਦ ਪੂਰੀ ਖਲਕਤ ਦੋ ਭਾਗਾਂ ਵਿਚ ਵੰਡੀ ਹੋਈ ਹੈ, ਇਕ ਨੂੰ ਯਕੀਨ ਹੈ ਕਿ ਸਮੁੱਚੇ ਬ੍ਰਹਿਮੰਡ ਨੂੰ ਚਲਾਉਣ ਵਾਲੀ ਕਾਰਜ ਸ਼ਕਤੀ ਪ੍ਰਾਕ੍ਰਿਤਕ ਨਿਯਮ ਹਨ। ਦੂਜੀ ਨੂੰ ਯਕੀਨ ਹੈ ਕਿ ਅਦਿੱਖ ਸ਼ਕਤੀ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ ਜਿਸਨੂੰ ਪਾਠ ਪੂਜਾ ਰਾਹੀਂ ਆਪਣੇ ਵੱਸ ਵਿੱਚ ਕੀਤਾ ਜਾ ਸਕਦਾ ਹੈ ਜਾਂ ਜਿਸਦਾ ਉਪਰੋਕਤ ਢੰਗ ਨਾਲ ਥਾਹ ਪਾਇਆ ਜਾ ਸਕਦਾ ਹੈ।

ਕੀ ਖੋਜਾਂ ਧਾਰਮਿਕ ਗ੍ਰੰਥਾਂ ਵਿਚ ਪਹਿਲਾ ਹੀ ਦਰਜ ਹੁੰਦੀਆਂ ਹਨ?

ਹਰ ਧਰਮ ਦਾ ਇੱਕ ਸਾਂਝਾ ਗੁਣ ਹੁੰਦਾ ਹੈ। ਉਹ ਦਾਅਵੇ ਕਰਦੇ ਹਨ ਕਿ ਦੁਨੀਆਂ ਦੀ ਹਰ ਖੋਜ ਉਨ੍ਹਾਂ ਦੇ ਧਾਰਮਿਕ ਗ੍ਰੰਥ ਵਿਚ ਪਹਿਲਾਂ ਹੀ ਦਰਜ ਹੈ। ਜੇ ਇਹ ਹੁੰਦਾ ਤਾਂ ਦੁਨੀਆਂ ਦੇ ਵੱਡੇ ਵੱਡੇ ਧਾਰਮਿਕ ਪੁਜਾਰੀਆਂ ਨੇ ਹੀ ਇਹ ਖੋਜਾਂ ਕੀਤੀਆਂ ਹੁੰਦੀਆਂ। ਧਰਮਾਂ ਦੇ ਗ੍ਰੰਥ ਪੰਜ ਹਜ਼ਾਰ ਸਾਲ ਪਹਿਲਾਂ ਤੋਂ ਇਥੇ ਮੌਜੂਦ ਹਨ। ਕਰੋੜਾਂ ਲੋਕ ਹਰ ਸਾਲ ਪਲੇਗ ਤੇ ਟੀ. ਬੀ. ਵਰਗੀਆਂ ਬਿਮਾਰੀਆਂ ਨਾਲ ਮਰਦੇ ਰਹੇ। ਕੀ ਸਾਡੇ ਧਾਰਮਿਕ ਆਗੂਆਂ ਨੇ ਉਨ੍ਹਾਂ ਗ੍ਰੰਥਾਂ ਵਿਚੋਂ ਦਵਾਈਆਂ ਲੱਭ ਕੇ ਉਨ੍ਹਾਂ ਲੋਕਾਂ ਨੂੰ ਬਚਾਉਣ ਦੇ ਕੋਈ ਯਤਨ ਕੀਤੇ? 1935 ਵਿਚ ਭਾਰਤੀਆਂ ਦੀ ਔਸਤ ਉਮਰ 35 ਵਰ੍ਹੈ ਹੀ ਸੀ, ਜੇ ਅੱਜ ਇਹ 68 ਵਰ੍ਹਿਆਂ ਨੂੰ ਪੁੱਜ ਗਈ ਹੈ ਇਹ ਵਿਗਿਆਨਕ ਖੋਜਾਂ ਨਾਲ ਸੰਭਵ ਹੋਇਆ ਹੈ ਨਾ ਕਿ ਧਾਰਮਿਕ ਬੰਦਸਾਂ ਜਾਂ ਰਹੁ ਰੀਤਾਂ ਨਾਲ?
ਕੀ ਮਨੁੱਖ ਨੂੰ ਮਰਨ ਕਿਨਾਰੇ ਪੁੱਜ ਕੇ ਪ੍ਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ?

ਮਨੁੱਖੀ ਮਨ ਹਮੇਸ਼ਾ ਹੀ ਕਲਪਨਾਸ਼ੀਲ ਰਹਿੰਦਾ ਹੈ। ਕੱਚੀ ਨੀਂਦ ਵਿਚ ਕੀਤੀਆਂ ਕਲਪਨਾਵਾਂ ਸੁਪਨੇ ਬਣ ਜਾਂਦੀਆਂ ਹਨ। ਮਰਨ ਕਿਨਾਰੇ ਜਦੋਂ ਪੁੱਜ ਜਾਂਦਾ ਹੈ ਤਾਂ ਉਸਨੂੰ ਕੁਝ ਧੁੰਦਲੀਆਂ ਕਲਪਨਾਵਾਂ ਨਜ਼ਰ ਆਉਣੀਆਂ ਸ਼ੁਰੂ ਹੋ ਸਕਦੀਆਂ ਹਨ ਪਰ ਇਹ ਹਕੀਕਤਾਂ ਨਹੀਂ ਹੁੰਦੀਆਂ ਧਾਰਮਿਕ ਵਿਅਕਤੀ ਇਸਨੂੰ ਪ੍ਰਮਾਤਮਾ ਦੇ ਦਰਸ਼ਨ ਸਮਝ ਲੈਂਦੇ ਹਨ। ਨਾਸਤਿਕਾਂ ਤੇ ਤਰਕਸ਼ੀਲਾਂ ਲਈ ਇਹ ਦ੍ਰਿਸ਼ਟੀ ਭਰਮ ਹੁੰਦੇ ਹਨ। ਅਜਿਹਾ ਸਭ ਕੁਝ ਨਸ਼ੇ ਦੀ ਹਾਲਤ ਵਿਚ ਵੀ ਹੋ ਜਾਂਦਾ ਹੈ। ਸੁੱਖੇ ਵਾਲੇ ਪਕੌੜੇ ਖਾਹ ਕੇ ਕਿਸੇ ਵਿਅਕਤੀ ਨੂੰ ਆਪਣਾ ਸਰੀਰ ਹਵਾ ਵਿਚ ਉੱਡਦਾ ਨਜ਼ਰ ਆ ਸਕਦਾ ਹੈ ਪਰ ਕੀ ਤੁਸੀਂ ਕਿਸੇ ਨਸ਼ਈ ਵਿਅਕਤੀ ਨੂੰ ਉਡਾਰੀ ਮਾਰਦੇ ਵੇਖਿਆ ਹੈ।

ਘਟਨਾਵਾਂ ਸਿਰਫ਼ ਨੰਗੀ ਅੱਖ ਨਾਲ ਹੀ ਵੇਖੀਆਂ ਜਾ ਸਕਦੀਆਂ ਹਨ?

ਧਰਤੀ ਤੇ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਮਾਪਣ ਲਈ ਜਾਂ ਵੇਖਣ ਲਈ ਯੰਤਰਾਂ ਦੀ ਲੋੜ ਪੈਂਦੀ ਹੈ। ਕੋਈ ਮਾਈਕਰੋਸਕੋਪ ਨਾਲ ਵੇਖੀ ਜਾ ਸਕਦੀ ਹੈ ਕੋਈ ਇਲੈਕਟਰੋਨਿਕ ਮਾਈਕਰੋਸਕੋਪ ਨਾਲ ਵੇਖੀ ਜਾ ਸਕਦੀ ਹੈ ਕਿਸੇ ਨੂੰ ਵੇਖਣ ਲਈ ਟੈਲੀਸਕੋਪ ਦੀ ਵਰਤੋਂ ਜਾਂਦੀ ਹੈ। ਕਿਸੇ ਨੂੰ ਤਾਪਮਾਨ ਦੀ ਘਾਟ ਵਾਧ ਨਾਲ ਕਿਸੇ ਨੂੰ ਕਿਰਨਾਂ ਰਾਹੀ ਵੇਖਿਆ ਜਾ ਸਕਦਾ ਹੈ। ਕੁਝ ਨੂੰ ਵੇਖਣ ਲਈ ਅਜੇ ਤੱਕ ਯੰਤਰ ਵੀ ਨਾ ਬਣੇ ਹੋਣ। ਇਸ ਤਰ੍ਹਾਂ ਇਨ੍ਹਾਂ ਵੱਖ ਵੱਖ ਢੰਗਾਂ ਰਾਹੀ ਚੀਜ਼ਾਂ ਵੇਖੀਆਂ ਜਾਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ ਪਰ ਜਿਸ ਢੰਗ ਨਾਲ ਪ੍ਰਮਾਤਮਾ ਨੂੰ ਮਹਿਸੂਸ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਗਲਤ ਹੈ। ਮੈਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ 40-40 ਜਾਂ 50-50 ਸਾਲ ਭਗਤੀ ਕਰਨ ਵਾਲੇ ਮਨੁੱਖਾਂ ਨੂੰ ਮਿਲਿਆ ਹਾਂ ਸਭ ਦਾ ਇਕਬਾਲ ਕਿ ਅਜੇ ਤੱਕ ਪ੍ਰਮਾਤਮਾ ਦੇ ਦਰਸ਼ਨ ਉਨ੍ਹਾਂ ਨੂੰ ਨਹੀਂ ਹੋਏ। ਜੇ ਕਿਸੇ ਨੂੰ ਇਹ ਹੋ ਵੀ ਜਾਣ ਤਾਂ ਵੀ ਇਹ ਹਕੀਕਤ ਨਹੀਂ ਹੋਵੇਗੀ ਕਿਉਂਕਿ ਸਭ ਦਾ ਉਸ ਬਾਰੇ ਵਰਨਣ ਵੱਖ ਵੱਖ ਹੋਵੇਗਾ ਪਰ ਜੇ ਉਹ ਸੱਚੀ ਮੁੱਚੀ ਹੋਵੇਗਾ ਤਾਂ ਉਸਦਾ ਅਕਾਰ ਰੰਗ ਰੂਪ ਸਭ ਧਰਮਾਂ ਵਾਲਿਆਂ ਨੂੰ ਇਕੋ ਜਿਹਾ ਹੀ ਨਜ਼ਰ ਆਵੇਗਾ ਵੱਖ ਵੱਖ ਨਹੀਂ। ਕੀ ਧਰਮ ਨੇ ਮਨੁੱਖੀ ਜੀਵਨ ਨੂੰ ਅਨੁਸ਼ਾਸਨਬੱਧ ਕੀਤਾ ਹੈ।

ਅੱਜ ਦੁਨੀਆਂ ਦੇ ਸਭ ਤੋਂ ਵੱਧ ਧਰਮ ਅਤੇ ਉਨ੍ਹਾਂ ਨੂੰ ਮੰਨਣ ਵਾਲੇ ਸਾਡੇ ਦੇਸ਼ ਵਿਚ ਹਨ। ਫਿਰ ਤਾਂ ਸਭ ਤੋਂ ਵੱਧ ਅਨੁਸ਼ਾਸਣ ਸਾਡੇ ਦੇਸ਼ ਵਿਚ ਹੀ ਹੋਣਾ ਚਾਹੀਦਾ ਸੀ ਪਰ ਹਕੀਕਤ ਇਸ ਤੋਂ ਉਲਟ ਹੈ ਅੱਜ ਸਾਡੇ ਦੇਸ਼ ਵਿਚ ਸਭ ਤੋਂ ਵੱਧ ਰਿਸ਼ਵਤਖੋਰੀ, ਚੋਰੀ, ਡਾਕੇ, ਬਿਮਾਰੀਆਂ, ਦੁਰਘਟਨਾਵਾਂ, ਕੀ ਧਰਮ ਦੇ ਅਨੁਸ਼ਾਸਣ ਕਰਕੇ ਹੀ ਹਨ? ਅੱਜ ਇਹ ਗੱਲ ਸਥਾਪਤ ਹੋ ਚੁੱਕੀ ਹੈ ਕਿ ਜਿਹੜੇ ਦੇਸ਼ਾਂ ਵਿਚ ਜ਼ਿਆਦਾ ਲੋਕ ਤਰਕਸ਼ੀਲ ਜਾਂ ਨਾਸਤਿਕ ਹਨ ਉਹ ਜ਼ਿਆਦਾ ਸ਼ਾਂਤ ਹਨ।

This entry was posted in ਲੇਖ.

2 Responses to ਕੀ ਧਰਮ ਵਿਗਿਆਨ ਤੋਂ ਉੱਪਰ ਹੈ?

  1. GURDAS MANN says:

    1OO PERCENT SACHHHHHHHHHHHHHHHHHHHHHHHHHHHHHHHHHHHH

  2. surindersingh says:

    If religion is depend on logic/reality as per Guru Nanak show us in Guru Granth Sahib,I can say yes.Religion means rule of ethics which is applicable in daily real life as per show us ,How to apply.I agree.But blind faith and religion which is not serve the humanity,I can say “NO”. Thanks.

Leave a Reply to GURDAS MANN Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>