ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤੀਜੇ ਪ੍ਰਵਾਨ ਨਹੀਂ ; ਅਦਾਲਤ ਦਾ ਦਰਵਾਜਾ ਖੜਕਾਵਾਂਗੇ-ਜਥੇਦਾਰ ਧਨੌਲਾ

ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ  ਲੋਕਤੰਤਰ ਨੂੰ ਗ੍ਰਹਿਣ ਲਗਾ ਕੇ ਰੱਖ ਦਿੱਤਾ ਹੈ। ਇਨ੍ਹਾਂ ਧਾਰਮਿਕ ਚੋਣਾਂ ’ਚ ਹੋਈਆਂ ਧਾਂਦਲੀਆਂ, ਸੀਨਾਂਜ਼ੋਰੀ ਅਤੇ ਬੁਰਸ਼ਾਗਰਦੀ ਨੇ ਸਿੱਖਾਂ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਸਿੱਖ ਪਾਰਲੀਮੈਂਟ ਉਪਰ ਕਬਜ਼ਾ ਕਰਨ ਲਈ ਹਿੰਦੂਤਵੀ ਤਾਕਤਾਂ ਕੁਝ ਵੀ ਕਰ ਸਕਦੀਆਂ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਰਨਲ ਸਕੱਤਰ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਜਾਰੀ ਪਾਰਟੀ ਦੇ ਨੀਤੀ ਬਿਆਨ ਵਿਚ ਕਰਦਿਆਂ ਕਿਹਾ ਕਿ ਬੇਸ਼ੱਕ ਬਾਦਲ ਦਲੀਏ ਜਿੱਤ ਦੇ ਦਮਗਜੇ ਮਾਰ ਰਹੇ ਹਨ, ਪਰ ਇਖਲਾਕੀ ਤੌਰ ’ਤੇ ਬਾਦਲ ਦੀ ਇਤਿਹਾਸਕ ਹਾਰ ਹੋਈ ਹੈ ਕਿਉਂਕਿ ਬਾਦਲ ਪਰਿਵਾਰ ਨੇ ਗੁਰਦੁਆਰਾ ਚੋਣਾਂ ਵਿਚ ਵੀ ਸ਼ਾਮ, ਦਾਮ, ਦੰਡ, ਭੇਦ ਦੀ ਨੀਤੀ ਅਪਣਾ ਕੇ ਗ਼ੈਰ ਅਕਾਲੀ ਸਰਕਾਰਾਂ ਅਤੇ ਗ਼ੈਰ ਸਿੱਖ ਮੁੱਖ ਮੰਤਰੀਆਂ ਲਈ ਗੁਰਦੁਆਰਾ ਚੋਣਾਂ ਵਿਚ ਸਿੱਧੀ ਦਖ਼ਲ ਅੰਦਾਜੀ ਕਰ ਕੇ ਗੁਰੂ ਘਰਾਂ ’ਤੇ ਕਬਜ਼ਾ ਕਰਨ ਲਈ ਭਵਿੱਖ ਵਿਚ ਰਸਤਾ ਸੌਖਾ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਦੀ ਚੋਣ ਮਰਿਯਾਦਾ ਕੋਝਾ ਮਝਾਕ ਬਣਕੇ ਰਹਿ ਗਈ ਹੈ। ਇਨ੍ਹਾਂ ਚੋਣਾਂ ਵਿਚ ਕੇਵਲ ਕੇਸਾ ਧਾਰੀ ਵੋਟਰਾਂ ਦੇ ਵੋਟ ਪਾਏ ਜਾਣ ਦੇ ਹੁਕਮ ਦਾ ਮੌਜੂ ਉਡਾਉਂਦਿਆਂ ਰਿਟਰਨਿੰਗ ਅਫਸਰਾਂ, ਪ੍ਰੋਜਾਈਡਿੰਗ ਅਫਸਰਾਂ ਅਤੇ ਬਾਦਲ ਦਲੀਆਂ ਨੇ ਬੂਥਾਂ ਅੰਦਰ ਕਨੂੰਨ ਅਤੇ ਚੋਣ ਮਰਿਯਾਦਾ ਨੂੰ ਛਿੱਕੇ ਟੰਗ ਕੇ ਘੋਣ ਮੋਣ ਵਿਆਕਤੀਆਂ ਦੀਆਂ ਵੋਟਾਂ ਸ਼ਰ੍ਹੇਆਮ ਭੁਗਤਾਈਆਂ। ਇਸ ਦੀ ਗ਼ਵਾਹੀ ਅਖ਼ਬਾਰੀ ਖ਼ਬਰਾਂ ਅਤੇ ਫੋਟੋਆਂ ਦੇ ਰਹੀਆਂ ਹਨ।  ਬੂਥਾਂ ਉਪਰ ਡਿਊਟੀ ਦੇ ਰਹਿ ਮੁਲਾਜ਼ਮਾਂ ਨੂੰ ਡਰਾਇਆਂ ਅਤੇ ਧਮਕਾਇਆ ਗਿਆ ਕਿ ਜੇਕਰ ਬਾਦਲ ਦਲ ਦੀ ਮਦਦ ਨਾ ਕੀਤੀ ਤਾਂ ਨੌਕਰੀ ਖ਼ਤਰੇ ਵਿਚ ਪੈ ਸਕਦੀ ਹੈ। ਸ਼ਰਾਬ ਭੁੱਕੀ ਦੀ ਵਰਤੋਂ ਖੁਲ੍ਹੇਆਮ ਹੋਈ ਅਤੇ ਵੋਟਾਂ ਦੀ ਖਰੀਦੋ ਫ਼ਰੋਖਤ ਵੀ ਜੰਮ ਕੇ ਕੀਤੀ ਗਈ ਸਾਰੀ ਸਰਕਾਰੀ ਮਸ਼ਿਨਰੀ ਬਾਦਲ ਦਲ ਦੀ ਪਾਰਟੀ ਵਰਕਰ ਬਣਕੇ ਕੰਮ ਕਰਦੀ ਰਹੀ ।ਜਥੇਦਾਰ ਧਨੌਲਾ ਨੇ ਇਹ ਵੀ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਨੇ ਕੇਂਦਰੀ ਸੁਰੱਖਿਆ ਬਲ ਮੰਗਵਾਉਣ ਦੀ ਹਦਾਇਤ ਕੀਤੀ ਸੀ ਪਰ ਗ੍ਰਹਿ ਸਕੱਤਰ ਪੰਜਾਬ ਨੇ ਕੋਈ ਪ੍ਰਵਾ ਨਹੀ ਕੀਤੀ । ਉਨ੍ਹਾਂ ਕਿਹਾ ਕਿ ਸਾਨੂੰ ਇਹ ਨਤੀਜੇ ਪ੍ਰਵਾਨ ਨਹੀਂ ਅਸੀਂ ਇਸ ਨੂੰ ਰੱਦ ਕਰਦੇ ਹੋਏ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਨਤੀਜਿਆਂ ’ਤੇ ਰੋਕ ਲਗਾ ਕੇ ਪਹਿਲਾਂ ਬੇਨਿਯਮੀਆਂ ਦੀ ਜਾਂਚ ਕਰਵਾਈ ਜਾਵੇ ਜਥੇਦਾਰ ਧਨੌਲਾ ਨੇ ਕਿਹਾ ਕਿ ਇਹ ਚੋਣ ਨਤੀਜੇ ਮਜੀਬਉਲ ਰਹਿਮਾਨ ਦੇ  ਹੱਕ ਵਿਚ ਆਏ ਹਨ ’ਤੇ ਜਿੰਮੇ ਪੂਰੀ ਬਹੁਮਤ ਹੁੰਦਿਆਂ ਜਨਾਬ ਜੁਲਫ਼ਕਾਰ ਅਲੀ ਭੁਟੋ ਅਤੇ ਜਰਨਲ ਯਹੀਆ ਖਾਨ ਨੇ ਉਸ ਨੂੰ ਬੰਗਾਲੀ ਕਹਿ ਕੇ ਰੱਦ ਕਰ ਦਿੱਤਾ ਸੀ ਅਤੇ ਪ੍ਰਧਾਨ ਮੰਤਰੀ ਨਹੀਂ ਬਣਨ ਦਿੱਤਾ ਸੀ ਅਤੇ ਵੀ ਬਾਦਲ ਦਲੀਆਂ ਨੂੰ ਹਿੰਦੂਤਵੀ ਅਤੇ ਕਾਂਗਰਸੀ ਤਾਕਤਾਂ ਦੇ ਹੱਥ ਠੋਕੇ ਕਹਿ ਕੇ ਰੱਦ ਕਰਦੇ ਹਾਂ। ਕਿਉਂਕਿ ਇਸ ਨਾਲ ਸਿੱਖਾਂ ਦੀ ਅਣਖ਼ ’ਤੇ ਸਿੱਧਾ ਹਮਲਾ ਹੋਇਆ ਹੈ। ਜਥੇਦਾਰ ਧਨੌਲਾ ਨੇ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਖ਼ਿਲਾਫ਼ ਪਹਿਲਾਂ ਗੁਦੁਆਰਾ  ਚੋਣ ਕਮਿਸ਼ਨ ਅਤੇ ਬਾਅਦ ਵਿਚ ਸਰਬ-ਉਚ ਅਦਾਲਤਾਂ ਦਾ ਦਰਵਾਜਾ ਵੀ ਖੜਕਾਇਆਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਚੋਣ ਵਿਚ ਆਖ਼ਰੀ ਪਲਾਂ ’ਤੇ ਕਾਂਗਰਸ ਵੀ ਬਾਦਲ ਦੇ ਟਰੈਕਟਰ ਉਤੇ ਜਾ ਚੜੀ ਨਹੀਂ ਤਾਂ ਡੇਢ ਸਾਲ ਤੋਂ ਕਾਂਗਰਸ ਦੀ ਘੋੜੀ ਬਣਿਆ ਫਿਰਦਾ ਪੰਜ ਦਸ ਸੀਟਾਂ ਜਰੂਰ ਜਿੱਤ ਲੈਂਦਾ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਆਜ਼ਾਦੀ ਦੇ ਮਿਸ਼ਨਰ ਨੂੰ ਅੱਗੇ ਤੋਰਣ ਲਈ ਅਤੇ ਭਵਿੱਖ ਦੀ ਰਣਨੀਤੀ ਤਹਿ ਕਰਨ ਵਾਸਤੇ 21 ਸਤੰਬਰ ਨੂੰ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਕਿਲਾ ਹਰਨਾਮ ਸਿੰਘ ਵਿਖੇ ਸੱਦੀ ਗਈ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>