ਪਲੀਤ ਧਰਤੀ, ਪਾਣੀ ਅਤੇ ਪੌਣ ਪੰਜਾਬ ਦੀ ਪੱਕੀ ਪਛਾਣ ਨਾ ਬਣ ਜਾਵੇ-ਲੰਗਾਹ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੋ ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ ਦਿਨੋ ਦਿਨ ਲਾਪ੍ਰਵਾਹੀ ਕਰਨ ਕਰਕੇ ਸਾਡੀ ਧਰਤੀ, ਪਾਣੀ ਅਤੇ ਪੌਣ ਪਲੀਤ ਹੋ ਰਹੀ ਹੈ । ਜੇਕਰ ਅਸੀਂ ਅਜੇ ਵੀ ਅਵੇਸਲੇ ਰਹੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੱਸੀਆਂ ਤਕਨੀਕਾਂ ਨਾ ਅਪਣਾਈਆਂ ਜਾਂ ਕੀਟਨਾਸ਼ਕ ਜ਼ਹਿਰਾਂ, ਖਾਦਾਂ ਅਤੇ ਹੋਰ ਫ਼ਸਲ ਸੁਰੱਖਿਆ ਜ਼ਹਿਰਾਂ ਦੀ ਅੰਧਾਧੁੰਦ ਵਰਤੋਂ ਕਰਦੇ ਰਹੇ ਤਾਂ ਇਹ ਪੰਜਾਬ ਲਈ ਘਾਤਕ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਸਮੇਂ ਦੀ ਰਫ਼ਤਾਰ ਨਾਲ ਤੁਰਨਾ ਪਵੇਗਾ ਅਤੇ ਵਿਸ਼ਵ ਭਰ ਵਿੱਚ ਜ਼ਹਿਰ ਮੁਕਤ ਖੇਤੀ ਵੱਲ ਧਿਆਨ ਕੇਂਦਰਿਤ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਡਾ ਪਾਣੀ ਕਦੇ ਬਿਨਾਂ ਪੁਣਿਆਂ ਜਾਂ ਸੋਧਿਆਂ ਪੀਣਯੋਗ ਹੁੰਦਾ ਸੀ ਪਰ ਅੱਜ ਸਾਨੂੰ ਆਪਣੇ ਪਾਣੀਆਂ ਤੇ ਵੀ ਵਿਸ਼ਵਾਸ ਨਹੀਂ ਰਿਹਾ। ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਕਾਰਨ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਪੈਰ ਪਸਾਰ ਰਹੀਆਂ ਹਨ। ਪੰਜਾਬ ਦੇ ਮਿਹਨਤੀ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀਆਂ ਖੇੜਿਆਂ ਦੀ ਥਾਂ ਉਦਾਸੀ ਹੋਣ ਦਾ ਕਾਰਨ ਇਹੀ ਹੈ ਕਿ ਉਹ ਰਵਾਇਤੀ ਕਿਰਤ ਸਭਿਆਚਾਰ ਨਾਲੋਂ ਟੁੱਟ ਕੇ ਬਹਿ ਗਏ ਹਨ ਅਤੇ ਪ੍ਰਵਾਸੀ ਮਜ਼ਦੂਰਾਂ ਤੇ ਛੋਟੇ ਤੋਂ ਛੋਟਾ ਕਿਸਾਨ ਵੀ ਨਿਰਭਰ ਹੋ ਰਿਹਾ ਹੈ।

ਸ:ਲੰਗਾਹ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਖੋਜ ਦਸਦੀ ਹੈ ਕਿ ਇਕ ਕਿਲੋ ਚੌਲ ਪੈਦਾ ਕਰਨ ਲਈ 4500 ਲਿਟਰ ਪਾਣੀ ਲੱਗਦਾ ਹੈ ਜਿਸ ਦੀ ਮੰਡੀ ਵਿੱਚ ਕੀਮਤ 12 ਰੁਪਏ ਤੋਂ ਵੱਧ ਨਹੀਂ ਪਰ ਅਸੀਂ ਲਗਾਤਾਰ ਧਰਤੀ ਹੇਠੋਂ ਪਾਣੀ ਖਿਚ ਖਿਚ ਕੇ ਆਪਣੇ ਖਜ਼ਾਨੇ ਖਾਲੀ ਕਰੀ ਜਾ ਰਹੇ ਹਾਂ। ਜਲ ਭੰਡਾਰ ਮੁੱਕ ਰਹੇ ਹਨ ਪਰ ਅਸੀਂ ਅਜੇ ਵੀ ਘੱਟ ਪਾਣੀ ਮੰਗਣ ਵਾਲੀਆਂ ਫ਼ਸਲਾਂ ਵੱਲ ਨਹੀਂ ਪਰਤ ਰਹੇ। ਉਨ੍ਹਾਂ ਆਖਿਆ ਕਿ ਕਣਕ ਝੋਨੇ ਦੀ ਖੇਤੀ ਵਿੱਚੋਂ ਨਿਕਲਣਾ ਪਵੇਗਾ ਕਿਉਂਕਿ ਇਸ ਨਾਲ ਦੇਸ਼ ਦਾ ਅਨਾਜ ਭੰਡਾਰ ਤਾਂ ਭਰਦਾ ਹੈ ਪਰ ਸਾਡੇ ਕੁਦਰਤੀ ਸੋਮੇ ਖੁਰਦੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਖੁਦ ਮੰਡੀਕਰਨ ਵਾਲੇ ਰਾਹ ਤੁਰਨਾ ਪਵੇਗਾ ਕਿਉਂਕਿ ਜਿਸ ਛੱਲੀ ਦਾ ਕਿਸਾਨ ਨੂੰ ਸਬਜ਼ੀ ਮੰਡੀ ਵਿੱਚ ਮੁੱਲ  ਅੱਠ ਆਨੇ ਵੀ ਨਹੀਂ ਮਿਲਦਾ ਉਹੀ ਛੱਲੀ ਭੁੰਨਣ ਉਪਰੰਤ ਪ੍ਰਵਾਸੀ ਕਾਮਾ ਪੰਜ ਤੋਂ ਦਸ ਰੁਪਏ ਦੀ ਵੇਚਦਾ ਹੈ। ਉਨ੍ਹਾਂ ਆਖਿਆ ਕਿ ਇਵੇਂ ਹੀ ਬਾਕੀ ਫ਼ਸਲਾਂ ਦੇ ਪਕਵਾਨ ਬਣਾ ਕੇ ਨੇੜੇ ਦੀਆਂ ਮੰਡੀਆਂ ਵਿੱਚ ਵੇਚੇ ਜਾ ਸਕਦੇ ਹਨ। ਸ:  ¦ਗਾਹ ਨੇ ਆਖਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਖੇਤੀਬਾੜੀ ਵਾਲੀ ਵਿਹਾਰਕ ਜ਼ਿੰਦਗੀ ਨਾਲੋਂ ਤੋੜ ਰਹੇ ਹਾਂ ਅਤੇ ਉਸੇ ਦਾ ਹੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਛੋਟੇ ਕਿਸਾਨਾਂ ਨੂੰ ਸਬਜ਼ੀਆਂ ਦੀ ਨੈੱਟ ਹਾਊਸ ਟੈਕਨਾਲੋਜੀ ਰਾਹੀਂ ਖੇਤੀ, ਮਿਰਚਾਂ, ਹਲਦੀ, ਮਧੂ ਮੱਖੀ ਪਾਲਣ, ਮੱਛੀ ਪਾਲਣ, ਬੱਕਰੀ ਪਾਲਣ ਅਤੇ ਡੇਅਰੀ ਫਾਰਮਿੰਗ ਵੱਲ ਪਰਤਣ ਦੀ ਸਲਾਹ ਦਿੰਦਿਆਂ ਆਖਿਆ ਕਿ ਉਹ ਪੰਜਾਬ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਬਾਰੇ ਵੀ ਖੇਤੀਬਾੜੀ ਮਹਿਕਮੇ ਤੋਂ ਗਿਆਨ ਹਾਸਿਲ ਕਰਨ।

ਸ: ਲੰਗਾਹ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਆਪਣੇ ਨਾਲ ਮਿਲਾ ਕੇ ਹਰਾ ਇਨਕਲਾਬ ਲਿਆਂਦਾ ਅਤੇ ਹੁਣ ਸਦੀਵੀ ਖੁਸ਼ਹਾਲੀ ਵਾਲਾ ਇਨਕਲਾਬ ਵੀ ਇਥੋਂ ਦੇ ਵਿਗਿਆਨੀਆਂ ਨੇ ਹੀ ਲਿਆਉਣਾ ਹੈ। ਉਨ੍ਹਾਂ ਆਖਿਆ ਕਿ ਕਿਤਾਬਾਂ ਨਾਲ ਦੋਸਤੀ ਵੀ ਵਧਾਓ ਕਿਉਂਕਿ ਗਿਆਨ ਨਾਲ ਹੀ ਦੁਨੀਆਂ ਦੀ ਹਰ ਪ੍ਰਾਪਤੀ ਯਕੀਨੀ ਬਣਾਈ ਜਾ ਸਕਦੀ ਹੈ। ਉਨ੍ਹਾਂ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਮੈਗਜ਼ੀਨ ‘ਚੰਗੀ ਖੇਤੀ’ ਅਤੇ ਫ਼ਸਲਾਂ ਬਾਰੇ ਸਿਫਾਰਸ਼ਾਂ ਤੋਂ ਇਲਾਵਾ ਕੁਝ ਹੋਰ ਪ੍ਰਕਾਸ਼ਨਾਵਾਂ ਵੀ ਲੋਕ ਅਰਪਣ ਕੀਤੀਆਂ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਸ: ਸੁੱਚਾ ਸਿੰਘ ਲੰਗਾਹ ਨੂੰ ਕਿਸਾਨ ਮੇਲੇ ਵਿੱਚ ਪਹੁੰਚਣ ਲਈ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ।

ਉਦਘਾਟਨੀ ਸਮਾਗਮ ਦੌਰਾਨ ਪੰਜਾਬ ਦੇ ਪੰਜ ਅਗਾਂਹਵਧੂ ਕਿਸਾਨ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਭੂਰੇ ਕਲਾਂ ਦੇ ਸ: ਜਰਨੈਲ ਸਿੰਘ ਭੁੱਲਰ ਨੂੰ ਸ: ਦਲੀਪ ਸਿੰਘ ਧਾਲੀਵਾਲ ਪੁਰਸਕਾਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਝਿੱਕਾ ਲਧਾਣਾ ਦੇ ਸ: ਜਸਵਿੰਦਰ ਸਿੰਘ ਨੂੰ ਸ: ਸੁਰਜੀਤ ਸਿੰਘ ਢਿੱਲੋਂ ਪੁਰਸਕਾਰ, ਜ¦ਧਰ ਜ਼ਿਲ੍ਹੇ ਦੇ ਪਿੰਡ ਅਲਾਵਲਪੁਰ ਦੇ ਸ਼੍ਰੀ ਸੁਭਾਸ਼ ਚੰਦਰ ਮਿਸ਼ਰਾ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘਲਾਲ ਵਾਸੀ ਜਸਬੀਰ ਸਿੰਘ ਅਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਿੜੀਸ਼ਾਹੀ ਵਾਸੀ ਸ: ਗੁਰਦਿਆਲ ਨੂੰ ਸਾਂਝੇ ਤੌਰ ਤੇ ਸ: ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ, ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਡਾ: ਜਸਪਿੰਦਰ ਸਿੰਘ ਕੋਲਾਰ, ਸਰਦਾਰਨੀ ਉਰਵਿੰਦਰ ਕੌਰ ਗਰੇਵਾਲ, ਸ: ਜੰਗ ਬਹਾਦਰ ਸਿੰਘ ਸੰਘਾ ਅਤੇ ਸ: ਹਰਦੇਵ ਸਿੰਘ ਰਿਆੜ ਨੇ  ਸਨਮਾਨਿਤ ਕੀਤਾ।

ਭਾਰਤ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦੇ ਚੰਡੀਗੜ੍ਹ ਸਥਿਤ ਕੌਂਸਲੇਟ ਦੇ ਕੌਂਸਲੇਟ ਜਨਰਲ ਸ਼੍ਰੀ ਸਕਾਟ ਸਲੈਸਰ ਨੇ ਵੀ ਕਿਸਾਨ ਮੇਲੇ ਵਿੱਚ ਵਿਸੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਇਸ ਮੇਲੇ ਵਿੱਚ ਸ਼ਮੂਲੀਅਤ ਨੂੰ ਆਪਣੀ ਜ਼ਿੰਦਗੀ ਦਾ ਅਦਭੁੱਤ ਤਜਰਬਾ ਦੱਸਦਿਆਂ ਕਿਹਾ ਕਿ ਆਪਣੇ ਖਰਚੇ ਤੇ ਕਿਸਾਨਾਂ ਦੀ ਏਡੀ ਵੱਡੀ ਹਾਜ਼ਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਖਿੱਚ ਦਾ ਸਬੂਤ ਹੀ ਕਹੀ ਜਾ ਸਕਦੀ ਹੈ।

ਇਸ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਕਿਸਾਨਾਂ ਦੇ ਤਜਰਬਿਆਂ ਤੋਂ ਜਾਣੂੰ ਹੋਣ ਅਤੇ ਵਿਗਿਆਨੀਆਂ ਦੇ ਖੋਜ ਤਜਰਬਿਆਂ ਨੂੰ ਕਿਸਾਨਾਂ ਨਾਲ ਸਾਂਝੇ ਕਰਨ ਦੇ ਮਨੋਰਥ ਨਾਲ ਲਾਏ ਜਾਣ ਵਾਲੇ ਕਿਸਾਨ ਮੇਲੇ 1967 ਤੋਂ ਲੈ ਕੇ ਹੁਣ ਤੀਕ ਖੇਤੀਬਾੜੀ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਆਖਿਆ ਕਿ ਦੇਸੀ ਰੂੜੀ, ਕੰਪੋਸਟ, ਹਰੀ ਖਾਦ ਅਤੇ ਸੱਠੀ ਮੂੰਗੀ ਬੀਜ ਕੇ ਧਰਤੀ ਦੀ ਸਿਹਤ ਸੰਵਾਰੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਝੋਨਾ 10 ਜੂਨ ਨੂੰ ਲਾਉਣ ਕਾਰਨ ਹੁਣ ਕਣਕ ਵੱਢਣ ਤੋਂ ਬਾਅਦ ਸਾਡੇ ਕੋਲ ਏਨਾ ਸਮਾਂ ਹੁੰਦਾ ਹੈ ਜਿਸ ਵਿੱਚ ਮੂੰਗੀ ਬੀਜ ਸਕੀਏ। ਇਸ ਨਾਲ ਆਮਦਨ ਵੀ ਵਧੇਗੀ ਅਤੇ ਧਰਤੀ ਵਿੱਚ ਨਾਈਟਰੋਜਨ ਤੱਤ ਅਤੇ ਜੈਵਿਕ ਸੁਧਾਰ ਵੀ ਹੋਵੇਗਾ। ਉਨ੍ਹਾਂ ਆਖਿਆ ਕਿ ਕੁਦਰਤੀ ਸੋਮੇ ਬਚਾਉਣ ਦਾ ਅਰਥ ਖੇਤੀ ਖਰਚੇ ਘਟਾਉਣਾ ਵੀ ਹੁੰਦਾ ਹੈ ਅਤੇ ਖਰਚੇ ਘਟਣ ਨਾਲ ਹੀ ਆਮਦਨ ਵਧਦੀ ਹੈ। ਉਨ੍ਹਾਂ ਮਿਸਾਲ ਦਿੱਤੀ ਕਿ ਸੈਂਟਰੀਫਿਊਗਲ ਪੰਪਾਂ ਦੀ ਥਾਂ ਜੇਕਰ ਅਸੀਂ ਸਬਮਰਸੀਬਲ ਪੰਪ ਲਾਉਂਦੇ ਹਾਂ ਤਾਂ ਇਸ ਨਾਲ ਜਿਥੇ 80 ਹਜ਼ਾਰ ਰੁਪਏ ਤੋਂ ਵੱਧ ਵਾਧੂ ਖਰਚ ਹੁੰਦਾ ਉਥੇ  ਬਿਜਲੀ ਦੀ ਖਪਤ ਵੀ ਕਾਫੀ ਵਧਦੀ ਹੈ। ਇਹ ਬਿਜਲੀ ਪੈਦਾ ਕਰਨ ਲਈ ਸੂਬਾ ਸਰਕਾਰ ਨੂੰ ਜਿਹੜੇ ਪੈਸੇ ਖਰਚਣੇ ਪੈਂਦੇ ਹਨ ਉਹ ਵੀ ਸਾਡੇ ਸਿਰ ਪੈਂਦੇ ਹਨ। ਇਸ ਲਈ ਕੁਦਰਤੀ ਸੋਮੇ ਬਚਾਓ , ਇਸ ਨਾਲ ਹੀ ਪੰਜਾਬ ਦਾ ਖੇਤੀ ਭਵਿੱਖ ਸੁਰੱਖਿਅਤ ਹੋਵੇਗਾ। ਉਨ੍ਹਾਂ ਆਖਿਆ ਕਿ ਖਾਦਾਂ ਅਤੇ ਜ਼ਹਿਰਾਂ ਦੀ ਬੇਲੋੜੀ ਵਰਤੋਂ ਤੋਂ ਬਚਿਆ ਜਾ ਸਕਦਾ ਹੈ ਪਰ ਤਦ ਹੀ ਸੰਭਵ ਹੈ ਜੇਕਰ ਅਸੀਂ ਗਿਆਨ ਵਿਗਿਆਨ ਭਰਪੂਰ ਕਿਤਾਬਾਂ ਪੜ੍ਹਨ ਦੇ ਨਾਲ ਨਾਲ ਖੇਤੀਬਾੜੀ ਵਿਗਿਆਨੀਆਂ ਦੇ ਸੰਪਰਕ ਵਿੱਚ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਪਰਾਲੀ ਫੂਕ ਕੇ ਐਤਕੀ ਕੁਦਰਤੀ ਸੋਮੇ ਤਬਾਹ ਨਾ ਕਰਿਓ ਕਿਉਂਕਿ ਇਸ ਨਾਲ ਜਿਥੇ ਨਾਈਟਰੋਜਨ ਦਾ ਨੁਕਸਾਨ ਹੁੰਦਾ ਹੈ ਉਥੇ ਮਿੱਤਰ ਕੀੜੇ ਵੀ ਮਰਦੇ ਹਨ।

ਡਾ: ਢਿੱਲੋਂ ਆਖਿਆ ਕਿ ਝੋਨੇ ਦੀ ਕਿਸਮ ਪੀ ਏ ਯੂ 201 ਵਿੱਚੋਂ ਔਗੁਣ ਕੱਢ ਕੇ ਵੱਧ ਝਾੜ ਦੇਣ ਵਾਲੀ ਕਿਸਮ ਇਸ ਵੇਲੇ ਪਰਖ਼ ਅਧੀਨ ਹੈ, ਚੰਗੇ ਨਤੀਜੇ ਮਿਲ ਰਹੇ ਹਨ । ਉਮੀਦ ਹੈ ਅਗਲੇ ਦੋ ਸਾਲਾਂ ਵਿੱਚ ਇਹ ਕਿਸਮ ਤੁਹਾਡੇ ਖੇਤਾਂ ਵਿੱਚ ਬੀਜਣ ਦੀ ਸਿਫਾਰਸ਼ ਕਰ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਕਿ ਝੋਨੇ ਦੀ ਅਗੇਤੀ ਲੁਆਈ ਵਾਂਗ ਪਰਾਲੀ ਸਾੜਨ ਦੇ ਖਿਲਾਫ ਵੀ ਵਿਧਾਨਕ ਪ੍ਰਬੰਧ ਕਰਨ ਦੀ ਲੋੜ ਹੈ। ਇਸ ਨਾਲ ਧਰਤੀ ਅਤੇ ਪੌਣ ਨੂੰ ਸਵੱਛ ਰੱਖਿਆ ਜਾ ਸਕੇਗਾ। ਡਾ: ਢਿੱਲੋਂ ਨੇ ਆਖਿਆ ਕਿ ਇਸ ਕਿਸਾਨ ਮੇਲੇ ਵਿੱਚ ਸਨਮਾਨਿਤ ਕਿਸਾਨਾਂ ਤੋਂ ਇਲਾਵਾ ਪਹਿਲਾਂ ਸਨਮਾਨਿਤ ਕਿਸਾਨਾਂ ਦੇ ਫਾਰਮਰਾਂ ਤੇ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਭੇਜਿਆ ਜਾਵੇਗਾ। ਉਨ੍ਹਾਂ ਆਖਿਆ ਕਿ ਸਮਾਜਿਕ ਕੁਰੀਤੀਆਂ ਦੇ ਖਿਲਾਫ ਵੀ ਸਾਨੂੰ ਲਾਮਬੰਦ ਹੋਣਾ ਚਾਹੀਦਾ ਹੈ ਅਤੇ ਫੋਕੇ ਘਮੰਡ  ਦੀ ਥਾਂ ਆਤਮ ਸਨਮਾਨ ਲਈ ਧਰਤੀ ਦੇ ਸਵੈ ਮਾਣ ਦੀ ਰਾਖੀ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇਕਰ ਅਸੀਂ ਵੱਖ ਵੱਖ ਫ਼ਸਲਾਂ, ਸ਼ਹਿਦ ਪੈਦਾ ਕਰਨ, ਖੁੰਭਾਂ ਉਗਾਉਣ, ਮੱਛੀ ਪਾਲਣ ਆਦਿ ਵਿੱਚ ਦੇਸ਼ ਦੇ ਆਗੂ ਹਾਂ ਤਾਂ ਅਨੁਸਾਸ਼ਨ ਵਿੱਚ ਸਭ ਤੋਂ ਪਿੱਛੇ ਕਿਉਂ ਹਾਂ। ਉਨ੍ਹਾਂ ਧਰਤੀ, ਪਾਣੀ, ਪੌਣ ਬਚਾਉਣ ਨੂੰ ਅਗਲੀਆਂ ਪੁਸ਼ਤਾਂ ਬਚਾਉਣ ਵਰਗਾ ਕਾਰਜ ਕਹਿੰਦਿਆਂ ਦੱਸਿਆ ਕਿ ਜੇਕਰ ਅਸੀਂ ਅੱਜ ਨਾ ਸੰਭਲੇ ਤਾਂ ਭਵਿੱਖ ਸਾਨੂੰ ਮੁਆਫ ਨਹੀਂ ਕਰੇਗਾ।

ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਵੀ ਕੇ ਤਨੇਜਾ ਨੇ ਵੀ ਕਿਸਾਨ ਮੇਲੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਸ਼ੂ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ ਅਤੇ ਬੱਕਰੀ ਪਾਲਣ ਤੋਂ ਇਲਾਵਾ ਸਾਨੂੰ ਹੁਣ ਇਨ੍ਹਾਂ ਦੇ ਪਕਵਾਨ ਬਣਾ ਕੇ ਵੇਚਣ ਦੇ ਰਾਹ ਤੁਰਨਾ ਪਵੇਗਾ। ਉਨ੍ਹਾਂ ਆਖਿਆ ਕਿ ਖਾਰੇ ਪਾਣੀਆਂ ਵਿੱਚ ਮੱਛੀ ਪੈਦਾ ਕਰਨ ਲਈ ਉਨ੍ਹਾਂ ਦੀ ਯੂਨੀਵਰਸਿਟੀ ਪਾਸ ਪੂੰਗ ਤਿਆਰ ਹੈ ਅਤੇ ਇਸ ਨਾਲ ਮੱਛੀ ਪਾਲਕ ਕਿਸਾਨ ਦੱਖਣੀ ਪੱਛਮੀ ਜ਼ਿਲ੍ਹਿਆਂ ਵਿੱਚ ਚੰਗੀ ਕਮਾਈ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਔਰਤਾਂ ਦੀ ਖੇਤੀਬਾੜੀ ਕੰਮ ਕਾਜ ਵਿੱਚ ਸ਼ਮੂਲੀਅਤ ਵਧਾਈ ਜਾਵੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਆਖਿਆ ਕਿ ਗਿਆਨ ਅਤੇ ਤਕਨਾਲੋਜੀ ਦੀ ਪ੍ਰਾਪਤੀ ਦੇ ਨਾਲ ਨਾਲ ਉਸ ਦੀ ਸਹੀ ਵਰਤੋਂ ਸਮੇਂ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਝੋਨੇ ਵੱਢ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਬੀਜੀ ਕਣਕ ਵਿੱਚ ਵੱਤਰ ਵਧੇਰੇ ਸਮਾਂ ਰਹਿੰਦਾ ਹੈ ਅਤੇ ਨਦੀਨ ਵੀ ਘੱਟ ਉੱਗਦੇ ਹਨ। ਉਨ੍ਹਾਂ ਆਖਿਆ ਕਿ ਦਾਲਾਂ ਅਤੇ ਤੇਲ ਬੀਜ ਫ਼ਸਲਾਂ ਅਧੀਨ ਰਕਬਾ ਵਧਾ ਕੇ ਸਿਰਫ ਵੰਨ ਸਵੰਨੀ ਖੇਤੀ ਨੂੰ ਹੀ ਹੁਲਾਰਾ ਨਹੀਂ ਮਿਲੇਗਾ ਸਗੋਂ ਪਰਿਵਾਰਕ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ ਨਾਲ ਇਸ ਤੋਂ ਵਧੇਰੇ ਕਮਾਈ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਕਾਬਲੀ ਛੋਲਿਆਂ ਦੀ ਵਿਕਸਤ ਨਵੀਂ ਕਿਸਮ ਐਲ 552 ਐਤਕੀਂ ਰਿਲੀਜ਼ ਕੀਤੀ ਗਈ ਹੈ ਜੋ ਲਗਪਗ 7.3 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ। ਪੰਜਾਬ ਭਰ ਤੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੂਬੇ ਵਿੱਚ 17 ਕ੍ਰਿਸ਼ੀ ਵਿਗਿਆਨ ਕੇਂਦਰ ਅਤੇ 12 ਫਾਰਮ ਸਲਾਹਕਾਰੀ ਸੇਵਾ ਕੇਂਦਰ ਕਾਰਜਸ਼ੀਲ ਹਨ। ਇਨ੍ਹਾਂ ਵਿਚੋਂ 17 ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਪੌਦਾ ਰੋਗ ਹਸਪਤਾਲ ਸਥਾਪਿਤ ਕੀਤੇ ਗਏ ਹਨ ਜਦ ਕਿ ਸੂਬੇ ਦੇ ਦਸ ਫਾਰਮ ਸਲਾਹਕਾਰੀ ਸੇਵਾ ਕੇਂਦਰਾਂ ਤੇ ਭੂਮੀ ਅਤੇ ਪਾਣੀ ਪਰਖ਼ ਪ੍ਰਯੋਗਸ਼ਾਲਾ ਸਥਾਪਿਤ ਕੀਤੀਆਂ ਗਈਆਂ ਹਨ। ਡਾ: ਗਿੱਲ ਨੇ ਆਖਿਆ ਕਿ ਖੇਤੀਬਾੜੀ ਗਿਆਨ ਪ੍ਰਾਪਤੀ ਲਈ ਮਾਸਕ ਪੱਤਰ ‘ਚੰਗੀ ਖੇਤੀ’ ਪੜ੍ਹਨਾ ਆਪਣੀ ਆਦਤ ਬਣਾਓ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਖੋਜ ਡਾਕਟਰ ਸਤਬੀਰ ਸਿੰਘ ਗੋਸਲ ਨੇ ਇਸ ਮੌਕੇ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਸ ਵਾਰ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਿਉ 621 ਕਿਸਾਨ ਭਰਾਵਾਂ ਨੂੰ ਦਿੱਤੀ ਜਾ ਰਹੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੇ ਸਮਰਥ ਹੈ ਅਤੇ 158 ਦਿਨਾਂ ਵਿਚ ਪੱਕ ਕੇ 21.1 ਕੁਇੰਟਲ ਝਾੜ ਪ੍ਰਤੀ ਏਕੜ ਦਿੰਦੀ ਹੈ। ਇਸੇ ਤਰ੍ਹਾਂ ਇਕ ਹੋਰ ਨਵੀਂ ਕਿਸਮ ਐਚ ਡੀ 2967 ਨੂੰ ਵੀ ਰਿਲੀਜ਼ ਕੀਤਾ ਗਿਆ ਹੈ ਪਰ ਇਸ ਦਾ ਬੀਜ ਅਗਲੇ ਸਾਲ ਵੰਡਿਆ ਜਾਵੇਗਾ। ਇਵੇਂ ਹੀ ਕਣਕ ਦੀ ਇਕ ਕਿਸਮ ਡਬਲਿਉ ਐਚ ਡੀ 943 ਦੀ ਸਿਫਾਰਸ਼ ਕੀਤੀ ਗਈ ਹੈ। ਵਡਾਣਕ ਕਣਕ ਪੀ ਡੀ ਡਬਲਿਉ 314 ਜਾਰੀ ਕੀਤੀ ਗਈ ਹੈ। ਇਸ ਨੂੰ ਪੀਲੀ ਅਤੇ ਭੂਰੀ ਕੁੰਗੀ ਨੁਕਸਾਨ ਨਹੀਂ ਕਰਦੀ ਅਤੇ ਇਸ ਦੇ ਬਣਾਏ ਪਕਵਾਨ ਬਜ਼ਾਰ ਵਿਚ ਚੰਗਾ ਮੁੱਲ ਦਿਵਾਉਂਦੇ ਹਨ।  ਡਾ ਗੋਸਲ ਨੇ ਆਖਿਆ ਕਿ ਹਰ ਦਾਣਾ ਬੀਜ ਨਹੀਂ ਹੁੰਦਾ ਅਤੇ ਸਾਨੂੰ ਪੁਰਾਣੀਆਂ ਕਿਸਮਾਂ ਨੂੰ ਛੱਡ ਕੇ ਨਵੀਆਂ ਕਿਸਮਾਂ ਦਾ ਬੀਜ ਅਪਣਾਉਣਾ ਚਾਹੀਦਾ ਹੈ। ਵਧ ਝਾੜ ਦੇਣ ਵਾਲੀਆਂ ਕਿਸਮਾਂ ਅਪਨਾਉਣ ਦੇ ਨਾਲ ਨਾਲ ਉਹ ਤਕਨੀਕਾਂ ਵੀ ਅਪਣਾਉ ਜਿਸ ਨਾਲ ਖੇਤੀ ਖਰਚੇ ਘਟਣ, ਮਿਆਰੀ ਉਤਪਾਦਨ ਮਿਲੇ ਅਤੇ ਵਾਤਾਵਰਣ ਵਿਚ ਵੀ ਵਿਘਨ ਨਾ ਪਵੇ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪਾਪਲਰ ਦੇ ਕਲੋਨਲ ਬੂਟਿਆਂ ਦੀ ਵਿਕਰੀ ਜਨਵਰੀ ਮਹੀਨੇ ਅਤੇ ਇਵੇਂ ਹੀ ਯੂਨੀਵਰਸਿਟੀ ਵਲੋਂ ਪਹਿਲੀ ਵਾਰ ਆਲੂਆਂ ਦੇ ਬੀਜ ਦੀ ਵਿਕਰੀ ਵੀ ਫਰਵਰੀ ਮਹੀਨੇ ਵਿੱਚ ਕੀਤੀ ਜਾਵੇਗੀ। ਪ੍ਰਸ਼ਨ ਉੱਤਰ ਸੈਸ਼ਨ ਵਿੱਚ ਕਿਸਾਨ ਭਰਾਵਾਂ ਦੇ ਸੁਆਲਾਂ ਦੇ ਜਵਾਬ ਦੇਣ ਲਈ ਵੱਖ ਵੱਖ ਵਿਭਾਗਾਂ ਦੇ ਮਾਹਿਰ ਵਿਗਿਆਨੀ ਹਾਜ਼ਰ ਸਨ। ਵੱਖ ਵੱਖ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਇਲਾਵਾ ਸਵੈ ਸਹਾਇਤਾ ਗਰੁੱਪਾਂ ਨੇ ਵੀ ਆਪੋ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ।
ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਦੇ ਸਾਰੇ ਵਿਭਾਗਾਂ ਨੇ ਮੁੱਖ ਮੇਲਾ ਰੂਟ ਤੇ ਆਪੋ ਆਪਣੇ ਵਿਸ਼ੇ ਨਾਲ ਸਬੰਧਿਤ ਪ੍ਰਦਰਸ਼ਨੀਆਂ ਲਗਾਈਆਂ। ਕਿਸਾਨ ਬੀਬੀਆਂ ਦੀ ਹਾਜ਼ਰੀ ਇਸ ਵਾਰ ਪਹਿਲਾਂ ਤੋਂ ਵੱਧ ਵੇਖੀ ਗਈ। ਇਹ ਸ਼ੁਭ ਸ਼ਗਨ ਹੈ। ਪੇਂਡੂ ਵਸਤਾਂ ਦੇ ਅਜਾਇਬ ਘਰ ਨੂੰ ਵੇਖਣ ਲਈ 10 ਹਜ਼ਾਰ ਤੋਂ ਵੱਧ ਦਰਸ਼ਕ ਪੁੱਜੇ।
ਇਸ ਮੌਕੇ ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ ਅਤੇ ਬੀਬਾ ਦਿਲਪ੍ਰੀਤ ਕੌਰ ਤੋਂ ਇਲਾਵਾ ਸੁਖਵਿੰਦਰ ਸੁੱਖੀ, ਗੁਰਪਾਲ ਸਿੰਘ ਪਾਲ, ਸਤਨਾਮ ਸਿੰਘ ਅਲਬੇਲਾ, ਗੁਰਜੰਟ ਹਾਂਡਾ ਨੇ ਆਪਣੇ ਸਾਰਥਿਕ ਗੀਤ ਸੰਗੀਤ ਰਾਹੀਂ ਕਿਸਾਨ ਭਰਾਵਾਂ ਦਾ ਮਨੋਰੰਜਨ ਕੀਤਾ। ਭਰੂਣ ਹੱਤਿਆ, ਵਾਤਾਵਰਨ, ਦਾਜ ਦਹੇਜ ਵਰਗੀਆਂ ਸਮੱਸਿਆਵਾਂ ਦੀ ਨਿਖੇਧੀ ਕਰਨ ਵਾਲੀਆਂ ਟਿੱਪਣੀਆਂ ਨਾਲ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਉੱਘੇ ਕਾਮੇਡੀ ਕਲਾਕਾਰ ਡਾ: ਜਸਵਿੰਦਰ ਸਿੰਘ ਭੱਲਾ ਅਤੇ ਡਾ: ਨਿਰਮਲ ਜੌੜਾ ਨੇ ਰੌਚਿਕ ਮੰਚ ਸੰਚਾਲਨ ਕੀਤਾ। ਪਸਾਰ ਸਿੱਖਿਆ ਦੇ ਅਪਰ ਨਿਰਦੇਸ਼ਕ ਡਾ: ਹਰਜੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਸ: ਸੁੱਚਾ ਸਿੰਘ ¦ਗਾਹ ਅਤੇ ਹੋਰ ਮਹਿਮਾਨਾਂ ਦਾ ਕਿਸਾਨ ਮੇਲੇ ਵਿੱਚ ਪੁੱਜਣ ਲਈ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਪਸਾਰ ਸਿੱਖਿਆ ਨਿਰੇਦਸ਼ਕ ਡਾ: ਸੁਰਜੀਤ ਸਿੰਘ ਗਿੱਲ, ਡਾ: ਨਛੱਤਰ ਸਿੰਘ ਮੱਲ੍ਹੀ, ਖੇਤੀ ਕਾਲਜ ਦੇ ਸਾਬਕਾ ਡੀਨ ਡਾ: ਗੁਲਜ਼ਾਰ ਸਿੰਘ ਚਾਹਲ ਤੋ ਇਲਾਵਾ ਅਨੇਕਾਂ ਹੋਰ ਸੇਵਾ ਮੁਕਤ ਅਧਿਆਪਕ ਹਾਜ਼ਰ ਸਨ। ਕਿਸਾਨ ਮੇਲਾ ਕੱਲ੍ਹ ਵੀ ਜਾਰੀ ਰਹੇਗਾ ਅਤੇ ਕਿਸਾਨ ਮੇਲੇ ਦੇ ਜੇਤੂਆਂ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਸਿੱਖਿਆ ਡਾ: ਅਰਵਿੰਦ ਕੁਮਾਰ ਇਨਾਮ ਵੰਡਣ ਉਪਰੰਤ ਸੰਬੋਧਨ ਕਰਨਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>