ਕੈਪਟਨ ਦਾ ਰਵਇਆ ਪੰਜਾਬ ਦੀਆਂ ਹੱਕੀ ਮੰਗਾਂ ਤੇ ਦਾਅਵਿਆਂ ਨੂੰ ਕਮਜ਼ੋਰ ਕਰਨ ਵਾਲਾ- ਮਜੀਠੀਆ

ਅੰਮ੍ਰਿਤਸਰ-ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਉਸ ਦੀ ਪੰਜਾਬੀ ਸੂਬੇ ਦੀ ਸਿਰਜਣਾ ਪ੍ਰਤੀ ਨਾਕਾਰਾਤਮਕ ਨਜ਼ਰੀਏ ਦੀ ਸਖ਼ਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਕੈਪਟਨ ਦਾ ਰਵਇਆ ਪੰਜਾਬ ਦੀਆਂ ਹੱਕੀ ਮੰਗਾਂ ਅਤੇ ਦਾਅਵਿਆਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਰੋਧੀ ਅਜਿਹਾ ਨਜ਼ਰੀਆ ਉਸ ਵਿਅਕਤੀ ਨੂੰ ਸੋਭ ਦਾ ਨਹੀਂ ਜੋ ਪੰਜਾਬ ਦਾ ਮੁੱਖ ਮੰਤਰੀ ਰਹਿ ਚੁੱਕਾ ਹੋਵੇ। ਉਹਨਾਂ ਨਸੀਅਤ ਦਿੰਦਿਆਂ ਕਿਹਾ ਕਿ ਕੈਪਟਨ ਆਪਣੇ ਆਕਾ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਦੀ ਥਾਂ ਪੰਜਾਬ ਦਾ ਸਚਾ ਸਪੂਤ ਬਣੇ। ਸ: ਮਜੀਠੀਆ ਨੇ ਪੰਜਾਬ ਦੇ ਪੁਨਰਗਠਨ ਵੇਲੇ ਪੰਜਾਬ ਦੇ ਵਧੇਰੇ ਕੁਦਰਤੀ ਸੋਮੇ ਰਾਜ ਤੋਂ ਬਾਹਰ ਰੱਖੇ ਜਾਣ ਲਈ ਕਾਂਗਰਸ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੇਂਦਰ ਵਲੋਂ ਪੰਜਾਬ ਨਾਲ ਪੈਰ ਪੈਰ ’ਤੇ ਕੀਤੇ ਗਏ ਵਿਤਕਰਿਆਂ ਲਈ ਕੈਪਟਨ ਨੂੰ ਖੁੱਲ੍ਹੀ ਬਹਿਸ ਦੀ ਚੁਨੌਤੀ ਦਿੱਤੀ।

ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ’ਚ ਯੂਥ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਸੂਬਾ ਅਕਾਲੀਆਂ ਦੀ ਸੌੜੀ ਸੋਚ ਜਾਂ ਫਿਰਕੂ ਭਾਵਨਾ ਦੀ ਦੇਣ ਕਿਵੇਂ ਹੋ ਸਕਦਾ ਹੈ। ਉਹਨਾਂ ਕਿਹਾ ਕਿ ਕੈਪਟਨ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਦੇਸ਼ ਦੀ ਆਜ਼ਾਦੀ ਉਪਰੰਤ ਸਾਰੇ ਦੇਸ਼ ਦਾ ਭਾਸ਼ਾਈ ਆਧਾਰ ਉਤੇ ਨਵੇਂ ਸਿਰੇ ਤੋਂ ਸੂਬੇ ਬਣਾਏ ਜਾਣ ਦੇ ਕਾਂਗਰਸ ਵਲੋਂ ਕੀਤੇ ਗਏ ਵਾਅਦਾ ਅਨੁਸਾਰ 1955 ਤੱਕ ਦੇਸ਼ ’ਚ ਭਾਸ਼ਾਈ ਆਧਾਰ ’ਤੇ ਸੂਬਿਆਂ ਦੀ ਵੰਡ ਕੀਤੀ ਗਈ ਸੀ। ਪਰ ਪੰਜਾਬੀ  ਭਾਸ਼ਾਈ ਰਾਜ ਬਣਾਉਣ ਵਲ ਕਾਂਗਰਸ ਨੇ ਪੰਜਾਬੀਆਂ ਦੀ ਮੰਗ ਨੂੰ ‘‘ ਰਾਤ ਗਈ ਬਾਤ ਗਈ ’’ ਕਹਿੰਦਿਆਂ ਠੁਕਰਾ ਦਿੱਤਾ ਸੀ।  ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਦਿਵਾਉਣ ਅਤੇ ਪੰਜਾਬੀ ਭਾਸ਼ਾਈ ਰਾਜ ਬਣਵਾਉਣ ਲਈ ਅਕਾਲੀ ਦਲ ਨੂੰ 53129 ਗ੍ਰਿਫ਼ਤਾਰੀਆਂ ਅਤੇ ਕਈ ਕੀਮਤੀ ਜਾਇਦਾਦਾਂ ਦੀਆਂ ਕੁਰਕੀਆਂ ਨਾਲ 11 ਸਾਲ ਲੰਮਾ ਸੰਘਰਸ਼ ਕਰਨਾ ਪਿਆ। ਉਹਨਾਂ ਕਿਹਾ ਕਿ ਕੈਪਟਨ ਦਾ ਪੰਜਾਬੀ ਸੂਬੇ ਪ੍ਰਤੀ ਬੇਰੁਖੀ ਦਾ ਪ੍ਰਗਟਾਵਾ ਅਤੇ ਇਸ ਨੂੰ ਤ੍ਰਿਸਕਾਰਨਾ ਪੰਜਾਬੀ ਸੂਬੇ ਨੂੰ ਹੋਂਦ ਵਿਚ ਲਿਆਉਣ ਲਈ ਅਨੇਕਾਂ  ਕੁਰਬਾਨੀਆਂ ਕਰਨ ਵਲੇ ਸਮੂਹ ਪੰਜਾਬੀਆਂ ਦਾ ਅਪਮਾਨ ਹੈ। ਉਹਨਾਂ ਕਿਹਾ ਕਿ 1966 ਵਿਚ ਪੰਜਾਬੀ ਸੂਬਾ ਬਣਾਉਣ ਸਮੇਂ ਡਲਹੌਜ਼ੀ, ਚੰਡੀਗੜ੍ਹ, ਕਾਲਕਾ, ਅੰਬਾਲਾ, ਊਨਾ ਅਤੇ ਹੋਰ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਸਾਜ਼ਿਸ ਤਹਿਤ ਪੰਜਾਬ ਤੋਂ ਬਾਹਰ ਰਖ ਦਿੱਤੇ ਗਏ। ਪੰਜਾਬ ਦੇ ਕੁਦਰਤੀ ਸੋਮਿਆਂ ਦੀ ਲੁਟ ਦੀ ਗਲ ਕਰਦਿਆਂ ਉਹਨਾਂ ਕੈਪਟਨ ਨੂੰ ਸਵਾਲ ਕੀਤਾ ਕਿ ਕੀ ਇਹ ਸੱਚ ਨਹੀਂ ਕਿ ਕੇਂਦਰ ਨੇ ਭਾਖੜਾ ਡੈਮ ਨੂੰ ਪੰਜਾਬ ਤੋਂ ਬਾਹਰ ਰੱਖਣ ਲਈ 5 ਪਿੰਡ ਦੁਬਾਰਾ ਨੋਟੀਫ਼ਿਕੇਸ਼ਨ ਕਰਕੇ ਪੰਜਾਬ ਤੋਂ ਬਾਹਰ ਨਹੀਂ ਕੱਢ ਦਿੱਤੇ। ਕੀ ਬਿਜਲੀ ਅਤੇ ਦਰਿਆਈ ਪਾਣੀਆਂ ਦੀ ਗੈਰ ਕਾਨੂੰਨੀ ਵੰਡ ਕਰਦਿਆਂ ਇਹਨਾਂ ਸੋਮਿਆਂ ਉਤੇ ‘‘ਭਾਖੜਾ ਬਿਆਸ ਮੈਨੇਜਮੈਂਟ ਬੋਰਡ’’ ਰਾਹੀਂ ਕੇਂਦਰ ਨੇ ਆਪਣਾ ਅਧਿਕਾਰ ਨਹੀਂ ਜਮਾ ਲਿਆ? । ਕੀ ਪਾਣੀਆਂ ਨੂੰ ਰਿਪੇਰੀਆਨ ਤੇ ਬੇਸਿਨ ਵਰਗੇ ਕੌਮਾਂਤਰੀ ਸਿਧਾਂਤਾਂ ਅਨੁਸਾਰ ਵੰਡ ਕਰਨ ਦੀ ਥਾਂ ਪੰਜਾਬ ਪੁਨਰਗਠਨ ਐਕਟ ਵਿਚ 78- 79 ਤੇ 80 ਵਰਗੀਆਂ ਗੈਰ ਕਾਨੂੰਨੀ ਧਾਰਾਵਾਂ ਜੋੜ ਕੇ ਪੰਜਾਬ ਦੀ ਲੁਟ ਨਹੀਂ ਕੀਤੀ ਗਈ?। ਉਹਨਾਂ ਕਿਹਾ ਕਿ ਕੀ ਜਦ ਰਾਜਸਥਾਨ ਸਰਕਾਰ ਨੇ ਨਰਮਦਾ ਦਰਿਆ ਵਿਚੋਂ ਪਾਣੀ ਹਾਸਲ ਕਰਨ ਲਈ  ‘ਨਰਮਦਾ ਟ੍ਰਿਬਿਊਨਲ’ ਨੂੰ ਦਰਖਾਸਤ ਦਿੱਤੀ ਤਾਂ ਰਿਪੇਰੀਅਨ ਆਧਾਰ ’ਤੇ ਰਾਜਸਥਾਨ ਦੀ ਮੰਗ ਨੂੰ ਠੁਕਰਾ ਦਿੱਤਾ ਗਿਆ ਸੀ, ਪਰ ਅਜਿਹੀ ਸਥਿਤੀ ਵਿਚ ਪੰਜਾਬ ਦੇ ਪਾਣੀਆਂ ਨੂੰ ਰਾਜਸਥਾਨ ਨੂੰ ਦੇਣ ਦਾ ਕੀ ਅਰਥ?  ਕੀ 1978 ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਲੋਂ ਕੇਂਦਰ ਸਰਕਾਰ ਦੇ ‘‘ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀ ਧਾਰਾ 78 ਅਤੇ ਧਾਰ 80 ’’ ਦੀ ਅਸੰਵਿਧਾਨਕਤਾ ਨੂੰ ਚੈਲਿਜ਼ ਕਰਦਿਆਂ ਸੁਪਰੀਮ ਕੋਰਟ ਵਿਚ ਦਾਇਰ ਕੇਸ ਨੂੰ  1981 ਵਿਚ ਇੰਦਰਾ ਗਾਂਧੀ ਨੇ ਤਤਕਾਲੀ ਕਾਂਗਰਸੀ ਮੁੱਖ ਮੰਤਰੀ ਸ: ਦਰਬਾਰਾ ਸਿੰਘ ਉਤੇ ਦਬਾਅ ਪਾ ਕੇ ਵਾਪਸ ਨਹੀਂ ਕਰਵਾ ਲਿਆ? ਜੇ ਇਹ ਤੱਥ ਸੱਚ ਨਹੀਂ ਤਾਂ ਫਿਰ 2004 ਦਾ ਪੰਜਾਬ ਟ੍ਰਮੀਨੇਸ਼ਨ ਆਫ ਐਗਰੀਮੈਂਟ ਐਕਟ ਦਾ ਕੀ ਭਾਵ?।  ਯੂਥ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਪ੍ਰਤੀ ਕੇਂਦਰ ਦੀ ਬੇਰੁਖੀ ਅੱਜ ਵੀ ਬਰਕਰਾਰ ਹੈ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵਲੋਂ ਪੰਜਾਬ ਨਾਲ ਕੀਤਾ ਜਾ ਰਿਹਾ ਮਤਰੇਈ ਮਾਂ ਵਾਲਾ ਵਿਵਹਾਰ ਪੰਜਾਬੀਆਂ ਦੇ ਕੌਮੀ ਸ੍ਵੈ,ਮਾਣ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਸੱਟ ਮਾਰਦੀ ਹੈ। ਉਹਨਾਂ ਕਿਹਾ ਕਿ ਕੇਂਦਰ ’ਤੇ ਦਲੀਲਾਂ ਅਤੇ ਅਪੀਲਾਂ ਦਾ ਕੋਈ ਅਸਰ ਨਹੀਂ। ਉਹਨਾਂ ਕਿਹਾ ਕਿ ਕੇਂਦਰ ਲਈ ਪੰਜਾਬ ਇੱਕ ਲਾਹੇਵੰਦ ਗੁਲਾਮ ਬਸਤੀ ਤੋਂ ਸਿਵਾ ਕੁੱਝ ਨਹੀਂ। ਉਹਨਾਂ ਕਿਹਾ ਕਿ ਕੇਂਦਰ ਨੇ ਪੰਜਾਬ ਵਿਚ ਕਈ ਵਰ੍ਹੇ ਕੋਈ ਵੀ ਵੱਡੀ ਇੰਡਸਟਰੀ ਨਾ ਲਾਈ ਅਤੇ ਨਾ ਹੀ ਲੱਗਣ ਦਿੱਤੀ। ਨਾ ਹੀ ਕਰਜ਼ਿਆਂ ਕਾਰਨ ਖੁਦਕੁਸ਼ੀਆਂ ਦੇ ਰਾਹੇ ਪਈ ਪੰਜਾਬ ਦੀ ਕਿਸਾਨੀ ਨੂੰ ਰਾਹਤ ਦੇਣ ਲਈ ਕਰਜ਼ਾ ਮੁਆਫ਼ ਕੀਤਾ। ਗੁਆਂਢੀ ਰਾਜਾਂ ਨੂੰ ਕੇਂਦਰ ਵਲੋਂ ਦਿੱਤੀ ਜਾ ਰਹੀ ਸਨਅਤੀ ਪੈਕੇਜ ਕਾਰਨ ਪੰਜਾਬ ਦੀ ਇੰਡਸਟਰੀ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਰਾਜ ਨਾਲ ਕਰਾਂ ਦੀ ਵੰਡ ਪ੍ਰਣਾਲੀ ਦੋਸ਼ ਪੂਰਨ ਹੈ। ਕੇਂਦਰ ਪੰਜਾਬ ਤੋਂ ਕਰ ਇਕੱਠਾ ਕਰਕੇ ਇਸ ਨੂੰ 32 ਫੀਸਦੀ ਵਾਪਸ ਕਰਦੀ ਹੈ 50 ਫੀਸਦੀ ਕਿਊਂ ਨਹੀਂ। ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਵਿਚ ਭ੍ਰਿਸ਼ਟਾਚਾਰ ਤੇ ਘੁਟਾਲੇ ਵਧ ਰਹੇ ਹਨ। ਅੱਜ ਆਜ਼ਾਦੀ ਦੇ 64 ਸਾਲ ਬਾਅਦ ਵੀ ਦੇਸ਼ ਦੀ ਅੱਧੀ ਵਸੋਂ ਗੁਰਬਤ ਦੀ ਜ਼ਿੰਦਗੀ ਜੀਨ ਲਈ ਮਜਬੂਰ ਹੈ। ਅਨਾਜ ਗੁਦਾਮਾਂ ਵਿਚ ਗੱਲ੍ਹ ਸੜ ਰਿਹਾ ਹੈ ਪਰ ਗਰੀਬ ਨੂੰ ਪੇਟ ਭਰ ਕੇ ਖਾਣ ਨੂੰ ਨਸੀਬ ਨਹੀਂ। 50 ਫੀਸਦੀ ਆਬਾਦੀ ਕੋਲ ਪੀਣ ਯੋਗ ਸਾਫ਼ ਪਾਣੀ ਨਹੀਂ ਅਤੇ ਛੱਤ ਨਹੀਂ। ਉਹਨਾਂ ਮੰਗ ਕੀਤੀ ਕਿ ਦੇਸ਼ ਦੇ ਸਰਵਪੱਖੀ ਵਿਕਾਸ ਲਈ ਕੇਂਦਰ ਆਪਣੀਆਂ ਸ਼ਕਤੀਆਂ ਦਾ ਵਿਕੇਂਦਰੀਕਰਨ ਕਰੇ । ਉਹਨਾਂ ਕਿਹਾ ਕਿ ਪੰਜਾਬ ਪ੍ਰਤੀ ਕੇਂਦਰ ਦੀ ਬੇਰੁਖੀ ਨਾਲ ਰਾਜ ਵਿਚ ਮੁੜ ਬੇਚੈਨੀ ਵੱਧ ਸਕਦੀ ਹੈ। ਸ: ਮਜੀਠੀਆ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਚਾਰ ਕਮੇਟੀ ਦੀ ਮੀਟਿੰਗ ਦੌਰਾਨ ਲੋਕਾਂ ਦੀਆਂ ਲੋੜਾਂ ਥੁਰਾਂ ਸੰਬੰਧੀ ਸਰਵੇ ਕਰਾਉਣ ਬਾਰੇ ਸਾਹਮਣੇ ਆਈ ਗਲ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਸੈਵਨ ਸਟਾਰ ਕਲਚਰ ਦੇ ਆਦੀ ਕਾਂਗਰਸ ਲੋਕਾਂ ਤੋਂ ਕਿੰਨੀ ਦੂਰ ਜਾ ਚੁੱਕੀ ਹੈ। ਪੰਜਾਬ ਕਾਂਗਰਸ ਨੇ ‘ ਬੂਹੇ ਆਈ ਜੰਞ ਵਿੰਨ੍ਹੋ ਕੁੜੀ ਦੇ ਕੰਨ’’ ਵਾਲੀ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ ਤੇ ਸਭ ਚੋਣ ਸਟੰਟ ਕਰ ਰਿਹਾ ਹੈ।  ਉਹਨਾਂ ਕਿਹਾ ਕਿ ਪੰਜਾਬ ਵਿਚ ਅਸਤ ਹੋ ਚੁਕਾ ਕਾਂਗਰਸ ਦਾ ਸੂਰਜ ਦੁਬਾਰਾ ਨਹੀਂ ਚੜ੍ਹੇ ਗਾ । ਇਸ ਮੌਕੇ ਉਹਨਾਂ ਨਾਲ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>