ਲੋਕ ਸੰਗੀਤ ਵਿਰਸੇ ਦੀ ਸੁਰੀਲੀ ਤੰਦ – ਅਮਰਜੀਤ ਗੁਰਦਾਸਪੁਰੀ

ਅਮਰਜੀਤ ਗੁਰਦਾਸਪੁਰੀ ਪੰਜਾਬੀ ਲੋਕ ਸੰਗੀਤ ਵਿਰਸੇ ਦੀ ਉਹ ਸੁਰੀਲੀ ਤੰਦ ਹੈ ਜਿਸ ਦੀ ਟੁਣਕਾਰ ਉਮਰ ਦੇ 7ਵੇਂ ਦਹਾਕੇ ਵਿਚ ਦਾਖ਼ਲ ਹੋ ਕੇ ਵੀ ਅਜੇ ਟੱਲੀ ਵਾਂਗ ਟੁਣਕਦੀ ਹੈ । ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਦੋਵਾਲੀ ਕਲਾਂ ਦਾ ਜੰਮਿਆ ਜਾਇਆ ਜ਼ੈਲਦਾਰਾਂ ਦਾ ਪੁੱਤਰ ਕਮਿਉਨਿਸਟ ਪਾਰਟੀ ਦੇ ਸਭਿਆਚਾਰਕ ਵਿੰਗ ਦਾ ਸ਼ਕਤੀਸ਼ਾਲੀ ਕਾਰਕੁੰਨ ਬਣਿਆ ਤਾਂ ਲੋਕਾਂ ਨੇ ਗ¤ਲਾਂ ਕੀਤੀਆਂ, ਅਖੇ ! ਰੇਸ਼ਮੀ ਗਦੇਲਿਆਂ ਤੇ ਸੌਣ ਵਾਲਾ ਇਹ ਅਲੂੰਆਂ ਬਾਲ ਕਿਵੇਂ ਕੱਚਿਆਂ ਧੂੜ ਲਪੇਟੇ ਰਾਹਾਂ ਤੇ ਤੁਰੇਗਾ ? ਅਮਰਜੀਤ ਨੇ ਇਹ ਗੱਲ ਸੱਚ ਕਰ ਵਿਖਾਈ ਕਿ ਵਿਸ਼ਵਾਸ ਦੀ ਸ਼ਕਤੀ ਨਾਲ ਹਰ ਮੁਸੀਬਤ ਨੂੰ ਹੱਸ ਕੇ ਜ਼ਰਿਆ ਜਾ ਸਕਦਾ ਹੈ । ਤੇਰਾ ਸਿੰਘ ਚੰਨ, ਜਸਵੰਤ ਸਿੰਘ ਰਾਹੀ ਅਤੇ ਜੁਗਿੰਦਰ ਬਾਹਰਲਾ ਦਾ ਸਾਥੀ ਬਣ ਕੇ ਉਸਨੇ ਕਲਕਤੇ ਤੀਕ ਪੰਜਾਬੀ ਲੋਕ ਸੁਰਾਂ ਵਿਚ ਲਪੇਟੇ ਇਨਕਲਾਬੀ ਗੀਤਾਂ ਦੀ ਛਹਿਬਰ ਲਾਈ। ਉਸਦੀ ਸਹਿ ਗਾਇਕਾ ਵਜੋਂ ਇਸ ਇਨਕਲਾਬੀ ਸਫ਼ਰ ਦੌਰਾਨ ਪੰਜਾਬ ਦੀ ਕੋਇਲ ਵਜੋਂ ਜਾਣੀ ਜਾਂਦੀ ਪੰਜਾਬੀ ਸੰਗੀਤ ਦੀ ਦੇਵੀ ਸੁਰਿੰਦਰ ਕੌਰ ਨੇ ਵੀ  ਉਸਦੀ ਸਹਿ ਗਾਇਕਾ ਵਜੋਂ ਇਪਟਾ ਦੀਆਂ ਸਟੇਜਾਂ ਤੇ ਸਾਥ ਨਿਭਾਇਆ । ਤੇਰਾ ਸਿੰਘ ਚੰਨ ਦੇ ਲਿਖੇ ਸੰਗੀਤ ਨਾਟਕ ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ ਅਤੇ ਲੱਕੜ ਦੀ ਲੱਤ ਵਿਚ ਵਿਸ਼ਵ ਅਮਨ ਲਹਿਰ ਨੂੰ ਸਮਰਪਿਤ ਗੀਤਾਂ ਦਾ ਪਰਾਗਾ ਅਮਰਜੀਤ ਗੁਰਦਾਸਪੁਰੀ ਦੇ ਕੰਠ ਨੂੰ ਛੋਹ ਕੇ ਹੀ ਪੌਣਾਂ ਵਿਚ ਘੁਲਿਆ ।

ਸ ਭਰਪੂਰ ਵਾਰਤਕ ਦੇ ਲਿਖਾਰੀ ਅਤੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਨਿੰਦਰ ਘੁਗਿਆਣਵੀ ਨੇ ਅਮਰਜੀਤ ਗੁਰਦਾਸਪੁਰੀ ਦੇ ਜੀਵਨ ਦੇ ਆਧਾਰਿਤ ਇਕ ਟੈਲੀ ਫਿਲਮ ਬਣਾਈ ਹੈ ਜਿਸ ਵਿੱਚ ਉਸ ਦੀਆਂ ਜੀਵਨ ਯਾਦਾਂ ਅਤੇ ਲੋਕ ਗਾਇਕੀ ਦੇ ਕੁੱਝ ਨਮੂਨੇ ਵੀ ਅੰਕਿਤ ਕੀਤੇ ਹਨ।  ਇਸ ਫਿਲਮ ਵਿੱਚ ਅਮਰਜੀਤ ਗੁਰਦਾਸਪੁਰੀ ਦਾ ਜੀਵਨ ਭਰ ਕੀਤਾ ਸੰਘਰਸ਼ ਭਾਂਵੇ ਕਿਣਕਾ ਮਾਤਰ ਹੀ ਅੰਕਿਤ ਹੋ ਸਕਿਆ ਹੈ ਪਰ ਖੂਬਸੂਰਤ ਯਤਨ ਲਈ ਮੈਂ ਉਸ ਦਾ ਰਹਿੰਦੀ ਉਮਰ ਤੀਕ ਰਿਣੀ ਰਹਾਂਗਾ।  ਇਹ ਫਿਲਮ ਲੁਧਿਆਣਾ ਜਿਲ੍ਹੇ ਦੇ ਦੋ  ਹਿੰਮਤੀ ਨੌਜਵਾਨਾਂ ਰਜਿੰਦਰ ਅਤੇ ਦੇਵਿੰਦਰ ਨਾਂ ਵਾਲੇ ਝਾਂਡੇ ਬਰਦਰਜ਼ ਨੇ ਆਪਣੀ ਕੰਪਨੀ ਗੋਲਡਨ ਪੁਆਇੰਟ ਵਲੋਂ ਰਿਲੀਜ਼ ਕੀਤਾ ਹੈ।  ਇਹ ਫਿਲਮ ਆਮ ਬੰਦਿਆਂ ਲਈ ਭਾਂਵੇ ਬਹੁਤੀ ਦਿਲਚਸਪੀ ਦਾ ਵਸੀਲਾ ਨਾਂ ਬਣ ਸਕੇ ਪਰ ਇਤਹਾਸ ਦੇ ਵਾਕਫਕਾਰਾਂ ਲਈ ਸੰਭਾਲਣਯੋਗ ਤੋਹਫਾ ਹੋਵੇਗਾ।  ਗੁਰਪ੍ਰੀਤ ਸਿੰਘ ਤੂਰ ਨੇ ਇਸ ਫਿਲਮ ਦੇ ਤਿਆਰੀ ਅਤੇ ਪਿਰਥੀਪਾਲ ਸਿੰਘ ਬਟਾਲਾ ਨੇ ਇਸਦੇ ਪਸਾਰ ਦੀ ਜ਼ਿੰਮੇਵਾਰੀ ਨਿਭਾਈ ਹੈ।  ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਨਿ।  ਰਾਤੀ ਹੀ ਮੈਂ ਸ਼ਬਦੀਸ਼ ਅਤੇ ਅਨੀਤਾ ਵਲੋਂ ਸ. ਗੁਰਸ਼ਰਨ ਸਿੰਘ ਬਾਰੇ ਬਣਾਈ ਦਸਤਾਵੇਜੀ ਫਿਲਮ ਵੇਖ ਰਿਹਾ ਸਾਂ।  ਇਪਟਾ ਦੇ ਜ਼ਿਕਰ ਵੇਲੇ ਅਮਰਜੀਤ ਗੁਰਦਾਸਪੁਰੀ ਦੀ ਤਸਵੀਰ ਵੇਖੀ, ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨਾਲ ਮਿਰਜ਼ਾ ਸਹਿਬਾ ਗਾਂਉਦਿਆਂ।  ਇੰਝ ਲੱਗਾ ਜਿਵੇਂ ਅਮਰਜੀਤ ਗੁਰਦਾਸਪੁਰੀ ਨੁੰ ਢਿੱਡੋਂ ਪਿਆਰ ਕਰਨ ਵਾਲਾ ਗੁਰਸ਼ਰਨ ਸਿੰਘ ਤਾਂ ਚਲਾ ਗਿਆ ਹੈ। ਨਵੀਂ ਪੀੜ੍ਹੀ ਨੂੰ ਉਸ ਦੇ ਗੁਣਾ ਬਾਰੇ ਦੱਸਣ ਦੀ ਜ਼ਿਮੇਵਾਰੀ ਹੁਣ ਸਾਡੀ ਹੈ। ਅਮਰਜੀਤ ਗੁਰਦਾਸਪੁਰੀ ਨੂੰ ਪਿਛਲੇ ਸਮੇਂ ਦੌਰਾਨ ਜਵਾਨ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਨੇ ਲੱਕੋਂ ਤੋੜ ਦਿੱਤਾ ਹੈ। ਵੱਡਾ ਪੁੱਤਰ ਪਰਮ ਸੁਨੀਲ ਵੀ  ਸਿਰ ਦੀ ਸੱਟ ਕਾਰਨ ਪੂਰਾ ਕਾਇਮ ਨਹੀਂ। ਇਕ ਪੁੱਤਰ ਤੇਜ ਬਿਕਰਮ ਸਿੰਘ ਰੰਧਾਵਾ ਅਮਰੀਕਾ ਵਸਦਾ ਹੈ । ਕਦੇ ਕਦੇ ਗੁਰਦਾਸਪੁਰੀ ਦਾ ਫੋਨ ਆਉਂਦਾ ਹੈ । ਬਹੁਤੀ ਵਾਰੀ ਉਦਾਸ। ਹਾਲਾਤ ਨੇ ਝੰਬ ਦਿੱਤਾ ਹੈ ਪਰ ਵਿਸ਼ਵਾਸ ਅਜੇ ਵੀ ਡੋਲਿਆ ਨਹੀਂ। ਥੋੜ੍ਹਾ ਤਕੜਾ ਹੋਣ ਦੀ ਗੱਲ ਕਹਾਂ ਤਾਂ ਅੱਗੋਂ ਉੱਤਰ ਮਿਲਦਾ ਹੈ ਸਾਰੀ ਉਮਰ ਇਮਤਿਹਾਨ ਹੀ ਦਿੱਤੇ ਨੇ, ਬੁੱਢੇ ਵਾਰੇ ਇਕ ਇਮਤਿਹਾਨ ਹੋਰ ਸਹੀ। ਉਨ੍ਹਾਂ ਦੀ ਜੀਵਨ ਸਾਥਣ ਗੁਰਦੀਪ ਕੌਰ ਉਨ੍ਹਾਂ ਲਈ ਸ਼ਕਤੀ ਤਾ ਵੱਡਾ ਸੋਮਾ ਬਣ ਕੇ ਅੰਗ ਸੰਗ ਰਹਿੰਦੀ ਹੈ।

ਜ਼ਿਲ੍ਹਾ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਉਦੋਵਾਲੀ ਕਲਾਂ ਨੂੰ ਮਹੱਤਵਪੂਰਨ ਪਿੰਡ ਬਣਾਉਣ ਵਿਚ ਅਮਰਜੀਤ ਗੁਰਦਾਸਪੁਰੀ ਦਾ ਬਹੁਤ ਵੱਡਾ ਯੋਗਦਾਨ ਹੈ । ਪਹਿਲਾਂ ਇਹ ਪਿੰਡ ਸਿਰਫ਼ ਉਸਦੇ ਦਾਦਾ ਜੀ ਜ਼ੈਲਦਾਰ ਹਰਨਾਮ ਸਿੰਘ ਜਾਂ ਪਿੰਡ ਦੇ ਅਕਾਲੀ ਆਗੂ ਜਥੇਦਾਰ ਗੁਰਦਿੱਤ ਸਿੰਘ ਕਰਕੇ ਜ਼ਿਲ੍ਹੇ ਵਿਚ ਜਾਣਿਆ ਜਾਂਦਾ ਸੀ ਪਰ ਅਮਰਜੀਤ ਦੀ ਆਵਾਜ਼ ਨੇ ਤਾਂ ਇਸ ਪਿੰਡ ਨੂੰ ਦੇਸ਼ ਦੇਸ਼ਾਂਤਰ ਵਿਚ ਪ੍ਰਸਿੱਧ ਕਰ ਦਿੱਤਾ ਹੈ । ਪੂਰੀ ਦੁਨੀਆਂ ਵਿਚ ਸ਼ਾਇਦ ਹੀ ਕੋਈ ਜਿਊਂਦਾ ਜਾਗਦਾ ਕਲਾਪ੍ਰਸਤ ਹੋਵੇ ਜਿਸ ਨੂੰ ਗੁਰਦਾਸਪੁਰੀ ਦੀ ਮਹਿਕ ਭਿੱਜੀ ਅਵਾਜ਼ ਸਦਕਾ ਉਦੋਵਾਲੀ ਕਲਾਂ ਦਾ ਪਤਾ ਨਾ ਹੋਵੇ । 1933 ਵਿਚ ਅਮਰਜੀਤ ਨੇ ਸਰਦਾਰ ਰਛਪਾਲ ਸਿੰਘ ਰੰਧਾਵਾ ਦੇ ਘਰ ਜਨਮ ਲਿਆ । ਸਿਰਫ਼ 32 ਸਾਲ ਦੀ ਉਮਰ ਹੰਢਾ ਕੇ ਉਸਦੇ ਪਿਤਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ।

ਅਮਰਜੀਤ ਗੁਰਦਾਸਪੁਰੀ ਦੇ ਪਿੰਡ ਵਿਚ ਰਹਿੰਦਾ ਇਕ ਨੌਜੁਆਨ ਬਾਬਾ ਦਰਸ਼ੋ ਅਕਸਰ ਗਲੀਆਂ ਵਿਚ ਵਾਰਸ ਦੀ ’ਹੀਰ’, ਪੀਲੂ ਦਾ ’ਮਿਰਜ਼ਾ’ ਅਤੇ ਕਾਦਰ ਯਾਰ ਦਾ ’ਪੂਰਨ ਭਗਤ’ ਗਾਉਂਦਾ ਫਿਰਦਾ । ਪਿੰਡ ਦੇ ਮੁੰਡੇ ਅਕਸਰ ਉਸਦੀ ਆਵਾਜ਼ ਨਾਲ ਸੁਰ ਮਿਲਾਉਂਦੇ । ਅਮਰਜੀਤ ਵੀ ਉਨ੍ਹਾਂ ਮੁੰਡਿਆਂ ਵਿਚੋਂ ਇਕ ਹੁੰਦਾ । ਉਸਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇਹੀ ਸ਼ੌਂਕ ਉਸ ਲਈ ਜ਼ਿੰਦਗੀ ਦਾ ਗਹਿਣਾ ਬਣ ਜਾਵੇਗਾ । ਬਾਬਾ ਦਰਸ਼ੋ ਰਵਾਇਤੀ ਮਿਰਜ਼ਾ ਸਹਿਬਾਂ ਦੀ ਥਾਂ ਲੋਕ ਅੰਗ ਵਿਚ ਲਿਖੇ ਮਿਰਜ਼ੇ ਦੇ ਬੋਲ ਅਲਾਪਦਾ ।

ਨੀਂ ਦਿੱਲੀਏ ਕਾਗਾਂ ਹਾਰੀਏ, ਨੀ ਤੇਰਾ ਸੂਹਾ ਨੀ ਚੰਦਰੀਏ ਬਾਣਾ …….

ਇਸ ਵਿਚ ਉਹ 360 ਬਲਦ ਲੱਦ ਕੇ ਲੂਣ ਦਾ ਵਪਾਰ ਕਰਨ ਵਾਲੇ ਲੁਬਾਣੇ ਦਾ ਵੀ ਜ਼ਿਕਰ ਕਰਦਾ, ਜਿਸ ਵਿਚ ਉਸ ਦੀ ਲੁਬਾਣੀ ਦੀ ਮੌਤ ਦਾ ਵੀ ਜ਼ਿਕਰ ਹੁੰਦਾ । ਮਿਰਜ਼ੇ ਦੀ ਸਾਹਿਬਾਂ ਨੂੰ ਉਹ ਲੁਬਾਣਾ ਆਪਣੇ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਪਰ ਸਾਹਿਬਾਂ ਆਪਣੇ ਮਿਰਜ਼ੇ ਦੀ ਮੌਤ ਦਾ ਵੇਰਵਾ ਕਰਦੀ । ਇਸ ਵਿਚ ਅੰਤਲਾ ਬੰਦ ਇਹੀ ਹੁੰਦਾ ਕਿ ਸਾਹਿਬਾਂ ਆਪਣੇ ਮਹਿਬੂਬ ਮਿਰਜ਼ੇ ਦੀ ਮੌਤ ਨੂੰ ਦਸਦੀ-ਦਸਦੀ ਆਪਣੇ ਆਪ ਨੂੰ ਵੀ ਸਰਵਾਹੀ ਭਾਵ ਤਲਵਾਰ ਨਾਲ ਖਤਮ ਕਰ ਲੈਂਦੀ ਹੈ । ਇਸ ਵਿਚਲਾ ਦਰਦ ਜਦੋਂ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਵਿਚ ਘੁਲ ਕੇ ਅੱਜ ਪੇਸ਼ ਹੁੰਦਾ ਹੈ ਤਾਂ ਉਹ ਦ੍ਰਿਸ਼ ਜਾਗਦਿਆਂ ਤਾਂ ਕੀ ਸੁੱਤਿਆਂ ਸੁੱਤਿਆਂ ਵੀ ਅੱਖਾਂ ਅੱਗੋਂ ਨਹੀਂ ਜਾਂਦਾ । ਇਹ ਪਹਿਲਾ ਗੀਤ ਸੀ ਜਿਸ ਨੇ ਅਮਰਜੀਤ ਨੂੰ ਗਾਇਕੀ ਦੇ ਰਾਹ ਤੋਰਿਆ ।

ਫ਼ਜ਼ਲਾਬਾਦ (ਗੁਰਦਾਸਪੁਰ) ਦੇ ਕਾਮਰੇਡ ਬਲਜੀਤ ਸਿੰਘ ਫ਼ਜ਼ਲਾਬਾਦ ਨਾਲ ਅਮਰਜੀਤ ਦੀ ਦੋਸਤੀ ਨੇ ਅਜਿਹਾ ਸੂਹਾ ਰੰਗ ਚਾੜ੍ਹਿਆ ਕਿ ਉਹ ਆਪ ਇਸ ਰਸਤੇ ਦਾ ਮੁਸਾਫ਼ਿਰ ਬਣ ਗਿਆ । 1952 ਵਿਚ ਉਸਨੇ ਫ਼ਜ਼ਲਾਬਾਦ ਵਿਖੇ ਹੋਈ ਕਿਸਾਨ ਕਾਨਫਰੰਸ ਵਿਚ ਪਹਿਲੀ ਵਾਰ ਮੰਚ ਤੇ ਖਲੋ ਕੇ ਇਹ ਗੀਤ ਗਾਇਆ

ਅੱਗੇ ਨਾਲੋਂ ਵੱਧ ਗਈਆਂ ਹੋਰ ਮਜ਼ਬੂਰੀਆਂ ।
ਹੁਣ ਨਹੀਉਂ ਹੁੰਦੀਆਂ, ਸਬਰ ਸਬੂਰੀਆਂ ।

ਇਹ ਗੀਤ ਗਾਉਣ ਤੋਂ ਪਹਿਲਾਂ ਉਹ ਸਿਰਫ਼ ਪਿੰਡ ਦਾ ਜਵਾਈ-ਭਾਈ ਸੀ ਜਿਸਨੂੰ ਉਸਦੇ ਰਿਸ਼ਤੇਦਾਰ ਮੁੰਡਿਆਂ ਨੇ ਇਹ ਕਹਿ ਕੇ ਸਟੇਜ ਤੇ ਚਾੜ੍ਹ ਦਿੱਤਾ ਸੀ ਕਿ ਸਾਡਾ ਪਰਾਹੁਣਾ ਵੀ ਗਾਉਂਦੈ, ਇਹਨੂੰ ਸੁਣੋ । ਇਸ ਤੋਂ ਬਾਅਦ ਅਮਰਜੀਤ ਗੁਰਦਾਸਪੁਰੀ ਵਿਸ਼ਾਲ ਲੋਕ ਸਮੂੰਹ ਦਾ ਚਹੇਤਾ ਗਵਈਆ ਬਣ ਗਿਆ । ਇਲਾਕੇ ਦੇ ਸ਼ਾਇਰ ਜਸਵੰਤ ਸਿੰਘ ਰਾਹੀ, ਮਹੈਣ ਸਿੰਘ ਅਨਪੜ ਅਤੇ ਅਜਿਹੇ ਕਈ ਹੋਰ ਲੋਕ ਉਸਨੂੰ ਆਪਣੇ ਗੀਤ ਦੇਣ ਲੱਗੇ । ਮਿੱਠੀ ਆਵਾਜ਼ ਨਾਲ ਉਮਰਾਂ ਦੀ ਸਾਂਝ ਪਾਉਣ ਲਈ । ਇਨ੍ਹਾਂ ਹੀ ਸਮਿਆਂ ਵਿਚ ਉਸਨੇ ਡੇਰਾ ਬਾਬਾ ਨਾਨਕ ਲਾਗਲੇ ਪਿੰਡ ਜੌੜੀਆਂ ਦੇ ਜੰਮੇ ਜਾਏ ਪੰਜਾਬੀ ਸ਼ਾਇਰ ਅਮਰ ਚਿੱਤਰਕਾਰ ਦਾ ਗੀਤ

ਜਿਉਂਦੇ ਜੀ ਆ ਸੋਹਣਿਆ, ਤੈਨੁੰ ਸੁਰਗ ਵਿਖਾਵਾਂ ।
ਲੱਗੀਆਂ ਹੋਈਆਂ ਰੌਣਕਾਂ, ਪਿਪਲਾਂ ਦੀਆਂ ਛਾਵਾਂ ।

ਇਹ ਵਕਤ ਲੋਕ ਉਭਾਰ ਦਾ ਵਕਤ ਸੀ । ਆਜ਼ਾਦੀ ਮਗਰੋਂ ਕਮਿਊਨਿਸਟ ਆਗੂ ਇਸ ਆਜ਼ਾਦੀ ਨੂੰ ਅਸਲੀ ਆਜ਼ਾਦੀ ਨਹੀਂ ਸਨ ਮੰਨਦੇ । ਉਹ ਇਸਨੂੰ ਨਕਲੀ ਆਜ਼ਾਦੀ ਆਖਦੇ । ਜਸਵੰਤ ਸਿੰਘ ਰਾਹੀ ਵਰਗੇ ਸ਼ਾਇਰ ਸਰਕਾਰੀ ਨੀਤੀਆਂ ਦਾ ਨੰਗ ਬੇ-ਪਰਦ ਕਰਦੇ ਤੇ ਲਿਖਦੇ

ਗੌਰਮਿੰਟ ਨੇ ਝੱਗਾ ਦਿੱਤਾ, ਪਾ ਲਓ ਲੋਕੋ ਪਾ ਲਓ ।
ਅੱਗਾ ਪਿੱਛਾ ਹੈ ਨਹੀ ਜੇ ਤੇ, ਬਾਹਵਾਂ ਆਪ ਲੁਆ ਲਓ ।

ਅਮਰਜੀਤ ਗੁਰਦਾਸਪੁਰੀ ਆਪਣੇ ਸਾਥੀ ਦਲੀਪ ਸਿੰਘ ਸ਼ਿਕਾਰ ਨਾਲ ਮਿਲ ਕੇ ਇਹੋ ਜਿਹੇ ਗੀਤਾਂ ਨੂੰ ਗਾਉਂਦੇ । ਲੋਕਾਂ ਵਿਚ ਚਾਨਣ-ਚੇਤਨਾ ਦਾ ਬੀਜ ਬੀਜਦੇ । ਹੌਲੀ-ਹੌਲੀ ਉਹ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਗੁਰਦਾਸਪੁਰ ਇਕਾਈ ਦਾ ਕਲਾਕਾਰ ਬਣ ਗਿਆ । ਉਸਦੀ ਕੀਰਤੀ ਸੂਬੇ ਵਿਚ ਪਹੁੰਚੀ ਤਾਂ ਇਪਟਾ ਦੇ ਮੋਹਰੀ ਆਗੂਆਂ ਤੇਰਾ ਸਿੰਘ ਚੰਨ ਅਤੇ ਜੁਗਿੰਦਰ ਬਾਹਰਲਾ ਨੇ ਉਸਨੂੰ ਸੂਬੇ ਦੇ ਕਲਾਕਾਰਾਂ ਵਿਚ ਲੈ ਲਿਆ । ਨਰਿੰਦਰ ਦੋਸਾਂਝ, ਹੁਕਮ ਚੰਦ ਖਲੀਲੀ, ਜਗਦੀਸ਼ ਫਰਿਆਦੀ, ਪ੍ਰੋਫ਼ੈਸਰ ਨਿਰੰਜਨ ਸਿੰਘ ਮਾਨ, ਗਾਇਕਾ ਸੁਰਿੰਦਰ ਕੌਰ, ਉਸਦੇ ਪਤੀ ਪ੍ਰੋਫ਼ੈਸਰ ਜੋਗਿੰਦਰ ਸਿੰਘ ਸੋਢੀ, ਨਵਤੇਜ ਸਿੰਘ ਪ੍ਰੀਤਲੜੀ, ਉਨ੍ਹਾਂ ਦੀ ਪਤਨੀ ਬੀਬੀ ਸਵ: ਮਹਿੰਦਰ ਕੌਰ ਵੀ ਉਨ੍ਹਾਂ ਦੇ ਨਾਲ ਹੀ ਇਸ ਸਭਿਆਚਾਰ ਕਾਫ਼ਲੇ ਵਿਚ ਸ਼ਾਮਿਲ ਸਨ ।

ਅਮਰਜੀਤ ਗੁਰਦਾਸਪੁਰੀ ਇਪਟਾ ਅਤੇ ਕਮਿਊਨਿਸਟ ਲਹਿਰ ਵਿਚ ਗੁਜ਼ਾਰੇ ਪਲਾਂ ਦਾ ਜ਼ਿਕਰ ਕਰਦਿਆਂ ਆਖਦਾ ਹੈ ਕਿ ਉਹ ਉਤਸ਼ਾਹ ਦੀ ਭਰਪੂਰਤਾ ਦੇ ਦਿਨ ਸਨ । ਉਸਨੂੰ ਉਹ ਦਿਨ ਵੀ ਅੱਜ ਯਾਦ ਆਉਂਦਾ ਹੈ ਜਦ ਆਪਣੇ ਮਿੱਤਰ ਅਤੇ ਸਹਿਯੋਗੀ ਕਲਾਕਾਰ ਦਲੀਪ ਸਿੰਘ ਸ਼ਿਕਾਰ ਨੂੰ ਸਾਇਕਲ ਤੇ ਬਿਠਾ ਕੇ ਉਹ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਜੋਗਿੰਦਰ ਬਾਹਰਲਾ ਦੇ ਪਿੰਡ ਚਬੇਵਾਲ ਜਿਆਣ ਪਹੁੰਚੇ । ਜਾਣ ਸਾਰ ਉਨ੍ਹਾਂ ਨੂੰ ਕਮਿਊਨਿਸਟ ਆਗੂ ਡਾ. ਭਾਗ ਸਿੰਘ ਜੀ ਨੇ ਸਟੇਜ ਤੇ ਚੜ੍ਹਾ ਦਿੱਤਾ ਤੇ ਉਹ ਸਾਰੀ ਰਾਤ ਹੀ ਗਾਉਂਦੇ ਰਹੇ । ਇਨਕਲਾਬੀ ਗੀਤਾਂ ਦੇ ਵਜ਼ਦ ਕਾਰਨ ਥਕੇਵਾਂ ਤੇ ਅਕੇਵਾਂ ਉਨ੍ਹਾਂ ਦੇ ਨੇੜੇ ਨਹੀਂ ਸੀ ਆਉਂਦਾ । ਪਰ ਇਕ ਗੱਲ ਦਾ ਕੰਡਾ ਅੱਜ ਵੀ ਉਸ ਦੇ ਮਨ ਮਸਤਕ ਵਿਚ ਰੜਕਦਾ ਹੈ, ਸਾਡੇ ਆਗੂਆਂ ਨੇ ਇਪਟਾ ਜਾਂ ਕਲਚਰਲ ਸਕੁਆਡ ਦੇ ਕਲਾਕਾਰਾਂ ਨੂੰ ਕਦੇ ਸਾਥੀ ਨਹੀਂ ਸੀ ਸਮਝਿਆ ਸਿਰਫ਼ ਭੀੜ ਇਕੱਠੀ ਕਰਨ ਵਾਲੇ ਸੰਦ ਸਮਝ ਕੇ ਹੀ ਵਰਤਦੇ ਰਹੇ । ਇਸਦਾ ਇਕ ਹਵਾਲਾ ਉਹ ਧੁਆਣ ਦਮੋਦਰ (ਗੁਰਦਾਸਪੁਰ) ਦੀ ਕਾਨਫਰੰਸ ਦਾ ਦੇ ਕੇ ਦਸਦਾ ਹੈ ਕਿ ਕਿਵੇਂ ਇਕ ਸਿਆਲੀ ਰਾਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਦੇ ਘਰ ਆਪਣੇ ਸੌਣ ਲਈ ਬਿਸਤਰੇ ਵਿਛਾਏ । ਪਰ ਜਦ ਅ¤ਧੀ ਰਾਤ ਨੂੰ ਪ੍ਰੋਗਰਾਮ ਨੂੰ ਪੇਸ਼ ਕਰਕੇ ਪਰਤੇ ਤਾਂ ਉਨ੍ਹਾਂ ਬਿਸਤਰਿਆਂ ਤੇ ਸੀਨੀਅਰ ਕਾਮਰੇਡ ਸੁੱਤੇ ਪਏ ਸਨ । ਨਾ ਬਿਸਤਰਾ, ਨਾ ਰੋਟੀ, ਨਾ ਪਾਣੀ । ਠਰੀਆਂ ਤੇ ਆਕੜੀਆਂ ਰੋਟੀਆਂ ਨੂੰ ਜਦ ਗਰਮ ਕਰਨ ਲਈ ਆਖਿਆ ਤਾਂ ਇਕ ਸੀਨੀਅਰ ਕਾਮਰੇਡ ਖੰਘੂਰਾ ਮਾਰ ਕੇ ਬੋਲਿਆ,  ਤੁਸੀਂ ਇਨਕਲਾਬ ਕੀ ਲਿਆਓਗੇ, ਜਿਹੜੇ ਤੱਤੀਆਂ ਰੋਟੀਆਂ ਮੰਗਦੇ ਓ । ਅਮਰਜੀਤ ਵੱਲ ਇਸ਼ਾਰਾ ਕਰਕੇ ਘੂਰਦਿਆਂ ਬੋਲਿਆ, ਤੇਰੇ ਵਿਚੋਂ ਜ਼ੈਲਦਾਰੀ ਨਹੀਂ ਗਈ। ਉਸ ਰਾਤ ਮੈਂ ਬੇਹੱਦ ਉਦਾਸ ਹੋਇਆ । ਕਮਿਊਨਿਸਟ ਪਾਰਟੀ ਤੇ ਪਾਬੰਦੀ ਲੱਗਣ ਵੇਲੇ ਉਹ ਵੀ ਰੂਪੋਸ਼ ਹੋ ਗਿਆ ਅਤੇ ਮੋਗਾ, ਫ਼ਰੀਦਕੋਟ, ਢੂਡੀਕੇ, ਨਿਹਾਲਸਿੰਘਵਾਲਾ ਇਲਾਕੇ ਦੇ ਲੋਕ ਜੰਗਲ ਵਿਚ ਲੁਕਿਆ ਰਿਹਾ । ਜਸਵੰਤ ਸਿੰਘ ਕੰਵਲ, ਕਾਮਰੇਡ ਲਖਬੰਸ, ਕੁਲਭੂਸ਼ਨ ਬੱਧਣਵੀ, ਸੁਰਜੀਤ ਗਿੱਲ ਨਾਲ ਦੋਸਤੀ ਉਨ੍ਹਾਂ ਵਰ੍ਹਿਆਂ ਵਿਚ ਹੀ ਪਈ ।

ਅਮਰਜੀਤ ਗੁਰਦਾਸਪੁਰੀ ਨੇ ਮਾਝੇ ਦੀ ਗਾਇਕੀ ਦੀ ਉਸ ਰਵਾਇਤ ਨੂੰ ਉਸ ਵੇਲੇ ਸਿਖ਼ਰਾਂ ਤੇ ਪਹੁੰਚਾ ਦਿੱਤਾ ਜਦ ਗੋਲ ਬਾਗ ਅੰਮ੍ਰਿਤਸਰ ਵਿਖੇ ਹੋਈ ਅਮਨ ਕਾਨਫਰੰਸ ਵਿਚ ਉਸਨੇ ਤੇਰਾ ਸਿੰਘ ਚੰਨ ਦਾ ਲਿਖਿਆ ਗੀਤ ’ਕਾਗ ਸਮੇਂ ਦਾ ਬੋਲਿਆ ਨੀ ਅਮਨਾਂ ਦੀ ਬੋਲੀ’ ਗਾਇਆ । ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦਸਦੇ ਨੇ ਕਿ ਉਸ ਕਾਨਫਰੰਸ ਵਿਚ ਹਾਜ਼ਰੀ ਇਕ ਲੱਖ ਤੋਂ ਵੱਧ ਲੋਕਾਂ ਦੀ ਸੀ ਅਤੇ ਉਨ੍ਹਾਂ ਹਾਜ਼ਰ ਲੋਕਾਂ ਵਿਚੋਂ ਹਰ ਕਿਸੇ ਨੇ ਇਸ ਗੀਤ ਨੂੰ ਸਾਹ-ਸੁਆਸ ਰੋਕ ਕੇ ਸਿਰਫ਼ ਸੁਣਿਆ ਹੀ ਨਾ ਸਗੋਂ ਦੁਬਾਰਾ ਸੁਣਾਉਣ ਲਈ ਵੀ ਆਖਿਆ । ਇਹ ਗੀਤ ਵਿਸ਼ਵ ਅਮਨ ਲਹਿਰ ਵਿਚ ਪੰਜਾਬ ਦਾ ਨਿੱਗਰ ਹਿੱਸਾ ਬਣਿਆ । ਕੁੱਝ ਵਰ੍ਹੇ ਪਹਿਲਾਂ ਜਦੋਂ ਪੰਜਾਬ ਵਿਚ ਅੱਤਵਾਦ ਸਿਖ਼ਰਾਂ ਤੇ ਸੀ ਤੇ ਪੰਜਾਬ ਵਿਚੋਂ ਵੀ ਗੁਰਦਾਸਪੁਰ ਦਾ ਸਰਹੱਦੀ ਇਲਾਕਾ ਸਭ ਤੋਂ ਵੱਧ ਬਲਦੀ ਦੇ ਬੁੱਥੇ ਸੀ ਤਾਂ ਅਮਰਜੀਤ ਮੇਰਾ ਲਿਖਿਆ ਗੀਤ

ਸਾਨੂੰ ਮੋੜ ਦਿਓ ਰੰਗਲਾ ਪੰਜਾਬ, ਅਸੀਂ ਨਹੀਂ ਕੁਝ ਹੋਰ ਮੰਗਦੇ ।
ਸਾਨੂੰ ਮੋੜ ਦਿਓ ਖਿੜਿਆ ਗੁਲਾਬ, ਅਸੀਂ ਨਹੀਂ ਕੁਝ ਹੋਰ ਮੰਗਦੇ ।

ਆਪਣੀ ਮਿੱਠੀ ਆਵਾਜ਼ ਵਿਚ ਗਾ ਕੇ ਪਿੰਡ-ਪਿੰਡ ਗਿਆ । ਉਸਦੀ ਤੂੰਬੀ ਦੀ ਤਾਰ ਇਹ ਵੀ ਅਲਾਪਦੀ ਰਹੀ, ਨੀ ਘੁਗੀਏ ਉਡਦੀ ਰਹੀਂ, ਤੇਰੇ ਲੱਗੇ ਭਾਵੇਂ ਮਗਰ ਸ਼ਿਕਾਰੀ । ਇਹ ਗੀਤ ਉਸ ਤਪਦੀ ਧਰਤੀ ਤੇ ਠੰਢੀਆਂ ਕਣੀਆਂ ਵਰਗਾ ਅਹਿਸਾਸ ਸਿਰਜਦੇ ।1986 ਵਿਚ ਇਪਟਾ ਨੇ ਪੰਜਾਬੀ ਭਵਨ ਲੁਧਿਆਣਾ ਵਿਚ ਪ੍ਰਸਿੱਧ ਉਰਦੂ ਸ਼ਾਇਰ ਕੈਫੀ ਆਜ਼ਮੀ ਸਾਹਿਬ ਦੀ ਸਦਾਰਤ ਅਧੀਨ ਇਪਟਾ ਦੀ ਗੋਲਡਨ ਜੁਬਲੀ ਮਨਾਉਣ ਲਈ ਸਮਾਗਮ ਰਚਿਆ। ਉਸ ਵਿਚ ਹੋਰ ਕਲਾਕਾਰਾਂ ਤੋਂ ਇਲਾਵਾ ਅਮਰਜੀਤ ਗੁਰਦਾਸਪੁਰੀ ਨੂੰ ਵੀ ਸਨਮਾਨਿਤ ਕੀਤਾ ਗਿਆ । ਇਹ ਉਹ ਸਮਾਂ ਸੀ ਜਦ ਪੰਜਾਬ ਦੇ ਹਿੰਦੂ ਇਸ ਸੂਬੇ ਨੂੰ ਛੱਡ ਕੇ ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਵਸਣ ਲਈ ਜਾ ਰਹੇ ਸਨ । ਮਾਝਾ ਇਲਾਕਾ ਇਸ ਦਰਦ ਨੂੰ ਸਭ ਤੋਂ ਵੱਧ ਸਹਿ ਰਿਹਾ ਸੀ । ਇਸ ਪੀੜ ਨੂੰ ਗੁਰਦਾਸਪੁਰੀ ਨੇ ਪੰਜਾਬੀ ਭਵਨ ਦੇ ਮੰਚ ਤੇ ਵਾਰਸ ਸ਼ਾਹ ਦੀ ਹੀਰ ਦੇ ਹਵਾਲੇ ਨਾਲ ਇਉਂ ਪੇਸ਼ ਕੀਤਾ

ਵੀਰਾ ਅੰਮੜੀ ਜਾਇਆ ਜਾਹ ਨਾਹੀ, ਸਾਨੂੰ ਨਾਲ ਫਿਰਾਕ ਦੇ ਮਾਰ ਨਾਹੀ ।
……….
ਭਾਈ ਮਰਨ ਤੇ ਪੌਦੀਆਂ ਭੱਜ ਬਾਹਾਂ, ਭਾਈ ਗਿਆਂ ਜੇਡੀ ਕਾਈ ਹਾਰ ਨਾਹੀ ।
ਦਰਦ ਭਿੱਜੇ ਇਨ੍ਹਾਂ ਬੋਲਾਂ ਨੂੰ ਦਸ ਹਜ਼ਾਰ ਤੋਂ ਵ¤ਧ ਸੁਰੋਤਿਆਂ ਨੇ ਸਾਹ ਰੋਕ ਕੇ ਸੁਣਿਆ । ਇਹ ਗੀਤ ਮੁ¤ਕਣਸਾਰ ਕੈਫੀ ਆਜ਼ਮੀ ਦੀ ਜੀਵਨ ਸਾਥਣ ਅਤੇ ਇਪਟਾ ਲਹਿਰ ਦੀ ਮਜ਼ਬੂਤ ਥੰਮ ਰਹੀ ਕਲਾਕਾਰ ਸ਼ੌਕਤ ਆਜ਼ਮੀ ਇਕ ਦਮ ਮੰਚ ਤੇ ਆਈ ਤੇ ਬੋਲੀ,

ਐ ਪੰਜਾਬ ਵਾਲੋ ! ਇਤਨਾ ਕੀਮਤੀ ਹੀਰਾ ਛੁਪਾਈ ਬੈਠੇ ਹੋ, ਮੇਰਾ ਸਾਰਾ ਕੁਝ ਲੇ ਲੋ, ਮੁਝੇ ਅਮਰਜੀਤ ਗੁਰਦਾਸਪੁਰੀ ਦੇ ਦੋ । ਇਸਨੇ ਜੋ ਪੰਜਾਬ ਕਾ ਦਰਦ ਗਾਇਆ ਹੈ, ਕਾਸ਼ ਵੋਹ ਮੇਰਾ ਹਿੱਸਾ ਬਨ ਜਾਏ ਔਰ ਵੋਹ ਦਿਨ ਕਭੀ ਨਾ ਆਏ ਜਬ ਹਿੰਦੂ ਭਾਈਓਂ ਕੇ ਜਾਨੇ ਕਾ ਰੁਦਨ ਅਮਰਜੀਤ ਗੁਰਦਾਸਪੁਰੀ ਜੈਸੇ ਕਲਾਕਾਰੋਂ ਕੋ ਫਿਰ ਕਰਨਾ ਪੜੇ ।
ਸ. ਜਗਦੇਵ ਸਿੰਘ ਜਸੋਵਾਲ ਅਤੇ ਪੰਜਾਬੀ ਨਾਵਲਕਾਰ ਰਾਮ ਸਰੂਪ ਅਣਖੀ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿਉਂਕਿ ਉਸ ਰਾਤ ਸਾਡਾ ਸਾਰਿਆ ਦਾ ਟਿਕਾਣਾ ਜਸੋਵਾਲ ਸਾਹਿਬ ਦਾ ਚੁਬਾਰਾ ਹੀ ਸੀ । ਇਥੇ ਹੀ ਅਮਰਜੀਤ ਗੁਰਦਾਸਪੁਰੀ ਨੇ ਆਪਣੇ ਗੀਤਾਂ ਨਾਲ ਰਾਮ ਸਰੂਪ ਅਣਖੀ ਨੂੰ ਕੀਲਿਆ।

ਅਮਰਜੀਤ ਗੁਰਦਾਸਪੁਰੀ ਸਾਹਿਤ ਸਿਰਜਣਾ ਦੇ ਸਮਾਂਨਅੰਤਰ ਤੁਰਦਾ ਉਹ ਉਹ ਕਲਾਕਾਰ ਹੈ ਜਿਸਨੇ ਸ਼ਿਵ ਕੁਮਾਰ ਬਟਾਲਵੀ ਤੋਂ ਲੈ ਕੇ ਮੇਰੇ ਵਰਗੇ ਅਨੇਕਾਂ ਲੋਕਾਂ ਨੂੰ ਸਾਹਿਤ ਸਿਰਜਣਾ ਲਈ ਥਾਪੜਾ ਦਿੱਤਾ । ਸ਼ਿਵ ਕੁਮਾਰ ਨੇ ਆਪ ਕਿਤੇ ਲਿਖਿਆ ਹੈ ਕਿ ਕਾਲੀ ਦਾਤਰੀ ਚੰਨਣ ਦਾ ਦਸਤਾ, ਲੱਛੀ ਕੁੜੀ ਵਾਢੀਆਂ ਕਰੇ  ਨੂੰ ਮੈਂ ਅਮਰਜੀਤ ਗੁਰਦਾਸਪੁਰੀ ਦੀ ਬੰਬੀ ਤੇ ਬਹਿ ਕੇ ਲਿਖਿਆ ਸੀ । ਸ਼ਿਵ ਕੁਮਾਰ ਨੂੰ ਅੰਮ੍ਰਿਤਸਰ ਦੀਆਂ ਸਾਹਿਤਕ ਮਹਿਫ਼ਲਾਂ ਵਿਚ ਪਹਿਲੀ ਵਾਰ ਗੁਰਦਾਸਪੁਰੀ ਹੀ ਲੈ ਕੇ ਗਿਆ । ਜਿਸ ਦਾ ਵੇਰਵਾ ਪ੍ਰੋਫ਼ੈਸਰ ਹਰਬੰਸ ਲਾਲ ਅਗਨੀਹੋਤਰੀ ਆਪਣੀ ਜੀਵਨ ਗਾਥਾ ਵਿਚ ਬੜੇ ਮਾਣ ਨਾਲ ਕਰਦੇ ਹਨ ਕਿ ਕਿਵੇਂ ਸ਼ਿਵ ਕੁਮਾਰ ਨੂੰ ਪਹਿਲੀ ਵਾਰ ਅਮਰਜੀਤ ਗੁਰਦਾਸਪੁਰੀ ਹੀ ਅੰਮ੍ਰਿਤਸਰ ਦੇ ਹਾਲ ਬਜ਼ਾਰ ਸਥਿੱਤ ਤੇਜ ਪ੍ਰਿੰਟਿੰਗ ਪ੍ਰੈਸ ਤੇ ਲੈ ਕੇ ਆਇਆ ਜੋ ਉਨ੍ਹੀ ਦਿਨੀਂ ਸਾਹਿਤਕ ਸਭਿਆਚਾਰਕ ਸਰਗਰਮੀਆਂ ਦਾ ਮੁੱਖ ਕੇਂਦਰ ਸੀ ।

ਸ਼ਿਵ ਕੁਮਾਰ ਬਟਾਲਵੀ ਦੀ ਕਰਤਾਰ ਸਿੰਘ ਬਲੱਗਣ ਨਾਲ ਮੁਲਾਕਾਤ ਵੀ ਅਮਰਜੀਤ ਗੁਰਦਾਸਪੁਰੀ ਨੇ ਹੀ ਕਰਵਾਈ ਜੋ ਉਸ ਵੇਲੇ ਮਾਸਕ ਪੱਤਰ ਕਵਿਤਾ ਦੇ ਸੰਪਾਦਕ ਸਨ । ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਦੀ ਕਾਵਿ ਪ੍ਰੰਪਰਾ ਵਿਚ ਸਭ ਤੋਂ ਸੁਰੀਲਾ ਨਾਮ ਕਰਤਾਰ ਸਿੰਘ ਬਲੱਗਣ ਦਾ ਸੀ, ਜਿਸਨੇ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਲਈ ਕਈ ਵਿਸ਼ੇਸ਼ ਗੀਤ ਲਿਖੇ, ਉਨ੍ਹਾਂ ਵਿਚੋਂ ਕੁਝ ਗੀਤ ਤਾਂ ਸਿਰਫ਼ ਅਮਰਜੀਤ ਨੇ ਹੀ ਗਾਏ ਹਨ । ਮਿਸਾਲ ਦੇ ਤੌਰ ਤੇ

ਚਿੱਟੀ-ਚਿੱਟੀ ਪਗੜੀ ਤੇ ਘੁੱਟ-ਘੁੱਟ ਬੰਨ,
ਭਲਾ ਵੇ ਮੈਨੂੰ ਤੇਰੀ ਸਹੁੰ ਈ,
ਵਿਚ ਵੇ ਗੁਲਾਬੀ ਫੁੱਲ ਟੰਗਿਆ ਕਰ ।

ਠੰਡੇ ਬੁਰਜ ਵਿਚੋਂ ਇਕ ਦਿਨ ਦਾਦੀ ਮਾਤਾ,
ਪਈ ਹੱਸ-ਹੱਸ ਬੱਚਿਆਂ ਨੂੰ ਤੋਰੇ ।

ਸਿੰਘਾ ਜੇ ਚੱਲਿਆ ਚਮਕੌਰ, ਉਥੇ ਸੁੱਤੇ ਨੀ ਦੋ ਭੌਰ ।
ਧਰਤੀ ਚੁੰਮੀਂ ਕਰਕੇ ਗੌਰ, ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ ।
ਮਹਿੰਗੇ ਮੁਲ ਲਈਆਂ ਪ੍ਰਭਾਤਾਂ ।
ਵੇ ਮੁੜ ਆ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ ।
ਕਣਕਾਂ ਨਿਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ ।

ਅਮਰਜੀਤ ਗੁਰਦਾਸਪੁਰੀ ਨੇ ਪੰਜਾਬੀ ਸਾਹਿਤ ਸਭਾ ਧਿਆਨ ਪੁਰ ਦੇ ਬਾਨੀ ਪ੍ਰਧਾਨ ਵਜੋਂ ਜ਼ਿਲ੍ਹਾ ਗੁਰਦਾਸਪੁਰ ਦੀ ਸਾਹਿਤਕ ਲਹਿਰ ਨੂੰ ਵੀ ਲੰਮਾ ਸਮਾਂ ਦਿਸ਼ਾ ਨਿਰਦੇਸ਼ ਦਿੱਤਾ । ਉਸ ਦੀ ਅਗਵਾਈ ਕਰਕੇ ਹੀ ਇਸ ਇਲਾਕੇ ਵਿਚ ਪ੍ਰਿੰਸੀਪਲ ਸੁਜਾਨ ਸਿੰਘ, ਮੋਹਣ ਕਾਹਲੋਂ, ਵਰਿਆਮ ਸਿੰਘ ਸੰਧੂ, ਜਸਵੰਤ ਸਿੰਘ ਰਾਹੀ, ਸ਼ਮਸ਼ੇਰ ਸਿੰਘ ਸੰਧੂ ਵਰਗੇ ਲਿਖਾਰੀ ਇਸ ਸਭਾ ਦੇ ਸਮਾਗਮ ਵਿਚ ਅਕਸਰ ਆਉਂਦੇ ਰਹੇ ।

ਮੈਨੂੰ ਉਹ ਦਿਨ ਵੀ ਯਾਦ ਹੈ ਜਦ ਅਜੇ ਦੂਰਦਰਸ਼ਨ ਕੇਂਦਰ ਜਲੰਧਰ ਨਹੀਂ ਸੀ ਜੰਮਿਆ । ਪੰਜਾਬ ਵਿਚ ਸਿਰਫ਼ ਉਦੋਂ ਅੰਮ੍ਰਿਤਸਰ ਤੋਂ ਹੀ ਖ਼ਬਰਾਂ ਦਾ ਬੁਲਿਟਨ ਤਿਆਰ ਹੁੰਦਾ ਸੀ । ਇਕ ਸ਼ਾਮ ਅਮਰਜੀਤ ਗੁਰਦਾਸਪੁਰੀ ਦੇ ਅੰਗ-ਸੰਗ ਮੈਂ ਦੂਰਦਰਸ਼ਨ ਦੇ ਨਿੱਕੇ ਜਿਹੇ ਕੋਠੀ ਨੁਮਾ ਦਫ਼ਤਰ ਵਿਚ ਅੰਮ੍ਰਿਤਸਰ ਗਿਆ । ਜਿੱਥੇ ਗੋਵਰਧਨ ਸ਼ਰਮਾ ਖ਼ਬਰ ਵਾਚਕ ਸੀ, ਕਰਮਜੀਤ ਸਿੰਘ ਖ਼ਬਰਾਂ ਦਾ ਸਕਰਿਪਟ ਰਾਈਟਰ ਸੀ ਤੇ ਹਰਜੀਤ ਸਿੰਘ ਪਾਰਟ ਟਾਈਮ ਗ੍ਰਾਫਿਕ ਕਲਾਕਾਰ ਸੀ । ਚਾਹ ਦਾ ਪਿਆਲਾ ਸਾਰਿਆਂ ਨੇ ਯੋਜਨਾ ਬਣਾਈ ਕਿ ਅਮਰਜੀਤ ਗੁਰਦਾਸਪੁਰੀ ਨੂੰ ਟੈਲੀਵੀਜ਼ਨ ਲਈ ਦਿੱਲੀ ਵਾਲਿਆ ਨੂੰ ਆਖ ਕੇ ਰਿਕਾਰਡ ਕਰਵਾਈਏ । ਲਗਪਗ 32 ਵਰ੍ਹੇ ਬੀਤਣ ਮਗਰੋਂ ਅੱਜ ਜਦੋਂ ਉਹੀ ਗੋਵਰਧਨ ਸ਼ਰਮਾ ਦੂਰਦਰਸ਼ਨ ਕੇਂਦਰ ਦਾ ਸਟੇਸ਼ਨ ਡਾਇਰੈਕਟਰ ਹੈ, ਕਰਮਜੀਤ ਸਿੰਘ ਪੰਜਾਬੀ ਟਰਬਿਊਨ ਦੇ ਸਹਾਇਕ ਸੰਪਾਦਨ ਵਜੋਂ ਸੇਵਾ ਮੁਕਤ ਹੋ ਚੁੱਕਾ ਹੈ । ਹਰਜੀਤ ਸਿੰਘ ਵੀ ਦੂਰਦਰਸ਼ਨ ਦੀ ਉਚੇਰੀ ਕੁਰਸੀ ਨੂੰ ਉਮਰੋਂ ਪਹਿਲਾਂ ਤਿਆਗ ਕੇ ਜਲੰਧਰ ਵਿਚ ਟੈਲੀਵੀਜ਼ਨ ਇੰਸਟੀਚਿਊਟ ਚਲਾ ਰਿਹਾ ਹੈ ਪਰ ਅਮਰਜੀਤ ਗੁਰਦਾਸਪੁਰੀ ਅਜੇ ਵੀ ਦੂਰਦਰਸ਼ਨ ਦਾ ਸਕਰੀਨ ਹਿੱਸਾ ਨਹੀਂ ਬਣ ਸਕਿਆ। ਹਾਂ ਇੱਕ ਵਾਰ ਗਲਤੀ ਨਾਲ ਕਿਸੇ ਮਿੱਤਰ ਨੇ ਉਸਨੂੰ ਬੁਲਾ ਲਿਆ ਪਰ ਨਾਲ ਹੀ ਸਾਜਿੰਦੇ ਨਾ ਲਿਆਉਣ ਕਾਰਨ ਤਲਖ਼ਕਲਾਮੀ ਕੀਤੀ, ਜਿਸਦੇ ਵਿਰੋਧ ਵਜੋਂ ਅਮਰਜੀਤ ਨੇ ਰਿਕਾਰਡਿੰਗ ਕਰਵਾਉਣ ਤੋਂ ਇਨਕਾਰ ਕਰ ਦਿੱਤਾ ।

ਸਵੈਮਾਣ ਅਤੇ ਆਪਣੇ ਆਦਰਸ਼ ਤੇ ਪਹਿਰੇਦਾਰੀ ਦੇ ਰਿਹਾ ਅਮਰਜੀਤ ਗੁਰਦਾਸਪੁਰੀ ਆਪ 1962 ਤੋਂ ਲਗਾਤਾਰ ਅਕਾਸ਼ ਬਾਣੀ ਜਲੰਧਰ ਦਾ ਏ ਗਰੇਡ ਕਲਾਕਾਰ ਰਿਹਾ ਹੈ । ਉਸਦੇ ਗਾਏ ਗੀਤਾਂ ਨੂੰ ਅਕਾਸ਼ ਬਾਣੀ ਤੋਂ ਬਿਨਾਂ ਹੋਰ ਕਿਤਿਓਂ ਨਹੀਂ ਸੁਣਿਆ ਜਾ ਸਕਦਾ ਕਿਉਂਕਿ ਵਪਾਰਕ ਕੰਪਨੀਆਂ ਨਾਲ ਸਮਝੌਤਾ ਉਸਨੇ ਕੀਤਾ ਨਹੀਂ ਅਤੇ ਦੂਰਦਰਸ਼ਨ ਦੀ ਲਾਲ ਫੀਤਾਸ਼ਾਹੀ ਨੂੰ ਉਸਨੇ ਕਦੇ ਪੱਠੇ ਨਹੀਂ ਪਾਏ । ਉਸਦੇ ਯਤਨਾਂ ਸਦਕਾ ਹੀ ਇਸ ਇਲਾਕੇ ਵਿਚ ਸੰਗੀਤ ਨੂੰ ਵੀ ਅਜਿਹੇ ਸੁਰੀਲੇ ਲੋਕ ਮਿਲੇ ਜਿੰਨ੍ਹਾਂ ਨੇ ਕਦੇ ਅਸ਼ਲੀਲ ਬੋਲਾਂ ਨਾਲ ਆਪਣੇ ਕੰਠ ਤੇ ਨਹੀਂ ਲਿਆਂਦਾ। ਮਿਸਾਲ ਦੇਣੀ ਹੋਵੇ ਤਾਂ ਅਕਾਸ਼ ਬਾਣੀ ਜਲੰਧਰ ਤੋਂ ਲੋਕ ਗੀਤ ਗਾਉਣ ਵਾਲੇ ਇਸ ਇਲਾਕੇ ਦੇ ਕਲਾਕਾਰਾਂ ਸਵ: ਜਗੀਰ ਸਿੰਘ ਤਾਲਬ, ਅਮਰੀਕ ਸਿੰਘ ਦੱਤ, ਸਵ: ਹਰਦੇਵ ਸਿੰਘ ਖੁਸ਼ਦਿਲ, ਕਸ਼ਮੀਰ ਸਿੰਘ ਸ਼ੰਭੂ, ਹਰਭਜਨ ਸਿੰਘ ਮਲਕਪੁਰੀ ਦਾ ਹਵਾਲਾ ਦਿੱਤਾ ਜਾ ਸਕਦਾ ਹੈ । ਮੈਂ ਇਹ ਗੱਲ ਹਮੇਸ਼ਾਂ ਚੇਤੇ ਕਰਕੇ ਆਪਣੇ ਆਪ ਨੂੰ ਵਡਿਆ ਲੈਂਦਾ ਹਾਂ ਕਿ ਮੇਰਾ ਇਕ ਪੁਰਖਾ ਅਮਰਜੀਤ ਗੁਰਦਾਸਪੁਰੀ ਹੈ ਜਿਸਦੇ ਗੀਤਾਂ ਨੂੰ ਬਚਪਨ ਤੋਂ ਸੁਣਦਿਆਂ-ਸੁਣਦਿਆਂ ਆਪਣੇ ਅੰਦਰ ਉਹ ਨਿਜ਼ਾਮ ਉਸਾਰ ਲਿਆ ਹੈ ਜਿਸਨੂੰ ਲੋਕ ਸੰਗੀਤ ਸੂਝ ਆਖਦੇ ਨੇ । ਮੈਂ ਇਕੱਲਾ ਨਹੀਂ ਮੇਰੇ ਨਾਲ ਤੁਰਦੇ ਕਾਫ਼ਲੇ ਵਿਚ ਸ਼ਮਸ਼ੇਰ ਸਿੰਘ ਸੰਧੂ ਵੀ ਹੈ, ਗੁਰਪ੍ਰੀਤ ਸਿੰਘ ਤੂਰ ਵੀ ਹੈ ਅਤੇ ਸ: ਜਗਦੇਵ ਸਿੰਘ ਜਸੋਵਾਲ ਵੀ , ਜਿਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਅਮਰਜੀਤ ਗੁਰਦਾਸਪੁਰੀ ਨੂੰ ਲਗਾਤਾਰ ਸੁਣਿਆ ਅਤੇ ਮਾਣਿਆਂ ਹੈ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>