ਮੁੰਬਈ-ਗ਼ਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। 23 ਸਤੰਬਰ ਨੂੰ ਬਰੇਨ ਹੈਮਰੇਜ ਹੋਣ ਕਰਕੇ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਸੀ। ਲੇਕਨ ਡਾਕਟਰਾਂ ਵਲੋਂ ਉਨ੍ਹਾਂ ਨੂੰ ਬਚਾਈ ਰੱਖਣ ਦੀਆਂ ਸਾਰੀਆਂ ਹੀ ਕੋਸਿਸ਼ਾਂ ਨਾਕਾਮ ਰਹੀਆਂ। ਉਹ 70 ਸਾਲਾਂ ਦੇ ਸਨ। ਉਨ੍ਹਾਂ ਦਾ ਜਨਮ ਰਾਜਸਥਾਨ ਦੇ ਸ੍ਰੀਗੰਗਾਨਗਰ ਵਿਖੇ 8 ਫਰਵਰੀ, 1941 ਨੂੰ ਹੋਇਆ ਸੀ। ਉਨ੍ਹਾਂ ਦੇ ਬਚਪਨ ਦਾ ਨਾਮ ਜਗਮੋਹਨ ਸਿੰਘ ਸੀ ਪਰੰਤੂ ਬਾਅਦ ਵਿਚ ਉਨ੍ਹਾਂ ਦਾ ਨਾਮ ਬਦਲਕੇ ਜਗਜੀਤ ਸਿੰਘ ਰੱਖ ਦਿੱਤਾ ਗਿਆ।
ਭਾਰਤੀ ਗ਼ਜ਼ਲਾਂ ਗਾਇਕਾਂ ਦੀ ਜਦੋਂ ਵੀ ਗੱਲ ਛਿੜਦੀ ਤਾਂ ਜਗਜੀਤ ਸਿੰਘ ਦਾ ਨਾਮ ਉਨ੍ਹਾਂ ਵਿਚ ਸਭ ਤੋਂ ਉਪਰ ਆਉਂਦਾ ਰਿਹਾ। ਇਥੋਂ ਤੱਕ ਕਿ ਜਿਸ ਦਿਨ ਉਨ੍ਹਾਂ ਨੂੰ ਬਰੇਨ ਹੈਮਰੇਜ ਦਾ ਦੌਰਾ ਪਿਆ ਉਸ ਸ਼ਾਮ ਨੂੰ ਉਨ੍ਹਾਂ ਦਾ ਗ਼ਜ਼ਲਾਂ ਦਾ ਸਾਂਝਾ ਪ੍ਰੋਗਰਾਮ ਪਾਕਿਸਤਾਨ ਦੇ ਮਸ਼ਹੂਰ ਗ਼ਜ਼ਲ ਗਾਇਕ ਗੁਲਾਮ ਅਲੀ ਦੇ ਨਾਲ ਸੀ। ਜਗਜੀਤ ਸਿੰਘ ਨੂੰ ਉਨ੍ਹਾਂ ਦੀ ਗਾਇਕੀ ਕਰਕੇ ਅਨੇਕਾਂ ਸਨਮਾਨ ਮਿਲੇ ਜਿਨ੍ਹਾਂ ਚੋਂ ਭਾਰਤ ਦੇ ਰਾਸ਼ਟਰਪਤੀ ਵਲੋਂ ਦਿੱਤਾ ਗਿਆ ਪਦਮ ਭੂਸ਼ਣ ਦਾ ਸਨਮਾਨ ਵੀ ਸੀ। ਉਨ੍ਹਾਂ ਨੇ ਉਰਦੂ, ਪੰਜਾਬੀ, ਹਿੰਦੀ, ਭੋਜਪੁਰੀ, ਬੰਗਲਾ, ਗੁਜਰਾਤੀ, ਨੇਪਾਲੀ ਅਤੇ ਹੋਰਨਾਂ ਕਈ ਜ਼ਬਾਨਾਂ ਵਿਚ ਆਪਣੀਆਂ ਗ਼ਜ਼ਲਾਂ ਅਤੇ ਗੀਤ ਗਾਏ। ਦਮ ਤੋੜ ਰਹੀ ਗਜ਼ਲਾਂ ਦੀ ਰਵਾਇਤ ਨੂੰ ਜਗਜੀਤ ਸਿੰਘ ਨੇ ਇਕ ਨਵੀਂ ਰੂਹ ਪ੍ਰਦਾਨ ਕੀਤੀ। ਉਨ੍ਹਾਂ ਤੋਂ ਉਪਰੰਤ ਭਾਰਤ ਵਿਚ ਅਨੇਕਾਂ ਗ਼ਜ਼ਲ ਗਾਇਕਾਂ ਨੇ ਇਸ ਹੁਨਰ ਨੂੰ ਅਪਨਾਇਆ।
ਜਗਜੀਤ ਸਿੰਘ ਨੇ ਚਿੱਤਰਾ ਸਿੰਘ ਨਾਲ ਵਿਆਹ ਕੀਤਾ। ਇਸਦੇ ਨਾਲ ਹੀ ਗਾਇਕਾ ਚਿੱਤਰਾ ਸਿੰਘ ਨੇ ਜਗਜੀਤ ਸਿੰਘ ਨੇ ਨਾਲ ਮਿਲਕੇ ਅਨੇਕਾਂ ਗੀਤ, ਸ਼ਬਦ, ਭਜਨ ਅਤੇ ਗਜ਼ਲਾਂ ਗਾਈਆਂ। 1990 ਵਿਚ ਇਕ ਹਾਦਸੇ ਦੌਰਾਨ ਇਨ੍ਹਾਂ ਦਾ ਬੇਟਾ ਵਿਵੇਕ ਅਕਾਲ ਚਲਾਣਾ ਕਰ ਗਿਆ। ਇਸਤੋਂ ਉਪਰੰਤ ਚਿੱਤਰਾ ਸਿੰਘ ਨੇ ਗਾਣਾ ਬੰਦ ਕਰ ਦਿੱਤਾ।
ਉਨ੍ਹਾਂ ਦੀਆਂ ਸਾਰੀਆਂ ਹੀ ਗ਼ਜ਼ਲਾਂ ਇੰਨੀਆਂ ਸਾਦਾ ਢੰਗ ਨਾਲ ਗਾਈਆਂ ਹੋਈਆਂ ਹੁੰਦੀਆਂ ਸਨ ਕਿ ਲੋਕਾਂ ਦੀ ਜ਼ੁਬਾਨ ‘ਤੇ ਇਕ ਦਮ ਚੜ੍ਹ ਜਾਂਦੀਆਂ। ਉਹ 50 ਤੋਂ ਵੱਧ ਐਲਬਮਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਸਨ। ਉਨ੍ਹਾਂ ਨੇ ਅਨੇਕਾਂ ਫਿ਼ਲਮਾਂ ਵਿਚ ਵੀ ਗੀਤ ਅਤੇ ਗਜ਼ਲਾਂ ਗਾਈਆਂ।
ਉਨ੍ਹਾਂ ਦੀ ਮੌਤ ਨਾਲ ਸਾਰੇ ਦੇਸ਼ ਵਿਚ ਇਕ ਸੋਗ ਦੀ ਲਹਿਰ ਦੌੜ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਉਹ ਆਪ ਜਗਜੀਤ ਸਿੰਘ ਦੇ ਪ੍ਰਸੰਸਕਾਂ ਵਿਚ ਇਕ ਹਨ। ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਨੇ ਜਗਜੀਤ ਸਿੰਘ ਦੀ ਮੌਤ ਦਾ ਸੁਣਕੇ ਕਿਹਾ ਕਿ ਉਨ੍ਹਾਂ ਨੂੰ ਇਹ ਸੁਣਕੇ ਬਹੁਤ ਗਹਿਰਾ ਸਦਮਾ ਲੱਗਿਆ ਹੈ। ਉਨ੍ਹਾਂ ਨੂੰ ਸੰਗੀਤ ਦੇ ਪ੍ਰਤੀ ਅਥਾਹ ਲਗਨ ਸੀ। ਪੰਕਜ ਉਦਾਸ ਨੇ ਵੀ ਉਨ੍ਹਾਂ ਦੀ ਮੌਤ ਦੇ ਗਹਿਰਾ ਦੁੱਖ ਪ੍ਰਗਟਾਇਆ। ਮਸ਼ਹੂਰ ਉਰਦੂ ਸ਼ਾਇਰ ਕੈਫ਼ੀ ਆਜ਼ਮੀ ਦੇ ਬੇਟੀ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਕਲਾ ਦੀ ਇਸ ਦੁਨੀਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ। ਭਾਰਤ ਵਿਚ ਗਜ਼ਲ ਦੀ ਦੁਨੀਆਂ ਵਿਚ ਉਨ੍ਹਾਂ ਦੇ ਯੋਗਦਾਨ ਦਾ ਕੋਈ ਮੁਕਾਬਲਾ ਨਹੀਂ। ਜਗਜੀਤ ਸਿੰਘ ਦੀ ਮੌਤ ਨੂੰ ਉਨ੍ਹਾਂ ਨੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਆਸ਼ਾ ਭੋਂਸਲੇ ਨੇ ਉਨ੍ਹਾਂ ਨੂੰ ਇਕ ਬਹੁਤ ਹੀ ਸਹਿਨਸ਼ੀਲ ਇਨਸਾਨ ਅਤੇ ਆਦਰਸ਼ ਸ਼ਖ਼ਸੀਅਤ ਦਾ ਮਾਲਕ ਦਸਿਆ।
ਇਨ੍ਹਾਂ ਤੋਂ ਇਲਾਵਾ ਜਾਵੇਦ ਅਖ਼ਤਰ, ਮਹੇਸ਼ ਭੱਟ, ਭਾਜਪਾ ਦੀ ਲੀਡਰ ਸੁਸ਼ਮਾ ਸਵਰਾਜ, ਗਾਇਕਾ ਸ਼ਰੀਆ ਘੋਸ਼ਾਲ, ਫਿਲਮਕਾਰ ਸ਼ੇਖਰ ਕਪੂਰ, ਸ਼ਾਸਤਰੀ ਸੰਗੀਤ ਗਾਇਕ ਪੰਡਤ ਜਸਰਾਜ, ਕਰਨ ਜੌਹਰ, ਪ੍ਰੀਤੀ ਜਿ਼ੰਟਾ ਅਤੇ ਹੋਰ ਅਨੇਕਾਂ ਸ਼ਖਸੀਅਤਾਂ ਨੇ ਉਨ੍ਹਾਂ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।