ਕਾਹਿਰਾ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਿਸਰ ਵਿੱਚ ਈਸਾਈਆਂ ਅਤੇ ਸੁਰੱਖਿਆ ਬਲਾਂ ਵਿੱਚਕਾਰ ਹੋਈਆਂ ਝੜਪਾਂ ਤੇ ਚਿੰਤਾ ਜਾਹਿਰ ਕੀਤੀ ਹੈ। ਇਨ੍ਹਾਂ ਝੜਪਾਂ ਦੌਰਾਨ 25 ਲੋਕ ਮਾਰੇ ਗਏ ਹਨ ਅਤੇ 170 ਦੇ ਕਰੀਬ ਜਖਮੀ ਹੋਏ ਹਨ। ਵਾਈਟ ਹਾਊਸ ਵਲੋਂ ਇੱਕ ਬਿਆਨ ਵਿੱਚ ਕਾਪਟਿਕ ਈਸਾਈਆਂ ਦੀ ਰੱਖਿਆ ਕੀਤੇ ਜਾਣ ਅਤੇ ਚੋਣਾਂ ਮਿਥੇ ਹੋਏ ਸਮੇਂ ਤੇ ਕਰਵਾਉਣ ਦਾ ਜਿਕਰ ਕੀਤਾ ਗਿਆ ਹੈ।
ਮਿਸਰ ਦੀ ਸਤਾਧਾਰੀ ਸੈਨਿਕ ਪ੍ਰੀਸ਼ਦ ਨੇ ਇਸ ਘਟਨਾ ਦੀ ਜਲਦੀ ਜਾਂਚ ਕਰਨ ਦੇ ਅਦੇਸ਼ ਦਿੱਤੇ ਹਨ। ਈਸਾਈ ਭਾਈਚਾਰੇ ਨੇ ਇਹ ਅਰੋਪ ਲਗਾਇਆ ਹੈ ਕਿ ਕਟੜਪੰਥੀ ਮੁਸਲਮਾਨਾਂ ਦੇ ਹਮਲਿਆਂ ਤੋਂ ਬਚਾਉਣ ਲਈ ਸੁਰੱਖਿਆ ਬਲਾਂ ਨੇ ਯੋਗ ਕਦਮ ਨਹੀਂ ਉਠਾਏ।ਮਿਸਰ ਵਿੱਚ ਈਸਾਈਆਂ ਦੀ ਜਨਸੰਖਿਆ 10% ਹੈ।ਐਤਵਾਰ ਨੂੰ ਇਹ ਹਿੰਸਾ ਉਸ ਸਮੇਂ ਭੜਕੀ ਜਦੋਂ ਈਸਾਈ ਕਮਿਊਨਿਟੀ ਸਮੇਤ ਹੋਰ ਲੋਕ ਵੀ ਕਾਹਿਰਾ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਸਨ। ਵਿਖਾਵਾਕਾਰੀਆਂ ਦਾ ਕਹਿਣਾ ਹੈ ਕਿ ਸੁਰੱਕਿਆ ਦਲਾਂ ਨਾਲ ਝੜਪਾਂ ਤੋਂ ਪਹਿਲਾਂ ਸਾਦੀ ਵਰਦੀ ਵਿੱਚ ਕੁਝ ਲੋਕਾਂ ਨੇ ਉਨ੍ਹਾਂ ਉਪਰ ਹਮਲਾ ਕੀਤਾ।
ਮਿਸਰ ਵਿੱਚ 28 ਨਵੰਬਰ ਨੂੰ ਸੰਸਦੀ ਚੋਣਾਂ ਹੋਣੀਆਂ ਹਨ। ਸੈਨਿਕ ਪ੍ਰੀਸ਼ਦ ਦਾ ਕਹਿਣਾ ਹੈ ਕਿ ਚੋਣਾਂ ਤੈਅ ਸਮੇਂ ਤੇ ਹੀ ਹੋਣਗੀਆਂ। ਐਤਵਾਰ ਨੂੰ ਹੋਈ ਹਿੰਸਾ ਦੇ ਵਿਰੋਧ ਵਿੱਚ ਸੋਮਵਾਰ ਨੂੰ ਵੀ ਨਰਾਜ਼ ਲੋਕਾਂ ਦੀ ਭੀੜ੍ਹ ਸੜਕਾਂ ਤੇ ਉਤਰੀ। ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣ ਆਏ ਲੋਕ ਸੈਨਿਕ ਪ੍ਰੀਸ਼ਦ ਤੇ ਕਾਫ਼ੀ ਨਰਾਜ਼ ਵਿਖਾਈ ਦੇ ਰਹੇ ਸਨ।