ਸਰੌਦ ਦੇ ਇਕ ਪਿੰਡ ਓਪਨ ਕਬੱਡੀ ਮੁਕਾਬਲੇ ਵਿਚ ਮਤੋਈ ਜੇਤੂ ਰਿਹਾ

ਮਲੇਰਕੋਟਲਾ,(ਪਰਮਜੀਤ ਸਿੰਘ ਬਾਗੜੀਆ)- ਯੁਵਕ ਸੇਵਾਵਾਂ ਕਲੱਬ ਪਿੰਡ ਸਰੌਦ, ਸਮੂਹ ਨਗਰ ਪੰਚਾਇਤ ਅਤੇ ਪ੍ਰਵਾਸੀ ਸੱਜਣਾਂ ਵਲੋਂ 8ਵਾਂ ਪੇਂਡੂ ਖੇਡ ਮੇਲਾ ਕਰਵਾਇਆ ਗਿਆ। ਸ਼ਹੀਦ ਬਾਬਾ ਦਾਦੋ ਮਾਲਕੋ ਜੀ ਦੀ ਯਾਦ ਨੂੰ ਸਮਰਪਿਤ ਇਸ ਟੂਰਨਾਮੈਂਟ ਵਿਚ ਜਿਥੇ ਇਲਾਕੇ ਦੀਆਂ ਵੱਖ-ਵੱਖ ਸਿਆਸੀ ਤੇ ਸਮਾਜਿਕ ਹਸਤੀਆਂ ਨੇ ਭਰਵੀ ਹਾਜਰੀ ਲੁਆਈ ਉਥੇ ਇਸ ਪਿੰਡ ਦੇ ਟੋਰੰਟੋ ਵਸਦੇ ਪ੍ਰਸਿੱਧ ਪੱਤਰਕਾਰ ਹਰਵਿੰਦਰ ਸਿੰਘ ਬੱਬੀ ਮੰਡੇਰ ਦੇ ਸੱਦੇ ਤੇ ਕੈਨੇਡਾ ਤੇ ਇੰਗਲੈਂਡ ਖੇਡ ਕੇ ਆਏ ਕਬੱਡੀ ਦੇ ਪ੍ਰਸਿੱਧ ਖਿਡਾਰੀਆਂ ਨੇ ਦਰਸ਼ਕਾਂ ਨੁੰ ਆਪਣੇ ਅੰਤਰਰਾਸ਼ਟਰੀ ਖੇਡ ਤਜਰਬੇ ਦੇ ਜਲਵੇ ਵਿਖਾਏ। ਪ੍ਰਸਿੱਧ ਕੁਮੈਂਟੇਟਰ ਮੱਖਣ ਅਲੀ ਨੇ ਫਸਵੇ ਮੈਚਾਂ ਦੀ ਕੁਮੈਂਟਰੀ ਕਰਕੇ ਰੰਗ ਬੰਨ੍ਹਿਆ ਉਨ੍ਹਾਂ ਦਾ ਸਹਿਯੋਗ ਕ੍ਰਿਸ਼ਨ ਬਦੇਸ਼ਾ ਅਤੇ ਨਛੱਤਰ ਸਿੰਘ ਦਹਿਲੀਜ਼ ਨੇ ਦਿੱਤਾ। ਕਲੱਬ ਵਲੋਂ ਗੁਰਵਿੰਦਰ ਸਿੰਘ ਖਜਾਨਚੀ, ਨਾਇਬ ਸਿੰਘ ਬਬਲੀ, ਜਿੰਦਰੀ, ਜਸਵੀਰ ਸਿੰਘ ਲਾਲਾ, ਸਵਰਨਜੀਤ ਸਿੰਘ ਗੋਲੂ, ਬਿੱਟੂ, ਹੈਰੀ, ਜੈਲਦਾਰ ਬਲਜੀਵਨ ਸਿੰਘ,ਅਮਰੀਕ ਸਿੰਘ ਬੱਗਾ, ਅਵਤਾਰ ਸਿੰਘ ਰਟੌਲ ਤਾਰਾ ਫੀਡ, ਅਮਰੀਕ ਸਿੰਘ ਠੋਲੂ, ਕੁਲਵੰਤ ਸਿੰਘ ਯੂ.ਐਸ.ਏ., ਲਖਵੀਰ ਸਿੰਘ ਬਾਡੀ ਬਿਲਡਰ, ਗੁਰਜੀਤ ਸਿੰਘ ਹੈਪੀ, ਗਮਦੂਰ, ਬੇਅੰਤ ਸਿੰਘ ਭੋਲਾ, ਮਦਨ ਖਾਂ ਤੇ ਅਜੀਤਪਾਲ ਨੇ ਮੇਲੇ ਨੂੰ ਸਫਲ ਬਣਾਉਣ ਲਈ ਭਰਭੂਰ ਯਤਨ ਕੀਤੇ।

ਇਕ ਪਿੰਡ ਓਪਨ ਦੇ ਦੂਜੇ ਦੌਰ ਵਿਚ ਪੁੱਜੀਆਂ ਟੀਮਾਂ ਵਿਚੋਂ ਮਤੋਈ ਨੇ ਸੱਦੋਪੁਰ ਨੂੰ, ਰੱਬੋਂ ਨੇ ਸਰੌਦ ਨੂੰ, ਮੂਮ ਨੇ ਜੰਡਾਲੀ ਗਿੱਲ ਨੂੰ, ਮੰਡੀਆਂ ਨੇ ਚੌਂਦਾ ਨੂੰ ਅਤੇ ਚੁਪਕਾ ਨੇ ਝਨੇਰ ਨੂੰ ਹਰਾਇਆ। ਇਹਨਾਂ ਵਿਚੋਂ ਰੱਬੋਂ ਤੇ ਸਰੌਦ ਵਿਚਕਾਰ ਮੈਚ ਵਿਚ ਰੱਬੋਂ ਵਲੋਂ ਨਾਥ ਸੀਹਾਂਦੌਦ ਅਤੇ ਵਿੱਕੀ ਚਾਂਗਲੀ ਨੇ ਸ਼ਾਨਦਾਰ ਕਬੱਡੀਆਂ ਪਾਈਆਂ ਜਦਕਿ ਪ੍ਰਸਿੱਧ ਜਾਫੀ ਹਰਵਿੰਦਰ ਰੱਬੋਂ ਜੱਫੇ ਲਾ ਕੇ ਮੈਚ ਦਾ ਨਤੀਜਾ ਆਪਣੀ ਟੀਮ ਦੇ ਹੱਕ ਵਿਚ ਕਰਨ ਵਿਚ ਸਫਲ ਰਿਹਾ ਪਰ ਸਰੌਦ ਵਲੋਂ ਧਾਵੀ ਭੀਮ ਨੇ ਰੱਬੋਂ ਦੇ ਜਾਫੀਆਂ ਤੇ ਬੇਰੋਕ ਕਬੱਡੀਆਂ ਪਾਈਆਂ।

ਖੇਡ ਮੇਲੇ ਦਾ ਇਕ ਹੋਰ ਖੜਾਕੇਦਾਰ ਮੈਚ ਮਤੋਈ ਤੇ ਮੰਡੀਆਂ ਦੀਆਂ ਟੀਮਾਂ ਵਿਚਕਾਰ ਹੋਇਆ। ਮਤੋਈ ਵਲੋਂ ਬਾਵਾ ਮਤੋਈ ਤੇ ਬੱਬੂ ਮਾਂਗੇਵਾਲ ਨੇ ਚੜ੍ਹ-ਚੜ੍ਹ ਕੇ ਕਬੱਡੀਆਂ ਪਾਈਆਂ। ਪਰ ਮੰਡੀਆਂ ਦੇ ਜਾਫੀਆਂ ਨੂੰ ਢਾਕਾਂ ਮਾਰ ਮਾਰ ਕੇ  ਹੰਦਿਆਂ ਤੱਕ ਪਹੁੰਚਣ ਵਾਲੇ ਧਾਵੀ ਬਾਵਾ ਮਤੋਈ  ਨੂੰ ਜਦੋਂ ਲਾਡੀ ਮੰਡੀਆਂ ਨੇ ਦੋ ਵਾਰੀ ਜੱਫਾ ਲਾ ਕੇ ਟਾਈਮ ਓਵਰ ਕਰਵਾਇਆ ਤਾਂ ਦਰਸ਼ਕ ਅਸ਼ ਅਸ਼ ਕਰ ਉੱਠੇ। ਓਧਰ ਮੰਡੀਆਂ ਵਲੋਂ ਖੇਡੇ ਨੋਨਾ ਭੈਣੀ ਨੂੰ ਪਰਵੇਜ਼ ਮਤੋਈ ਤੇ ਹੈਪੀ ਰੁੜਕਾ ਵਲੋਂ ਇਕ ਇਕ ਜੱਫਾ ਲੱਗਣ ਨਾਲ ਮੈਚ ਬਰਾਬਰ ਚੱਲਣ ਲੱਗਿਆ ਅੰਤ ਮਤੋਈ ਨੇ ਇਹ ਮੈਚ 15 ਦੇ ਮੁਕਾਬਲੇ ਸਾਢੇ 15 ਅੰਕਾਂ ਨਾਲ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਤਿੰਨ ਟੀਮਾਂ ਵਿਚੋਂ ਰੱਬੋਂ ਨੂੰ ਸਿੱਧੀ ਫਾਈਨਲ ਦੀ ਵਾਈ ਮਿਲਣ ਕਰਕੇ ਮਤੋਈ ਨੂੰ ਫਿਰ ਦੂਜਾ ਸੈਮੀਫਾਈਨਲ ਚੁਪਕੇ ਦੀ ਟੀਮ ਨਾਲ ਖੇਡਣਾ ਪਿਆ ਜੋ ਮਤੋਈ ਨੇ ਸੌਖਿਆਂ ਹੀ ਜਿੱਤ ਲਿਆ।

ਇਸ ਦੌਰਾਨ ਖੇਡ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ. ਸੁਖਦੇਵ ਸਿੰਘ ਲਿਬੜਾ ਐਮ. ਪੀ. ਫਤਹਿਗੜ੍ਹ ਸਾਹਿਬ, ਸ. ਇਕਬਾਲ ਸਿੰਘ ਝੂੰਦਾ ਵਿਧਾਇਕ ਧੂਰੀ, ਸ੍ਰੀ ਰਮੇਸ਼ ਸਿੰਗਲਾ ਸਾਬਕਾ ਵਿਧਾਇਕ, ਸ. ਅਜੀਤ ਸਿੰਘ ਚੰਦੂਰਾਈਆਂ, ਸ. ਜੈਪਾਲ ਸਿੰਘ ਮੰਡੀਆਂ ਮੈਂਬਰ ਸ਼੍ਰੋਮਣੀ ਕਮੇਟੀ, ਸ. ਜਸਵੰਤ ਸਿੰਘ ਮੰਡੇਰ ਗੱਜਣ ਮਾਜਰਾ ਆਦਿ ਨੇ ਹਾਜਰੀ ਭਰੀ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਜੇਤੂ ਟੀਮਾਂ ਨੂੰ ਇਨਾਮ ਅਤੇ ਮਹਿਮਾਨਾਂ ਨੂੰ ਸਨਮਾਨ ਦਿੱਤੇ। ਕਲੱਬ ਵਲੋਂ ਇਲਾਕੇ ਦੇ ਚਾਰ ਪ੍ਰਸਿੱਧ ਕਬੱਡੀ ਖਿਡਾਰੀਆਂ ਗੋਗੀ ਜਰਗੜੀ, ਲਾਡੀ ਮੰਡੀਆਂ, ਸੁੱਖੀ ਚੌਂਦਾ ਅਤੇ ਮਨੀ ਰੱਬੋਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਸਾਲ ਕੈਨੇਡਾ ਵਰਲਡ ਕੱਪ ਜਿੱਤਣ ਵਾਲੀ ਇੰਡੀਆ ਟੀਮ ਦੇ ਕੋਚ ਕੇ. ਐਸ. ਨਿੰਨੀ ਦਾ ਵੀ ਵਿਸੇ਼ਸ਼ ਸਨਮਾਨ ਕੀਤਾ ਗਿਆ।
ਫਾਈਨਲ ਮੈਚ ਤੱਕ ਸ਼ਾਮ ਦਾ ਘੁਸਮੁਸਾ ਹੋ ਚੁੱਕਾ ਸੀ। ਖੇਡ ਮੇਲੇ ਉਤੋਂ ਅਸਮਾਨ ‘ਤੇ ਕੂਜਾਂ ਦੀ ਡਾਰ ਵੀ ਆਪਣੇ ਆਲ੍ਹਣਿਆ ਨੂੰ ਵਾਪਸ ਪਰਤ ਰਹੀ ਸੀ ਪਰ ਹਜਾਰਾਂ ਦਰਸ਼ਕ ਅਜੇ ਰੱਬੋਂ ਤੇ ਮਤੋਈ ਵਿਚਕਾਰ ਹੋਣ ਵਾਲੇ ਫਾਈਨਲ ਮੈਚ ਨੂੰ ਵੇਖਣ ਲਈ ਪੈਰ ਗੱਡੀਂ ਖੜ੍ਹੇ ਸਨ। ਰੱਬੋਂ ਦੇ ਧਾਵੀ ਨਾਥ ਸੀਹਾਂਦੌਦ, ਵਿੱਕੀ ਚਾਂਗਲੀ ਤੇ ਗੁਰਦੀਪ ਨੂੰ ਮਤੋਈ ਦੇ ਜਾਫੀ ਹੈਪੀ ਰੁੜਕਾ, ਪੇਜ਼ੀ ਮਤੋਈ ਤੇ ਜੂਪੇ ਨੇ ਇਕ-ਇਕ ਜੱਫਾ ਲਾ ਦਿੱਤਾ। ਦੂਜੇ ਪਾਸੇ ਮਤੋਈ ਦੇ ਧਾਵੀ ਬਾਵਾ ਅਤੇ ਬੱਬੂ ਮਾਂਗੇਵਾਲ ਨੂੰ ਜਾਫੀ ਹਰਵਿੰਦਰ ਰੱਬੋਂ ਹੀ ਇਕ-ਇਕ ਜੱਫਾ ਲਾ ਸਕਿਆ। ਸਮੁੱਚੀ ਕਲੱਬ ਇਸ ਮੈਚ ਵਿਚ ਹਰ ਜੱਫੇ ‘ਤੇ ਸੁਖਜੀਵਵਨ ਸਿੰਘ ਸਰੌਦ, ਟੋਰੰਟੋ ਤੋਂ ਛਪਦੇ ਅਖਬਾਰ “ਡੇਲੀ ਪੰਜਾਬੀ” ਤੋਂ ਬੱਬੀ ਮੰਡੇਰ, ਰਸ਼ਪਾਲ ਬਰਾੜ ਵਲੋਂ ਵੀ ਲਗਾਤਾਰ ਨੋਟ ਲੱਗਦੇ ਰਹੇ। ਫਾਈਨਲ ਮੈਚ ਮਤੋਈ ਨੇ 10 ਦੇ ਮੁਕਾਬਲੇ ਸਾਢੇ 12 ਅੰਕਾਂ ਨਾਲ ਜਿੱਤ ਕੇ ਇਕ ਪਿੰਡ ਓਪਨ ਦੇ ਕੱਪ ‘ਤੇ ਕਬਜਾ ਕਰ ਲਿਆ। ਇਸ ਤਰ੍ਹਾਂ ਸਰੌਦ ਦਾ ਖੇਡ ਮੇਲਾ ਯਦਾਗਾਰੀ ਬਣ ਗਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>