ਦਾਦੇ ਦੀ ਬੀਮਾਰੀ ਦਾ ਬਹਾਨਾ ਬਣਾਕੇ ਐਡਮਿੰਟਨ ਤੋਂ ਟੋਰਾਂਟੋ ਗਈ ਵਿਆਹੁਤਾ ਮੁਟਿਆਰ ਵੱਲੋਂ ਪਤੀ ਨਾਲ ਧੋਖਾ

* ਨੌਜਵਾਨ ਪਤੀ ਵੱਲੋਂ ਇਮੀਗ੍ਰੇਸ਼ਨ ਵਿਭਾਗ ਅਤੇ ਉਚ ਅਧਿਕਾਰੀਆਂ ਨੂੰ ਸ਼ਿਕਾਇਤਾਂ

ਐਡਮਿੰਟਨ – ਕੈਨੇਡਾ  ਪੁੱਜਣ ਲਈ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਜਿਹਨਾਂ ਵਿਚ ਕਿਸੇ ਨੌਜਵਾਨ ਜਾਂ ਮੁਟਿਆਰ ਵੱਲੋਂ ਵਿਆਹ ਰਚਾ ਕੇ ਕੈਨੇਡਾ ਪੁੱਜਣ ਉਪਰੰਤ ਆਪਣੇ ਜੀਵਨ ਸਾਥੀ ਨੂੰ  ਧੋਖਾ ਦੇਕੇ ਫਰਾਰ ਹੋ ਗਏ। ਕੈਨੇਡਾ ਸਰਕਾਰ ਵੱਲੋਂ ਵਿਆਹ ਨੂੰ ਕੈਨੇਡਾ ਪੁੱਜਣ ਦਾ ਜ਼ਰੀਆ ਬਣਾਉਣ ਵਾਲੇ ਮੁੰਡੇ-ਕੁੜੀਆਂ ਖਿਲਾਫ ਇਕ ਸਖਤ ਕਨੂੰਨ ਲਿਆਂਦਾ ਜਾ ਰਿਹਾ ਪਰ ਇਸਦੇ ਬਾਵਜੂਦ ਵਿਆਹ ਦੇ ਨਾਮ ’ਤੇ ਇਹ ਠੱਗੀ ਦਾ ਸਿਲਸਲਾ ਜਾਰੀ ਹੈ। ਪਿਛਲੇ ਦਿਨੀਂ ਐਡਮਿੰਟਨ ਦੇ ਇਕ ਨੌਜਵਾਨ ਰਵਿੰਦਰ ਸਿੰਘ ਉਰਫ ਰਵੀ ਵੀ ਅਜਿਹੀ ਹੀ ਠੱਗੀ ਦਾ ਸ਼ਿਕਾਰ ਹੋਣ ਉਪਰੰਤ ਸਮਾਜਿਕ ਜ਼ਿਲਤ ਦਾ ਸਾਹਮਣਾ ਕਰਦਾ ਹੋਇਆ ਛਟਪਟਾ ਰਿਹਾ ਹੈ ਕਿ ਆਖਰ ਉਸਦਾ ਕਸੂਰ ਕੀ ਹੈ?

ਇਸ ਪੱਤਰਕਾਰ ਕੋਲ ਆਪਣਾ ਰੋਣਾ ਰੋਂਦਿਆਂ ਰਵਿੰਦਰ ਸਿੰਘ ਰਵੀ ਜੋ ਕਿ ਪੰਜਾਬ ਦੇ ਜ਼ਿਲਾ ਮੋਗਾ ਦੇ ਪਿੰਡ ਲੋਪੋਂ ਨਾਲ ਸਬੰਧਿਤ ਹੈ ਨੇ ਦੱਸਿਆ ਕਿ ਉਸਦੀ ਖੂਬਸੂਰਤ ਅਤੇ ਪੜ੍ਹੀ ਲਿਖੀ ਪਤਨੀ ਉਸ ਨਾਲ ਐਡਮਿੰਟਨ ਸ਼ਹਿਰ ਵਿਚ ਲਗਪਗ ਇਕ ਸਾਲ ਤੋਂ ਉਪਰ ਸਮਾਂ ਰਹਿਣ ਉਪਰੰਤ  ਪੀ ਆਰ ਕਾਰਡ ਹਾਸਲ ਕਰਦਿਆਂ ਹੀ ਟੋਰਾਂਟੋ ਉਡਾਰੀ ਮਾਰ ਗਈ। ਉਸਨੇ ਆਪਣੀ ਪਤਨੀ ਨੂੰ ਰਾਜੀ ਖੁਸ਼ੀ ਖੁਦ ਆਪਣੇ ਵੀਜ਼ਾ ਕਾਰਡ ਰਾਹੀਂ ਟੋਰਾਂਟੋ ਦੀ ਰਿਟਰਨ ਟਿਕਟ ਕਰਵਾਕੇ ਦਿੱਤੀ ਸੀ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਉਸਦੀ ਭੋਲੀ ਭਾਲੀ ਸੂਰਤ ਵਾਲੀ ਪਤਨੀ ਉਸ ਨਾਲ ਇਵੇਂ ਦਾ ਖਿਲਵਾੜ ਕਰੇਗੀ। ਪਤਨੀ ਨੇ ਬਹਾਨਾ ਲਗਾਇਆ ਕਿ ਉਸਦੇ ਟੋਰਾਂਟੋ ਰਹਿੰਦੇ ਦਾਦਾ ਜੀ ਬਹੁਤ ਬੀਮਾਰ ਹਨ ਜਿਹਨਾਂ ਦਾ ਉਹ ਪਤਾ ਲੈਣ ਜਾਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਉਸਦੀ ਪਤਨੀ ਦੇ ਦਾਦਾ ਜੀ ਸ ਬਖਸ਼ੀਸ਼ ਸਿੰਘ ਟੋਰਾਂਟੋ ਆਪਣੀ ਧੀ ਅਤੇ ਜਵਾਈ ਕੋਲ ਰਹਿੰਦੇ ਹਨ।  ਉਸਨੇ ਫੋਨ ਉਪਰ ਪਤਨੀ ਦੇ ਦਾਦਾ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੀ ਬੀਮਾਰੀ ਬਾਰੇ ਦੱਸਿਆ। ਉਸਨੇ ਯਕੀਨ ਕਰਦਿਆਂ ਆਪਣੀ ਪਤਨੀ ਨੂੰ ਟੋਰਾਂਟੋ ਭੇਜ ਦਿੱਤਾ। ਪਰ ਜਦੋਂ ਉਹ ਰਿਟਰਨ ਟਿਕਟ ਵਾਲੇ ਦਿਨ ਪਰਤਣ ਦੀ ਬਿਜਾਏ ਟਿਕਟ ਕੈਂਸਲ ਕਰਵਾ ਦਿੱਤੀ ਕਿ ਉਹ ਅਜੇ ਨਹੀਂ ਆ ਸਕਦੀ ਕਿਉਂਕਿ ਹੁਣ ਉਸਦਾ ਟੋਰਾਂਟੋ ਰਹਿੰਦੇ ਫੁੱਫੜ ਜੀ ਬੀਮਾਰ ਪੈ ਗਏ ਹਨ। ਕੁਝ ਦਿਨ ਲੰਘਣ ਉਪਰੰਤ ਉਸਦੀ ਚਿੰਤਾ ਵਧੀ ਤਾਂ ਉਸਨੇ ਪਤਨੀ ਦੀ ਭੂਆ ਨਾਲ ਫੋਨ ’ਤੇ ਸੰਪਰਕ ਕੀਤਾ ਕਿ ਉਸਦੀ ਪਤਨੀ ਨੂੰ ਵਾਪਿਸ ਭੇਜ ਦਿਓ। ਪਰ ਭੂਆ ਜੀ ਨੇ ਫੋਨ ਉਪਰ ਜੋ ਜਵਾਬ ਦਿੱਤਾ ਉਸਨੂੰ ਸੁਣਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਦੀ ਭੂਆ ਨੇ ਕਿਹਾ ਕਿ ਅਮਨਪ੍ਰੀਤ ਹੁਣ ਐਡਮਿੰਟਨ ਵਾਪਿਸ ਨਹੀਂ ਆਉਣਾ ਚਾਹੁੰਦੀ ਕਿਉਂਕਿ ਉਹ ਉਸਨੂੰ ਪਸੰਦ ਨਹੀਂ ਕਰਦੀ। ਰਵੀ ਨੇ ਉਸ ਉਪਰੰਤ ਪਤਨੀ ਦੇ ਦਾਦਾ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਉਲਟਾ ਜਵਾਬ ਦਿੰਦਿਆਂ ਕਿਹਾ ਕਿ ਅਮਨ ਉਸਦੇ ਘਰ ਨਹੀਂ ਵੱਸਣਾ ਚਾਹੁੰਦੀ। ।  ਰਵੀ ਨੂੰ ਆਪਣੇ ਨਾਲ ਹੋਏ ਧੋਖੇ ਦਾ ਅਹਿਸਾਸ ਹੋਇਆ। ਉਸਦੇ ਸਾਰੇ ਪਰਿਵਾਰ ਨੂੰ ਚਿੰਤਾ ਲੱਗ ਗਈ। ਰਵੀ ਨੇ ਦੱਸਿਆ ਕਿ ਘਰ ਦੀ ਛਾਣਬੀਣ ਕਰਨ ’ਤੇ ਪਤਾ ਚੱਲਿਆ ਕਿ ਉਸਦੀ ਪਤਨੀ ਜਾਂਦੀ ਹੋਈ ਘਰ ਵਿਚੋ  ਲਗਪਗ 4000 ਡਾਲਰ ਅਤੇ ਆਪਣੇ ਅਤੇ ਉਸਦੀ ਮਾਂ ਦੇ ਸਾਰੇ ਗਹਿਣੇ ਵੀ ਲੈ ਗਈ। ਅਮਨਪ੍ਰੀਤ ਨੇ ਲਗਪਗ ਇਕ ਸਾਲ ਐਡਮਿੰਟਨ ਵਿਚ ਇਕ ਕੰਪਨੀ ਵਿਚ ਕੰਮ ਕੀਤਾ। ਇਹ ਸਾਰੇ ਪੈਸੇ ਉਸਦੇ ਅਕਾਉਂਟ ਵਿਚ ਸਨ। ਰਵੀ ਨੇ ਇਸਦਾ ਕਦੇ ਹਿਸਾਬ ਨਹੀਂ ਸੀ ਲਿਆ ਕਿਉਂਕਿ ਉਹ ਸਮਝਦਾ ਸੀ ਦੋਵਾਂ ਜੀਆਂ ਦੇ ਕੰਮ ਕਰਨ ਨਾਲ ਇਕ ਜੀਅ ਦੀ ਤਨਖਾਹ ਬਚ ਰਹੀ ਹੈ ਤੇ ਉਹੲਸ ਪੈਸੇ ਨਾਲ ਆਪਣੇ ਭਵਿੱਖ ਦੀ ਯੋਜਨਾਬੰਦੀ ਕਰ ਸਕਦੇ ਹਨ। ਉਸਦੇ ਖਾਤੇ ਵਿਚ ਲਗਪਗ 22000 ਡਾਲਰ ਸਨ।

ਰਵੀ ਨੇ ਦੱਸਿਆ ਕਿ ਉਹ ਜਨਵਰੀ 2009 ਵਿਚ ਇੰਡੀਆ ਗਿਆ ਸੀ ਤੇ ਅਜੀਤ ਅਖਬਾਰ ਰਾਹੀਂ ਉਸਨੇ ਵਿਆਹ ਲਈ ਇਸ਼ਤਿਹਾਰ ਦਿੱਤਾ ਸੀ। ਇਸ ਇਸ਼ਤਿਹਾਰ ਰਾਹੀਂ ਲੁਧਿਆਣਾ ਜ਼ਿਲੇ ਦੇ ਪਿੰਡ ਵਲੀਪੁਰ ਖੁਰਦੇ ਦੇ ਸ ਬੇਅੰਤ ਸਿੰਘ ਕੁੱਕੂ ਦੀ ਲੜਕੀ ਅਮਨਪ੍ਰੀਤ ਕੌਰ ਨਾਲ ਉਸਦੇ ਰਿਸ਼ਤੇ ਦੀ ਗੱਲ ਤੁਰੀ। ਦੋਵਾਂ ਪਰਿਵਾਰਾਂ ਵਿਚਾਲੇ ਗੱਲਬਾਤ ਹੋਣ ਉਪਰੰਤ ਕੁੜੀ ਮੁੰਡੇ ਦੀ ਵੇਖ ਵਿਖਾਈ ਗੁਰਦੁਆਰਾ ਨਾਨਕਸਰ ( ਜਗਰਾਉਂ) ਵਿਖੇ ਹੋਈ। ਉਹ ਮਨਮੋਹਣੀ ਅਤੇ ਸਾਦਮੁਰਾਦੀ ਦਿਖਾਈ ਦਿੱਤੀ ਮੁਟਿਆਰ ਅਮਨ ਉਪਰ ਫਿਦਾ ਹੋ ਗਿਆ। ਕੁਝ ਦਿਨਾਂ ਵਿਚ ਹੀ ਵਿਆਹ ਤਹਿ ਹੋ ਗਿਆ। ਚਾਈਂ-ਚਾਈਂ ਕੀਤੇ ਵਿਆਹ ਉਪਰੰਤ ਉਹ ਦੋਵੇਂ ਹਨੀਮੂਨ ਲਈ ਸ਼ਿਮਲਾ, ਕਸੌਲੀ ਅਤੇ ਚੰਡੀਗੜ੍ਹ ਗਏ। ਵਿਆਹ ਉਪਰੰਤ ਉਹ ਲਗਪਗ ਦੋ ਮਹੀਨੇ ਇੰਡੀਆ ਰਿਹਾ ਤੇ ਫਿਰ ਐਡਮਿੰਟਨ ਆਕੇ ਅਮਨਪ੍ਰੀਤ ਕੌਰ ਦੀ ਇਮੀਗ੍ਰੇਸ਼ਨ ਵਾਸਤੇ ਅਪਲਾਈ ਕੀਤਾ। ਇਸ ਦੌਰਾਨ ਉਹ ਮੁੜ ਇੰਡੀਆ ਪਰਤ ਗਿਆ ਤੇ ਫਿਰ ਆਪਣੀ ਪਤਨੀ ਨਾਲ 4 ਮਹੀਨੇ ਪਿੰਡ ਰਿਹਾ। ਉਹ ਫਿਰ ਐਡਮਿੰਟਨ ਪਰਤਿਆ ਤਾਂ 25 ਮਾਰਚ 2010 ਨੂੰ ਅਮਨਪ੍ਰੀਤ ਵੀ ਐਡਮਿੰਟਨ ਪੁੱਜ ਗਈ। ਰਵੀ ਦੇ ਦੱਸਣ ਮੁਤਾਬਿਕ ਉਹਨਾਂ ਦੀ ਵਿਆਹੁਤਾ ਜ਼ਿੰਦਗੀ ਬਹੁਤ ਸੋਹਣੀ ਬੀਤ ਰਹੀ ਸੀ ਪਰ ਇਸੇ ਦੌਰਾਨ ਜਦੋਂ ਉਸਦਾ ਪੀ ਆਰ ਕਾਰਡ ਆ ਗਿਆ ਤਾਂ ਉਸਦੇ ਤੇਵਰ ਕੁਝ ਬਦਲਣ ਲੱਗੇ। ਇਸਤੋਂ ਪਹਿਲਾਂ ਉਹ ਅਕਸਰ ਪੀ ਆਰ ਕਾਰਡ ਬਾਰੇ ਪੁੱਛਦੀ ਸੀ ਕਿ ਇਸ ਵਿਚ ਦੇਰੀ ਹੋ ਰਹੀ ਹੈ। ਉਸਨੇ ਇਸ ਸਬੰਧੀ ਸਰਵਿਸ ਕੈਨੇਡਾ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਜਦੋਂ ਅਮਨਪ੍ਰੀਤ ਪਹਿਲੀ ਵਾਰ ਕੈਨੇਡਾ ਪੁੱਜੀ ਸੀ ਤਾਂ ਉਸਨੇ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਆਪਣਾ ਐਡਰੈਸ ਟੋਰਾਂਟੋ ਲਿਖਵਾ ਦਿੱਤਾ ਸੀ ਜੋ ਕਿ ਉਸਦੇ ਭੂਆ-ਫੁੱਫੜ ਦਾ ਐਡਰਸ ਸੀ। ਰਵੀ ਵੱਲੋਂ ਐਡਰੈਸ ਵਿਚ ਸੋਧ ਕਰਵਾਉਣ ਉਪਰੰਤ ਉਹਨਾਂ ਦੇ ਐਡਮਿੰਟਨ ਸਥਿਤ ਘਰ ਵਿਚ ਪੀ ਆਰ ਕਾਰਡ ਆ ਗਿਆ। ਇਸ ਉਪਰੰਤ ਉਸਦੀ ਪਤਨੀ ਆਪਣੇ ਦਾਦਾ ਜੀ  ਦੀ ਬੀਮਾਰੀ ਦਾ ਬਹਾਨਾ ਬਣਾਕੇ ਟੋਰਾਂਟੋ ਚਲੀ ਗਈ ਤੇ ਹੁਣ ਤੱਕ ਉਥੇ ਹੀ ਟਿਕੀ ਹੋਈ ਹੈ। ਰਵੀ ਦੇ ਦੱਸਣ ਮੁਤਾਬਿਕ ਉਸਨੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਰਾਹੀਂ ਪਤਾ ਕਰਵਾਇਆ ਤਾਂ ਪਤਾ ਲੱਗਾ ਕਿ ਅਮਨ ਦਾ ਕੋਈ ਪੁਰਾਣਾ ਦੋਸਤ ਲੜਕਾ ਜਿਸਦਾ ਨਾਮ ਸੁਖਬੀਰ ਹੈ ਅੱਜਕੱਲ੍ਹ ਸਟੱਡੀ ਵੀਜ਼ੇ ਉਪਰ ਟੋਰਾਂਟੋ ਆ ਗਿਆ ਹੈ ਤੇ ਉਹ ਉਸ ਆਪਣੇ ਪੁਰਾਣੇ ਮਿੱਤਰ ਨਾਲ ਰਹਿਣ ਲਈ ਹੀ ਟੋਰਾਂਟੋ ਗਈ ਹੈ। ਰਵੀ ਨੇ ਇਸ ਸਬੰਧੀ ਇਤਰਾਜ਼ ਕਰਦਿਆਂ ਪਤਨੀ ਦੀ ਭੂਆ ਨਾਲ ਫੋਨ ਉਪਰ ਗੱਲ ਕੀਤੀ ਤਾਂ ਉਹਨਾਂ ਸਿੱਧਾ ਤੇ ਸਪੱਸ਼ਟ ਕਿਹਾ ਕਿ ਸਾਡੀ ਲੜਕੀ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਏਗੀ। ਤੇਰੇ ਨਾਲ ਵਿਆਹ ਤਾਂ ਉਸਨੇ ਸਿਰਫ ਕੈਨੇਡਾ ਪੁੱਜਣ ਲਈ ਹੀ ਕੀਤਾ ਸੀ। ਉਸਨੇ ਇਥੋ ਤੱਕ ਕਿਹਾ ਕਿ ਸਾਰੇ ਮੁੰਡੇ ਕੁੜੀਆਂ ਕੈਨੇਡਾ ਪੁੱਜਣ ਲਈ ਇੰਜ ਹੀ ਕਰਦੇ ਹਨ, ਜੇ ਉਹਨਾਂ ਦੀ ਕੁੜੀ ਨੇ ਅਜਿਹਾ ਕੀਤਾ ਤਾਂ ਕੁਝ ਗਲਤ ਨਹੀਂ ਕੀਤਾ।

ਵਿਆਹ ਦੇ ਨਾਮ ’ਤੇ  ਇਸ ਧੋਖੇ ਦਾ ਸ਼ਿਕਾਰ ਹੋਣ ਵਾਲੇ ਨੌਜਵਾਨ ਨੇ ਇਮੀਗ੍ਰੇਸ਼ਨ ਵਿਭਾਗ ਕੈਨੇਡਾ ਅਤੇ ਪੰਜਾਬ ਵਿਚ ਉਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਹਨ ਕਿ ਕੇਵਲ ਕੈਨੈੇਡਾ ਪੁੱਜਣ ਲਈ ਵਿਆਹ ਦੇ ਨਾਮ ’ਤੇ ਧੋਖਾ ਕਰਨ ਵਾਲੀ ਮੁਟਿਆਰ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>