ਐਸ.ਜੀ.ਪੀ.ਸੀ.ਚੋਣਾਂ ਵਿਚ ਸਿੱਖੀ ਹਾਰੀ

18 ਸਤੰਬਰ 2011 ਨੂੰ ਹੋਈਆਂ ਐਸ.ਜੀ.ਪੀ.ਸੀ ਚੋਣਾਂ ਵਿਚ ਸ਼ਰੋਮਣੀ ਅਕਾਲੀ ਦਲ ਬਾਦਲ ਨੇ ਜਿਤ ਪ੍ਰਾਪਤ ਕੀਤੀ ਹੈ ਪ੍ਰੰਤੂ ਸਿੱਖੀ ਤੇ ਸਿੱਖੀ ਵਿਚਾਰਧਾਰਾ ਬੁਰੀ ਤਰ੍ਹਾਂ ਹਾਰ ਗਈ ਹੈ। ਇਹ ਚੋਣਾਂ ਅਕਾਲੀ ਦਲ ਦੇ ਸਾਰੇ ਧੜਿਆਂ ਵਲੋਂ ਅਕਾਲੀ ਦਲ ਵਿਚ ਆਪਣੇ ਧੜੇ ਦੀ ਸੁਪਰੀਮੇਸੀ ਸਿਧ ਕਰਨ ਲਈ ਲੜੀਆਂ ਗਈਆਂ ਸਨ।  ਅਕਾਲੀ ਦਲ ਦੇ ਸਾਰੇ ਧੜੇ ਆਪਣੇ ਆਪ ਨੂੰ ਹੀ ਅਕਾਲੀਆਂ ਦੇ ਪ੍ਰਤੀਨਿਧ ਕਹਾਉਂਦੇ ਹਨ ਇਸੇ ਕਰਕੇ ਉਹ ਆਪੋ ਆਪਣੇ ਦਲ ਨੂੰ ਇਤਿਹਾਸਕ ਗੁਰਦਵਾਰਾ ਸਾਹਿਬਾਨ ਦਾ ਪ੍ਰਬੰਧ ਚਲਾਉਣ ਦਾ ਹਕ ਸਮਝਦੇ ਹਨ। ਅਸਲ ਗਲ ਤਾਂ ਇਹ ਹੈ ਕਿ ਗੁਰਦਵਾਰਾ ਸਾਹਿਬਾਨ ਤਾਂ ਹਰ ਸਿਖ ਜਾਂ ਸਿੱਖ ਵਿਚਾਰਧਾਰਾ ਵਿਚ ਵਿਸ਼ਵਾਸ਼ ਕਰਨ ਵਾਲੇ ਵਿਅਕਤੀ ਦਾ ਸਾਂਝਾ ਹੱਕ ਹੈ। ਗੁਰਦਵਾਰਾ ਸਾਹਿਬਾਨ ਅਕਾਲੀ ਦਲ ਦੇ ਕਿਸੇ ਇਕ ਧੜੇ ਜਾਂ ਵਿਅਕਤੀ ਦੀ ਨਿਜੀ ਜਾਇਦਾਦ ਨਹੀਂ। ਹਾਂ ਇਹਨਾਂ ਦਾ ਪ੍ਰਬੰਧ ਅੰਮ੍ਰਿਤਧਾਰੀ ਸਿਖਾਂ ਦੇ ਹੱਥ ਹੋਣਾ ਚਾਹੀਦਾ ਹੈ। ਅਰਥਾਤ ਇਕ ਭਾਈਚਾਰੇ ਵਿਸ਼ੇਸ਼ ਦੀਆਂ ਵੋਟਾਂ ਤਕ ਹੀ ਸੀਮਤ ਹੈ। ਪੰਜਾਬ ਦੀ ਦੋ ਢਾਈ ਕਰੋੜ ਦੀ ਆਬਾਦੀ ਵਿਚੋਂ ਕੁਲ 56 ਲੱਖ ਵੋਟਰ ਬਣੇ ਜਿਸ ਵਿਚੋਂ ਪੰਜਾਬ ਵਿਚੋਂ ਸਿਰਫ 52 ਲੱਖ ਵੋਟਰ ਸਨ। ਇਹਨਾਂ ਚੋਣਾਂ ਵਿਚ ਪੰਜਾਬ ਦੇ ਕੁਲ ਵੋਟਰਾਂ ਦਾ 6ਵਾਂ ਹਿਸਾ ਅਰਥਾਤ 27 ਲੱਖ ਵੋਟਰਾਂ ਨੇ ਹੀ ਵੋਟਾਂ ਵਿਚ ਹਿਸਾ ਲਿਆ। ਇਹ ਵੋਟਰ ਅਕਾਲੀ ਦਲ ਦੇ ਸਾਰੇ ਧੜਿਆਂ ਦੇ ਵੋਟਰ ਹਨ। ਇਹਨਾਂ ਵਿਚੋਂ ਅਕਾਲੀ ਦਲ ਬਾਦਲ ਨੂੰ ਪੰਜਾਬ ਵਿਚੋਂ 13 ਲੱਖ ਵੋਟ ਮਿਲੇ ਹਨ ਅਤੇ ਬਾਕੀ 13 ਲੱਖ ਪੰਥਕ ਮੋਰਚਾ, ਅਕਾਲੀ ਦਲ ਮਾਨ ਅਤੇ ਹੋਰ ਧੜਿਆਂ ਦੇ ਉਮੀਦਵਾਰਾਂ ਨੇ ਲਏ ਹਨ। ਇਕ ਲੱਖ ਤੋਂ ਉਪਰ ਵੋਟਾਂ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿਚ ਪਈਆਂ ਹਨ। ਫਿਰ ਇਹ ਸੈਮੀਫਾਈਨਲ ਕਿਵੇਂ ਹੋਗਿਆ। ਬਾਦਲ ਦਲ ਨੂੰ ਫਤਬਾ ਕਿਵੇਂ ਮਿਲਿਆ। ਜੇਕਰ ਪੰਜਾਬ ਦੇ ਸਾਡੇ ਵੋਟਰ ਵੋਟ ਪਾਉਂਦੇ ਤਾਂ ਸੈਮੀਫਾਈਨਲ ਕਿਹਾ ਜਾ ਸਕਦਾ ਹੈ। ਸ੍ਰ ਬਾਦਲ ਗਲਤ ਫਹਿਮੀ ਵਿਚ ਹਨ। ਉਹ ਹਵਾ ਵਿਚ ਤਲਵਾਰਾਂ ਮਾਰ ਰਹੇ ਹਨ। ਜੇਕਰ ਅਕਾਲੀ ਦਲ ਦੇ ਬਾਕੀ ਧੜੇ ਇਕੱਠੇ ਹੋ ਕੇ ਚੋਣ ਲੜਦੇ ਤਾਂ ਅੱਧੀਆਂ ਸੀਟਾਂ ਜਿਤ ਸਕਦੇ ਸਨ। ਇਹਨਾਂ ਚੋਣਾਂ ਦਾ ਵਿਧਾਨ ਸਭਾ ਦੀਆਂ ਚੋਣਾਂ ਨਾਲ ਕੋਈ ਸੰਬੰਧ ਨਹੀਂ। ਸਰਕਾਰੀ ਬਿਆਨਾਂ ਨਾਲ ਅਨਪੜ੍ਹ ਵੋਟਰਾਂ ਨੂੰ ਤਾਂ ਗੁਮਰਾਹ ਕੀਤਾ ਜਾ ਸਕਦਾ ਹੈ ਪ੍ਰੰਤੂ ਪੜ੍ਹਿਆ ਲਿਖਿਆ ਵਰਗ ਇਸ ਸਾਰੀ ਸਥਿਤੀ ਤੋਂ ਜਾਣੂ ਹੈ। ਇਥੇ ਇਹ ਵੀ ਦਸਣਾ ਜਰੂਰੀ ਹੈ ਕਿ ਅੱਜ ਪੰਜਾਬ ਵਿਚ ਲੋਕ ਐਨੇ ਅਨਪੜ੍ਹ ਨਹੀਂ, ਹਰ ਘਰ ਵਿਚ ਪੜ੍ਹਿਆ ਲਿਖਿਆ ਬੱਚਾ ਹੈ ਜੋ ਆਪਣੇ ਮਾਪਿਆਂ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਾਉਂਦਾ ਹੈ। ਇਸ ਲਈ ਸ੍ਰੀ ਬਾਦਲ ਨੂੰ ਮੁੰਗੇਰੀ ਲਾਲ ਵਾਲੇ ਸੁਪਨੇ ਨਹੀਂ ਲੈਣੇ ਚਾਹੀਦੇ।  ਜਮੀਨੀ ਹਕੀਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਬਿਲਕੁਲ ਸਹੀ ਹੈ ਕਿ ਅਕਾਲੀ ਦਲ ਬਾਦਲ ਵੱਡੇ ਪੱਧਰ ਤੇ ਬਹੁਮਤ ਨਾਲ ਜਿਤਿਆ ਹੈ ਪ੍ਰੰਤੂ ਇਸ ਵਿਚ ਵੀ ਭੋਰਾ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਇਹਨਾਂ ਚੋਣਾਂ ਵਿਚ ਸਿਖੀ ਹਾਰੀ ਹੈ ਕਿਉਕਿ ਜੇਕਰ ਡੂੰਘਾਈ ਨਾਲ ਵਾਚੀਏ ਤਾਂ ਮਹਿਸੂਸ ਹੁੰਦਾ ਹੈ ਕਿ ਅਕਾਲੀ ਦਲ ਬਾਦਲ ਨਹੀਂ ਸਗੋਂ ਪੰਜਾਬ ਸਰਕਾਰ ਜਿਤੀ ਹੈ। ਜੋਰ ਜਬਰਦਸਤੀ ਕੀਤੀ ਹੈ। ਸਰਕਾਰ ਦੇ ਜੋਰ ਨਾਲ ਗਲਤ ਵੋਟਾਂ ਬਣੀਆਂ, ਗੈਰ ਸਿਖਾਂ ਤੇ ਪਤਿਤਾਂ ਦੀਆਂ 1 ਵੋਟਾਂ ਵੀ ਇਕ ਇਕ ਘਰ ਵਿਚ 20 ਜਾਂ 30 ਬਣੀਆਂ। ਇਕੱਲੇ ਬਾਦਲ ਪਿੰਡ ਵਿਚ ਇਕ ਘਰ ਨੰ 574 ਵਿਚ 289 ਵੋਟਾਂ ਬਣੀਆਂ ਹੋਈਆਂ ਹਨ। ਫਿਰ ਇਹ ਵੋਟਾਂ ਦੂਜੇ ਧੜਿਆਂ ਦੇ ਏਜੰਟਾਂ ਨੂੰ ਕੁੱਟ ਕੇ ਭਜਾ ਕੇ ਪਵਾਈਆਂ। ਹਿੰਦੂਆਂ ਦੇ ਪਰਨੇ ਤੇ ਪਗੜੀਆਂ ਬੰਨਕੇ ਵੋਟਾਂ ਪਾਈਆਂ। ਸਿਖੀ ਕਿਵੇਂ ਬਚ ਗਈ। ਪੰਥਕ ਮੋਰਚੇ, ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਧੜਿਆਂ ਦੇ ਉਮੀਦਵਾਰਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਚੋਣਾਂ ਵਿਚੋਂ ਹਟਾਇਆ ਗਿਆ। ਉਹਨਾਂ ਤੇ ਫੌਜਦਾਰੀ ਅਤੇ ਹੋਰ ਅਜੀਬ ਕਿਸਮ ਦੇ ਕੇਸ ਪਾਏ ਗਏ, ਇਹ ਸਾਰੀਆਂ ਘਟਨਾਵਾਂ ਅਖਬਾਰਾਂ ਵਿਚ ਰਿਪੋਰਟ ਹੋਈਆਂ ਹਨ। ਗੁਰਦਵਾਰਾ ਚੋਣ ਕਮਿਸ਼ਨ ਘੂਕ ਸੁਤਾ ਰਿਹਾ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਕੁਲ ਵੋਟਾਂ ਦਾ 18 ਫੀਸਦੀ ਵੋਟਾਂ ਨੂੰ ਮਰਦਮਸੁਮਾਰੀ ਨਹੀਂ ਕਿਹਾ ਜਾ ਸਕਦਾ। ਏਥੇ ਵੀ ਸ਼ਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਸਿਖਾਂ ਦੇ ਧਾਰਮਕ ਇਤਿਹਾਸਕ ਗੁਰਦਵਾਰਾ ਸਾਹਿਬਾਨ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਤੇ ਸਿਖੀ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਦੀ ਜਿੰਮੇਵਾਰੀ ਲੈਣ ਵਾਲੇ ਮੈਂਬਰਾਂ ਦੀ ਚੋਣ ਸੀ, ਜਿਹਨਾਂ ਸਿਖਾਂ ਦੀ ਆਉਣ ਵਾਲੀ ਪਨੀਰੀ ਦੇ ਰੋਲ ਮਾਡਲ ਬਣਕੇ ਉਹਨਾਂ ਨੂੰ ਸਹੀ ਤੇ ਸੁੱਚਜੀ ਸੇਧ ਦੇਣੀ ਸੀ ਪ੍ਰੰਤੂ ਬਾਦਲ ਦਲ ਅਤੇ ਹੋਰ ਧੜਿਆਂ ਦੇ ਵੀ ਬਹੁਤੇ ਅਜਿਹੇ ਉਮੀਦਵਾਰ ਸਨ ਜਿਹਨਾਂ ਨੇ ਖੁਦ ਤੇ ਉਹਨਾਂ ਦੇ ਪਰਿਵਾਰਾਂ ਨੇ ਅੰਮ੍ਰਿਤ ਹੀ ਨਹੀਂ ਛਕਿਆ ਹੋਇਆ ਸੀ। ਉਹਨਾਂ ਦੇ ਲੜਕੇ ਕਲੀਨ ਸ਼ੇਵਨ ਤੇ ਦਾੜੀਆਂ ਕੱਟਦੇ ਹਨ। ਕਿੰਨੇ ਦੁੱਖ ਦੀ ਗਲ ਹੈ ਕਿ ਜਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਛੱਕਣ ਲਈ ਕਿਹਾ ਤਾਂ ਉਹਨਾਂ ਵਿਚੋਂ 32 ਉਮੀਦਵਾਰਾਂ ਨੇ ਬਿਨਾਂ ਅੰਮ੍ਰਿਤ ਛਕਿਆਂ ਹੀ ਵਿਖਾਵਾ ਕਰਨ ਲਈ ਗਾਤਰੇ ਪਾ ਲਏ। ਇਸ ਤੋਂ ਵੱਡਾ ਧੋਖਾ ਸਿੱਖੀ ਨਾਲ ਕੀ ਹੋ ਸਕਦਾ ਹੈ, ਜਦੋਂ ਇਸ ਬਾਰੇ ਪੱਤਰਕਾਰਾਂ ਨੇ ਸ੍ਰੀ ਬਾਦਲ ਨੂੰ ਪੁਛਿਆ ਤਾਂ ਉਹਨਾਂ ਕਿਹਾ ਕਿ ਮੈਂ ਕੀ ਕਰ ਸਕਦਾ ਹਾਂ। ਤੁਸੀਂ ਆਪ ਹੀ ਸੋਚੋ ਜਿਹੜੇ ਐਸ.ਜੀ.ਪੀ.ਸੀ ਦੇ ਮੈਂਬਰ ਸਿਖ ਧਰਮ ਦੀ ਰਹਿਤ ਮਰਿਆਦਾ ਤੇ ਕਦਰਾਂ ਕੀਮਤਾਂ ਦੇ ਧਾਰਨੀ ਨਹੀਂ ਉਹ ਸਿਖ ਧਰਮ ਦੀ ਵਿਚਾਰਧਾਰਾ ਤੇ ਪਹਿਰਾ ਕਿਵੇਂ ਦੇਣਗੇ। ਇਹਨਾਂ ਚੋਣਾਂ ਵਿਚ ਇਕ ਹੋਰ ਗਲ ਉਭਰ ਕੇ ਸਾਹਮਣੇ ਆਈ ਹੈ ਕਿ ਚੋਣਾਂ ਵਿਚ ਧਰਮ ਦੀ ਥਾਂ ਸਿਆਸਤ ਭਾਰੂ ਰਹੀ ਹੈ। ਇਕ ਦੂਜੇ ਤੇ ਦੂਸ਼ਣ ਲਗਾਏ ਗਏ ਹਨ ਅਤੇ ਇਕ ਦੂਜੇ ਨੂੰ ਠਿਬੀ ਲਾਉਣ ਦੀਆਂ ਗਲਾਂ ਕੀਤੀਆਂ ਗਈਆਂ ਹਨ। ਧਰਮ ਪ੍ਰਚਾਰ ਦੀ ਕਿਸੇ ਵੀ ਧਿਰ ਨੇ ਗਲ ਨਹੀ ਕੀਤੀ। ਧਰਮ ਨਾਲੋਂ ਟੁਟ ਚੁੱਕੇ ਲੋਕਾਂ ਨੂੰ ਮੁੜ ਧਰਮ ਨਾਲ ਜੋੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਭਰੂਣ ਹਤਿਆ ਅਤੇ ਨਸ਼ੇ ਜੋ ਸਿਖ ਧਰਮ ਵਿਚ ਵਰਜਿਤ ਹਨ, ਇਹਨਾਂ ਬਾਰੇ ਵੀ ਚੁੱਪ ਧਾਰ ਰੱਖੀ। ਧਰਮ ਦੀ ਪੋੜੀ ਰਾਂਹੀ ਸਿਆਸਤ ਕੀਤੀ ਗਈ। ਦੂਸ਼ਣਬਾਜੀ ਇਉ ਹੋ ਰਹੀ ਸੀ ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹੋਣ। ਗੁਰਦਵਾਰਾ ਚੋਣ ਕਮਿਸ਼ਨ ਨੇ ਕਿਸੇ ਇਕ ਵੀ ਸ਼ਿਕਾਇਤ ਤੇ ਕਾਰਵਾਈ ਕਰਕੇ ਇਕ ਵੀ ਬੂਥ ਤੇ ਰੀਪੋਲ ਨਹੀਂ ਕਰਵਾਇਆ। ਪ੍ਰੰਤੂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਦੋਂ ਤਾਂ ਭਾਰਤ ਦਾ ਚੋਣ ਕਮਿਸ਼ਨ ਬਾਜ ਅੱਖ ਨਾਲ ਨਜਰ ਰਖੇਗਾ। ਉਦੋਂ ਸਰਕਾਰ ਦੀ ਨਹੀਂ ਚਲਣੀ ਕਿਉਕਿ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਕੋਈ ਲਾਭ ਨਹੀਂ ਲਿਆ। ਸ੍ਰੀ ਪ੍ਰਕਾਸ਼ ਸਿੰਘ ਬਾਦਲ ਇਕ ਸੁਲਝੇ ਹੋਏ ਡੂੰਘੇ ਅਤੇ ਦੂਰ ਅੰਦੇਸ਼ ਸਿਆਸਤਦਾਨ ਹਨ। ਉਹਨਾਂ ਨੂੰ ਸਾਰੀ ਜਾਣਕਾਰੀ ਅਵਸ਼ ਹੋਵੇਗੀ। ਲੋਕਾਂ ਨੂੰ ਬੈਵਕੂਫ ਬਨਾਉਣ ਲਈ ਅਜਿਹੇ ਸਿਆਸੀ ਬਿਆਨ ਦੇਣੇ ਉਹਨਾਂ ਦੀ ਮਜਬੂਰ ਹੋ ਸਕਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>