ਪ੍ਰੋਫੈਸਰ ਮੋਹਨ ਸਿੰਘ ਜਨਮ ਦਿਵਸ ਨੂੰ ਹਰ ਸਾਲ ਸਾਰੇ ਪੰਜਾਬੀ ਧਰਮ ਨਿਰਪੱਖਤਾ ਦਿਵਸ ਵਜੋਂ ਮਨਾਉਣ-ਜੱਸੋਵਾਲ

ਲੁਧਿਆਣਾ:- ਪਿਛਲੇ 33 ਸਾਲ ਤੋਂ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਨੂੰ ਜਿਉਂਦਾ ਰੱਖਣ ਵਾਲੀ ਅੰਤਰ ਰਾਸ਼ਟਰੀ ਸੰਸਥਾ ਪ੍ਰੋਫੈਸਰ ਮੋਹਨ ਸਿੰਘ ਫਾਉਂਡੇਸ਼ਨ ਵੱਲੋਂ ਉਨ੍ਹਾਂ ਦੇ ਜਨਮ ਦਿਹਾੜੇ ਤੇ ਅੱਜ ਉਨ੍ਹਾਂ ਦੇ ਫਿਰੋਜਪੁਰ ਰੋਡ ਸਥਿਤ ਬੁੱਤ ਨੂੰ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸੰਬੋਧਨ ਕਰਦਿਆਂ ਫਾਉਂਡੇਸ਼ਨ ਦੇ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ ਨੇ ਆਖਿਆ ਕਿ ਯੁਗ ਕਵੀ ਪ੍ਰੋਫੈਸਰ ਮੋਹਨ ਸਿੰਘ ਦੇ ਜਨਮ ਦਿਹਾੜੇ ਨੂੰ ਸਾਨੂੰ ਹਰ ਸਾਲ ਧਰਮ ਨਿਰਪੱਖਤਾ ਦਿਵਸ ਵਜੋਂ  ਮਨਾਉਣਾ ਚਾਹੀਦਾ ਹੈ ਕਿਉਂਕਿ ਉਹ ਸਰਵਸਾਂਝੀ ਪੰਜਾਬੀਅਤ ਦੇ ਝੰਡਾ ਬਰਦਾਰ ਸਨ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰੋਫੈਸਰ ਬਣ ਕੇ ਆਉਣ ਨਾਲ ਉਨ੍ਹਾਂ ਨੇ ਲੁਧਿਆਣਾ ਦੀ ਅਦਬੀ ਹਵਾ ਨੂੰ ਵੀ ਤਰੋਤਾਜ਼ਾ ਕੀਤਾ ਅਤੇ ਆਪਣੇ ਕਲਾਮ ਨਾਲ ਸਾਨੂੰ ਨਿਵਾਜਿਆ।

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਪ੍ਰੋਫੈਸਰ ਮੋਹਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹ ਸਿਰਫ ਕਵੀ ਹੀ ਨਹੀਂ ਸਨ ਸਗੋਂ ਯੋਗ ਪ੍ਰਬੰਧਕ  ਵਜੋਂ ਪੰਜਾਬੀ ਭਵਨ ਦੀ ਉਸਾਰੀ ਕਰਨ ਵਾਲੇ ਦੂਰ ਦ੍ਰਿਸ਼ਟੀਵਾਨ ਆਗੂ ਸਨ। ਡਾ: ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਉਨ੍ਹਾਂ ਨੇ ਪੰਜਾਬੀ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਵਜੋਂ ਜਿਹੜੇ ਇਤਿਹਾਸਕ ਕਾਰਜ ਕੀਤੇ ਉਹ ਕਦੇ ਨਹੀਂ ਭੁਲਾਏ ਜਾ ਸਕਦੇ। ਉਨ੍ਹਾਂ ਦੀ ਆਖਰੀ ਕਾਵਿ ਪੁਸਤਕ ‘ਬੂਹੇ’ ਦੀ ਸਿਰਜਣਾ ਵੀ ਲੁਧਿਆਣਾ ਸਥਿਤ ਖੇਤੀਬਾੜੀ ਯੂਨੀਵਰਸਿਟੀ ਵਿਚ ਫਿਰਦੇ ਤੁਰਦੇ ਹੋਈ। ਮੈਨੂੰ ਮਾਣ ਹੈ ਕਿ ਉਨ੍ਹਾਂ ਦੀ ਸੱਤ ਸਾਲ ਸੰਗਤ ਮਾਣ ਕੇ ਮੈਂ ਅੱਜ ਸਾਹਿਤ ਸੇਵਾ ਦੇ ਖੇਤਰ ਵਿੱਚ ਕਿਣਕਾ ਮਾਤਰ ਹਿੱਸਾ ਪਾ ਸਕਿਆ ਹਾਂ।
ਪ੍ਰੋਫੈਸਰ ਮੋਹਨ ਸਿੰਘ ਫਾਉਂਡੇਸ਼ਨ ਦੇ ਪ੍ਰਧਾਨ ਸ: ਪ੍ਰਗਟ ਸਿੰਘ ਗਰੇਵਾਲ ਨੇ ਆਖਿਆ ਕਿ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਲੱਗਣ ਵਾਲਾ 33ਵਾਂ ਮੇਲਾ ਇਸ ਵਾਰ ਸ: ਜਗਦੇਵ ਸਿੰਘ ਜੱਸੋਵਾਲ ਦੇ ਵੱਡੇ ਵੀਰ ਸ: ਗੁਰਦੇਵ ਸਿੰਘ ਗਰੇਵਾਲ ਦੀ ਮੌਤ ਹੋ ਜਾਣ ਕਾਰਨ 19-20 ਅਕਤੂਬਰ ਦੀ ਥਾਂ 4,5-6 ਨਵੰਬਰ ਨੂੰ ਥਰਮਲ ਪਲਾਂਟ ਬਠਿੰਡਾ ਵਿਖੇ ਯੂਥ ਸਰਵਿਸਿਜ਼ ਕਲੱਬਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਫਾਉਂਡੇਸ਼ਨ ਦੇ ਸੰਗਠਨ ਸਕੱਤਰ ਸ: ਹਰਦਿਆਲ ਸਿੰਘ ਅਮਨ ਦੀ ਅਗਵਾਈ ਹੇਠ ਕਾਫ਼ਲਾ 4 ਨਵੰਬਰ ਨੂੰ ਸਵੇਰੇ ਲੁਧਿਆਣਾ ਤੋਂ ਚੱਲੇਗਾ।

ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਐਲਾਨ ਕੀਤਾ ਕਿ ਉਹ ਪ੍ਰੋਫੈਸਰ ਮੋਹਨ ਸਿੰਘ ਆਦਮ ਕੱਦ ਬੁੱਤ ਤਿਆਰ ਕਰਵਾ ਕੇ ਇਸ ਚੌਂਕ ਵਿੱਚ ਅਗਲੇ ਸਾਲ ਤੀਕ ਲਗਾਉਣਗੇ ਤਾਂ ਜੋ ਉਨ੍ਹਾਂ ਨੂੰ ਸਹੀ ਸ਼ਰਧਾਂਜਲੀ ਦਿੱਤੀ ਜਾ ਸਕੇ। ਪ੍ਰੋਫੈਸਰ ਮੋਹਨ ਸਿੰਘ ਫਾਉਂਡੇਸ਼ਨ ਦੇ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ, ਪ੍ਰਧਾਨ ਪ੍ਰਗਟ ਸਿੰਘ ਗਰੇਵਾਲ, ਸੰਗਠਨ ਸਕੱਤਰ ਹਰਦਿਆਲ ਸਿੰਘ ਅਮਨ, ਉੱਘੇ ਲੋਕ ਗਾਇਕ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੇ ਇਸ ਮੌਕੇ ਉੱਘੇ  ਲੋਕ ਗਾਇਕ ਕੁਲਦੀਪ ਮਾਣਕ, ਅਮਰਜੀਤ ਸਿੰਘ ਗੁਰਦਾਸਪੁਰੀ ਨੂੰ ਸ਼੍ਰੋਮਣੀ ਪੰਜਾਬੀ ਗਾਇਕ, ਕਵੀਸ਼ਰ ਜੋਗਾ ਸਿੰਘ ਜੋਗੀ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨੂੰ ਸ਼੍ਰੋਮਣੀ ਕਵੀਸ਼ਰ ਅਤੇ ਸ਼੍ਰੋਮਣੀ ਰਾਗੀ ਵਜੋਂ ਭਾਸ਼ਾ ਵਿਭਾਗ, ਪੰਜਾਬ ਪਾਸੋਂ ਸਨਮਾਨ ਮਿਲਣ ਤੇ ਮੁਬਾਰਕਬਾਦ ਦਿੱਤੀ ਹੈ। ਲੁਧਿਆਣਾ ਦੇ ਬਾਲ ਲੇਖਕ ਕੰਵਲਜੀਤ ਨੀਲੋਂ ਅਤੇ ਉੱਘੇ ਵਿਦਵਾਨ ਡਾ: ਸਰੂਪ ਸਿੰਘ  ਅਲੱਗ ਨੂੰ ਵੀ ਸ਼੍ਰੋਮਣੀ ਸਨਮਾਨ ਮਿਲਣ ਤੇ ਮੁਬਾਰਕਾਂ ਦਿੱਤੀਆਂ ਗਈਆਂ ਹਨ।
ਪ੍ਰੋਫੈਸਰ ਮੋਹਨ ਸਿੰਘ ਦੇ ਬੁੱਤ ਨੂੰ ਹਾਰ ਪਹਿਨਾਉਣ ਵਾਲੀਆਂ ਸਖਸ਼ੀਅਤਾਂ ਵਿੱਚ ਪ੍ਰਮੁਖ ਤੌਰ ਤੇ ਲੁਧਿਆਣਾ ਸਿਟੀਜਨ ਕੌਂਸਲ ਦੇ ਪ੍ਰਧਾਨ ਦਰਸ਼ਨ ਅਰੋੜਾ ਅਤੇ ਸ ਸ ਸੋਢੀ, ਸ: ਹਰਦਿਆਲ ਸਿੰਘ ਅਮਨ,ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ  ਕ੍ਰਿਸ਼ਨ ਕੁਮਾਰ ਬਾਵਾ, ਪੰਜਾਬੀ ਕਵੀ ਸਰਦਾਰ ਪੰਛੀ, ਨਾਵਲਕਾਰ ਕਰਮਜੀਤ ਸਿੰਘ ਔਜਲਾ, ਈਸ਼ਰ ਸਿੰਘ ਸੋਬਤੀ, ਅਮਰਜੀਤ ਸਿੰਘ ਸ਼ੇਰਪੁਰੀ, ਸੀਨੀਅਰ ਕਾਂਗਰਸੀ ਆਗੂ ਸ: ਕਿਰਪਾਲ ਸਿੰਘ ਔਜਲਾ, ਉੱਘੇ ਪੱਤਰਕਾਰ ਸ:ਹਰਬੀਰ ਸਿੰਘ ਭੰਵਰ, ਡਾ: ਰਣਜੀਤ ਸਿੰਘ, ਦਲਜੀਤ ਬਾਗੀ, ਉੱਘੇ ਲੋਕ ਗਾਇਕ ਮੁਹੰਮਦ ਸਦੀਕ, ਰਣਜੀਤ ਕੌਰ, ਬੀਬਾ ਜਸਵੰਤ ਗਿੱਲ, ਰਜਨੀ ਜੈਨ, ਮਨਜੀਤ ਰੂਪੋਵਾਲੀਆ, ਦੀਪ ਢਿੱਲੋਂ, ਜਸਬੀਰ ਜੱਸ, ਜਸਦੇਵ ਯਮਲਾ ਜੱਟ, ਸੁਰਜੀਤ ਭਗਤ, ਕੁਲਜੀਤ ਮਣੀ, ਪ੍ਰਿਤਪਾਲ ਠੱਠੇਵਾਲਾ, ਸੁਸ਼ਮਾ ਬੱਬੀ, ਚੰਨ ਸ਼ਾਹਕੋਟੀ, ਚਮਕ ਚਮਕੀਲਾ, ਪ੍ਰੀਤ ਅਰਮਾਨ, ਉੱਘੇ ਵਿਦਵਾਨ ਜਨਮੇਜਾ ਸਿੰਘ ਜੌਹਲ, ਡਾ: ਸੁਰਿੰਦਰ ਸਿੰਘ ਦੁਸਾਂਝ, ਡਾ: ਨਿਰਮਲ ਜੌੜਾ, ਤਰਲੋਚਨ ਲੋਚੀ, ਮਨਜਿੰਦਰ ਧਨੋਆ, ਪ੍ਰੋਫੈਸਰ ਰਵਿੰਦਰ ਭੱਠਲ ਅਤੇ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>