ਨੋਰਾ ਰਿੱਚ੍ਰਡਜ਼ ਦੀ ਪੰਜਾਬ ਆਮਦ ਦੇ 100 ਵਰ੍ਹੇ

ਚਿਤਰਕਾਰ ਸੋਭਾ ਸਿੰਘ ਨੋਰਾ ਦਾ ਚਿਤਰ ਪੇਂਟ ਕਰਦੇ ਹੋਏ॥

ਦੂਸਰੀਆਂ ਭਾਰਤੀ ਭਾਸ਼ਾਵਾਂ ਦੇ ਮੁਕਾਬਲੇ ਭਾਵੇਂ ਪੰਜਾਬੀ ਰੰਗ-ਮੰਚ ਥੋੜਾ ਜਿਹਾ ਪਿਛੇ ਹੈ, ਪਰ ਇਸ ਨੇ ਆਪਣੀ ਇਕ ਪਛਾਣ ਬਣਾ ਲਈ ਹੈ। ਅਜ ਰੰਗ-ਮੰਚ ਨਾਲ ਜੁੜੇ ਅਨੇਕਾਂ ਪੰਜਾਬੀ ਕਿਸੇ ਜਾਣ ਪਭਾਣ ਦੇ ਮੁਥਾਜ ਨਹੀਂ, ਉਹ ਆਪਣਾ ਇਕ ਸਤਿਕਾਰਯੋਗ ਸਥਾਨ ਬਣਾ ਚੁਕੇ ਹਨ, ਇਥੋਂ ਤਕ ਕਿ ਟੀ.ਵੀ. ਸੀਰੀਅਲਾਂ ਤੇ ਭਾਰਤੀ ਫਿਲਮਾਂ ਵਿਚ ਵੀ ਉਨ੍ਹਾਂ ਦਾ ਬੋਲ ਬਾਲਾ ਹੈ।ਰੰਗ-ਮੰਚ ਦੀਆਂ ਇਨ੍ਹਾਂ ਕਾਮਯਾਬੀਆਂ ਲਈ ਅਸੀਂ ਸਾਰਾ ਸਿਹਰਾ ਆਇਰਲੈਂਡ ਵਿਚ ਜਨਮ ਲੈਣ ਵਲੀ ਮਿਸਿਜ਼ ਨੋਰਾ ਰਿੱਚ੍ਰਡਜ਼ ਨੂੰ ਦਿਆਂਗਾਂ, ਜਿਸ ਅਜ ਤੋਂ ਇਕ ਸਦੀ ਪਹਿਲਾਂ ਪੰਜਾਬ ਆਕੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਵਿਚ ਨਾਟਕ ਲਿਖਣ ਤੇ ਖੇੁਡਣ ਦੀ ਪ੍ਰੇਰਣਾ ਦਿਤੀ।ਬਲਵੰਤ ਗਾਰਗੀ ਨੋਰ੍ਹਾ ਨੂੰ ਪੰਜਾਬੀ ਨਾਟਕ ਦੀ ਨਕੜਦਾਦੀ ਕਿਹਾ ਕਰਦੇ ਸਨ।

ਇਸ ਮਹਾਨ ਹਸਤੀ  ਦਾ ਜਨਮ ਆਇਰਲੈਂਡਵਿਚ ਗੋਰਾਵੁਡ ਵਿਖੇ ਹੋਇਆ। ਮੁਢਲੀ ਵਿਦਿਆ ਬੈਲਜੀਅਮ ਅਤੇ ਆਕਸਫੋਰਡ ਤੋਂ ਲਈ। ਸ਼ੂਰੁ ਤੋਂ ਹੀ ਉਸ ਨੂੰ ਸਟੇਜ ‘ਤੇ ਕੰਮ ਕਰਨ ਅਤੇ ਗਾਉਣ ਦਾ ਸ਼ੌਕ ਸੀ ਅਤੇ ਨੋਰਾ ਡੌਇਲ ਦੇ ਨਾਂ ਨਾਲ ਪ੍ਰਸਿਧ ਹੋ ਗਈ ਸੀ। ਉਹ ਟੈਕਸਾਸ ਯੂਨੀਵਰਸਿਟੀ ਵਿਚ ਡਰਾਮਾ ਵਿਭਾਗ ਦੇ ਪ੍ਰੋ. ਬੀ. ਈਡਨ ਪਾਈਨ ਨੇ ਪ੍ਰਭਾਵ ਹੇਠ ਆਕੇ ਟਾਲਸਟਾਇਣ ਬਣ ਗਈ। ਸਟੇਜ ਛੱਡ ਡੌਰਸੈਟ ਪਰਦੇਸ਼ ਵਿਚ ਇਕ ਨਿਕੇ ਜਿਹੇ ਪਿੰਡ ਵੁਡਲੈਂਡਜ਼ ਵਿਖੇ ਬੜਾ ਹੀ ਸਿੱਧਾ ਅਤੇ ਸਾਦਾ ਜੀਵਨ ਬਿਤਾਉਣ ਲਗੀ। ਇਸੇ ਥਾਂ ਉਸਦੀ ਮੁਲਕਾਤ ਪ੍ਰੋ. ਫਿਲਿਪਸ ਅਰਨੈਸਟ ਰਿੱਚਡਜ਼ ਨਾਲ ਹੋਈ, ਜੋ ਪਿਆਰ ਵਿਚ ਬਦਲ ਗਈ। ਇਨ੍ਹਾਂ ਦੋਨਾਂ ਨੇ 1908 ਵਿਚ ਵਿਆਹ ਕਰਵਾ ਲਿਆ ਅਤੇ ਉਹ 1911 ਵਿਚ ਲਾਹੌਰ ਆਏ ਜਿਥੇ ਸ੍ਰੀ ਰਿੱਚਡਜ਼ ਦਿਆਲ ਸਿੰਘ ਕਾਲਜ ਵਿਚ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰ ਨਿਯੁਕਤ ਹੋਏ ਸਨ। ਇਸੇ  ਨੋਰਾ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਨਾਟਕਾਂ ਵਿਚ ਫਿਰ ਦਿਲਚਪਸੀ ਲੈਣੀ ਸ਼ੁਰੂ ਕਰ ਦਿਤੀ। ਇਸ ਸਮੇਂ ਕਾਲਜਾਂ ਵਿਚ ਆਮ ਤੌਰ ਤੇ ਅੰਗਰੇਜ਼ੀ ਦੇ ਨਾਟਕ ਖੇਡੇ ਜਾਂਦੇ ਸਨ ਜੋ ਪੰਜਾਬੀ ਵਿਦਿਆਰਥੀਆਂ ਦੇ ਮੂੰਹੋਂ ਬੜੇ ਰੁੱਖੇ ਅਤੇ ਓਪਰੇ ਜਿਹੇ ਲਗਦੇ ਸਨ। ਨੋਰਾ ਨੇ ਵਿਦਿਆਰਥੀਆਂ ਨੂੰ ਆਪਣੀ ਮਾਤ-ਭਾਸ਼ਾ ਵਿਚ ਨਾਟਕ ਲਿਖਣ ਅਤੇ ਖੇਡਣ ਲਈ ਪ੍ਰੇਰਨਾ ਦਿਤੀ ਅਤੇ ਇਕ ਨਾਟਕ ਪ੍ਰਤੀਯੋਗਤਾ ਆਯੋਜਿਤ ਕੀਤੀ। ਇਸੇ ਮੁਕਾਬਲੇ ਵਿਚ 1913 ਵਿਚ ਈਸ਼ਵਰ ਚੰਦਰ ਨੰਦਾ ਨੇ ‘ਦੁਲਹਨ’ ਨਾਟਕ ਲਿਖੇ ਕੇ ਪਹਿਲਾ ਇਨਾਮ ਜਿਤਿਆ ਇਸ ਤਰ੍ਹਾਂ ਦੇ ਇਨਾਮ ਦੇਣ ਦੀ ਪ੍ਰਥਾ ਯੂਨਾਨੀ ਰੰਗ-ਮੰਚ ਤੋਂ ਚਲੀ ਆ ਰਹੀ ਹੈ। ‘ਦੁਲਹਨ’ ਜਿਸ ਨੂੰ ਪੰਜਾਬੀ ਦਾ ਪਹਿਲਾ ਸਾਹਿੱਤਕ ਨਾਟਕ ਹੋਣ ਦਾ ਮਾਣ ਪ੍ਰਾਪਤ ਹੈ, 14 ਅਪਰੈਲ 1914 ਨੂੰ ਦਿਆਲ ਸਿੰਘ ਕਾਲਿਜ ਲਾਹੌਰ ਦੇ ਖੁਲ੍ਹੇ ਰੰਗ ਮੰਚ ‘ਤੇ ਖੇਡਿਆ ਗਿਆ।

ਨਾਟਕ ਲਿਖੋਣ, ਖੇਡਣ ਅਤੇ ਨਿਰਦੇਸ਼ਣ ਦੀ ਸਿਖਿਆ ਦੇਣ ਲਈ ਨੋਰਾ ਨੇ ‘ਸਰਸਵਤੀ ਸਟੇਜ ਸੋਸਾਇਟੀ’ ਕਾਇਮ ਕੀਤੀ ਜਿਸ ਦੇ ਪ੍ਰਧਾਨ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਤਤਕਾਲੀ ਵਾਈਸ ਚਾਂਸਲਰ ਮਿਸਟਰ ਏ. ਸੀ. ਵੁਲਨਰ ਸਨ। ਇਸ ਰਾਹੀਂ ਕਈ ਨਾਟਕ ਖਿਡਵਾਏ ਗਏ। ਪ੍ਰਸਿਧ ਫਿਲਮਸਟਾਰ ਮਰਹੂਮ ਪ੍ਰਿਥਵੀ ਰਾਜ ਕਪੂਰ, ਆਈ. ਸੀ. ਨੰਦਾ, ਪ੍ਰੋ: ਜੈ ਦਿਆਲ, ਬਲਵੰਤ ਗਾਰਗੀ, ਡਾ: ਹਰਚਰਨ ਸਿੰਘ ਆਦਿ ਇਸ ਸਮੇਂ ਦੀਆਂ ਰੰਗ-ਮੰਚ ਦੀਆਂ ਸਰਗਰਮੀਆਂ ਸਦਕਾ ਇੰਨੇ ਉੱਚ ਸਥਾਨ ਤੇ ਪਹੁੰਚੇ ਸਨ।

ਪੰਜਾਬੀ ਰੰਗ-ਮੰਚ ਨੂੰ 1920 ਵਿਚ ਉਦੋਂ ਕਰੜੀ ਸੱਟ ਵਜੀ ਜਦੋਂ ਨੋਰਾ ਦੇ ਪਤੀ ਦਾ ਦਿਹਾਂਤ ਹੋ ਗਿਆ ਅਤੇ ਉਹ ਲਾਹੌਰ ਛੱਡ ਕੇ ਇੰਗਲੈਂਡ ਵਾਪਸ ਚਲੀ ਗਈ।

ਇਕ ਵਾਰੀ ਲੰਡਨ ਦੇ ਇਕ ਸਿਨੇਮਾ ਹਾਲ ਵਿਚ ਇਕ ਫਿਲਮ ‘ਥਰੂ ਰੋਮਾਂਟਕ ਇੰਡੀਆ’ ਵਿਖਾਈ ਜਾ ਰਹੀ ਸੀ ਜਿਸ ਵਿਚ ਹਿੰਦੁਸਤਾਨੀਆਂ ਦਾ ਬੜਾ ਹੀ ਮਜ਼ਾਕ ਉਡਾਇਆ ਗਿਆ ਸੀ। ਨੋਰਾਂ ਨੇ ਅਨੁਭਵ ਕੀਤਾ ਕਿ ਇਹ ਹਿੰਦੁਸਤਾਨ ਨਾਲ ਬੇ-ਇਨਸਾਫੀ ਹੈ। ਉਸ ਨੇ ਉਠ ਕੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ ” ਇਹ ਗਲਤ ਹੈ” ਅਤੇ ਸ਼ੋਅ ਕੇਸ ਦੇ ਸ਼ੀਸੇ ਤੋੜ ਦਿਤੇ। ਇਸ ‘ਤੇ ਉਸ ਨੂੰ ਗ੍ਰਿਫਤਾਰ ਕਰ ਕੇ ਇਕ ਮਹੀਨੇ ਲਈ ਜੇਲ੍ਹ ਭੇਜ ਦਿਤਾ ਗਿਆ।

ਇੰਗਲੈਂਡ ਵਿਚ ਨੋਰਾ ਦਾ ਦਿਲ ਨਾ ਲਗਾ ਅਤੇ ਉਹ 1924 ਵਿਚ ਫਿਰ ਭਾਰਤ ਆ ਗਈ ਅਤੇ ਕਾਂਗੜਾ ਜ਼ਿਲੇ ਦੇ ਬਨੂਰੀ ਪਿੰਡ ਵਿਚ ਰਹਿਣ ਲਗੀ। ਇਕ ਮਿੱਤਰ ਸ੍ਰੀਮਤੀ ਪਾਰਕਰ ਵਲੋਂ ਲਾਗਲੇ ਪਿੰਡ ਅੰਦਰੇਟਾ ਵਿਖੇ 10 ਏਕੜ ਥਾਂ ਮਿਲਣ ਤੇ ਅੰਦਰੇਟਾ ਆ ਗਈ ਜਿਥੇ ਉਸ ਨੇ ਆਪਣੀ ਜ਼ਿੰਦਗੀ ਦੇ ਬਾਕੀ ਸਾਲ ਬਿਤਾਏ। ਪਹਿਲਾਂ ਪਹਿਲਾਂ ਤਾਂ ਉਹ ਅੰਗਰੇਜ਼ੀ ਠਾਠ-ਬਾਠ ਨਾਲ ਹੀ ਰਹਿੰਦੀ ਸੀ, ਪਰ ਹੌਲੀ ਹੌਲੀ ਬਹੁਤ ਹੀ ਸਾਦਾ ਜੀਵਨ ਬਿਤਾਉਣ ਲਗੀ।

ਅੰਦਰੇਟੇ ਰਹਿ ਕੇ ਸ੍ਰੀਮਤੀ ਨੌਰਾ ਨੇ ਪੇਂਡੂ ਰੰਗ-ਮੰਚ ਵਲ ਬਹੁਤ ਧਿਆਨ ਦਿਤਾ। ਉਸ ਨੇ ਇਥੇ ਇਕ ‘ਖੁਲਾ ਰੰਗ-ਮੰਚ’ (ਓਪਨ-ਏਅਰ-ਥੀਏਟਰ) ਬਣਾਇਆ ਹੋਇਆ ਸੀ। ਨਾਟਕਾਂ  ਰਾਹੀਂ ਪੇਂਡੂਆਂ ਖਾਸ ਕਰ ਕਿਸਾਨਾਂ ਵਿਚ ਨਵੀਂ ਜਾਗ੍ਰਿਤੀ ਲਿਆਉਣੀ ਸ਼ੁਰੂ ਕੀਤੀ। 1947 ਤੋਂ ਪਹਿਲਾਂ ਅਣਵੰਡੇ ਪੰਜਾਬ ਭਰ ਚੋਂ ਅਧਿਆਪਕ ਅਤੇ ਕਾਲਜਾਂ ਦੇ ਵਿਦਿਆਰਥੀ ਨਾਟ-ਵਿਦਿਆ ਲਈ ਇਥੇ ਆਉਂਦੇ ਰਹਿੰਦੇ ਸਨ। ਆਜ਼ਾਦੀ ਪਿਛੋਂ ਵੀ ਪੂਰਬੀ ਪੰਜਾਬ ਸਰਕਾਰ ਬਲਾਕਾਂ ਦੇ ਸਮਾਜਕ ਸਿਖਿਆ ਅਫਸਰ ਅਤੇ ਨਾਟ-ਵਿਦਿਆ ਦੇ ਸ਼ੌਕੀਨਾਂ ਨੂੰ ਅੰਦਰੇਟੇ ਨਾਟਕ ਲਿਖਣ, ਖੇਡਣ ਅਤੇ ਨਿਰਦੇਸ਼ਨ ਦੀ ਸਿਖਿਆ ਲਈ ਭੇਜਣ ਲਗੀ। ਇਥੇ ਰੰਗ-ਮੰਚ ਨਾਲ ਜੁੜੇ ਵੱਡੇ ਵੱਡੇ ਕਲਾਕਾਰ ਅਤੇ ਨਿਰਦੇਸ਼ਕ ਵਿਸ਼ੇਸ਼ ਭਾਸ਼ਣ ਦੇਣ ਅੰਦਰੇਟੇ ਆਉਂਦੇ। ਇਨ੍ਹਾਂ ਵਿਚ ਸ੍ਰੀ ਹਬੀਬ ਤਨਵੀਰ, ਨਾਟ-ਕਲਾ ਕੇਂਦਰ ਅਲਾਹਾਬਾਦ ਦੇ ਡਾ: ਲਕਸ਼ਮੀ ਨਾਰਇਣ ਲਾਲ, ਸ੍ਰੀ ਮੁਸ਼ਤਾਕ ਅਹਿਮਦ, ਸ੍ਰੀ ਐਸ. ਐਨ. ਸ੍ਰੀਵਾਸਤਵਾ ਦੇ ਨਾਂ ਵਰਨਣ ਯੋਗ ਹਨ।

ਸਮਾਂ ਬਤਿਣ ‘ਤੇ ਭਾਵੇਂ ਨੌਰਾ ਦੇ ਸਰੀਰਕ ਤੌਰ ਤੇ ਕਮਜ਼ੋਰ ਹੋਣ ਕਾਰਨ ਅੰਦਰੇਟੇ ਨਾਟ-ਸਰਗਰਮੀਆਂ ਘਟ ਗਈਆਂ ਸਨ, ਪਰ ਉਹ ਹਰ ਸਮੇਂ ਆਪਣੇ ਆਪ ਨੂੰ ਭਾਰਤ ਭਰ ਵਿਚ ਰੰਗ-ਮੰਚ ਬਾਰੇ ਸਰਗਰਮੀਆਂ ਨਾਲ ਸੰਪਰਕ ਰਖਦੀ ਸੀ ਅਤੇ ਲੇਖ ਆਦਿ ਲਿਖ ਕੇ ਭੇਜਦੀ ਰਹੀ। ਮਾਨਸਕ ਤੌਰ ਤੇ ਉਹ ਬਹੁਤ ਹੀ ਬਲਵਾਨ ਸੀ ਅਤੇ ‘ਮਨ ਦੀ ਸ਼ਕਤੀ  ਸਦਕੇ 95 ਸਾਲ ਦੀ ਉਮਰ ਤਕ ਰੰਗ-ਮੰਚ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਂਦੀ ਰਹੀ। ਉਸ ਨੇ ਤਿੰਨ ਮਾਰਚ 1971 ਨੂੰ ਅੱਖਾਂ  ਮੀਟੀਆਂ, ਦੋ ਮਾਰਚ ਤਕ ਆਪਣੇ ਹੱਥੀਂ ਡਾਇਰੀ ਲਿਖਦੀ ਰਹੀ। ਉਸਦੀ ਰੋਜ਼ਾਨਾ ਡਾਇਰੀ ਤੋਂ ਰੰਗ ਮੰਚ ਅਤੇ ਪਿੰਡਾਂ ਦੇ ਵਿਕਾਸ ਬਾਰੇ ਉਸ ਦੇ ਵਿਚਾਰਾਂ ਤੋਂ ਪਤਾ ਲਗਦਾ ਹੈ।

ਪੰਜਾਬੀ ਰੰਗ-ਮੰਚ ਲਈ ਨੌਰਾ ਦੀ ਮਹਾਨ ਦੇਣ ਨੂੰ ਮੁਖ ਰਖਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਨੂੰ 1970 ਵਿਚ ਡਾਕਟਰ ਆਫ ਲਿਟਰੇਚਰ ਦੀ ਆਨਰੇਰੀ ਡਿਗਰੀ ਦੇ ਕੇ ਸਨਮਾਣਿਤ ਕੀਤਾ ਸੀ। ਨੌਰਾ  ਨੇ ਆਪਣੀ ਅੰਤਮ ਵਸ਼ੀਹਤ ਰਾਹੀਂ ਆਪਣਾ ਨਿਵਾਸ ਸਥਾਨ ‘ਵੁਡਲੈਂਡਜ਼ ਰੀਟਰੀਟ’ ਪੰਜਾਬੀ ਯੂਨੀਵਰਸਿਟੀ ਨੂੰ ਦਿੱਤਾ ਹੈ ਜਿਥੇ ਯੂਨੀਵਰਸਿਟੀ ਨੇ ਇਥੇ ਇਕ ‘ਲੇਖਕ-ਘਰ’ ਬਣਾਇਆ ਹੈ – ਜਿਥੇ ਸਭ ਨਵੀਨ ਸਹੂਲਤਾਂ ਮੌਜੂਦ ਹਨ।ਬਾਕੀ ਦੀ ਜ਼ਮੀਨ ਨੋਰਾ ਨੇ ‘ਵੁਡਲੈਂਡ ਸੋਸਾਇਟੀ’ ਨੂੰ ਦਿੱਤੀ ਸੀ।

ਇਸ ਲੇਖਕ ਨੂੰ ਅੰਦਰੇਟਾ ਰਹਿੰਦੇ ਹੋਏ ਸ੍ਰੀਮਤੀ ਨੋਰਾ ਨੂੰ ਨੇੜਿਉਂ ਦੇਖਣ ਦਾ ਸੁਭਾਗ ਪ੍ਰਾਪਤ ਹੈ।ਪੰਜਾਬੀ ਯੂਨੀਵਰਸਿਟੀ ਵਲੋਂ ਬਣਾਏ ਗਏ “ਲੇਖਕ ਘਰ” ਦੇ ਪਹਿਲੇ ਚਾਰ ਪੰਜ ਸਾਲ “ਕੇਅਰ ਟੇਕਰ” ਹੋਣ ਦਾ ਮਾਣ ਵੀ ਮੈਨੂੰ ਹੀ ਹੈ।
ਮੇਰਾ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬੀ ਯੂਨੀਵਰਸਿਟੀ ਅਤੇ ਦਿਆਲ ਸਿੰਘ ਕਾਲਜ ਲਹੌਰ (ਹੁਣ ਦਿੱਲੀ) ਨੂੰ ਸਨਿਮਰ ਸੁਝਾਅ ਹੈ ਕਿ ਸਾਲ 2012 ਵਿਚ ਕਾਲਜ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਵਿਚ ਨਾਟਕ ਲਿਖਣ ਦੀ ਸ਼ਤਾਬਦੀ, 2013 ਵਿਚ ਪਹਿਲੇ ਨਾਟਕ ਲਿਖੇ ਜਾਣ ਦੀ ਸ਼ਤਾਬਦੀ ਪੂਰੇ ਉਤਸ਼ਾਹ ਨਾਲ ਮਨਾਈ ਜਾਏ, ਅਤੇ 14 ਅਪਰੈਲ 2014 ਨੂੰ ਪਹਿਲਾ ਨਾਟਕ ‘ਦੁਲਹਨ” ਖੇਡਿਆ ਜਾਏ। ਭਾਰਤ ਸਰਕਾਰ ਨੂਮ ਉਸ ਸਮੇਂ ਇਕ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਲਈ ਕਿਹਾ ਜਾਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>