ਕਬੱਡੀ ਕੱਪ ਦੇ ਉਦਘਾਟਨ ਨੇ ਰਾਸ਼ਟਰ ਮੰਡਲ ਖੇਡਾਂ ਦੇ ਉਦਘਾਟਨੀ ਸਮਾਗਮ ਨੂੰ ਪਾਇਆ ਫਿੱਕਾ

ਬਠਿੰਡਾ,(ਗੁਰਿੰਦਰਜੀਤ ਸਿੰਘ ਪੀਰਜੈਨ)- ਦੂਸਰੇ ਵਿਸ਼ਵ ਕਬੱਡੀ ਕੱਪ ਦੇ ਸ਼ਾਨਦਾਰ ਆਗਾਜ਼ ਨਾਲ 20 ਦਿਨਾਂ ਤੱਕ ਚੱਲਣ ਵਾਲੇ ਕਬੱਡੀ ਦੇ  ਮਹਾਂਕੁੰਭ ਲਈ ਪਿੜ੍ਹ ਬੱਝ ਗਿਆ ਹੈ। ਇਸ ਵਕਾਰੀ ਕਬੱਡੀ ਕੱਪ ਵਿੱਚ ਪੁਰਸ਼ ਵਰਗ ਵਿੱਚ 14 ਅਤੇ ਮਹਿਲਾਂ ਵਰਗ ’ਚ 4 ਦੇਸ਼ਾਂ ਦੀਆਂ ਟੀਮਾਂ 4.11 ਕਰੋੜ ਰੁਪਏ ਦੀ ਰਿਕਾਰਡ ਇਨਾਮੀ ਰਾਸ਼ੀ ਲਈ ਮੁਕਾਬਲੇ ਵਿੱਚ ਨਿੱਤਰਣਗੀਆਂ।

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਕਿੰਗ ਖਾਨ ਵਜੋਂ ਜਾਣੇ ਜਾਂਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਖਿਡਾਰੀਆਂ ਨੂੰ ਮਸ਼ਾਲ ਸੌਂਪੀ ਅਤੇ ਪੰਜਾਬ ਦੇ  ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਵਿਸ਼ਵ ਕਬੱਡੀ ਕੱਪ ਦੇ ਸ਼ੁਰੂ ਹੋਣ ਦੇ ਐਲਾਨ ਨਾਲ ਹੀ 20 ਦਿਨਾਂ ਤੱਕ ਦੁਨੀਆਂ ਭਰ ਦੇ ਕਬੱਡੀ ਪ੍ਰੇਮੀਆਂ ਦੇ ਮਨ ਦੀ ਮੁਰਾਦ ਪੂਰੀ ਹੋਣ ਦਾ  ਸਿਲਸਿਲਾ ਆਰੰਭ ਹੋ ਗਿਆ।  ਇਸ ਕਬੱਡੀ ਯੱਗ ਦੀ ਸ਼ੁਰੂਆਤ ਰੋਸ਼ਨੀ ਅਤੇ ਆਵਾਜ਼ ’ਤੇ ਆਧਾਰਤ ਪ੍ਰੋਗਰਾਮ ਨਾਲ ਹੋਈ ਅਤੇ ਇਸ ਮੌਕੇ ਵਿਸ਼ਵ ਪ੍ਰਸਿੱਧ ਕਮੇਡੀਅਨ ਗੁਰਪ੍ਰੀਤ  ਘੁੱਗੀ ਨੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਰਵਾਇਤੀ ਖੇਡ ਕਬੱਡੀ ਦੇ ਪਿਛੋਕੜ ਅਤੇ ਇਸ ਦੇ ਪਿੰਡਾਂ ਦੇ ਪਿੜ੍ਹਾਂ ਵਿਚੋਂ ਤੇਜ਼ੀ ਨਾਲ ਉਲੰਪਿਕ ਸਫਰ ਦਾ ਖੂਬਸੂਰਤ ਨਜ਼ਾਰਾ ਬਿਆਨ ਕੀਤਾ। ਸਟੇਡੀਅਮ ਦੇ ਚਹੁੰਪਾਸੀ ਲੱਗੀਆ ਵਿਸ਼ਾਲ ਸਕਰੀਨਾਂ ’ਤੇ ਇਨ੍ਹਾਂ ਖੇਡਾਂ ਦੇ ਸ਼ੁਰੂ ਹੋਣ ਦੀ ਪੁੱਠੀ ਗਿਣਤੀ ਮੁਕੰਮਲ ਹੋਣ ’ਤੇ ਆਤਿਸ਼ਬਾਜ਼ੀ ਦੇ ਨਜ਼ਾਰੇ ਨੇ ਪੂਰਾ ਆਸਮਾਨ ਰੋਸ਼ਨ ਕਰ ਦਿੱਤਾ।

ਸਵਾਗਤੀ ਗੀਤ ਜੀ ਆਇਆ ਨੂੰ  ਦੀ ਧੁੰਨ ਨੇ ਜਿਥੇ ਸਮੁੱਚਾ ਸਟੇਡੀਅਮ ਗੁੰਜਣ ਲਗਾ ਦਿੱਤਾ ਉਥੇ ਪੁਰਸ਼ਾ ਦੇ ਵਰਗਾਂ ਦੀਆਂ 14 ਅਤੇ ਔਰਤਾਂ ਦੇ ਵਰਗਾਂ ਦੀਆਂ 4 ਟੀਮਾਂ ਨੇ ਆਪੋ-ਆਪਣੇ ਦੇਸ਼ ਦੇ ਕੌਮੀ ਝੰਡੇ ਲੈ ਕੇ ਮਾਰਚ ਆਰੰਭ ਕਰਦਿਆਂ ਅਤਿ ਵਿਸ਼ਿਸਟ ਵਿਅਕਤੀਆਂ ਲਈ ਬਣਾਈ ਗਈ ਵਿਸੇਸ਼ ਗੈਲਰੀ ਅੱਗੇ ਆਪਣੀ ਥਾਂ ਲਈ।

ਸਮਾਗਮ ਨੂੰ ਸੰਬੋਧਨ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਖੇਡਾਂ ਲਈ ਵਧ ਤੋ ਵਧ ਬਜਟ ਰਖਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਡਾਂ ਨਾਲ ਸਬੰਧਤ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ ਅਤੇ ਤਿੰਨ ਫੀਸਦੀ ਹਿੱਸਾ ਖੇਡ ਕੋਟੇ ਦਾ ਰਖਿਆ ਹੈ। ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੀ ਖੇਡਾਂ ਪ੍ਰਤੀ ਲਗਾਵ ਦੀ ਪ੍ਰਸ਼ੰਸਾ ਕਰਦਿਆ ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਖਸ਼ ਹਨ ਕਿ ਸੁਖਬੀਰ ਹੋਣੀ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੇ ਗਏ ਹਨ। ਖਚਾ ਖਚ ਭਰੇ ਸਟੇਡੀਅਮ ਨੂੰ ਦੇਖ ਕੇ ਖੁਸ਼ ਹੁੰਦੇ ਹੋਏ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਪੁਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ  ਦੇ ਆਪਣੇ ਖੇਡ ਵਿਭਾਗ ਦੇ ਆਪਣੇ ਉਹ ਅੰਤਰਰਾਸ਼ਟਰੀ ਪੱਧਰ ਦੇ 13 ਸਟੇਡੀਅਮ ਬਨਾਂਉਣ ਵਿਚ ਕਾਮਯਾਬ ਹੋਏ ਹਨ ਜਿਨ੍ਹਾਂ ਵਿਚ ਇਕ ਉ¦ਪਿਕ ਪੱਧਰ ਦਾ ਐਸਟਰੋਟਰਫ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਦੀ ਨਵੀ ਨਿਤੀ ਅਨੁਸਾਰ ਪਿੰਡਾ ਵਿਚੋ ਖੇਡਾ ਨਾਲ ਲਗਾਵ ਰੱਖਣ ਵਾਲੇ ਨੌਜਵਾਨਾ ਨੂੰ ਟ੍ਰੇਨਿੰਗ ਦੇ ਕੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਨਾਇਆ ਜਾਵੇਗਾ। ਸ੍ਰ ਬਾਦਲ ਨੇ ਕਿਹਾ ਕਿ ਪਿੰਡ ਘੁੱਦਾ ਵਿਖੇ ਜਲਦ ਹੀ ਖੇਡ ਸਕੂਲ ਖੋਲਿਆ ਜਾ ਰਿਹਾ ਹੈ ਅਤੇ ਸਰਕਾਰ ਦੀ ਯੋਜਨਾ ਹੈ ਕਿ ਹਰੇਕ ਜਿਲੇ ਵਿਚ ਖੇਡ ਸਕੁਲ ਖੋਲੇ ਜਾਣਗੇ ਜਿਥੇ ਖੇਡਾ ਨਾਲ ਸਬੰਧਤ ਕੋਚ ਤੇ ਰਿਹਾਇਸ਼ ਖਿਡਾਰੀਆਂ ਨੂੰ ਮਿਲਣਗੇ। ਉਨ੍ਹਾਂ ਨੇ ਬਾਲੀਬੁਡ ਅਭਿਨੇਤਾ ਸ਼ਾਹਰੁਖ਼ਖਾਨ ਦਾ ਇਸ ਗਲੋ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕਬੱਡੀ ਵਰਗੀ ਰਵਾਇਤੀ ਖੇਡ ਦਾ ਬ੍ਰਾਂਡ ਅੰਬੇਸਡਰ ਬਨਣਾ ਸਵੀਕਾਰ ਕੀਤਾ ਹੈ।

ਸਮੁੱਚਾ ਮਲਟੀਪਰਪਜ਼ ਸਪੋਰਟਸ ਸਟੇਡੀਅਮ ਉਦੋਂ ਤਾੜੀਆਂ ਦੀ ਗੜ੍ਹਗੜਾਹਟ ਨਾਲ ਗੂੰਜ ਉਠਿਆਂ ਜਦੋਂ ਡਬਲਿਊ.ਡਬਲਿੳ. ਈ ਪਹਿਲਵਾਨ ਇਕ ਖੁੱਲੀ ਜੀਪ ਵਿੱਚ ਸਟੇਡੀਅਮ ਅੰਦਰ ਦਾਖਲ ਹੋਇਆ। ਇਸ ਮੌਕੇ 35-35 ਕਲਾਕਾਰਾਂ ’ਤੇ ਆਧਾਰਤ ਭੰਗੜਾ, ਗਿੱਧਾ, ਝੂਮਰ ਅਤੇ ਲੁੱਡੀਆਂ ਪਾਉਂਦੀਆਂ ਟੀਮਾਂ ਨੇ ਵੱਖਰਾ ਹੀ ਨਜ਼ਾਰਾ ਪੇਸ਼ ਕੀਤਾ।  ਖਲੀ ਹਰ ਟੀਮ ਨੂੰ ਮਿਲਣ ਲਈ ਗਿਆ ਤਾਂ  ਵੱਖ ਵੱਖ ਟੀਮਾਂ ਦੇ ਕਪਤਾਨਾਂ ਨੇ ਉਸ ਦੀ ਆਪਣੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਾਈ।  ਜਿਉਂ ਖਲੀ ਸਮੂਹ ਕਪਤਾਨਾਂ ਨੂੰ ਨਾਲ ਲੈ ਕੇ ਸਟੇਜ ਵੱਲ ਵਧਿਆਂ ਤਾਂ ਐਨ ਉਸ ਵਕਤ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਹਾਈਡਰੋਲਿਕ ਸਿਸਟਮ ਰਾਹੀਂ ਸਟੇਜ ਉਤੇ ਪਹੁੰਚੇ। ਇਸ ਮੌਕੇ  ਉਪ ਮੁੱਖ ਮੰਤਰੀ ਨੇ ਸਮੂਹ ਟੀਮਾਂ ਦੇ ਕਪਤਾਨਾਂ ਨੂੰ ਫੁਲਕਾਰੀਆਂ ਅਤੇ ਸ਼ਾਲ ਭੇਂਟ ਕੀਤੇ ਅਤੇ ਨਾਲ ਹੀ ਨਿਵੇਕਲੇ  ਲੇਜ਼ਰ ਬੀਮ ਸ਼ੋਅ ਨੇ ਸਮੁੱਚਾ ਸਟੇਡੀਅਮ ਚਮਕਣ ਲਗਾ ਦਿੱਤਾ।  ਲੇਜ਼ਰ ਸ਼ੋਅ, ਆਤਿਸ਼ਬਾਜ਼ੀ ਅਤੇ ਬੇਹੱਦ ਪ੍ਰਭਾਵਸ਼ਾਲੀ ਰੋਸ਼ਨੀਆਂ  ਨਾਲ ਚਮ-ਚਮਾਉਂਦੇ ਸਟੇਡੀਅਮ ਅੰਦਰ ਦਾਖਲ ਹੋ ਕੇ ਭਾਰਤ ਦੇ ਸਾਬਕਾ ਹਾਕੀ ਕਪਤਾਨ ਪਦਮਸ਼੍ਰੀ ਪਰਗਟ ਸਿੰਘ ਨੇ ਮਸ਼ਾਲ ਰੀਲੇਅ ਦੌੜ ਦੇ ਪਹਿਲੇ ਅਥਲੀਟ ਨੂੰ ਸੌਂਪੀ। ਰੀਲੇਅ ਦੌੜ ਦੇ ਅਥਲੀਟਾਂ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਸ਼ਾਹਰੁਖ ਖਾਨ ਨੂੰ  ਮਸ਼ਾਲ ਸੌਂਪੀ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਕਬੱਡੀ ਕੱਪ ਸ਼ੁਰੂ ਹੋਣ ਦੇ ਕੀਤੇ ਗਏ ਐਲਾਨ ਨਾਲ ਹੀ ਰੰਗ ਬਰੰਗੀਆਂ ਆਤਿਸ਼ਬਾਜ਼ੀਆਂ ਨੇ ਵੱਖਰਾ ਹੀ ਸਮਾਂ ਬੰਨ ਦਿੱਤਾ। ਲੇਜ਼ਰ ਬੋਰਡ ਅਤੇ ਆਡੀਓ ਵੀਡੀਓ ਸਕਰੀਨਾਂ ਰਾਹੀਂ ਸਟੇਡੀਅਮ ਦੇ ਹਰ ਹਿੱਸੇ ਵਿੱਚ ਬੈਠੇ ਦਰਸ਼ਕਾਂ ਨੂੰ ਉਦਘਾਟਨੀ ਸਮਾਗਮ ਦੇ ਹਰ ਪਲ ਦਾ ਵੇਰਵਾ ਮਿਲਿਆ।  ਇਸ ਮੌਕੇ ਕਬੱਡੀ ਗੀਤ ਰਾਹੀਂ ਦੂਸਰਾ ਵਿਸ਼ਵ ਕਬੱਡੀ ਕੱਪ ਆਰੰਭ ਹੋਇਆ।

ਉਦਘਾਟਨੀ ਸਮਾਗਮ ਪ੍ਰਸਿੱਧ ਪਲੇਅ ਬੈਕ ਗਾਇਕਾਂ ਸੁਖਵਿੰਦਰ ਸਿੰਘ, ਨਛੱਤਰ ਗਿੱਲ, ਅਮਰਿੰਦਰ ਗਿੱਲ ਅਤੇ ਮਿਸ  ਪੂਜਾ ਦੇ ਗੀਤਾਂ ਅਤੇ ਸੁਖਵਿੰਦਰ ਦੇ ਪ੍ਰਸਿੱਧ ਗੀਤ ਚੱਕ ਦੇ ਇੰਡੀਆ ’ਤੇ ਸ਼ਾਹਰੁਖ ਖਾਨ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਆਪਣੀ ਸਿਖਰ  ’ਤੇ ਪਹੁੰਚਿਆ ਅਤੇ ਉਦਘਾਟਨੀ ਸਮਾਗਮ ਦੀ ਸਮਾਪਤੀ  ਨਾਲ ਪੰਜਾਬੀਆਂ ਲਈ ਆਪਣੀ ਮਾਂ ਖੇਡ ਕਬੱਡੀ ਦਾ ਅਗਲੇ 20 ਦਿਨਾਂ ਤੱਕ ਭਰਪੂਰ ਆਨੰਦ ਲੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>