ਬਠਿੰਡਾ ਵਾਸੀਆਂ ਦੇ ਦਿਲਾਂ ਵਿੱਚ ਅਮਿੱਟ ਛਾਪ ਛੱਡ ਗਿਆ ਵਿਸ਼ਵ ਕੱਪ ਦਾ ਆਗਾਜ਼

ਬਠਿੰਡਾ,(ਗੁਰਿੰਦਰਜੀਤ ਸਿੰਘ ਪੀਰਜੈਨ)- ਬਠਿੰਡਾ ਦੇ ਨਵੇਂ ਬਣੇ ਮਲਟੀਪਰਪਜ਼ ਸਪਰੋਟਸ ਸਟੇਡੀਅਮ ਵਿਖੇ ਬਾਲੀਵੁੱਡ ਦੀ ਚਮਕ ਦਮਕ, ਪੰਜਾਬੀ ਗਾਇਕਾਂ ਦੀ ਧਮਾਲ ਅਤੇ ਚਕਾਚੌਂਧ ਕਰਨ ਦੇਣ ਵਾਲੇ ਗਜ਼ਬ ਦੇ ਲੇਜ਼ਰ ਸ਼ੋਅ ਨਾਲ ਧੂਮ ਧੜੱਕੇ ਨਾਲ ਸ਼ੁਰੂ ਹੋਏ ਵਿਸ਼ਵ ਕੱਪ ਕਬੱਡੀ ਦੇ ਸ਼ਾਨਦਾਰ ਆਗਾਜ਼ ਨੂੰ ਬਠਿੰਡਾ ਵਾਸੀ ਦਹਾਕਿਆਂ ਬੱਧੀ ਯਾਦ ਰੱਖਣਗੇ।

ਬਠਿੰਡਾ ਸਮੇਤ ਸਮੁੱਚੇ ਮਾਲਵਾ ਪੱਟੀ ਦੇ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਸ਼ਾਨਦਾਰ ਸਮਾਗਮ ਪਹਿਲੀ ਵਾਰ ਦੇਖਿਆ। ਲੋਕਾਂ ਦੀ ਜ਼ੁਬਾਨ ’ਤੇ ਇਹੋ ਗੱਲ ਸੀ ਕਿ ਦਿੱਲੀ ਰਾਸ਼ਟਰਮੰਡਲ ਖੇਡਾਂ ਨੂੰ ਮਾਤ ਪਾਉਣ ਵਾਲਾ ਉਦਘਾਟਨੀ ਸਮਾਰੋਹ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਖੇਤਰ ਵਿੱਚ ਪਹਿਲੀ ਵਾਰ ਫਲੱਡ ਲਾਈਟਾਂ ਵਾਲਾ ਸਟੇਡੀਅਮ ਬਣਿਆ ਅਤੇ ਪਹਿਲੇ ਹੀ ਸਮਾਗਮ ਨੇ ਅਮਿੱਟ ਛਾਪ ਛੱਡ ਦਿੱਤੀ। ਬਾਲੀਵੁੱਡ ਦੇ ਕਿੰਗ ਖਾਨ ਵਜੋਂ ਮਸ਼ਹੂਰ ਸ਼ਾਹਰੁਖ ਖਾਨ ਨੇ ਪਹਿਲੀ ਵਾਰ ਪੰਜਾਬ ਦੀ ਧਰਤੀ ’ਤੇ ਆਪਣਾ ਪ੍ਰੋਗਰਾਮ ਦਿੱਤਾ।

ਸ਼ਾਹਰੁਖ ਵੱਲੋਂ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਅਤੇ ਪੰਜਾਬੀਆਂ ਦੀ ਕੀਤੀ ਵਡਿਆਈ ਨੇ ਬਠਿੰਡਾ ਵਾਸੀਆਂ ਦਾ ਦਿਲ ਜਿੱਤ ਲਿਆ। ਉਦਘਾਟਨੀ ਸਮਾਰੋਹ ਦੇ ਥੀਮ ਗੀਤ ‘ਜੀ ਆਇਆ ਨੂੰ’ ਅਤੇ ਲੇਜ਼ਰ ਸ਼ੋਅ ਦੀ ਸਿਕਸ-ਏ-ਸਾਇਡ ਪੇਸ਼ਕਾਰੀ ਅਤੇ ਸੁਖਵਿੰਦਰ, ਮਿਸ ਪੂਜਾ, ਅਮਰਿੰਦਰ ਗਿੱਲ ਤੇ ਨਛੱਤਰ ਗਿੱਲ ਦੀ ਗਾਇਕੀ ਨੇ ਵਿਸ਼ਵ ਕੱਪ ਦੇ ਆਗਾਜ਼ ਨੂੰ ਯਾਦਗਾਰੀ ਬਣਾ ਦਿੱਤਾ ਹੈ।

ਦਰਸ਼ਕਾਂ ਨੇ ਰੱਖਿਆ ਸਾਰੇ ਮੁਲਕਾਂ ਦਾ ਮਾਣ:

ਅਕਸਰ ਖੇਡ ਮੁਕਾਬਲਿਆਂ ਵਿੱਚ ਦਰਸ਼ਕ ਮੇਜ਼ਬਾਨ ਮੁਲਕ ਦੇ ਖਿਡਾਰੀਆਂ ਨੂੰ ਹੀ ਦਾਦ ਦਿੰਦੇ ਹਨ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਪਰ ਬਠਿੰਡਾ ਵਾਸੀਆਂ ਨੇ ਉਦਘਾਟਨੀ ਸਮਾਰੋਹ ਵਿੱਚ ਆਪਣੀ ਮਹਿਮਾਨਨਿਵਾਜ਼ੀ ਨਾਲ ਸਭ ਮੁਲਕਾਂ ਦੇ ਖਿਡਾਰੀਆਂ ਨੂੰ ਕੀਲ ਲਿਆ। ਮਾਰਚ ਪਾਸਟ ਵਿੱਚ ਜਦੋਂ ਸਾਰੇ ਮੁਲਕਾਂ ਦੇ ਖਿਡਾਰੀ ਮੈਦਾਨ ਵਿੱਚ ਆ ਰਹੇ ਸਨ ਤਾਂ ਦਰਸ਼ਕਾਂ ਨੇ ਖੂਬ ਤਾੜੀਆਂ ਮਾਰੀਆਂ। ਹਾਲਾਂਕਿ ਭਾਰਤ ਤੇ ਪਾਕਿਸਤਾਨ ਦੋਵੇਂ ਟੀਮਾਂ ਨੂੰ ਉਤਸ਼ਾਹ ਸੀ ਪਰ ਦੂਜੇ ਮੁਲਕਾਂ ਦੇ ਖਿਡਾਰੀਆਂ ਨੂੰ ਵੀ ਦਰਸ਼ਕਾਂ ਨੇ ਖੂਬ ਹੱਲਾਸ਼ੇਰੀ ਦਿੱਤੀ।

ਵੱਡੇ ਜਿਗਰੇ ਵਾਲਾ ਬਾਦਸ਼ਾਹ:

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਉਦਘਾਟਨੀ ਸਮਾਰੋਹ ਵਿੱਚ ਵੱਡਾ ਜਿਗਰਾ ਦਿਖਾਉਂਦਿਆ ਪੰਜਾਬੀਆਂ ਅਤੇ ਕਬੱਡੀ ਦੀ ਰੱਜ ਕੇ ਤਾਰੀਫ ਕੀਤੀ। ਸ਼ਾਹਰੁਖ ਨੇ ਕਿਹਾ ਕਿ ਪੰਜਾਬੀਆਂ ਦੇ ਭੰਗੜੇ ਅੱਗੇ ਉਸ ਦਾ ਡਾਂਸ ਕੁਝ ਵੀ ਨਹੀਂ ਹੈ ਪਰ ਫਿਰ ਵੀ ਉਹ ਲੋਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰੇਗਾ। ਸ਼ਾਹਰੁਖ ਨੇ ਸਟੇਜ ਦੇ ਹਰ ਪਾਸੇ ਵੱਲ ਮੂੰਹ ਕਰ ਕੇ ਪੇਸ਼ਕਾਰੀ ਕਰ ਕੇ ਸਟੇਡੀਅਮ ਵਿੱਚ ਬੈਠੀ ਆਮ ਜਨਤਾ ਨੂੰ ਪੂਰਾ ਮਾਣ ਦਿੱਤਾ।

ਖਲੀ ਬਣਿਆ ਖਿੱਚ ਦਾ ਕੇਂਦਰ:

ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਵਿੱਚ ਪਹਿਲਵਾਨ ਦਲੀਪ ਸਿੰਘ ਉਰਫ ਗਰੇਟ ਖਲੀ ਖਿੱਚ ਦਾ ਕੇਂਦਰ ਬਣਿਆ ਰਿਹਾ। ਖਲੀ ਨੇ ਮਾਲਵਾ ਪੱਟੀ ਵਿੱਚ ਮਸ਼ਹੂਰ ਵਾਹਨ ਖੁੱਲੀ ਜੀਪ ’ਤੇ ਬੈਠ ਕੇ ਗੇੜੇ ਲਾਏ। ਖਲੀ ਮੈਦਾਨ ਦੇ ਜਿਸ ਪਾਸੇ ਵੀ ਜਾਂਦਾ ਦਰਸ਼ਕਾਂ ਨੇ ਉਸ ਨੂੰ ਖੂਬ ਦਾਦ ਦਿੱਤੀ। ਖਲੀ ਨੇ ਵੀ ਦਰਸ਼ਕਾਂ ਦਾ ਪੂਰਾ ਮਾਣ ਰੱਖਦਿਆਂ ਲਗਾਤਾਰ ਬਾਹਾਂ ਫਲਾਅ ਕੇ ਦਰਸ਼ਕਾਂ ਦਾ ਧੰਨਵਾਦ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>