ਪਾਕਿਸਤਾਨ ਨੇ ਸ੍ਰੀਲੰਕਾ ਨੂੰ 71-8 ਨਾਲ ਮਾਤ ਦਿੱਤੀ

ਰੂਪਨਗਰ: 5 ਨਵੰਬਰ-(ਗੁਰਿੰਦਰਜੀਤ ਸਿੰਘ ਪੀਰਜੈਨ)- ਅੱਜ ਦੂਜੇ ਪਰਲਜ਼ ਵਿਸ਼ਵ ਕਬੱਡੀ ਕੱਪ ਦੇ ਪੂਲ ’ਬੀ’ ਦੇ ਤਿੰਨ ਮੈਚ ਦੁਲਹਨ ਵਾਂਗ ਸਜੇ ਤੇ ਖਚਾ-ਖਚ ਭਰੇ ਸਥਾਨਕ ਨਹਿਰੂ ਸਟੇਡੀਅਮ ਵਿਚ ਬਹੁਤ ਧੂਮ-ਧੜੱਕੇ ਅਤੇ ਜ਼ੋਸੋ-ਖਰੋਸ਼ ਨਾਲ ਸੰਪਨ ਹੋਏ। ਇਨ੍ਹਾਂ ਮੈਚਾਂ ਨੂੰ ਵੇਖਣ ਲਈ ਦੂਰ-ਦਰਾਡੇ ਦੇ ਇਲਾਕਿਆਂ ਤੋਂ ਹਜਾਰਾਂ ਦੀ ਗਿਣਤੀ ਵਿੱਚ ਦਰਸ਼ਕ ਪੁੱਜੇ ਹੋਏ ਸਨ। ਇਨ੍ਹਾਂ ਮੈਚਾਂ ਦਾ ਸ਼ੁੱਭ-ਆਰੰਭ ਸ੍ਰ: ਹੀਰਾ ਸਿੰਘ ਗਾਬੜੀਆ ਸੈਰ ਸਪਾਟਾ ਮੰਤਰੀ ਪੰਜਾਬ ਨੇ ਅਰਜਨਟਾਈਨਾ-ਨਾਰਵੇ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਹਿਚਾਣ ਉਪਰੰਤ ਕੀਤਾ। ਜਿੱਥੇ ਦਰਸ਼ਕਾਂ ਨੇ ਅੱਜ ਪਾਕਿਸਤਾਨ ਬਨਾਮ ਸ੍ਰੀ ਲੰਕਾ ਅਤੇ ਅਮਰੀਕਾ ਬਨਾਮ ਇਟਲੀ ਦੀਆਂ ਟੀਮਾਂ ਦੇ ਦਿਲਚਸਪ ਮੈਚਾਂ ਦਾ ਖੂਬ ਆਨੰਦ ਮਾਣਿਆ ਉਥੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਇੰਦਰਜੀਤ ਨਿੱਕੂ ਅਤੇ ਭੁਪਿੰਦਰ ਗਿੱਲ ਨੇ ਆਪਣੇ ਗੀਤਾਂ ਦੀ ਛਹਿਬਰ ਲਗਾ ਕੇ ਸੰਗੀਤਮਈ ਮਨੋਰੰਜਨ ਕੀਤਾ। ਇਸ ਮੌਕੇ ’ਤੇ ਸ਼ਾਮ ਨੂੰ ਸਮਾਪਤੀ ਸਮੇਂ ਹੋਈ ਖੂਬਸੂਰਤ ਆਤਸ਼ਬਾਜੀ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ। ਅੱਜ ਨਾਰਵੇ ਨੇ ਲਗਾਤਾਰ ਦੂਜੀ ਜਿੱਤ ਦਰਜ਼ ਕਰਦਿਆਂ ਅਰਜਨਟਾਈਨਾ ਨੂੰ 62-25 ਅੰਕਾਂ ਨਾਲ ਹਰਾਇਆ ਜਦਕਿ ਪਾਕਿਸਤਾਨ ਨੇ ਅਮਰੀਕਾ ਹੱਥੋਂ ਪਹਿਲੇ ਮੈਚ ਵਿੱਚ ਮਿਲੀ ਹਾਰ ਤੋਂ ਉਭਰਦਿਆਂ ਅੱਜ ਸ੍ਰੀ ਲੰਕਾ ਦੀ ਟੀਮ ਨੂੰ 71-8 ਅੰਕਾਂ ਨਾਲ ਹਰਾਉਂਦਿਆਂ ਧਮਾਕੇਦਾਰ ਜਿੱਤ ਦਰਜ਼ ਕੀਤੀ। ਅਰਜਨਟਾਈਨਾ ਨੇ ਅੱਜ ਕੁਝ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਜਾਫੀਆਂ ਤੋਂ ਜੱਫੇ ਨਾ ਲੱਗਣ ਕਾਰਨ ਨਾਰਵੇ ਨੇ ਮੈਚ ਨੂੰ ਇਕਪਾਸੜ ਬਣਾਉਂਦਿਆਂ 2-25 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ। ਦਿਨ ਦੇ ਦੂਜੇ ਮੈਚ ਵਿੱਚ ਪਾਕਿਸਤਾਨ ਨੇ ਸ੍ਰੀਲੰਕਾ ਨੂੰ 71-8 ਨਾਲ ਹਰਾਉਦਿਆਂ ਵਿਸ਼ਵ ਕੱਪ ਵਿੱਚ ਆਪਣਾ ਖਾਤਾ ਖੋਲ੍ਹਿਆ। ਪਾਕਿਸਤਾਨ ਦੀ ਟੀਮ ਅੱਧੇ ਸਮੇਂ ਤੱਕ 37-6 ਨਾਲ ਅੱਗੇ ਸੀ। ਪਾਕਿਸਤਾਨ ਵੱਲੋਂ ਦੋ ਰੇਡਰਾਂ ਆਮਿਰ ਇਸਮਾਇਲ ਜੱਟ ਅਤੇ ਇਮਤਿਆਜ਼ ਆਲਮ ਨੇ 10-10 ਅਤੇ ਇਸ਼ਫਾਕ ਪਠਾਨ ਨੇ 9 ਅੰਕ ਬਟੋਰੇ। ਅੱਜ ਤੀਜਾ ਅੰਤਿਮ ਤੇ ਰੌਚਿਕ ਕਬੱਡੀ ਮੈਚ ਅਮਰੀਕਾ ਤੇ ਇਟਲੀ ਵਿਚਾਲੇ ਦੇਖਣ ਨੂੰ ਮਿਲਿਆ ਜਿਸ ਦੌਰਾਨ ਅਮਰੀਕਾ ਨੇ ਇਟਲੀ ਨੂੰ 56-37 ਅੰਕਾਂ ਦੇ ਫਰਕ ਨਾਲ ਪਛਾੜਿਆ।

ਇਸ ਮੌਕੇ ਬੋਲਦਿਆਂ ਸ੍ਰ: ਹੀਰਾ ਸਿੰਘ ਗਾਬੜੀਆ ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਮਾਂ ਖੇਡ ਕਬੱਡੀ ਨੂੰ ਪੂਰੀ ਤਰ੍ਹਾਂ ਨਾਲ ਵਿਸਾਰਿਆ ਜਾ ਚੁੱਕਿਆ ਸੀ ਜਿਸ ਦੀ ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਮੁੜ ਤੋਂ ਅਹਿਮੀਅਤ ਵਧੀ ਹੈ ਅਤੇ ਇਸ ਵਿਸ਼ਵ ਪੱਧਰ ’ਤੇ ਮਕਬੂਲੀਅਤ ਹੋਈ ਹੈ ਤੇ ’ਕੌਡੀਆਂ’ ਦੀ ਕੌਡੀ ਅੱਜ ਕਰੋੜਾਂ ਦੀ ਹੋ ਗਈ ਹੈ ਜਿਸ ਲਈ ਸ: ਬਾਦਲ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਸ ਖੇਡ ਸਦਕਾ ਪੰਜਾਬ ਦਾ ਨਾਮ ਸਾਰੀ ਦੁਨੀਆਂ ਵਿੱਚ ਹੋਰ ਉਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੀ ਬਦੋਲਤ ਪੰਜਾਬ ਹੋਰ ਉਨਤੀ ਦੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ ਅਤੇ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਇਹ ਕੋਸ਼ਿਸ਼ ਰਹੇਗੀ ਕਿ ਖੇਡਾਂ ਨੂੰ ਹੋਰ ਜਿਆਦਾ ਪ੍ਰਫੁੱਲਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰੂਪਨਗਰ ਦੀ ਇਤਿਹਾਸਕ ਅਤੇ ਪਵਿੱਤਰ ਧਰਤੀ ’ਤੇ ਵਿਸ਼ਵ ਕਬੱਡੀ ਕੱਪ ਦਾ ਇਹ ਟੂਰਨਾਂਮੈਂਟ ਸਫਲਤਾ ਪੂਰਵਕ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ। ਇਸ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਸਲਾਹਾਕਾਰ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਸਰਕਾਰ ਦਾ ਕਬੱਡੀ ਵਰਗੀ ਅਣਗੌਲੀ ਖੇਡ ਨੂੰ ਪਿੰਡ ਪੱਧਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਸੁਰਜੀਤ ਕਰਨ ਲਈ ਧੰਨਵਾਦ ਕੀਤਾ ਅਤੇ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਦਾ ਇਸ ਮਾਂ ਖੇਡ ਨੂੰ ਬਣਦਾ ਸਥਾਨ ਦਿਵਾਉਣ ਲਈ ਸ਼ਲਾਘਾ ਕੀਤੀ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਪ੍ਰਸਾਸ਼ਨ ਦਾ ਇਹ ਮੈਚ ਕਰਾਉਣ ਲਈ ਕੀਤੇ ਯਤਨਾਂ ਲਈ ਧੰਨਵਾਦ ਵੀ ਕੀਤਾ। ਇਨ੍ਹਾਂ  ਮੈਚਾਂ ਦੌਰਾਨ ਹੋਰਨਾਂ ਤੋ ਇਲਾਵਾ ਚੌਧਰੀ ਨੰਦ ਲਾਲ ਮੁੱਖ ਸੰਸਦੀ ਸਕੱਤਰ, ਸੰਤ ਬਾਬਾ ਅਜੀਤ ਸਿੰਘ, ਸ੍ਰ: ਉਜਾਗਰ ਸਿੰਘ ਬਡਾਲੀ ਅਤੇ ਸ੍ਰੀ ਮੋਹਨ ਸਿੰਘ ਬੰਗਾ (ਸਾਰੇ ਐਮ.ਐਲ.ਏ), ਬੀਬੀ ਸਤੰਬਤ ਕੌਰ ਸੰਧੂ ਅਤੇ ਮਾਸਟਰ ਤਾਰਾ ਸਿੰਘ ਲਾਡਲ (ਦੋਵੇਂ ਸਾਬਕਾ ਮੰਤਰੀ), ਡਾ. ਨਰੇਸ਼ ਅਰੋੜਾ ਡੀ.ਆਈ.ਜੀ, ਸ੍ਰੀ ਜੀ.ਕੇ. ਸਿੰਘ ਡਿਪਟੀ ਕਮਿਸ਼ਨਰ, ਸ੍ਰੀ ਜਤਿੰਦਰ ਸਿੰਘ ਔਲਖ ਐਸ.ਐਸ.ਪੀ., ਸ਼੍ਰੀ ਪਰਗਟ ਸਿੰਘ ਡਾਇਰੈਕਟਰ ਖੇਡ ਵਿਭਾਗ, ਸ੍ਰੀਮਤੀ ਦਲਜੀਤ ਕੌਰ ਕੰਗ ਚੇਅਰਪਰਸ਼ਨ ਜ਼ਿਲ੍ਹਾ ਪਰੀਸ਼ਦ, ਸ੍ਰੀ ਅਮਰਜੀਤ ਸਿੰਘ ਸਤਿਆਲ ਪ੍ਰਧਾਨ ਨਗਰ ਕੌਂਸਲ, ਡਾ. ਆਰ. ਐਸ ਪਰਮਾਰ, ਚੇਅਰਮੈਨ ਨਗਰ ਸੁਧਾਰ ਟਰੱਸਟ, ਸ੍ਰੀ ਅਮਰਜੀਤ ਸਿੰਘ ਚਾਵਲਾ, ਸ੍ਰੀ ਅਜਮੇਰ ਸਿੰਘ ਖੇੜਾ, ਸ਼੍ਰੀ ਨਿਰਮਲ ਸਿੰਘ ਜ਼ੌਲਾ, ਸ਼੍ਰੀ ਚਰਨਜੀਤ ਸਿੰਘ ਕਾਲੇਵਾਲ (ਚਾਰੇ ਐਸ.ਜੀ.ਪੀ.ਸੀ. ਮੈਂਬਰ), ਸ਼੍ਰੀ ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ੍ਰੀ ਹਰਨੇਕ ਸਿੰਘ ਭੂਰਾ ਚੇਅਰਮੈਨ ਬਲਾਕ ਸੰਮਤੀ ਚਮਕੌਰ ਸਾਹਿਬ, ਸ਼੍ਰੀਮਤੀ ਸਰਬਜੀਤ ਕੌਰ ਚੇਅਰਪਰਸਨ ਬਲਾਕ ਸੰਮਤੀ, ਸ੍ਰੀ ਹਰਪ੍ਰੀਤ ਸਿੰਘ ਬਸੰਤ ਪ੍ਰਧਾਨ ਜ਼ਿਲ੍ਹਾ ਯੂਥ ਅਕਾਲੀ ਦਲ (ਦਿਹਾਤੀ), ਪਰਮਿੰਦਰਪਾਲ ਸਿੰਘ ਬਿੰਟਾ, ਸ਼੍ਰੀ ਸਤਵੰਤ ਸਿੰਘ ਗਿੱਲ, ਸ਼੍ਰੀ ਅਮਰਜੀਤ ਸਿੰਘ ਵਾਲੀਆ, ਸ਼੍ਰੀ ਜਰਨੈਲ ਸਿੰਘ ਔਲਖ, ਰਾਣੀ ਪਲਵਿੰਦਰ ਕੌਰ, ਬੀਬੀ ਪ੍ਰੀਤਮ ਕੌਰ ਭਿਓਰਾ, ਸ਼੍ਰੀ ਜਗਤਾਰ ਸਿੰਘ ਭੈਣੀ, ਨਗਰ ਕੌਂਸਲਰ ਬੀਬੀ ਹਰਜੀਤ ਕੌਰ, ਅਰੀਨਾ ਸ਼ਰਮਾ, ਸ਼੍ਰੀ ਗੁਰਮੁੱਖ ਸਿੰਘ ਸੈਣੀ, ਸ਼੍ਰੀ ਇੰਦਰ ਸੈਨ ਛਤਵਾਲ ਅਤੇ ਬਾਵਾ ਸਿੰਘ ਅਤੇ ਸ੍ਰੀ ਪਰਮਜੀਤ ਸਿੰਘ ਮਾਕੜ ਵੀ ਹਾਜ਼ਰ ਸਨ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>