ਮਜੀਠੀਆ ਦੀ ਆਮਦ ’ਤੇ ਦਿੱਲੀ ਦੇ ਪੰਜਾਬੀ ਬਾਗ ਵਿਖੇ ਸਿੱਖਾਂ ਨੌਜਵਾਨਾਂ ਦਾ ਲਾ ਮਿਸਾਲ ਇਕੱਠ

ਨਵੀਂ ਦਿੱਲੀ – ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਕੁਸ਼ਾਸਨ ਲਈ ਜ਼ਿੰਮੇਵਾਰ ਕਾਂਗਰਸੀ ਪਿੱਠੂ ਸਰਨਾ ਭਰਾਵਾਂ ਤੋਂ ਦਿਲੀ ਕਮੇਟੀ ਨੂੰ ਨਿਜਾਤ ਦਿਵਾਉਣ ਲਈ ਇੱਕ ਮੁੱਠ ਹੋ ਕੇ ਵੱਡਾ ਹੰਭਲਾ ਮਾਰਨ ਦਾ ਸਦਾ ਦਿੰਦਿਆਂ ਮਈ ਮਹੀਨੇ ਵਿੱਚ ਹੋਣ ਜਾ ਰਹੀ ਦਿੱਲੀ ਗੁ: ਕਮੇਟੀ ਦੀਆਂ ਚੋਣਾਂ ਲਈ ਅਕਾਲੀ ਦਲ ਬਾਦਲ ਵੱਲੋਂ ਚੋਣ ਬਿਗਲ ਵਜਾ ਦਿੱਤਾ ਹੈ।

ਅੱਜ ਇੱਥੇ ਚੰਦਰ ਵਿਹਾਰ ਪੰਜਾਬੀ ਬਾਗ, ਦਿਲੀ ਵਿਖੇ ਯੂਥ ਅਕਾਲੀ ਦਲ ਦੇ ਦਿੱਲੀ ਸਟੇਟ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਕੀਤੀ ਗਈ ਯੂਥ ਕਾਨਫਰੰਸ ਦੀ ਲਾ ਮਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ  ਸ: ਮਜੀਠੀਆ ਨੇ ਦੋਸ਼ ਲਾਇਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਿੱਲੀ ਗੁਰਦੁਆਰਾ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ ਦੀਆਂ ਗੋਲਕਾਂ ਦੀ ਲੁਟ ਕਰ ਕੇ ਦਿੱਲੀ ਅਤੇ ਪੰਜਾਬ ਵਿੱਚ ਇਸ ਸਰਮਾਏ ਦੀ ਆਪਣੇ ਸਵਾਰਥਾਂ ਲਈ ਅਤੇ ਪੰਥ ਦੁਸ਼ਮਣ ਜਮਾਤ ਕਾਂਗਰਸ ਦੇ ਫਾਇਦੇ ਲਈ ਦੁਰਵਰਤੋਂ ਕਰ ਰਿਹਾ ਹੈ। ਕਾਨਫਰੰਸ ਬਾਰੇ ਯੂਥ ਅਕਾਲੀ ਦਲ ਦੇ ਮੀਡੀਆ ਅਡਵਾਈਜਰ ਪ੍ਰੋਂ ਸਰਚਾਂਦ ਸਿੰਘ ਵਲੋਂ ਦਿਤੀ ਜਾਣਕਾਰੀ ਵਿਚ ਸ: ਮਜੀਠੀਆ ਕਿਹਾ ਕਿ ਸਰਨਾ ਭਰਾਵਾਂ ਦਾ ਦਿਲੀ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ, ਸਜਨ ਕੁਮਾਰ ਅਤੇ ਐੱਚ ਕੇ ਐੱਲ ਭਗਤ ਵਰਗਿਆਂ ਨਾਲ  ਘਿਉ ਖਿਚੜੀ ਹੋਇਆ ਹੋਣਾ ਕਿਸੇ ਤੋਂ ਛੁਪਿਆ ਨਹੀਂ । ਉਹਨਾਂ ਇਹ ਵੀ ਕਿਹਾ ਕਿ ਸਰਨਾ ਭਰਾ ਕਾਂਗਰਸ ਦੇ ਇਸ਼ਾਰੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕਰਨ ਵਾਲੀਆਂ ਸਾਜ਼ਿਸ਼ਾਂ ਵਿੱਚ ਵੀ ਗਲਤਾਨ ਹਨ। ਉਹਨਾਂ ਦਿੱਲੀ ਵਿਖੇ ਸਰਨਾ ਭਰਾਵਾਂ ਵੱਲੋਂ ’ਤੇ ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕ¦ਡਰ ਅਨੁਸਾਰ ਗੁਰਪੁਰਬ ਤੇ ਹੋਰ ਧਾਰਮਿਕ ਸਮਾਗਮ ਨਾ ਮਨਾ ਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਅਤੇ  ਪੰਥ ਨੂੰ ਦੋ ਦੁਫਾੜ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕੇਂਦਰ ਵਲੋਂ 27 ਸਾਲ ਬਾਅਦ ਵੀ ਸਿਖ ਕੌਮ ਨੂੰ ਕਤਲੇਆਮ ਸੰਬੰਧੀ ਇਨਸਾਫ ਨਾ ਦੇਣ ਲਈ ਨਿੰਦ ਕੀਤੀ ਗਈ । ਉਹਨਾਂ ਇਹ ਵੀ ਕਿਹਾ ਕਿ ਸਰਨਾ ਭਰਾ ਸਿੱਖ ਪੰਥ ਦੀ ਗੈਰਤ ਨੂੰ ਵੰਗਾਰਨ ਵਾਲੀ ਕਾਂਗਰਸ ਦੇ ਆਸਰੇ ਸਿਆਸਤ ਕਰ ਰਿਹਾ ਹੈ। ਜਿਨਾਂ ਨੂੰ ਪੰਜਾਬ ਦੀ ਦੀਆਂ ਸਿੱਖ ਸੰਗਤਾਂ ਨੇ ਇਸ ਵਾਰ ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਮੂੰਹ ਤੋੜ ਜਵਾਬ ਦੇ ਦਿੱਤਾ ਹੈ। ਤੇ ਹੁਣ ਸਰਨਿਆਂ ਨੂੰ ਸਬਕ ਸਿਖਾਉਣ ਦੀ ਵਾਰੀ ਦਿੱਲੀ ਦੀਆਂ ਸਿੱਖ ਸੰਗਤਾਂ ਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਕਮੇਟੀ ਦੇ ਨਿਜ਼ਾਮ ਵਿੱਚੋਂ ਕਾਂਗਰਸੀ ਪਿੱਠੂ ਇਹਨਾਂ ਕਠਪੁਤਲੀਆਂ ਨੂੰ ਬਾਹਰ ਦਾ ਰਸਤਾ ਦਿਖਾ ਦੇਣ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਦਿੱਲੀ ਵਿੱਚ ਸਿੱਖ ਭਾਈਚਾਰੇ ਨੂੰ ਤਾਕਤ ਲੈ ਕੇ ਦੇਣ ਲਈ ਵਚਨਬੱਧ ਹੈ।

ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਦੀ ਕਾਰਜਸ਼ੈਲੀ ਜ਼ਿੰਮੇਵਾਰ ਸਰਕਾਰਾਂ ਵਾਲੀ ਨਹੀਂ ਹੈ । ਕਾਂਗਰਸ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਅੱਜ ਵੱਡੀਆਂ ਸਮੱਸਿਆਵਾਂ ਦੇਸ਼ ਨੂੰ ਚੁਨੌਤੀ ਦੇ ਰਹੀਆਂ ਹਨ।

ਸ: ਮਜੀਠੀਆ ਨੇ ਕੇਂਦਰ ਵਿੱਚ ਨਾਸੂਰ ਬਣ ਚੁੱਕੇ ਭ੍ਰਿਸ਼ਟਾਚਾਰ, ਮਹਿੰਗਾਈ, ਅਮਨ ਕਾਨੂੰਨ ਦੀ ਵਿਗੜੀ ਸਥਿਤੀ, ਘਟੀਆ ਪ੍ਰਸ਼ਾਸਨ,ਬੇਰੁਜ਼ਗਾਰੀ ਅਤੇ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਆਦਿ ਲਈ ਕਾਂਗਰਸ ਅਗਵਾਈ ਵਾਲੀ ਯੂ. ਪੀ. ਏ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਪਣੇ ਮੰਤਰੀਆਂ ਅੱਗੇ ਬੇਬਸ ਹੈ। ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨਾਲ ਨਜਿੱਠਣ ਲਈ ਉਹ ਨਾ ਗੰਭੀਰ ਹਨ ਤੇ ਨਾ ਹੀ ਇੱਛਾ ਸ਼ਕਤੀ ਹੈ।

ਉਹਨਾਂ ਕਿਹਾ ਕਿ ਅੱਜ ਦੇਸ਼ ਦੀ ਸੁਰੱਖਿਆ ਮੁੱਖ ਚਿੰਤਾ ਦਾ ਵਿਸ਼ਾ ਹੈ। ਕਾਂਗਰਸ ਸਰਕਾਰਾਂ ਦੇ ਹੱਥਾਂ ਵਿੱਚ ਦੇਸ਼ ਸੁਰਖਿਅਤ ਨਹੀਂ , ਪਹਿਲਾਂ ਦੇਸ਼ ਦੀ ਪਾਰਲੀਮੈਂਟ ’ਤੇ ਹਮਲਾ, ਫਿਰ ਮੁੰਬਈ ਅਤੇ ਹੁਣ ਦਿੱਲੀ ਹਾਈ ਕੋਰਟ ਦੇ ਬਾਹਰ ਬੰਬ ਧਮਾਕੇ ਰਹੇ ਹਨ ਤੇ ਆਮ ਜਨਤਾ ਦੀ ਸੁਰੱਖਿਆ ਖ਼ਤਰੇ ਵਿੱਚ ਹੈ।

ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਪੈਟਰੋਲ ਕੀਮਤਾਂ ਵਿਚ ਕੀਤੇ ਗਏ ਵਾਧੇ ਦੀ ਵੀ ਸਖਤ ਨਿੰਦਾ ਕੀਤੀ । ਉਹਨਾਂ ਕੇਂਦਰ ਸਰਕਾਰ ਵੱਲੋਂ ਸ਼ਹਿਰ ਵਿੱਚ 32 ਰੁਪਏ ਅਤੇ ਪਿੰਡ ’ਚ 26 ਰੁਪੈ ਰੋਜ਼ਾਨਾ ਖਰਚ ਕਰਨ ਵਾਲੇ ਨੂੰ ਗਰੀਬ ਨਾ ਠਹਿਰਾਉਣ ਦੇ ਪੈਮਾਨੇ ਨੂੰ ਸ਼ਰਮਨਾਕ ਅਤੇ ਗਰੀਬਾਂ ਨਾਲ ਭੱਦਾ ਮਜ਼ਾਕ ਕਿਹਾ ।

ਸ: ਮਜੀਠੀਆ ਨੇ ਸ਼ੀਲਾ ਦੀਕਸ਼ਤ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੀਆਂ ਖ਼ਾਮੀਆਂ ਤੇ ਲੋਕ ਵਿਰੋਧੀ ਨੀਤੀਆਂ ਦੀ ਵੀ ਸਖ਼ਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਜਨਤਾ ਪਾਰਦਰਸ਼ਤਾ ਅਤੇ ਜਵਾਬ ਦੇਹੀ ਚਾਹੁੰਦੀ ਹੈ। ਪਰ ਕਾਂਗਰਸ ਸਰਕਾਰਾਂ ਲੋਕਾਂ ਦੀਆਂ ਉਮੀਦਾਂ ਤੇ ਕਸੌਟੀ ਉੱਤੇ ਖਰੀ ਨਹੀਂ ਉੱਤਰੀ। ਕੇਂਦਰ ਅਤੇ ਦਿੱਲੀ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ ਤੇ ਕਾਂਗਰਸ ਮੁੜ ਫਤਵਾ ਹਾਸਲ ਕਰੇ ॥

ਉਹਨਾਂ ਕਿਹਾ ਕਿ ਸ੍ਰੀ ਅੰਨਾ ਹਜ਼ਾਰੇ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਅਤੇ ਜਨਤਾ ਵਿੱਚ ਪੈਦਾ ਹੋਈ ਜਾਗ੍ਰਿਤੀ ਨੇ ਕਾਂਗਰਸ ਦੀ ਨੀਂਦ ਹਰਾਮ ਕਰ ਦਿੱਤੀ ਹੈ। ਦੇਸ਼ ਵਿੱਚ ਕਾਂਗਰਸ ਵਿਰੋਧੀ ਮਾਹੌਲ ਬਣ ਚੁਕਾ ਹੈ।

ਉਹਨਾਂ ਕਿਹਾ ਕਿ ਕਾਂਗਰਸ ਕੋਲ ਕੋਈ ਵੀ ਯੋਗ ਆਗੂ ਨਹੀਂ । ਰਾਹੁਲ ਗਾਂਧੀ ਕੋਈ ਵੀ ਸਿਆਸੀ ਫੈਸਲਾ ਲੈਣ ਦੇ ਯੋਗ ਨਹੀਂ । ਰਾਹੁਲ ਉਸ ਵਕਤ ਘਰੋ ਬਾਹਰ ਨਿਕਲ ਦਾ ਹੈ ਜਦ ਮਾਹੌਲ ਚੁੱਪ ਚਾਂ ਹੋਵੇ। ਰਾਹੁਲ ਨੇ ਜਿੱਥੇ ਵੀ ਚੋਣ ਪ੍ਰਚਾਰ ਕੀਤਾ ਉੱਥੇ ਹੀ ਸੀਟਾਂ ਹਾਰੀਆਂ ਹਨ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਭਾਰਤੀ ਜਨਤਾ ਦਾ ਖੂਨ ਪਸੀਨਾ ਚੂਸ ਕੇ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਗਾਂਧੀ ਪਰਿਵਾਰ ਨੂੰ ਵੀ ਲੋਕ ਇਸ ਦੇਸ਼ ਵਿੱਚੋਂ ਦਫ਼ਾ ਕਰ ਕੇ ਹੀ ਸਾਹ ਲੈਣਗੇ।

ਇਸ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਯੂਥ ਅਕਾਲੀ ਦਲ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਿੱਥੇ ਦਿੱਲੀ ਵਿਖੇ ਆਉਣ ’ਤੇ ਸ: ਮਜੀਠੀਆ ਦਾ ਧੰਨਵਾਦ ਕੀਤਾ ਉੱਥੇ ਇਹ ਵਿਸ਼ਵਾਸ ਵੀ ਦਿੱਤਾ ਕਿ ਦਿੱਲੀ ਦੀਆਂ ਸੰਗਤਾਂ ਸਰਨਾ ਭਰਾਵਾਂ ਨੂੰ ਦਿੱਲੀ ਕਮੇਟੀ ਤੋਂ ਬਾਹਰ ਦਾ ਰਾਹ ਦਿਖਾਉਣ ਲਈ ਉਤਾਵਲੀਆਂ ਹਨ। ਉਹਨਾਂ ਕਿਹਾ ਕਿ ਦਿੱਲੀ ਵਿੱਚ ਸਿੱਖ ਕਾਤਲਾਂ ਨਾਲ ਇੱਕ ਮਿਕ ਹੋਏ ਸਰਨਾ ਭਰਾਵਾਂ ਦੀ ਹਾਲਤ ਪਤਲੀ ਪੈ ਚੁੱਕੀ ਹੈ ਅਤੇ ਲੋਕਲ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੌਰਾਨ ਦਿੱਲੀ ਦੇ ਲੋਕਲ ਗੁਰਦੁਆਰੇ ਸਰਨਾ ਭਰਾਵਾਂ ਤੋਂ ਵਾਪਸ ਲੈ ਲਏ ਗਏ ਹਨ। ਦਿਲੀ ਕਮੇਟੀ ਤੋਂ ਵੀ ਉਹਨਾਂ ਨੂੰ ਵੱਖ ਕਰ ਦਿੱਤਾ ਜਾਵੇਗਾ।

ਇਸ ਮੌਕੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ. ਨੇ ਸਰਨਾ ਨੂੰ ਕਾਂਗਰਸ ਦਾ ਦਲਾਲ , ਸਿੱਖਾਂ ਨੂੰ ਗੁਮਰਾਹ ਕਰਨ ਵਾਲਾ ਦੱਸਿਆ ਤੇ ਕਿਹਾ ਕਿ ਸਰਨਾ ਨੇ ਦਿੱਲੀ ਦੇ ਗੁਰਦੁਆਰਿਆਂ ਦਾ ਕਾਂਗਰਸੀ ਕਰਨ ਕੀਤਾ ਹੋਇਆ ਹੈ। ਦਿੱਲੀ ਆਮਦ ਉਤੇ ਸ: ਮਜੀਠੀਆ ਦਾ ਹਜਾਰਾਂ ਮੋਟਰ ਸਾਇਕਲ ਸਵਾਰਾਂ ਦੇ ਕਾਫਲੇ ਨੇ ਸ਼ਾਨਦਾਰ ਸਵਾਗਤ ਕੀਤਾ ।
ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਅਕਾਲੀ ਆਗੂ  ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਅਵਤਾਰ ਸਿੰਘ ਹਿਤ, ਉਂਕਾਰ ਸਿੰਘ ਥਾਪਰ, ਗੁਰ ਲਾਡ ਸਿੰਘ ਜਨ: ਸਕੱਤਰ, ਜਸਪ੍ਰੀਤ ਸਿੰਘ ਵਿਕੀ ਤੇ ਗੁਰਿੰਦਰਪਾਲ ਸਿੰਘ ਰਾਜੂ ਨੇ ਵੀ ਸੰਬੋਧਨ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>